ਲਾਂਬੇ ਦਾ ਕੈਲੰਡਰ ਵਿਗਿਆਨ — ਸਰਬਜੀਤ ਸਿੰਘ ਸੈਕਰਾਮੈਂਟੋ
- ਗੁਰਬਾਣੀ-ਇਤਿਹਾਸ
- 23 Mar, 2026 07:20 AM (Asia/Kolkata)
ਸ. ਗੁਰਚਰਨਜੀਤ ਸਿੰਘ ਲਾਂਬਾ ਜੀ, ਪਹਿਲਾ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ, ਆਪ ਨੇ ਮੇਰੇ ਪੱਤਰ ਦਾ ਜਵਾਬ ਤਾਂ ਨਹੀਂ ਦਿੱਤਾ, ਪਰ ਉਸ ਪੱਤਰ ਨੂੰ ਪੜ੍ਹਕੇ ਆਪ ਨੂੰ, ਆਪਣੀ ਗਲਤੀ ਦਾ ਅਹਿਸਾਸ ਹੋ ਗਿਆ। ਆਪ ਨੇ ਮੇਰੇ ਪਹਿਲੇ ਸਵਾਲ, “ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਦੋ ਵਾਰ, 10 ਮਈ ਅਤੇ 8 ਜੂਨ ਨੂੰ ਦਰਜ ਕਰਨ ਦਾ ਕੀ ਕਾਰਨ ਹੈ, ਇਨ੍ਹਾਂ ਵਿੱਚੋਂ ਕਿਹੜੀ ਤਾਰੀਖ ਗਲਤ ਹੈ?” ਦਾ ਅਸਿੱਧੇ ਤਰੀਕੇ ਨਾਲ ਜਵਾਬ ਦਿੱਤਾ ਹੈ। ਤੁਸੀ ਆਪਣੇ ਕੈਲੰਡਰ ਵਿੱਚੋ 10 ਮਈ ਵਾਲੀ ਤਾਰੀਖ ਹਟਾ (Delete) ਦਿੱਤੀ ਹੈ। ਇਸ ਦਾ ਸਪੱਸ਼ਟ ਭਾਵ ਇਹ ਹੈ ਕਿ ਤੁਸੀ 10 ਮਈ ਨੂੰ ਗਲਤ ਅਤੇ 8 ਜੂਨ ਨੂੰ ਸਹੀ ਮੰਨਿਆ ਹੈ। ਪਰ ਦੂਜੇ ਸਵਾਲ, “ਹੋਲਾ ਮਹੱਲਾ ਕਿਉਂ ਨਹੀਂ ਦਰਜ ਕੀਤਾ ਗਿਆ, ਇਸ ਦਾ ਕੀ ਕਾਰਨ ਹੈ?” ਵੱਲ ਆਪ ਨੇ ਧਿਆਨ ਹੀ ਨਹੀਂ ਦਿੱਤਾ। ਲੋਹੜੀ (14 ਮਾਰਚ) ਵੀ ਤੁਸੀ Delete ਕਰ ਦਿੱਤੀ ਹੈ।
ਲਾਂਬਾ ਜੀ, ਵਿਚਾਰ ਦਾ ਵਿਸ਼ਾ ਹੈ ‘ਮਲ-ਮਾਸ’। ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਵਿੱਚ, ਚੰਦ ਦੇ ਮਹੀਨੇ ਅਤੇ ਸੂਰਜੀ ਮਹੀਨੇ ਇਕੱਠੇ ਚਲਦੇ ਹਨ। ਚੰਦ ਦਾ ਸਾਲ (354.37 ਦਿਨ) ਸੂਰਜੀ ਸਾਲ (365.2563 ਦਿਨ) ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਜਦੋਂ ਇਕ ਸਾਲ ਵਿੱਚ 11 ਦਿਨ, ਦੂਜੇ ਸਾਲ 22 ਦਿਨ ਅਤੇ ਤੀਜੇ ਸਾਲ 33 ਦਿਨ, ਸੂਰਜੀ ਸਾਲ ਤੋਂ ਪਿੱਛੇ ਰਹਿ ਜਾਂਦਾ ਹੈ ਤਾਂ, ਚੰਦ ਦੇ ਸਾਲ ਨੂੰ, ਸੂਰਜੀ ਸਾਲ ਦੇ ਨੇੜੇ ਤੇੜੇ ਰੱਖਣ ਲਈ, ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ। ਇਸ ਨੂੰ ਮਲ-ਮਾਸ ਕਹਿੰਦੇ ਹਨ। ਇਸ ਮਹੀਨੇ ਵਿੱਚ ਕੋਈ ਵੀ ਸ਼ੁੱਭ ਕੰਮ ਨਹੀਂ ਕੀਤਾ ਜਾਂਦਾ। ਇਸ ਸਾਲ ਵਿੱਚ ਸਾਲ ਦੇ 13 ਮਹੀਨੇ ਅਤੇ 384/385 ਦਿਨ ਹੋ ਜਾਂਦੇ ਹਨ। ਇਸ ਸਾਲ ਭਾਵ ਸੰਮਤ 2083 ਬਿ: ਵਿੱਚ ਚੰਦ ਦੇ ਸਾਲ ਵਿੱਚ 13 ਮਹੀਨੇ ਹਨ। ਜੇਠ ਦਾ ਮਹੀਨਾ ਦੋ ਵਾਰ ਆਵੇਗਾ।
ਜੇਠ ਦਾ ਆਰੰਭ 2 ਮਈ ਤੋਂ ਹੋਵੇਗਾ ਅਤੇ ਅੰਤ 29 ਜੂਨ ਨੂੰ ਹੋਵੇਗਾ। ਪਹਿਲੇ ਜੇਠ ਦਾ ਪਹਿਲਾ ਪੱਖ (ਵਦੀ ਪੱਖ) ਸ਼ੁੱਭ ਹੋਵੇਗਾ। ਪਹਿਲੇ ਜੇਠ ਦਾ ਦੂਜਾ ਪੱਖ (ਸੁਦੀ ਪੱਖ) ਅਤੇ ਦੂਜੇ ਦਾ ਜੇਠ ਦਾ ਪਹਿਲਾ (ਵਦੀ ਪੱਖ) ਅਸ਼ੁੱਭ ਹੋਵੇਗਾ। ਦੂਜੇ ਜੇਠ ਦਾ ਦੂਜਾ ਪੱਖ (ਸੁਦੀ ਪੱਖ) ਸ਼ੁੱਭ ਹੋਵੇਗਾ। ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਜੇਠ ਵਦੀ 8 ਮੁਤਾਬਕ, ਜੇਠ ਦੇ ਪਹਿਲੇ ਪੱਖ ਵਿੱਚ ਭਾਵ 10 ਮਈ ਨੂੰ ਮਨਾਇਆ ਜਾਵੇਗਾ। ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਮੁਤਾਬਕ, ਦੂਜੇ ਜੇਠ ਦੇ ਦੂਜੇ ਪੱਖ ਵਿੱਚ 18 ਜੂਨ ਨੂੰ ਮਨਾਇਅਗਾ ਜਾਵੇਗਾ। ਤੁਹਾਡੇ ਵੱਲੋਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ 10 ਮਈ ਦੀ ਬਿਜਾਏ 8 ਜੂਨ ਨੁੰ ਲਿਖਣਾ, ਚੰਦਰ-ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ ) ਕੈਲੰਡਰ ਬਾਰੇ ਮੁੱਢਲੇ ਗਿਆਨ ਤੋਂ ਕੋਰੇ ਹੋਣ ਦਾ ਪਰਤੱਖ ਸਬੂਤ ਹੈ।
ਲਾਂਬਾ ਜੀ, ਨੱਥੀ ਕੀਤੀ ਫੋਟੋ ਨੂੰ ਧਿਆਨ ਨਾਲ ਵੇਖੋ, ਬਾਲਾ ਪ੍ਰੀਤਮ ਜੰਤਰੀ (ਤਖਤ ਪਟਨਾ ਸਾਹਿਬ) ਦਮਦਮੀ ਟਕਸਾਲ ਦਾ ਕੈਲੰਡਰ ਅਤੇ “ਦੁਸ਼ਟ ਦਮਨ ਜੰਤਰੀ (ਤਖਤ ਹਜੂਰ ਸਾਹਿਬ) ਇਨ੍ਹਾਂ ਵਿੱਚ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ 10 ਮਈ ਦਾ ਦਰਜ ਹੈ। ਸ਼੍ਰੋਮਣੀ ਕਮੇਟੀ ਦੇ ਕੈਲੰਡਰ ਵਿੱਚ ਇਹ ਤਾਰੀਖ 8 ਜੂਨ (ਅਸ਼ੁੱਭ ਜੇਠ ਵਦੀ 8) ਦਰਜ ਹੈ। ਜੋ ਕਿ ਸਿਧਾਂਤਕ ਤੌਰ ਤੇ ਗਲਤ ਹੈ। ਪੰਜਾਬ ਤੋਂ ਬਾਹਰਲੇ ਦੋਵੇ ਤਖਤ ਅਤੇ ਦਮਦਮੀ ਟਕਸਾਲ ਇਹ ਦਿਹਾੜਾ 10 ਮਈ ਨੂੰ ਮਨਾਵੇਗੀ। ਤੁਸੀਂ ਅਤੇ ਸ਼੍ਰੋਮਣੀ ਕਮੇਟੀ ਇਹ ਦਿਹਾੜਾ 8 ਜੂਨ ਨੂੰ ਮਨਾਉਗੇ।
ਲਾਂਬਾ ਜੀ ਹੁਣ ਦੋ-ਦੋ ਗੁਰਪੁਰਬ ਮਨਾਉਣ ਦਾ ਦੋਸ਼ ਕਿਸ ਸਿਰ ਮੜੋਗੇ?
ਲਾਂਬਾ ਜੀ, ਜੇ ਚੰਦਰ-ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਕੈਲੰਡਰ ਵਰਤਣਾ ਤੁਹਾਡੀ ਦੀ ਮਜਬੂਰੀ ਹੈ ਤਾਂ ਤੂਹਾਨੂੰ ਉਸ ਕੈਲੰਡਰ ਮੁਤਾਬਕ ਹੀ ਚੱਲਣਾ ਪੈਣਾ ਹੈ। ਉਸ ਵਿੱਚ ਸੋਧ ਕਰਨੀ ਤੁਹਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ। ਇਹ ਅਧਿਕਾਰ ਉਨ੍ਹਾਂ ਦਾ ਹੈ ਜਿਨ੍ਹਾਂ ਦਾ ਇਹ ਕੈਲੰਡਰ ਹੈ। ਉਹ ਸਮੇਂ-ਸਮੇਂ ਆਪਣੇ ਅਧਿਕਾਰਾਂ ਦੀ ਵਰਤੋ ਕਰਦੇ ਰਹਿੰਦੇ ਹਨ। ਜਿਸ ਦਾ ਸਬੂਤ ਹੈ ਨਵੰਬਰ 1964 ਈ: ਵਾਲੀ ਸੋਧ। ਜਦੋਂ ਉਨ੍ਹਾਂ ਨੇ ਸਾਲ ਦੀ ਲੰਬਾਈ 365.2587 ਦਿਨ ਤੋਂ ਘਟਾ ਕੇ 365.2563 ਦਿਨ ਮੰਨ ਲਈ ਸੀ। ਇਸ ਸੋਧ ਨੂੰ ਅਖੌਤੀ ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਨੇ ਚੁੱਪ-ਚਾਪ ਪ੍ਰਵਾਨ ਕਰ ਲਿਆ ਸੀ। ਇਸ ਤੋਂ ਪਹਿਲਾ ਉਹ, ਕਸ਼ੈ-ਮਾਸ ਸਬੰਧੀ ਵੀ ਸੋਧ ਕਰ ਚੁੱਕੇ ਹਨ। ਤੁਸੀਂ ਉਹ ਵੀ ਮੰਨ ਚੁੱਕੇ ਹੋ। ਅੱਗੋ , ਜਦੋਂ ਉਹ ਕੋਈ ਸੋਧ ਕਰਨਗੇ, ਤੁਹਾਡੇ ਲਾਣੇ ਨੂੰ ਮੰਨਣੀ ਹੀ ਪੈਣੀ ਹੈ।
ਸਰਬਜੀਤ ਸਿੰਘ ਸੈਕਰਾਮੈਂਟੋ
Leave a Reply