ਇਮ ਤਾਰੈ ਸਿੰਘ ਸ਼ਹੀਦੀ ਪਾਈ। ਸਿੰਘ ਨਿਭੇ ਉਸ ਸੰਗ ਸਭ ਬਾਈ।

ਇਮ ਤਾਰੈ ਸਿੰਘ ਸ਼ਹੀਦੀ ਪਾਈ। ਸਿੰਘ ਨਿਭੇ ਉਸ ਸੰਗ ਸਭ ਬਾਈ।

ਇਮ ਤਾਰੈ ਸਿੰਘ ਸ਼ਹੀਦੀ ਪਾਈ। ਸਿੰਘ ਨਿਭੇ ਉਸ ਸੰਗ ਸਭ ਬਾਈ। 
( ਪ੍ਰਾਚੀਨ ਪੰਥ ਪ੍ਰਕਾਸ਼, ਕ੍ਰਿਤ-ਰਤਨ ਸਿੰਘ ਭੰਗੂ )।
ਸ਼ਹੀਦੀ ਸਾਕੇ ਸਮੇਂ ਭਾਈ ਤਾਰਾ ਸਿੰਘ ਜੀ ਦੇ ਨਾਲ ਕੇਵਲ 22 ਸਿੰਘ ਸਨ ਵੱਖ ਵੱਖ ਇਤਿਹਾਸਕ ਹਵਾਲਿਆਂ ਮੁਤਾਬਕ ਉਪਰੋਕਤ ਸਿੰਘਾਂ ਦੇ ਨਾਵਾਂ ਦੀ ਸੂਚੀ ਇਸ ਪ੍ਰਕਾਰ ਹੈ।
ਭਾਈ ਤਾਰਾਂ ਸਿੰਘ,ਭਾਈ ਵਸਾਵਾ ਸਿੰਘ, ਭਾਈ ਕੋਇਰ ਸਿੰਘ (ਪਿੰਡ ਵਾਂ), ਭਾਈ ਸ਼ਾਹੀ ਸਿੰਘ ਬ੍ਰਾਹਮਣ ਝੱਲੀਆਂ,ਭਾਈ ਸੂਰਾ ਸਿੰਘ ਖਾਲੜਾ, ਭਾਈ ਲਖਬੀਰ ਸਿੰਘ ਘਰਿਆਲਾ,ਭਾਈ ਮਾਲੀ ਸਿੰਘ ਤੇ ਭਾਈ ਗੁਰਬਖਸ਼ ਸਿੰਘ ਭੜਾਣਾ,ਭਾਈ ਭੀਮ ਸਿੰਘ, ਭਾਈ ਬਾਦਲ ਸਿੰਘ ਰੱਤੋਕੇ,ਭਾਈ ਮੇਘ ਸਿੰਘ ਮੱਦਰ, ਭਾਈ ਹਾਤਾ ਸਿੰਘ ਚੂੰਘ, ਭਾਈ ਬੁਲਾਕਾ ਸਿੰਘ ਸਾਂਘਣਾ,ਬਾਈ ਜੋਧ ਸਿੰਘ ਨਾਰੋਵਾਲ, ਭਾਈ ਬਘੇਲ ਸਿੰਘ ਤੇ ਅਮਰ ਸਿੰਘ ਭੁਸੇ, ਭਾਈ ਸਮੁੰਦ ਸਿੰਘ ਤੇ ਭਾਈ ਲਾਭ ਸਿੰਘ ਮੁਲਤਾਨੀਆ,ਭਾਈ ਭੋਗੜ ਸਿੰਘ ਤੇ ਭਾਈ ਰਸਾਲ ਸਿੰਘ ਪਿਸ਼ੌਰੀਏ,ਭਾਈ ਰੱਤਾ ਸਿੰਘ, ਭਾਈ ਫੱਤਾ ਸਿੰਘ।
ਦੋ ਹੋਰ ਕਰਬਾਠ ਸਿੰਘ ਜੋ ਨੇੜਲੇ ਪਿੰਡੋਂ ਗੱਡੇ ਤੇ ਕੱਲਰ ਲੈਣ ਆਏ ਸਨ ਸ਼ਹੀਦੀ ਸਾਕੇ ਦੀ ਸੂਹ ਮਿਲਣ ਤੇ ਪਿੰਡ ਵਾਂ ਜਾ ਪਹੁੰਚੇ ਤੇ ਲੜ੍ਹ ਕੇ ਸ਼ਹੀਦ ਹੋਏ। ( ਹਵਾਲਾ ਸਵਰਨ ਸਿੰਘ ਚੂਸਲੇਵ੍ਹਾੜ )।
ਭਾਈ ਤਾਰਾ ਸਿੰਘ " ਵਾਂ " ਦਾ ਪਰਿਵਾਰਕ ਪਿਛੋਕੜ : 
ਇਹਨਾ ਦੇ ਵੱਡੇ ਵਡੇਰੇ ਨਗਰ ਈਚੋਗਿੱਲ ਤੋਂ ਪਿੰਡ " ਵਾਂ "ਆ ਕੇ ਵੱਸੇ ਸਨ ਜੋ ਪਹਿਲਾਂ-ਪਹਿਲ ਦੇਵੀ ਭਗਤ ਅਤੇ ਫਿਰ ਪੀਰ ਨਗਾਹੀਏ ਦੇ ਮੁਰੀਦ ਹੋ ਗਏ। ਮਾਝੇ ਇਲਾਕੇ ਵਿੱਚ ਜਦੋਂ ਗੁਰੂ ਅਰਜਨ ਸਾਹਿਬ ਜੀ ਵੱਲੋਂ ਅਰੰਭੇ ਸਿੱਖੀ ਪ੍ਰਚਾਰ ਨਾਲ ਸਖੀ ਸਰਵਰੀਆਂ ਦਾ ਗੜ੍ਹ ਟੁੱਟਣ ਲੱਗਾ ਤਾਂ ਵੱਡੀ ਗਿਣਤੀ ਵਿੱਚ ਲੋਕ ਸਿੱਖ ਬਣੇ। ਇਸ ਖਾਨਦਾਨ ਵਿੱਚੋਂ ਚੱਘਾ ਨਾਮ ਦਾ ਸਿੱਖ ਗੁਰੂ ਹਰਿਗੋਬਿੰਦ ਸਾਹਿਬ ਜੀ ਸ਼ਰਧਾਲੂ ਸੀ ਜਿਸਦੇ ਘਰ ਜੰਮੇ ਤਿੰਨ ਪੁੱਤ ਮਾਹੀ, ਜੈਤਾ ਤੇ ਗੁਰਦਾਸ ਜਿੰਨਾ ਵਿੱਚੋਂ ਛੋਟੇ ਪੁੱਤਰ ਗੁਰਦਾਸ ਨਾਮੀ ਸਿੱਖ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਸੰਗਤ ਕੀਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਦੀਆਂ ਲੜਾਈਆਂ ਵਿੱਚ ਵੀ ਹਿੱਸਾ ਲਿਆ।
ਗੁਰਜਾਸ ਜੀ ਦੇ ਪੰਜ ਪੁੱਤਰ ਭਾਈ ਤਾਰਾ ਸਿੰਘ, ਭਾਗ ਸਿੰਘ, ਸੰਗਤ ਸਿੰਘ, ਨਥੂ ਸਿੰਘ, ਕੱਥੂ ਸਿੰਘ ਵਿੱਚੋਂ ਜੇਠੇ ਪੁੱਤਰ ਤਾਰਾ ਸਿੰਘ ਨੇ ਭਾਈ ਮਨੀ ਸਿੰਘ ਜੀ ਦੇ ਜੱਥੋਂ ਪਾਸੋਂ ਖੰਡੇ ਦੀ ਪਾਹੁਲ ਪ੍ਰਾਪਤ ਕੀਤੀ ਜੋ ਮਗਰੋਂ ਜਾ ਕੇ ਇਸ ਸਾਕੇ ਵਿੱਚ 1732 ਈ: ਨੂੰ ਸ਼ਹੀਦ ਹੋਏ।
ਸ਼ਹੀਦ ਹੋਣ ਸਮੇਂ ਉਹਨਾ ਦੀ ਉਮਰ ਦੇ ਅੰਦਾਜੇ ਮੁਤਾਬਕ ਭਾਈ ਤਾਰਾ ਸਿੰਘ ਜੀ ਦਾ ਜਨਮ 1702 ਈਸਵੀ ਹੋਇਆ ਹੋਵੇਗਾ। 
ਹਵਾਲਾ- ਸ੍ਰ: ਕਰਮ ਸਿੰਘ ਹਿਸਟੋਰੀਅਨ।
ਸਿੰਘਾਂ ਦੀ ਠਾਹਰ ਭਾਈ ਤਾਰਾ ਸਿੰਘ "ਵਾਂ" ਦਾ ਡੇਰਾ :
ਭਾਈ ਤਾਰਾ ਸਿੰਘ ਉਸ ਸਮੇਂ ਭਾਈ ਬੀਰ ਸਿੰਘ ਨੌਰੰਗਾਬਾਦ ਵਾਂਗ ਉਸ ਸਮੇਂ ਸਾਰੇ ਦੇਸ਼ ਵਿੱਚ ਬਹਾਦਰ ਸਿੱਖ ਸੀ। ਪਰਗਨੇ ਪੱਟੀ ਦੀ ਤਹਿਸੀਲ ਕਸੂਰ ਪਿੰਡ ਡੱਲ,ਵਾਂ ਵਿਖੇ ਇਸ ਨੇ ਆਪਣੇ ਖੇਤ ਵਿੱਚ ਬੁਰਜ ਤੇ ਕੋਠੇ ਪਵਾ ਰੱਖੇ ਸਨ। ਖੇਤੀ ਕਰਕੇ ਗਰੀਬ ਗੁਰਬੇ ਮੁਸਾਫਰ ਨੂੰ ਲੰਗਰ ਛਕਾਉਣਾ ਇਸਦਾ ਧਰਮ ਸੀ। ਸੌ 50 ਸਿੰਘ ਬੜੇ ਬਹਾਦਰ ਸੂਰਬੀਰ ਇਸ ਦੇ ਪਾਸ ਟਿਕੇ ਰਹਿੰਦੇ ਸਨ ਬਲਕਿ ਇਸ ਦੇ ਨੇਕ ਸੁਭਾਅ ਤੇ ਬਾਦਸ਼ਾਹੀ ਨੌਕਰ ਭੀ ਜੋ ਕੋਈ ਭੱਜ ਕੇ ਇਸ ਦੀ ਸ਼ਰਨ ਵਿੱਚ ਆ ਜਾਂਦਾ,ਉਹ ਫਿਰ ਨਾ ਜਾਂਦਾ। ਏਥੇ ਸਿੰਘਾਂ ਦੇ ਜਲ,ਪਾਣੀ ਛਕਣ ਤੋਂ ਲੈ ਕੇ ਉਹਨਾ ਦੇ ਘੋੜਿਆਂ ਦੇ ਲਈ ਦਾਣੇ, ਫੱਕੇ ਦਾ ਖਾਸ ਪ੍ਰਬੰਧ ਹੁੰਦਾ।
ਹਵਾਲਾ - ਤਵਾਰੀਖ਼ ਗੁਰੂ ਖਾਲਸਾ ਭਾਗ 2 ਗਿਆਨੀ ਗਿਆਨ ਸਿੰਘ।
ਭਾਈ ਤਾਰਾ ਸਿੰਘ ਜੀ ਦੇ ਸਾਥੀ ਸੱਜਣ :
ਨਗਰ ਵਾਂ ਦੇ ਵਸਨੀਕ ਜੋਧਾ ਨਾਮ ਦੇ ਇੱਕ ਵਿਅਕਤੀ ਦੇ ਘਰ ਤਿੰਨ ਪੁੱਤਰ ਅਮਰ ਸਿੰਘ, ਅਮੀਂ ਸਿੰਘ ਤੇ ਕੋਇਰ ਸਿੰਘ ਜੋ ਅੰਮ੍ਰਿਤ ਧਾਰੀ ਸਿੰਘ ਸਨ। ਅਮਰ ਸਿੰਘ ਭਾਈ ਤਾਰਾ ਸਿੰਘ ਦੀ ਗੂੜ੍ਹੀ ਸਾਂਝ ਬਣ ਗਈ।
ਏਸੇ ਹੀ ਪਿੰਡ ਦਾ ਇੱਕ ਹੋਰ ਬਿਹਾਰੀ ਨਾਮ ਦਾ ਕਿਸਾਨ ਜਿਸ ਦੇ ਤਿੰਨ ਪੁੱਤਰ ਉਤਮ ਸਿੰਘ, ਦੇਸੂ ਸਿੰਘ (ਦੋਵੇਂ ਅੰਮ੍ਰਿਤਧਾਰੀ ਸਿੱਖ ) ਤੇ ਛੋਟਾ ਬਖਤੂ ਸੀ। ਉੱਤਮ ਸਿੰਘ ਤੇ ਬਖਤੂ ਛੇਤੀ ਹੀ ਚਲਾਣਾ ਕਰ ਗਏ ਪਰ ਇਹਨਾਂ ਦੇ ਇੱਕ ਭਾਈ ਦੇਸੂ ਸਿੰਘ ਦਾ ਪੁੱਤਰ ਵਸਾਵਾ ਸਿੰਘ ਅੰਮ੍ਰਿਤ ਛਕ ਸਿੰਘਾਂ ਨਾਲ ਜਾ ਰਲਿਆ।
ਇਸ ਤਰ੍ਹਾਂ ਭਾਈ ਤਾਰਾਂ ਸਿੰਘ, ਕੋਇਰ ਸਿੰਘ ਅਤੇ ਵਾਸਾਵਾ ਸਿੰਘ ਤਿੰਨੇ ਹੀ ਅਣ-ਵਿਆਹੇ ਅਤੇ ਗੂੜੇ ਮਿੱਤਰ ਸਨ ਜੋ ਇਕੱਠੇ ਸ਼ਹੀਦ ਹੋਏ।
( ਹਵਾਲਾ - ਸ੍ਰ : ਸਵਰਨ ਸਿੰਘ ਚੂਸਲੇਵ੍ਹਾੜ )।
ਅਗਲੇਰਾ ਪ੍ਰਸੰਗ ਪ੍ਰਾਚੀਨ ਪੰਥ ਪ੍ਰਕਾਸ਼ ਰਤਨ ਸਿੰਘ ਭੰਗੂ ਜੀ ਮੁਤਾਬਕ।
* - ਸਿੰਘਾਂ ਦੀ ਚੌਧਰੀ ਨਾਲ ਅਣਬਣ :
 

ਦੋਹਰਾ - ਹੁਤੋਂ ਨੁਸ਼ਹਿਰਾ ਪੁਰ ਬਡੋ, ਮਧ ਪੰਨੂ ਜਟ ਬਸਾਂਹਿ।।
ਸਾਹਿਬ ਰਾਇ ਬਡ ਚੌਧਰੀ, ਹੁਤੋ ਉਸੈ ਕੇ ਮਾਂਹਿ।।
ਅਰਥ - ਨੁਸ਼ਹਿਰੇ ਢਾਲੇ ਪਿੰਡ ਵਿੱਚ ਪੰਨੂ ਭਾਈਚਾਰੇ ਦੇ ਲੋਕ ਵੱਸਦੇ ਸਨ ਅਤੇ ਇੱਥੇ ਹੀ ਮੁਗਲਾਂ ਵੱਲੋਂ ਨਿਯੁਕਤ ਚੌਧਰੀ ਸਾਹਿਬ ਰਾਏ ਰਹਿੰਦਾ ਸੀ। 
* - ਚੌਪਈ- ਦੋਇ ਘੋੜੀ ਉਸ ਘਰ ਥੀ ਚੰਗੀ।।
      ਪਰ ਖੇਤੀ ਚਰਾਵਤ ਨਹ ਸੰਗੀ।। 
ਅਰਥ- ਉਸ ਦੇ ਘਰ ਦੋ ਵਧੀਆ ਨਸਲ ਦੀਆਂ ਘੋੜੀਆਂ ਸਨ ਜਿਨਾਂ ਨੂੰ ਉਹ ਖੁੱਲਾ ਛੱਡ ਦਿੰਦਾ ਅਤੇ ਫਸਲ ਦੇ ਉਜਾੜੇ ਦੀ ਕੋਈ ਸੰਗ ਨਾ ਕਰਦਾ। 
* - ਤਹਿਂ ਭੀ ਦੁਇ ਸਿੰਘ ਖੇਤੀ ਕਰਾਵਤ।।

       ਸੋ ਘੋੜੀ ਚੌਧਰੀ ਚਰ ਜਾਵਤ।।
     ਤੌ ਸਿੰਘ ਸਾਹਿਬ ਰਾਏ ਪੈ ਗਏ।।

      ਬੰਨੋ ਘੋੜੀ ਤਉ ਹਮ ਖੇਤ ਰਹੇ।। 
ਅਰਥ- ਇਸ ਨਗਰ ਵਿੱਚ ਜੋ ਸਿੱਖ ਖੇਤੀ ਕਰਦੇ ਸਨ ਉਹਨਾਂ ਦੀ ਫਸਲ ਨੂੰ ਇਹ ਘੋੜੀਆਂ ਚਰ ਜਾਂਦੀਆਂ ਸਨ। ਸਿੰਘਾਂ ਨੇ ਉਝੜਦੀ ਫਸਲ ਵੇਖ ਕੇ ਚੌਧਰੀ ਸਾਹਿਬ ਰਾਏ ਕੋਲ ਪਹੁੰਚ ਘੋੜੀਆਂ ਨੂੰ ਰੱਸੇ ਪਾ ਕੇ ਰੱਖਣ ਸਬੰਧੀ ਬੇਨਤੀ ਕੀਤੀ।
 


 

* - ਤੌ ਚੌਧਰੀ ਕਹੀ ਸਿੰਘਨ ਉਚਾਰ।।
 

ਤੁਮ ਘੋੜੀ ਰਖਾਵੋ ਹਮ ਮੁਨੈਂ ਚਹੈਂ ਤੁਮ ਵਾਰ।।
 

ਅਰਥ- ਸਿੰਘਾਂ ਦੀ ਬੇਨਤੀ ਤੇ ਚੌਧਰੀ ਨੇ ਉਲਟਾ ਕਿਹਾ " ਤੁਸੀਂ ਘੋੜੀਆਂ ਬਣਾਉਣੀਆਂ ਚਾਹੁੰਦੇ ਹੋ ਤੇ ਅਸੀਂ ਤੁਹਾਡੇ ਕੇਸ ਮੁੰਨਣੇ ਚਾਹੁੰਦੇ ਹਾਂ।
 

ਹੁਣ ਤਾਂ ਫਿਰ ਅਸੀਂ ਤੁਹਾਡੇ ਕੇਸਾਂ ਦੇ ਰੱਸੇ ਵੱਟ ਕੇ ਹੀ ਘੋੜੀਆਂ ਬੰਨਾਂਗੇ।"
 


 

* - ਸੁਨ ਸਿੰਘਨ ਤਨ ਮਨ ਲਗੀ ਆਗ।।
 

ਕਹੈਂ ਕਹਾਂ ਕਰੈਂ ਕਿਛੁ ਕਾਬੂ ਨ ਲਾਗ।।
 

ਬਹੁ ਟੱਬਰਦਾਰੀ ਹੈ ਪਿੰਡ ਮਾਹਿਂ।।
 

ਨਹੀਂ ਮਾਰ ਮਰਤ ਤੁਮਕੌ ਅਬ ਥਾਇਂ।।
 

ਅਰਥ- ਉਸ ਦੀ ਇਹ ਗੱਲ ਸੁਣ ਕੇ ਸਿੰਘਾਂ ਦੇ ਤਨ ਮਨ ਨੂੰ ਅੱਗ ਲੱਗ ਗਈ ਅਤੇ ਕਹਿਣ ਲੱਗੇ ਇੱਕ ਤਾਂ ਅਸੀਂ ਕਬੀਲਦਾਰ ਬੰਦੇ ਹਾਂ ਅਤੇ ਦੂਜਾ ਸਾਡੀ ਵਾਹ ਚੱਲੇ ਤਾਂ ਤੈਨੂੰ ਏਥੇ ਹੀ ਮਾਰ ਦਿੰਦੇ।
 


 

* - ਸੋ ਗਏ ਸਿੰਘ ਦੁਖਤ ਭੁਸਯੋ ਗਿਰਾਇਂ।।
 

ਹੁਤੋ ਬਘੇਲ ਸਿੰਘ ਅਮਰ ਸਿੰਘ ਢਿੱਲੋ।। 
 

ਸਦ ਉਨ ਕੋ ਦਈ ਘੋੜੀ ਕਢਾਇ।।
 

ਉਨ ਅਗੇ ਦਈ ਘਰਯਾਲੇ ਪੁਚਾਇ।।
 

ਅਰਥ- ਦੁਖੀ ਹੋ ਕੇ ਸਾਰੇ ਸਿੰਘ ਭੁਸੇ ਪਿੰਡ ਦੇ ਵਸਨੀਕ ਭਾਈ ਬਘੇਲ ਸਿੰਘ ਅਤੇ ਭਾਈ ਅਮਰ ਸਿੰਘ ਕੋਲ ਜਾ ਪਹੁੰਚੇ। 
 

ਇਹਨਾ ਦੋਹਾਂ ਨੇ ਸਿੰਘਾਂ ਦੀ ਫਰਿਆਦ ਸੁਣ ਅਤੇ ਚੌਧਰੀ ਦੇ ਅੜੀਅਲ ਵਤੀਰੇ ਦਾ ਕਰਕੇ ਉਸਦੀਆਂ ਘੋੜੀਆਂ ਭਜਾ ਮਾਝੇ ਦੇ ਪਿੰਡ ਘਰਿਆਲੇ ਪਹੁੰਚਾ ਦਿੱਤੀਆਂ। 
 


 

* - ਦੋਹਰਾ- ਅੱਗੋਂ ਲਏ ਲਖਮੀਰ ਸਿੰਘ ਸੰਧੂ, ਜੰਗਲ ਬੇਚੀ ਜਾਇ।।
 

ਫਿਰ ਬਾਂਇ ਤਾਰੈ ਸਿੰਘ ਪਹਿ, ਦਏ ਲੰਗਰ ਪੈਸੇ ਪਾਇ।।
 

ਅਰਥ- ਲਖਬੀਰ ਸਿੰਘ ਨੇ ਰਾਤ ਬਰਾਤੇ ਇਹ ਦੋਵੇਂ ਘੋੜੀਆਂ ਸਤਲੱਜ ਦਰਿਆ ਟਪਾ ਸ੍ਰ : ਆਲਾ ਸਿੰਘ ਦੇ ਜਾ ਵੇਚੀਆਂ ਅਤੇ ਵੱਟੀ ਹੋਈ ਰਕਮ ਭਾਈ ਤਾਰਾ ਸਿੰਘ ਵਾਂ ਦੇ ਲੰਗਰ ਵਿੱਚ ਪਾ ਦਿੱਤੀ।
 


 

ਇਸਤੋਂ ਅੱਗੇ ਕੀ ਹੋਇਆ? 
 

ਚੌਧਰੀ ਸਾਹਿਬ ਰਾਏ ਦੇ ਸੱਦੇ ਸੇਲੂ ( ਪੈੜੂ, ਖੋਜੀ ) ਖੁਰਾ ਖੋਜ ਲੈ ਕੇ ਚੌਧਰੀ ਕੋਲ ਪਹੁੰਚੇ ਤੇ ਜਿੰਨਾ ਨੇ ਭੁਸੇ ਪਿੰਡ ਦੇ ਵਸਨੀਕ ਭਾਈ ਬਘੇਲ ਸਿੰਘ, ਭਾਈ ਅਮਰ ਸਿੰਘ ਨੂੰ ਚੋਰ ਦੱਸਿਆ ਜੋ ਭਾਈ ਤਾਰਾ ਸਿੰਘ ਵਾਂ ਦੇ ਕੋਲ ਰੁਕੇ ਹੋਏ ਸਨ। ਜਦੋਂ ਚੌਧਰੀ ਨੇ ਇਹਨਾ ਦੋਹਾਂ ਸਿੰਘਾਂ ਦੀ ਮੰਗ ਭਾਈ ਤਾਰਾ ਸਿੰਘ ਜੀ ਤੋਂ ਕੀਤੀ ਤਾਂ ਉਸ ਨੇ ਕਿਹਾ " ਸਾਡੇ ਪਾਸ ਤੇਰਾ ਕੋਈ ਚੋਰ ਨਹੀਂ ਇਹ ਗੁਰੂ ਦੇ ਸਿੱਖ ਹਨ"। 
 

ਚੌਧਰੀ ਦੇ ਅੜੀਅਲ ਸੁਭਾਅ ਮੁਤਾਬਕ ਉਸਨੂੰ ਸਿੰਘਾਂ ਦੀ ਪ੍ਰੇਮ ਭਾਸ਼ਾ ਰਾਸ ਨਾ ਆਈ ਤੇ ਉਲਟਾ ਉਹਨਾ ਨੂੰ ਚੌਧਰਪੁਣੇ ਦਾ ਰੋਹਬ ਦਿਖਾਉਣ ਲੱਗਾ। ਜਦੋਂ ਮਝੈਲ ਸਿੰਘਾਂ ਨੇ ਇਸਨੂੰ ਕਰਾਰੇ ਹੱਥ ਵਿਖਾਏ ਤਾਂ ਗੁਰੂ ਦਾ ਵਾਸਤਾ ਪਾ ਛੁੱਟਿਆ। ਚੌਧਰੀ ਦੀ ਗੈਲ ਤਾਂ ਛੁੱਟ ਗਈ ਪਰ ਸਿੰਘਾਂ ਕੋਲੋਂ ਹੱਥ ਹੌਲਾ ਕਰਵਾ ਸਿੱਧਾ ਪੱਟੀ ਨੂੰ ਹੋ ਤੁਰਿਆ। 
 

ਪੱਟੀ ਦੇ ਫੌਜਦਾਰ ਨੂੰ ਏਧਰ-ਓਧਰ ਦੀਆਂ ਗੱਲਾਂ ਲਾ-ਬੁਝਾ ਸਿੰਘਾਂ ਤੇ ਚੜ੍ਹਾ ਲਿਆਇਆ। ਇਹ 80 ਪਿਆਦੇ ਅਤੇ ਜਾਫ਼ਰ ਬੇਗ ਸਮੇਤ 50 ਕੁ ਘੋੜਸਵਾਰਾਂ ਦੀ ਨਫਰੀ ਸੀ। 
 


 

ਪੱਟੀ ਦੇ ਫੌਜਦਾਰ ਤੇ ਸਿੰਘਾਂ ਬਹਾਦਰੀ: 
 


 

ਤੜਕਸਾਰ ਹੁੰਦਿਆ ਹੀ ਪੱਟੀ ਦੇ ਫੌਜਦਾਰ ਦੀ ਸੈਨਿਕ ਟੁੱਕੜੀ ਵੀ ਸਿੰਘਾਂ ਦੀ ਝਿੜੀ ਦੇ ਕੋਲ ਪਹੁੰਚ ਗਈ ਜਿਸਦਾ ਸਾਹਮਣਾ ਸੱਭ ਤੋਂ ਪਹਿਲਾਂ ਭਾਈ ਬਘੇਲ ਸਿੰਘ ਨਾਲ ਹੋਇਆ।
 

* - ਚੌਪਈ- ਇਤ ਬਘੇਲ ਸਿੰਘ ਬਾਣੀ ਭੋਗ ਪਾਯੋ।।
 

ਕਰ ਅਰਦਾਸ ਸਿੰਘ ਜੰਗਲੈ ਧਾਯੋ।। 
 

ਅਰਥ- ਅੰਮ੍ਰਿਤ ਵੇਲਾ ਹੋਇਆ ਤੇ ਸਿੰਘਾਂ ਨੇ ਨਿਤਨੇਮ ਬਾਣੀ ਦੇ ਭੋਗ ਪਾ ਅਰਦਾਸ ਬੇਨਤੀ ਕੀਤੀ ਉਪਰੰਤ ਜਥੇ ਵਿੱਚੋਂ ਭਾਈ ਬਘੇਲ ਸਿੰਘ ਜੰਗਲ ਮੈਦਾਨੇ ਸੁਚੇਤ ਹੋਣ ਨੂੰ ਚਲੇ ਗਏ। 
 


 

* - ਹੱਥ ਨੇਜੋ ਉਸ ਗਾਤਰੇ ਤਲਵਾਰ।। 
 

ਗਡਵੋ ਜਲ ਦੂਏ ਹੱਥ ਸੌਚ ਵਾਰ।। 
 

ਅਰਥ- ਭਾਈ ਬਘੇਲ ਸਿੰਘ ਜੀ ਦੇ ਹੱਥ ਵਿੱਚ ਨੇਜਾ ਤੇ ਗਲ ਪਾਏ ਗਾਤਰੇ ਵਿੱਚ ਕਿਰਪਾਨ ਪਾਈ ਹੋਈ ਸੀ, ਦੂਜੇ ਹੱਥ ਸੁਚੇਤ ਹੋਣ ਲਈ ਜਲ ਵਾਲਾ ਗੜਵਾ ਫੜਿਆ ਹੋਈ ਸੀ।
 


 

"ਸਵਾ ਲੱਖ ਸਿੰਘ" ਭਾਈ ਬਘੇਲ ਸਿੰਘ ਨੇ ਨੇਜੇ ਤੇ ਕਿਰਪਾਨ ਨਾਲ ਫੌਜਦਾਰ ਦੇ ਕਈ ਸਿਪਾਹੀ ਪਾਰ ਬੁਲਾ ਦਿੱਤੇ, ਮਹੌਲ ਹੋਰ ਵੀ ਭੱਖ ਗਿਆ ਅਤੇ ਇਸ ਰੌਲੇ ਗੌਲੇ ਵਿੱਚ ਚੱਲੀ ਗੋਲੀ ਨਾਲ ਫੌਜਦਾਰ ਦਾ ਭਤੀਜਾ ਮਾਰਿਆ ਗਿਆ ਤੇ ਭਾਈ ਬਘੇਲ ਸਿੰਘ ਦੇ ਪੱਟ ਵਿੱਚ ਵੀ ਗੋਲੀ ਜਾ ਲੱਗੀ। 
 

ਅੰਦਰ ਬੈਠੇ ਸਿੰਘਾਂ ਨੇ ਜਦੋਂ ਬਾਹਰੋਂ ਗੋਲੀ ਦੀ ਆਵਾਜ਼ ਸੁਣੀ ਤਾਂ ਝੱਟ- ਪੱਟ ਓਥੇ ਜਾ ਪਹੁੰਚੇ। ਭਖੇ ਮਾਹੌਲ ਦੇ ਵਿੱਚ ਇਹੋ ਜਿਹੀ ਕੱਟ-ਵੱਢ ਹੋਈ ਕੇ ਸਿੰਘਾਂ ਦੇ ਅੱਗੇ ਤੁਰਕ ਠਹਿਰ ਨਾ ਸਕੇ,ਸਗੋਂ ਅੱਗੇ ਹੋ ਭੱਜ ਨਿਕਲੇ।
 

ਇਸ ਮੁਕਾਬਲੇ ਵਿੱਚ ਫੌਜਦਾਰ ਦੇ ਭਰਾ ਸਮੇਤ ਹੋਰ ਕਈ ਮਾਰੇ ਗਏ, ਫੌਜਦਾਰ ਨੇ ਚਾਰ ਕੋਹ ਭੱਜ ਕੇ ਮਸਾਂ ਈ ਆਪਣੀ ਜਾਨ ਬਚਾਈ।
 

ਪਿੱਛੇ ਹਟਦੀ ਫੌਜ ਵਿੱਚੋਂ ਕਿਸੇ ਸਿਪਾਹੀ ਦੀ ਗੋਲੀ ਭਾਈ ਬਘੇਲ ਸਿੰਘ ਦੀ ਛਾਤੀ ਵਿੱਚੋਂ ਆਰ ਪਾਰ ਹੋ ਗਈ ਅਤੇ ਉਹ ਉੱਥੇ ਹੀ ਸ਼ਹੀਦ ਹੋ ਗਏ
 


 

ਫੌਜਦਾਰ ਦੀ ਖਾਨ ਬਹਾਦਰ ਕੋਲ ਹਾਲ-ਦੁਹਾਈ : 
 


 

* - ਚੌਪਈ- ਖਾਨ ਬਹਾਦਰ ਹੁਤੋ ਨਵਾਬ।।
 

ਵਹ ਤੁਰਯੋ ਦਿਖਾਵਨ ਆਪਨੋ ਬਾਬ।।
 

ਅਰਥ- ਏਥੋਂ ਤੁਰਿਆ ਫੌਜਦਾਰ ਆਪਣਾ ਹਾਲ ਵਿਖਾਉਣ ਲਈ ਸਿੱਧਾ ਜਕਰੀਆ ਖਾਨ ਕੋਲ ਜਾ ਪਹੁੰਚਿਆ ਜੋ ਉਸ ਸਮੇਂ ਦਾ ਨਵਾਬ ਸੀ।
 

ਫੌਜਦਾਰ ਨੇ ਆਪਣੀ ਕਾਇਰਤਾ ਲਕਾਉਣ ਲਈ ਐਸਾ ਝੂਠ, ਸੱਚ ਬੋਲਿਆ ਕਿ ਖਾਨ ਬਹਾਦਰ ਨੇ ਸਿੱਖਾਂ ਵਿਰੁੱਧ ਇਸ ਮੁਹਿੰਮ ਦੀ ਜਿੰਮੇਵਾਰੀ ਮੋਮਨ ਖਾਂ ਨੂੰ ਦੇ ਦਿੱਤੀ,ਜਿਸਦੀ ਫੌਜ ਵਿੱਚ 2200 ਘੋੜ ਸਵਾਰ 40 ਜੰਬੂਰੇ ਅਤੇ 4 ਰਹਿਲਕੇ ਅਤੇ ਪੰਜ ਹਾਥੀ ਸਨ।
 

* -ਦੋਹਰਾ-ਘਲਯੋ ਮੋਮਨ ਖਾਂ ਫੌਜਦਾਰ ਕੈ,ਸੰਗ ਬਾਈ ਸੈ ਅਸਵਾਰ।।
 

ਚਾਲੀ ਜੰਬੂਰੇ ਫੀਲ ਪੰਜ ਔਰ ਰਹਿਲਕੇ ਚਾਰ।।
 

ਇਸ ਮੁਹਿੰਮ ਨੂੰ ਸਿਰੇ ਚਾੜਨ ਲਈ ਸਿੰਘਾਂ ਦੀ ਠਾਹਰ ਪਿੰਡ ਵਾਂ ਵੱਲ ਹੋ ਤੁਰੇ।
 


 

ਅਗੋਂ ਸਿੰਘਾਂ ਦੀ ਧਰਮ ਯੁੱਧ ਲਈ ਤਿਆਰੀ : 
 


 

ਤੁਰਕਾਂ ਵਿਰੁੱਧ ਲੜ੍ਹਣ ਲਈ ਸਿੰਘ ਵੀ ਇੱਕ ਮੁੱਠ ਹੋ ਤਿਆਰੀਆਂ ਵਿੱਚ ਜੁਟ ਪਏ।
 

* - ਸਭੈ ਸਿੰਘ ਰਲ ਬਾਈ ਭਏ ।। ਕਿਛੁ ਅਗਲੇ ਕਿਛੁ ਮਗਰੋਂ ਆਏ।।
 

ਕਿਲ੍ਹਾ ਕੋਟ ਥੋ ਨਹਿ ਉਨ ਪਾਹਿ।।ਉਨ ਸੀਸ ਲਗਾਵਣ ਕੀ ਭਈ ਚਾਹਿਂ।।
 

ਅਰਥ- ਇਹ ਸਾਰੇ ਸਿੰਘ ਰਲ ਕੇ ਗਿਣਤੀ ਦੇ 22 ਕੁ ਹੀ ਸਨ ਜਿੰਨਾਂ ਵਿੱਚੋਂ ਕੁਝ ਪਹਿਲਾਂ ਆਏ ਅਤੇ ਕੁਝ ਮਗਰੋਂ।
 

ਬੇਸ਼ੱਕ ਸਿੰਘਾਂ ਦੇ ਕੋਲ ਕੋਈ ਮਜ਼ਬੂਤ ਕਿਲ੍ਹਾ ਨਹੀਂ ਸੀ ਪਰ ਸਿਰ ਲੇਖੇ ਲਾਉਣ ਦੇ ਲਈ ਧਰਮ ਯੁੱਧ ਦੀ ਮਨ ਦੇ ਵਿੱਚ ਬੜੀ ਰੀਝ ਸੀ। 
 


 

* - ਤੁਰਤ ਸਿੰਘਨ ਇਕ ਥੰਮ ਘੜਾਯੋ।। ਦੇਖ ਭੂਮ ਭਲੀ ਠੌਰ ਗਡਾਯੋ।।
 

ਕਰ ਝਟਕੇ ਖਲ ਛੇਲੇ ਕਡਵਾਇ।। ਲਯੋ ਨਗਾਰੋ ਤੁਰਤ ਮੜ੍ਹਾਇ ।।
 

ਅਰਥ- ਉਸੇ ਵੇਲੇ ਹੀ ਸਿੰਘਾਂ ਨੇ ਡੇਰੇ ਚੋਂ ਬਾਹਰ ਆ ਪੱਧਰੀ ਥਾਂ ਤੇ ਜੰਗ ਲੜਨ ਲਈ ਇੱਕ ਵੱਡੀ ਲੱਕੜ ਦਾ ਥੰਮ ਘੜਾਇਆ।
 

ਸਿੰਘਾਂ ਨੇ ਚੌਟੰਗਾ ਝਟਕਾ ਉਹਦੀ ਖੱਲ ਨੂੰ ਘੜੇ ਤੇ ਮੜ੍ਹਕੇ ਇੱਕ ਨਗਾਰਾ ਬਣਾ ਲਿਆ। ਇਹ ਤੁਰਕਾਂ ਵਿਰੁੱਧ ਜੰਗ ਦਾ ਅੰਤਿਮ ਐਲਾਨ ਸੀ।
 

ਨੇੜੇ ਨਜ਼ਦੀਕ ਦੇ ਪਿੰਡਾਂ ਵਿੱਚ ਲਾਹੌਰ ਤੋਂ ਚੜ੍ਹੀ ਆਉਂਦੀ ਫੌਜ ਦੀ ਕੰਨਸੋਅ ਜਦੋਂ ਘਰੋਂ ਘਰੀਂ ਉੱਡ ਗਈ ਤਾਂ ਕੁੱਝ ਭਲੇ ਲੋਕਾਂ ਨੇ ਸਿੰਘਾਂ ਨੂੰ ਕੁਝ ਦਿਨ ਲਾਂਭੇ ਚਾਂਭੇ ਹੋਣ ਲਈ ਆਖਿਆ।
 


 

* - ਦੋਹਰਾ - ਕਰ ਸਲਾਹ ਇਕੱਠੇ ਭਏ ਸਤਿਗੁਰ ਕੀ ਕਰਿ ਆਸ।।
 

ਪੜ੍ਹੇਂ ਬਾਣੀਆ ਗੁਰੂ ਕੀ,ਇੱਕਣ ਹੋਇ ਕਰਿ ਰਾਸ।।
 

ਅਰਥ- ਭਾਈਚਾਰੇ ਦੇ ਕੁਝ ਲੋਕਾਂ ਦੀ ਬੇਨਤੀ ਨੂੰ ਸੁਣ ਕੇ ਸਿੱਖਾਂ ਨੇ ਇਕੱਤਰ ਹੋ ਗੁਰਮਤਾ ਕੀਤਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਓਟ-ਆਸਰਾ ਤੱਕਿਆ। 
 


 

* - ਦੋਹਰਾ ਜੋ ਤੁਮ ਕਹੀ ਸੋ ਭਲ ਕਹੀ ਹੈ ਯੌਂਹੀ ਸਚੁ ਬਾਤ।।
 

ਹਮਹ ਸ਼ਹੀਦੀ ਚਿਤ ਧਰੀ, ਹਮ ਨਠ ਨਹ ਕਿਤ ਜਾਤ।।
 

ਅਰਥ- ਸਿੰਘੋ ਤੁਸੀਂ ਭਾਈਚਾਰੇ ਦੀ ਸਾਂਝ ਖਾਤਰ ਜੋ ਕਿਹਾ ਚੰਗਾ ਹੀ ਕਿਹਾ ਹੈ ਪਰ ਅਸਾਂ ਨੇ ਇਥੋਂ ਭੱਜ ਕੇ ਜਾਣ ਦੀ ਥਾਂ " ਸ਼ਹੀਦ " ਹੋਣਾ ਤਹਿ ਕਰ ਲਿਆ ਹੈ ਤੇ ਏਹੋ ਹੀ ਗੁਰੂ ਹੁਕਮ ਹੈ,ਕਿਧਰੇ ਭੱਜ ਕੇ ਨਹੀ ਜਾਵਾਂਗੇ। 
 

ਜੇਕਰ ਅੱਜ ਅਸੀਂ ਇਥੋਂ ਭੱਜ ਗਏ ਤਾਂ ਲੋਕ ਸਾਡੀ ਖਿੱਲੀ ਉਡਾਉਣਗੇ ।
 


 

ਅਖੀਰ ਤੁਰਕਾਂ ਦੀ ਧਾੜ ਪਿੰਡ ਆ ਪਹੁੰਚੀ : 
 


 

ਮੋਮਨ ਖਾਂ ਦੇ ਅਧੀਨ ਭੇਜੀ ਫੌਜ ਪਿੰਡ " ਵਾਂ " ਆ ਪਹੁੰਚੀ ਜਿਸਦੇ ਖਾਣ ਪੀਣ ਦਾ ਪ੍ਰਬੰਧ ਨੰਬਰਦਾਰ ਬੁਲਾਕੀ ਨੇ ਕੀਤਾ।
 

ਤੁਰਕਾਂ ਨੇ ਰਸਦ ਪਾਣੀ ਮਿਲਦਾ ਵੇਖ ਕੁਝ ਸਮਾਂ ਇੱਥੇ ਹੀ ਡੇਰਾ ਕੀਤਾ।
 

ਜੇਕਰ ਸਿੱਖ ਚਾਹੁੰਦੇ ਤਾਂ ਜੰਡ ਕਰੀਰਾਂ ਵੱਲ ਹੋ ਆਪਣਾ ਬਚਾਅ ਕਰ ਸਕਦੇ ਸਨ ਪਰ ਸੂਰਮਿਆਂ ਨੇ ਮੈਦਾਨ ਛੱਡਣ ਦੀ ਥਾਂ ਹੱਥਾਂ ਵਿੱਚ ਤੇਗਾਂ ਸੂਤ ਲਈਆਂ ਅਤੇ ਲੱਗੇ ਫੌਜ ਦੀ ਉਡੀਕ ਕਰਨ ਲੱਗੇ।
 

ਓਧਰ ਦਿਨ ਭਰ ਦੇ ਥੱਕੇ ਟੁੱਟੇ ਸਰਕਾਰੀ ਸਿਪਾਹੀਆਂ ਨੇ ਰਾਤ ਹਮਲਾ ਨਾ ਕੀਤਾ ਤੇ ਖਾ- ਪੀ ਕੇ ਅਰਾਮ ਕਰਨ ਲੱਗੇ।
 


 

ਸ਼ਹੀਦੀ ਸਾਕਾ ਤੇ ਸ਼ਹੀਦ ਗੰਜ :
 

ਅੰਮ੍ਰਿਤ ਵੇਲਾ ਹੋਇਆ ਸਿੰਘਾਂ ਨੇ ਇਸ਼ਨਾਨ ਪਾਨ ਕੀਤੇ ਅਤੇ ਰੱਬੀ ਬਾਣੀ ਦੇ ਜਾਪ ਉਪਰੰਤ ਤਨ ਦੇ ਉੱਤੇ ਹਥਿਆਰ ਸਜਾ ਲਏ।
 


 

*- ਦੋਹਰਾ ਉਤ ਤੇ ਤੁਰਕ ਤੌ ਆਏ ਪਏ, ਬਜਾਏ ਧੌਂਸ ਨਗਾਰ।।
 

ਕਰਹਿਂ ਦੁਤਰਫੋਂ ਮਾਰ ਮਾਰ ਸੌਂਚੀ ਜੈਸ ਖਿਡਾਰ।।
 

ਅਰਥ- ਲਾਹੌਰ ਤੋਂ ਆਈ ਫੌਜ ਨੇ ਨਗਾਰੇ ਧੌਂਸੇ ਵਜਾਉਂਦੇ ਹੋਏ ਸਿੰਘਾਂ ਉੱਤੇ ਹੱਲਾ ਕਰ ਦਿੱਤਾ। ਦੋਵੇਂ ਤਰਫਾਂ ਤੋਂ ਮਾਰ ਧਾੜ ਹੋਣ ਲੱਗੀ ਜਿਵੇਂ ਖਿਡਾਰੀ ਸੋਂਚੀ ਪੱਕੀ ਖੇਡਦੇ ਹਨ। 
 


 

* - ਚੌਪਈ - ਪ੍ਰਿਥਮ ਬੁਲਾਕਾ ਸਿੰਘ ਅਗਯੋਂ ਧਾਇਓ।।
 

ਫੜ ਤੇਗੋ ਤਿਨ ਬਹੁਤਨ ਲਾਯੋ।। 
 

ਅਗਯੋਂ ਲਗਯੋਂ ਤਿਸ ਛਾਤੀ ਤੀਰ।।
 

ਭਯੋ ਪ੍ਰਿਥਮਹਿ ਸੋਈ ਬਹੀਰ।।
 

ਅਰਥ- ਤੁਰਕਾਂ ਦੇ ਪਹਿਲੇ ਹੱਲੇ ਨੂੰ ਰੋਕਣ ਲਈ ਭਾਈ ਬੁਲਾਕਾ ਸਿੰਘ ਸਾਂਘਣਾ ਅੱਗੇ ਵਧਿਆ ਜਿਸ ਨੇ ਤੇਗ ਦੇ ਨਾਲ ਕਈਆਂ ਨੂੰ ਪਾਰ ਬੁਲਾ ਦਿੱਤਾ ਪਰ ਜਵਾਬੀ ਹਮਲੇ ਵਿੱਚ ਭਾਈ ਬਲਾਕਾ ਸਿੰਘ ਦੀ ਛਾਤੀ ਵਿੱਚ ਤੀਰ ਆ ਵੱਜਾ ਜਿਸ ਨਾਲ ਉਹ ਮੌਕੇ ਤੇ ਸ਼ਹੀਦ ਹੋ ਗਏ। 
 


 

ਗਿਣਤੀ ਦੇ 20 ਬਾਈ ਕੁ ਸਿੰਘ, ਥੋੜੇ ਜਿਹੇ ਹਥਿਆਰਾਂ ਨਾਲ ਫੌਜਾਂ ਤੇ ਜਾ ਟੁੱਟੇ,ਏਨੇ ਨੂੰ ਤੱਕੀ ਬੇਗ ਦਾ ਦਸਤਾ ਆਪਣੇ ਸਵਾਰਾਂ ਨੂੰ ਲਲਕਾਰਦਾ ਹੋਇਆ ਭਾਈ ਤਾਰਾ ਸਿੰਘ ਦੇ ਸਿਰ ਆਣ ਪੁੱਜਾ।
 

ਘੋੜੇ ਤੇ ਸਵਾਰ ਤੱਕੀ ਬੇਗ ਤੇ ਭਾਈ ਤਾਰਾ ਸਿੰਘ ਨੇ ਨੇਜਾ ਦਾ ਭਰਵਾਂ ਵਾਰ ਤੇ ਮੂੰਹ ਚੋਂ ਲਹੂ ਦੇ ਫੁਹਾਰੇ ਛੁੱਟ ਪਏ।
 

ਤੱਕੀ ਬੇਗ ਸਮੇਤ ਫੌਜੀ ਦਸਤੇ ਪਿਛਾਂਹ ਨੂੰ ਭੱਜ ਨਿਕਲੇ। 
 


 

ਸਿੰਘਾਂ ਨੇ ਕੁੱਝ ਹੋਰ ਵੀ ਸੋਧੇ : 
 


 

* - ਮਨਸਾ ਰਾਮ ਔ ਦਇਆ ਰਾਮ।। ਮਾਰੇ ਸਿੰਘਨ ਸੁ ਉਸ ਹੀ ਧਾਮ।।
 

ਅਰਥ- ਮਨਸਾ ਰਾਮ ਤੇ ਦਇਆ ਰਾਮ ਪੂਰਬੀਏ ਜਰਨੈਲ ਵੀ ਸਿੰਘਾਂ ਹੱਥੋਂ ਇਸ ਸਥਾਨ ਤੇ ਮਾਰੇ ਗਏ
 

ਇਹਨਾ ਤੋਂ ਇਲਾਵਾ ਵੱਡੇ ਵੱਡੇ ਨਾਮੀ ਜਰਨੈਲ ਸਿੰਘਾਂ ਦੇ ਸਾਹਮਣੇ ਬੇ-ਵੱਸ ਨਜ਼ਰ ਆਏ।
 

ਸਿੰਘ ਸੂਰਮਿਆਂ ਨੇ ਕਈ ਦੇ ਸਿਰ ਧੜਾਂ ਤੋਂ ਅਗੱਲ-ਥਲੱਗ ਕਰ ਦਿੱਤੇ 
 

ਨਾਮੀ ਜਰਨੈਲ ਅਤੇ ਹੋਰ ਸ਼ਿਪਾਹੀਆਂ ਦੀਆਂ ਲੋਥਾਂ ਦੇ ਸੱਥਰ ਵਿਸ਼ੇ ਵੇਖ ਮੋਮਨ ਖਾਂ ਦੀ ਫੌਜ ਨੇ ਚੌਤਰਫੀ ਘਿਰੇ ਸਿੰਘਾਂ ਤੇ ਇੱਕੇ ਵਾਰ ਹਮਲਾ ਕਰ ਦਿੱਤਾ।
 

ਭਾਈ ਤਾਰਾ ਸਿੰਘ ਜੀ ਸਮੇਤ ਇੱਕ ਇੱਕ ਕਰਕੇ ਸਾਰੇ ਸਿੱਖ ਬੜੀ ਬਹਾਦਰੀ ਨਾਲ ਲੜ੍ਹੇ ਕਈਆਂ ਨੂੰ ਪਾਰ ਬੁਲਾਉਂਦੇ ਹੋਏ ਸਾਰੇ ਸਿੰਘ ਸ਼ਹੀਦ ਹੋ ਗਏ। 
 


 

* -ਇਮ ਤਾਰਾ ਸਿੰਘ ਜੀ ਸਾਕਾ ਕੀਆ।।ਮਸ਼ਾਹੂਰ ਸਭ ਜਗ ਮੈਂ ਕੀਆ।।
 

ਗੁਰੁ ਕੌ ਵਾਕ ਜਿਸ ਐਸ ਕਮੱਯਾ।। ਸੀਸ ਦਯੋ ਪਰ ਸਿਰਰ ਨਾ ਦੱਯਾ।।
 

ਅਰਥ - ਇਸ ਤਰ੍ਹਾਂ ਭਾਈ ਤਾਰਾ ਸਿੰਘ ਜੀ ਨੇ ਸਾਥੀ ਸਿੰਘਾਂ ਸਮੇਤ ਸਾਕਾ ਕੀਤਾ ਜੋ ਸਾਰੇ ਜਗਤ ਵਿੱਚ ਪ੍ਰਸਿੱਧ ਹੈ।
 

ਸਤਿਗੁਰੂ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਸੀਸ ਤਾਂ ਦੇ ਦਿੱਤਾ ਪਰ ਹੱਠ ਨਹੀ ਛੱਡਿਆ।
 


 

* - ਦੋਹਰਾ- ਧੰਨ ਧੰਨ ਉਨ ਸਿੰਘਨ ਕੈ, ਜਿਨ ਕਰ ਸਾਕਾ ਤਜੇ ਪਰਾਨ।।
 

ਰਹੈ ਨਾਮ ਥਿਰ ਕਰਮ ਕਾ, ਹੈ ਜਗ ਆਵਨ ਜਾਨ।।
 

ਅਰਥ- ਧੰਨ ਹੈ ਸਿਦਕੀ ਸਿੱਖਾਂ ਦੀ ਕੁਰਬਾਨੀ ਜਿੰਨਾ ਨੇ ਇਹ ਸਾਕਾ ਕੀਤਾ ਅਤੇ ਸ਼ਹੀਦ ਹੋਏ। ਇਹ ਸੰਸਾਰ ਤੇ ਆਉਣਾ ਜਾਣਾ ਹੈ ਪਰ ਚੰਗਾ ਕਰਮ ਵਾਲਿਆਂ ਦਾ ਨਾਮਨਾ ਅਮਿੱਟ ਹੋ ਜਾਂਦਾ ਹੈ।
 


 

ਇਹ ਸਾਕਾ ਮਾਘ ਵਦੀ 4 ਸੰਮਤ 1789 ਬਿ: (ਦਸੰਬਰ 1732 ) ਨੂੰ ਹੋਇਆ। ਇਸ ਥਾਂ ਤੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ਼ਹੀਦ ਗੰਜ ਨਗਰ ਵਾਂ ( ਤਰਨ ਤਾਰਨ ) ਵਿਖੇ ਸਸ਼ੋਭਿਤ ਹੈ।
 


 

ਸਮੂਹ ਸ਼ਹੀਦੀ ਸਿੱਖਾਂ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ।
 


 

ਭਾਈ ਨਿਰਮਲ ਸਿੰਘ ਸੁਰ ਸਿੰਘ 9888520250

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.