ਰਾਜ ਦੇ ਕ੍ਰਿਸ਼ਮੇ ਨੂੰ ਕਦੋਂ ਸਮਝਣਗੇ ਸਿੱਖ …?
- ਗੁਰਬਾਣੀ-ਇਤਿਹਾਸ
- 18 Mar, 2026 06:19 PM (Asia/Kolkata)
ਪਤਾ ਨਹੀਂ ਸਾਡੇ ਸਿੱਖ ਰਾਜ ਦੀ ਤਾਕਤ, ਸ਼ਕਤੀ ਅਤੇ ਕ੍ਰਿਸ਼ਮੇ ਨੂੰ ਕਦੋਂ ਸਮਝਣਗੇ! ਜਿਹੜੇ ਸਮੇਂ 'ਚ ਸ਼੍ਰੋਮਣੀ ਕਮੇਟੀ ਹੋਂਦ 'ਚ ਆਈ, ਓਦੋਂ ਕੁ ਹੀ ਆਰ ਐਸ ਐਸ ਬਣੀ ਸੀ। ਪਰ ਅੱਜ ਸ਼੍ਰੋਮਣੀ ਕਮੇਟੀ ਦੇ ਹਾਲਾਤ ਬਦਤਰ ਨੇ, ਤੇ ਆਰ ਐਸ ਐਸ ਬੇਹੱਦ ਮਜ਼ਬੂਤ ਹੋ ਚੁੱਕੀ ਹੈ। ਸਿੱਧਾ ਜਿਹਾ ਕਾਰਨ ਹੈ ਕਿ 1947 'ਚ ਹਿੰਦੂਆਂ ਦੇ ਹੱਥ ਤਾਕਤ ਆ ਗਈ, ਹਿੰਦੁਸਤਾਨ ਅਜ਼ਾਦ ਹੋ ਗਿਆ ਤੇ ਸਿੱਖ 1849 'ਚ ਖੁੱਸਿਆ ਰਾਜ ਮੁੜ ਪ੍ਰਾਪਤ ਨਹੀਂ ਕਰ ਸਕੇ, ਉਲ਼ਟਾ ਭਾਰਤ ਦੀ ਅਜ਼ਾਦੀ ਸਮੇਂ ਪੰਜਾਬ ਦੋ ਹਿੱਸਿਆਂ 'ਚ ਵੰਡਿਆ ਗਿਆ ਤੇ ਗੋਰਿਆਂ ਦੀ ਗ਼ੁਲਾਮੀ 'ਚੋਂ ਨਿਕਲ ਕੇ ਸਿੱਖ, ਹਿੰਦੂਤਵ ਦੀ ਗ਼ੁਲਾਮੀ 'ਚ ਫਸ ਗਏ। ਰਾਜ ਦੀ ਤਾਕਤ ਨਾਲ ਆਰ ਐਸ ਐਸ ਨੇ ਦਿਨੋਂ-ਦਿਨ ਆਪਣੀ ਤਾਕਤ-ਸ਼ਕਤੀ ਵਧਾਈ। ਉਹਨਾਂ ਨੇ ਕਾਇਰ ਤੇ ਡਰਪੋਕ ਹਿੰਦੂਆਂ 'ਚ ਹਿੰਦੂ ਜਜ਼ਬਾ ਪੈਦਾ ਕੀਤਾ ਤੇ ਸਿੱਖਾਂ ਸਮੇਤ ਘੱਟ-ਗਿਣਤੀ ਕੌਮਾਂ ਨੂੰ ਕੁਚਲਿਆ। ਸਿੱਖਾਂ ਦੇ ਗੁਰਦੁਆਰੇ ਢਾਹੇ, ਸਿਰਕੱਢ ਜਰਨੈਲ ਸ਼ਹੀਦ ਕੀਤੇ, ਸੰਘਰਸ਼ ਯੋਧੇ ਜੇਲ੍ਹਾਂ 'ਚ ਤਾੜੇ, ਸੰਸਥਾਵਾਂ ਨੂੰ ਤਬਾਹ ਕੀਤਾ ਅਤੇ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਆਪਣੇ ਅਧੀਨ ਕਰ ਲਿਆ। ਭਾਰਤ ਦੀ ਸੱਤਾ ਉੱਤੇ ਅੱਜ ਆਰ ਐਸ ਐਸ ਕਾਬਜ ਹੈ, ਆਰ ਐਸ ਐਸ ਦੇ ਸਿਆਸੀ ਵਿੰਗ ਭਾਰਤੀ ਜਨਤਾ ਪਾਰਟੀ ਦੀ ਤਿੰਨ-ਚਾਰ ਵਾਰ ਕੇਂਦਰ 'ਚ ਸਰਕਾਰ ਬਣ ਚੁੱਕੀ ਹੈ। ਭਾਵੇਂ ਕਿ ਸਿੱਖਾਂ ਦੀ ਰਾਜਸੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਪੰਜਾਬ 'ਚ ਕਈ ਵਾਰ ਸਰਕਾਰਾਂ ਬਣਾਈਆਂ ਪਰ ਇਹ ਕੇਂਦਰ 'ਚ ਬੈਠੇ ਹਿੰਦੂ ਹਾਕਮਾਂ ਦੇ ਰਹਿਮੋ-ਕਰਮ 'ਤੇ ਹੀ ਰਹੀਆਂ। ਸੰਨ 1995 ਤੋਂ ਪਹਿਲਾਂ ਬਣੀਆਂ ਅਕਾਲੀ ਦਲ ਦੀਆਂ ਸਰਕਾਰਾਂ ਨੂੰ ਤਾਂ ਭਾਰਤੀ ਹਾਕਮ ਭੰਗ ਕਰ ਦਿੰਦੇ ਰਹੇ, ਤੇ ਜਦੋਂ ਪ੍ਰਕਾਸ਼ ਸਿੰਘ ਬਾਦਲ ਨੇ 1996 ਵਿੱਚ ਭਾਜਪਾ ਨਾਲ ਸਮਝੌਤਾ ਕਰ ਲਿਆ ਤਾਂ ਸੰਘੀਆਂ ਦੇ ਸਹਿਯੋਗ ਨਾਲ ਬਣੀਆਂ ਅਕਾਲੀ ਦਲ ਦੀਆਂ ਸਰਕਾਰਾਂ ਸਿੱਖ ਕੌਮ ਤੇ ਪੰਜਾਬ ਲਈ ਕੁਝ ਨਾ ਕਰ ਸਕੀਆਂ। ਹਾਲਾਂਕਿ ਬਾਦਲ ਪਰਿਵਾਰ ਤੇ ਹੋਰ ਅਖੌਤੀ ਅਕਾਲੀ ਆਗੂਆਂ ਨੇ ਆਪਣੀਆਂ ਨਿੱਜੀ ਜਾਇਦਾਦਾਂ ਤਾਂ ਬਥੇਰੀਆਂ ਬਣਾ ਲਈਆਂ, ਵਿਕਾਸ ਦੀਆਂ ਗੱਲਾਂ ਕਰਕੇ ਪੰਥਕ ਹੱਕਾਂ ਤੇ ਕੌਮੀ ਅਜ਼ਾਦੀ ਦੇ ਸੰਘਰਸ਼ ਦਾ ਵੀ ਭੋਗ ਪਾਇਆ, 'ਰਾਜ ਨਹੀਂ ਸੇਵਾ' ਦੇ ਨਾਂ ਹੇਠ ਰੱਜ ਕੇ ਪੰਜਾਬ ਨੂੰ ਲੁੱਟਿਆ-ਕੁੱਟਿਆ, ਕਿਸਾਨੀ ਨੂੰ ਖ਼ੁਦਕੁਸ਼ੀਆਂ ਦੇ ਰਾਹ ਅਤੇ ਨੌਜਵਾਨੀ ਨੂੰ ਨਸ਼ਿਆਂ ਦੇ ਰਾਹ 'ਤੇ ਪਾ ਦਿੱਤਾ। ਬਾਦਲਾਂ ਨੂੰ ਇਹ ਫ਼ਿਕਰ ਪਿਆ ਰਹਿੰਦਾ ਸੀ ਕਿ ਆਰ ਐਸ ਐਸ, ਹਿੰਦੂਤਵੀਏ ਤੇ ਭਾਜਪਾ ਨਹੀਂ ਨਰਾਜ਼ ਹੋਣੀ ਚਾਹੀਦੀ, ਸਿੱਖ ਭਾਵੇਂ ਮਾਰਨੇ-ਕੁੱਟਣੇ ਪੈਣ। ਬਾਦਲਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੰਥਕ ਸਰੂਪ ਵਿਗਾੜ ਦਿੱਤਾ, ਸ਼੍ਰੋਮਣੀ ਕਮੇਟੀ ਨੂੰ ਸਿੱਖ ਕੌਮ ਦੇ ਸੁਨਹਿਰੇ ਭਵਿੱਖ ਲਈ ਕੋਈ ਸੁਚੱਜਾ ਕੰਮ ਨਾ ਕਰਨ ਦਿੱਤਾ, ਜਥੇਦਾਰਾਂ-ਪ੍ਰਧਾਨਾਂ ਨੂੰ ਆਪਣੇ ਸਿਆਸੀ ਮੁਫ਼ਾਦਾਂ ਲਈ ਵਰਤਿਆ, ਬਾਬੇ ਧੁੰਮੇ ਨੂੰ ਵੀ ਪਟਾਰੀ 'ਚ ਪਾ ਕੇ ਦਮਦਮੀ ਟਕਸਾਲ ਰੋਲ ਦਿੱਤੀ, ਚੀਫ਼ ਖ਼ਾਲਸਾ ਦੀਵਾਨ 'ਤੇ ਵੀ ਕਬਜ਼ਾ ਕੀਤਾ, ਖ਼ਾਲਸਾ ਪੰਥ ਦੀ ਜੰਗੀ ਫ਼ੌਜ ਬੁੱਢਾ ਦਲ ਤੇ ਤਰਨਾ ਦਲ ਨੂੰ ਵੀ ਇਸੇ ਚੱਕਰ 'ਚ ਪਾਈ ਰੱਖਿਆ ਕਿ ਹੁਣ ਸੰਘਰਸ਼ ਤੇ ਜੰਗਾਂ ਕਰਨ ਦੀ ਕੀ ਲੋੜ ਹੈ, ਪੰਜਾਬ ਵਿੱਚ ਤਾਂ ਆਪਣੀ ਪੰਥਕ ਸਰਕਾਰ ਹੈ। ਬਾਦਲ ਨੇ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਵੀ ਕਈ ਧੜਿਆਂ 'ਚ ਵੰਡਵਾ ਦਿੱਤਾ ਤੇ ਇਹਨਾਂ ਇੱਕ ਦਰਜ਼ਨ ਪ੍ਰਧਾਨਾਂ ਦੇ ਅੱਗੇ ਸ਼੍ਰੋਮਣੀ ਕਮੇਟੀ ਦੀ ਮੈਂਬਰੀ, ਚੇਅਰਮੈਨੀ ਤੇ ਵਿਧਾਇਕ ਬਣਨ ਦੀਆਂ ਬੁਰਕੀਆਂ ਸੁੱਟ ਦਿੱਤੀਆਂ ਤੇ ਮੱਤ ਦਿੱਤੀ ਕਿ "ਮੁੰਡਿਓ! ਛੱਡ ਦਿਓ ਸੰਤ ਜਰਨੈਲ ਸਿੰਘ ਵਾਲਾ ਰਾਹ, ਸਰਕਾਰ 'ਚ ਆਓ ਕੁਰਸੀਆਂ ਮਾਣੋ, ਐਸ਼ਾਂ ਕਰੋ ਤੇ ਨਜ਼ਾਰੇ ਲਵੋ, ਐਵੇਂ ਨਾਹਰੇ ਲਾ ਕੇ ਪੁਲਿਸ ਦੀਆਂ ਕੁੱਟਾਂ ਖਾਂਦੇ ਫਿਰਦੇ ਓ।" ਹਾਲਾਤ ਏੱਦਾਂ ਦੇ ਬਣਾਏ ਗਏ ਕਿ ਕੌਮੀ ਸੋਚ ਨੂੰ ਤਿਆਗੋ ਤੇ 'ਦਿੱਲੀ ਦੇ ਬੀਬੇ ਪੁੱਤ' ਬਣ ਕੇ ਰਹੋ, ਗਰਮ ਗੱਲਾਂ ਬੰਦ ਕਰੋ। ਗਲ 'ਚ ਪਵਾਓ ਸ਼ੇਰਾਂ ਵਾਲੀ ਮਾਤਾ ਦੀਆਂ ਚੁੰਨੀਆਂ ਤੇ ਜਗਰਾਤਿਆਂ ਵਿੱਚ ਭੇਟਾ ਗਾ ਕੇ ਹਿੰਦੂਆਂ ਨੂੰ ਅਹਿਸਾਸ ਕਰਾਓ ਕਿ "ਸਾਡੇ ਵਿੱਚੋਂ ਸਿੱਖੀ ਮੁੱਕ ਚੁੱਕੀ ਹੈ, ਸਾਨੂੰ ਕੇਸਾਧਾਰੀ ਹਿੰਦੂ ਸਮਝੋ, ਅਸੀਂ ਤਿਲਕ ਲਵਾਉਣ ਨੂੰ, ਸ਼ਿਵਲਿੰਗ ਪੂਜਣ ਨੂੰ, ਪੱਗਾਂ ਉਤੇ ਮੁਕਟ ਪਹਿਨਣ ਨੂੰ, ਮਤਲਬ ਤੁਹਾਡੇ ਲਈ ਸਭ ਕੁਝ ਕਰਨ ਨੂੰ ਤਿਆਰ ਹਾਂ। ਫਿਰ ਕੀ ਸੀ, ਭੁੱਲ ਗਿਆ ਸਿੱਖ ਵੱਖਰੀ ਕੌਮ ਦਾ ਨਾਹਰਾ, ਸ੍ਰੀ ਅਨੰਦਪੁਰ ਸਾਹਿਬ ਦਾ ਮਤਾ, ਜੇਲ੍ਹਾਂ 'ਚ ਕੈਦ ਬੰਦੀ ਸਿੰਘ, ਖੋਹੇ ਹੋਏ ਪੰਜਾਬੀ ਬੋਲਦੇ ਇਲਾਕੇ, ਦਰਿਆਈ ਪਾਣੀਆਂ ਦੀ ਲੁੱਟ, ਚੰਡੀਗੜ੍ਹ ਰਾਜਧਾਨੀ, ਵੱਧ ਅਧਿਕਾਰਾਂ ਦੀ ਗੱਲ, ਸ੍ਰੀ ਦਰਬਾਰ ਸਾਹਿਬ 'ਤੇ ਹਮਲਾ, ਝੂਠੇ ਪੁਲਿਸ ਮੁਕਾਬਲੇ, ਨਵੰਬਰ 1984 ਦੀ ਨਸਲਕੁਸ਼ੀ ਅਤੇ ਪੰਥ ਤੇ ਪੰਜਾਬ ਦੇ ਹੋਰ ਮੁੱਦੇ। ਫਿਰ ਤਾਂ ਬਾਦਲਕਿਆਂ ਨਾਲ ਗੁਰੂ ਸਾਹਿਬਾਨਾਂ ਦੀਆਂ ਸ਼ਤਾਬਦੀ ਦਿਹਾੜਿਆਂ ਉਤੇ ਭਾਜਪਾ/ਆਰ ਐਸ ਐਸ ਦੇ ਆਗੂ ਮੋਹਰੇ ਹੋ ਕੇ ਬੈਠੇ ਹੁੰਦੇ ਸੀ ਅਤੇ ਸਰਦਾਰ ਸਿਮਰਨਜੀਤ ਸਿੰਘ ਮਾਨ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਸਤਨਾਮ ਸਿੰਘ ਪਾਉਟਾ ਸਾਹਿਬ, ਭਾਈ ਸਰਬਜੀਤ ਸਿੰਘ ਘੁਮਾਣ, ਭਾਈ ਮੋਹਕਮ ਸਿੰਘ, ਭਾਈ ਬਲਵੰਤ ਸਿੰਘ ਗੋਪਾਲਾ ਆਦਿ ਪੰਥਕ ਸਿੰਘਾਂ ਦੇ ਡਾਂਗਾਂ ਮਾਰਨ, ਤਸ਼ੱਦਦ ਕਰਨ ਲਈ ਅਖੌਤੀ ਅਕਾਲੀ ਆਗੂ ਅਤੇ ਸ਼੍ਰੋਮਣੀ ਕਮੇਟੀ ਦੀ ਗੁੰਡਾ ਫੋਰਸ ਹੀ ਤਿਆਰ ਬਰ ਤਿਆਰ ਖੜ੍ਹੀ ਹੁੰਦੀ ਸੀ। ਭਾਜਪਾ ਵਾਲੇ ਬਾਦਲਕਿਆਂ ਦੇ ਸਾਹਮਣੇ ਸਿੱਖ ਗੁਰੂਆਂ ਅਤੇ ਸ਼ਹੀਦਾਂ-ਯੋਧਿਆਂ ਨੂੰ ਹਿੰਦੂ ਆਖ ਜਾਂਦੇ ਸਨ, ਰੱਜ ਕੇ ਤ੍ਰਿਸਕਾਰ ਕਰਦੇ ਸਨ, ਇਤਿਹਾਸ ਵਿਗਾੜ ਜਾਂਦੇ ਸਨ ਪਰ ਮਜ਼ਾਲ ਹੈ ਕਿ ਅਕਾਲੀਆਂ ਵਿੱਚੋਂ ਕੋਈ ਬੋਲ ਜਾਵੇ, ਜੇ ਸੰਗਤ ਵਿੱਚ ਬੈਠਾ ਕੋਈ ਗੁਰੂ ਕਾ ਸਿੰਘ ਉੱਠ ਕੇ ਰੋਸ ਜਿਤਾਉਣ ਲੱਗਦਾ ਤਾਂ ਕਹਿੰਦੇ-ਕਹਾਉਂਦੇ ਅਕਾਲੀਆਂ ਵਿੱਚ ਵੀ ਬੁੱਚੜ ਪੁਲਸੀਆਂ ਦੀ ਬਦਕਾਰ ਰੂਹ ਆ ਜਾਂਦੀ ਸੀ। ਭਾਜਪਾ ਦੇ ਪਿੱਛੇ ਲੱਗ ਕੇ ਅਖੌਤੀ ਅਕਾਲੀਆਂ ਨੇ ਪੰਥ ਨਾਲ ਵਿਗਾੜ ਲਈ, ਇੱਕ-ਇੱਕ ਕਰਕੇ ਪੰਥ ਦੀਆਂ ਸੰਸਥਾਵਾਂ ਨੂੰ ਤਹਿਸ-ਨਹਿਸ ਕੀਤਾ। ਪੁਰਾਤਨ ਅਕਾਲੀ ਸਿਰਫ਼ ਇਤਿਹਾਸ ਦੀਆਂ ਕਿਤਾਬਾਂ ਵਿੱਚ ਰਹਿ ਗਏ ਜੋ ਸਿੱਖੀ ਰੰਗ ਵਿੱਚ ਰੰਗੇ ਹੋਏ ਸਨ ਜਿਨ੍ਹਾਂ ਨੂੰ ਪੰਥ ਲਈ ਜੂਝ ਮਰਨ ਦਾ ਚਾਅ ਹੁੰਦਾ ਸੀ ਤੇ ਹੁਣ ਵਾਲੇ ਅਕਾਲੀਆਂ ਵਿੱਚ ਤਾਂ ਹਿੰਦੂਤਵ ਬੋਲਦਾ ਹੈ ਤੇ ਗੰਧਲੀ ਸਿਆਸਤ ਦੀ ਬੋਅ ਆਉਂਦੀ ਹੈ। ਕਦੀ ਸੋਚਿਓ ਕਿ ਸਾਡੇ ਕੋਲ ਦਮਦਮੀ ਟਕਸਾਲ, ਬੁੱਢਾ ਦਲ, ਤਰਨਾ ਦਲ, ਸ਼੍ਰੋਮਣੀ ਕਮੇਟੀ, ਅਕਾਲੀ ਦਲ, ਚੀਫ਼ ਖਾਲਸਾ ਦੀਵਾਨ, ਨਾਨਕਸਰੀਏ, ਅਖੰਡ ਕੀਰਤਨੀ ਜਥਾ ਅਤੇ ਹੋਰ ਬੇਸ਼ੁਮਾਰ ਸੰਸਥਾਵਾਂ ਹੋਣ ਦੇ ਬਾਵਜੂਦ ਵੀ ਅਸੀਂ ਖ਼ੁਆਰ ਕਿਉਂ ਹੋ ਰਹੇ ਹਾਂ! ਤੁਹਾਡੇ ਸਾਹਮਣੇ ਇੱਕ ਗੱਲ ਸਹਿਜੇ ਆਵੇਗੀ ਕਿ ਅਸੀਂ ਗ਼ੁਲਾਮ ਹਾਂ ਤੇ ਰਾਜ ਤੋਂ ਬਿਨਾਂ ਕੌਮਾਂ ਦੀ ਇਸੇ ਤਰ੍ਹਾਂ ਬੇਕਦਰੀ ਹੁੰਦੀ ਹੈ। ਹਰ ਸਿੱਖ ਨੂੰ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ, ਏਹੀ ਸਾਡੀਆਂ ਸਮੱਸਿਆਵਾਂ ਤੇ ਮੁਸ਼ਕਿਲਾਂ ਦਾ ਹੱਲ ਹੈ। ਆਰ ਐਸ ਐਸ ਨੇ ਤਾਂ ਕੋਈ ਕੁਰਬਾਨੀ ਨਹੀਂ ਕੀਤੀ, ਸ਼ਹਾਦਤ ਨਹੀਂ ਦਿੱਤੀ, ਉਸ ਕੋਲ ਮਹਾਨ ਵਿਰਸਾ ਅਤੇ ਸ਼ਾਨਾਮੱਤਾ ਇਤਿਹਾਸ ਵੀ ਨਹੀਂ ਹੈ ਤੇ ਨਾ ਹੀ ਕੋਈ ਉੱਚ-ਪੱਧਰੀ ਸਰਬੱਤ ਦੇ ਭਲੇ ਤੇ ਸਾਂਝੀਵਾਲਤਾ ਵਾਲੀ ਵਿਚਾਰਧਾਰਾ ਹੈ ਪਰ ਇਸ ਦੇ ਬਾਵਜੂਦ ਵੀ ਉਹ ਕਾਮਯਾਬ ਹੈ ਕਿਉਂਕਿ 'ਜੀਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ।' ਪਰ ਸਿੱਖ ਕੌਮ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਰੁਲਦੇ-ਫਿਰਦੇ ਹਾਂ। "ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖ਼ਾਲਸੇ ਨੇ ਤੇਗਾਂ ਮਾਰੀਆਂ ਨੇ।" ਜੇ ਰਾਜ ਹੈ ਤਾਂ ਧਰਮ ਤੇ ਸਮਾਜ ਸੁਰੱਖਿਅਤ ਹੈ, ਜੇ ਰਾਜ ਨਹੀਂ ਤਾਂ ਸਭ ਕੁਝ ਦਾਅ ਉਤੇ ਲੱਗਾ ਰਹੇਗਾ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply