ਪੰਜਾਬ ਨੂੰ ਦੱਬ ਨਹੀਂ ਸਕੇਗੀ ਭਾਜਪਾ
- ਰਾਜਨੀਤੀ
- 23 Mar, 2026 06:24 AM (Asia/Kolkata)
ਪੰਥ ਅਤੇ ਪੰਜਾਬ ਦਾ ਕੋਈ ਮਸਲਾ ਹੱਲ ਕੀਤੇ ਬਿਨਾਂ ਹੀ ਭਾਜਪਾ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ, ਭਾਜਪਾ ਦਾ ਸੁਪਨਾ ਹੈ ਕਿ ਪੰਜਾਬ 'ਚ ਉਹਨਾਂ ਦੀ ਪਾਰਟੀ ਦਾ ਮੁੱਖ ਮੰਤਰੀ ਹੋਵੇ ਅਤੇ ਪੰਜਾਬ ਨੂੰ ਭਗਵੇਂ ਰੰਗ 'ਚ ਰੰਗ ਦਿੱਤਾ ਜਾਏ। ਸਭ ਨੂੰ ਪਤਾ ਹੈ ਕਿ ਭਾਜਪਾ ਦਾ ਏਜੰਡਾ ਹਿੰਦੂ ਰਾਸ਼ਟਰ ਦਾ ਹੈ ਤੇ ਇਸ ਰਾਹ 'ਚ ਪੰਜਾਬ ਸਮੇਂ-ਸਮੇਂ 'ਤੇ ਰੋੜਾ ਬਣਿਆ, ਪੰਜਾਬ ਨੇ ਭਾਜਪਾ ਦਾ ਰੱਥ ਰੋਕਿਆ, ਭਾਜਪਾ ਨਾਲ ਟੱਕਰ ਲਈ ਤੇ ਕਈ ਵਾਰ ਭਾਜਪਾ ਨੂੰ ਮੂਧੇ ਮੂੰਹ ਸੁੱਟਿਆ। ਸਿੱਖਾਂ ਤੇ ਪੰਜਾਬੀਆਂ ਦਾ ਸਪੱਸ਼ਟ ਐਲਾਨ ਹੈ ਕਿ ਪੰਜਾਬ ਕਦੇ ਵੀ ਹਿੰਦੂ ਰਾਸ਼ਟਰ ਦਾ ਹਿੱਸਾ ਨਹੀਂ ਬਣੇਗਾ।
ਦਿੱਲੀ ਦੀਆਂ ਬਰੂਹਾਂ 'ਤੇ ਚੱਲਿਆ ਕਿਸਾਨ ਸੰਘਰਸ਼ ਜਿਸ ਨੇ ਭਾਜਪਾ ਨੂੰ ਕਾਲ਼ੇ ਖੇਤੀ ਕਾਨੂੰਨਾਂ ਦਾ ਫ਼ੈਸਲਾ ਵਾਪਸ ਲੈਣ ਲਈ ਮਜ਼ਬੂਰ ਕੀਤਾ ਸੀ, ਸਿੱਖ ਜਵਾਨੀ ਵੱਲੋਂ ਲਾਲ ਕਿਲ੍ਹੇ ਤੇ ਗੱਡਿਆ ਖ਼ਾਲਸਈ ਨਿਸ਼ਾਨ ਸਾਹਿਬ ਭਾਜਪਾ ਦੀ ਹਿੱਕ 'ਤੇ ਵੱਡਾ ਵਾਰ ਸੀ ਜਿਸ ਤੋਂ ਪੂਰਾ ਭਾਰਤ ਦੰਗ ਰਹਿ ਗਿਆ। ਭਾਜਪਾ ਨੂੰ ਕਸ਼ਮੀਰੀ ਮੁਸਲਮਾਨ ਝੁਕਾ ਨਹੀਂ ਸਕੇ, ਉਹ ਦਮਦਾਰ ਸੰਘਰਸ਼ ਦੇ ਬਾਵਜੂਦ ਵੀ ਧਾਰਾ 370 ਬਹਾਲ ਨਹੀਂ ਕਰਵਾ ਪਾਏ ਪਰ ਸਿੱਖਾਂ ਨੇ ਭਾਜਪਾ ਦੇ ਪਰਖੱਚੇ ਜ਼ਰੂਰ ਉਡਾਏ ਹਨ। ਇਹ ਗੱਲ ਬੜੀ ਸਥਾਪਿਤ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਕ ਵਾਰ ਕੋਈ ਫ਼ੈਸਲਾ ਲੈਣ ਤੋਂ ਬਾਅਦ ਫਿਰ ਬਦਲਦਾ ਨਹੀਂ ਹੈ ਭਾਵੇਂ ਜਿੰਨਾ ਮਰਜ਼ੀ ਵਿਰੋਧ ਝੱਲਣਾ ਪਵੇ। ਪਰ ਇਸ ਬਿਰਤਾਂਤ ਅਤੇ ਭਾਜਪਾ ਦੀ ਆਕੜ, ਚੜ੍ਹਤ ਅਤੇ ਹੰਕਾਰ ਨੂੰ ਪੰਜਾਬ ਦੇ ਲੋਕਾਂ ਨੇ ਚਕਨਾ-ਚੂਰ ਕਰ ਦਿੱਤਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟ ਚੋਣਾਂ ਦੇ ਮਾਮਲੇ ਵਿੱਚ ਵੀ ਭਾਜਪਾ ਨੂੰ ਪੰਜਾਬੀਆਂ ਦੇ ਸੰਘਰਸ਼ ਅੱਗੇ ਝੁਕਣਾ ਪਿਆ।
ਇੱਥੇ ਹੀ ਬਸ ਨਹੀਂ ਜਿਸ ਭਾਜਪਾ ਸਰਕਾਰ ਨੂੰ ਲੱਗਦਾ ਸੀ ਕਿ ਉਹ ਖ਼ਾਲਿਸਤਾਨੀ ਸੰਘਰਸ਼ ਨੂੰ ਖ਼ਤਮ ਕਰਨ ਲਈ ਵਿਦੇਸ਼ਾਂ ਵਿੱਚ ਖ਼ਾਲਿਸਤਾਨੀ ਆਗੂਆਂ ਦੇ ਕਤਲ ਕਰਵਾ ਕੇ ਸੰਸਾਰ ਭਰ ਦੇ ਸਿੱਖਾਂ ਵਿੱਚ ਦਹਿਸ਼ਤ ਪੈਦਾ ਕਰ ਦੇਵੇਗੀ ਤੇ ਸਹਿਜੇ ਹੀ ਸੰਘਰਸ਼ ਨੂੰ ਦਬਾਅ ਲਵੇਗੀ, ਪਰ ਹੋਇਆ ਇਸ ਦੇ ਬਿਲਕੁਲ ਉਲਟ। ਪਾਕਿਸਤਾਨ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ, ਇੰਗਲੈਂਡ ਵਿੱਚ ਭਾਈ ਅਵਤਾਰ ਸਿੰਘ ਖੰਡਾ ਦੀਆਂ ਸ਼ਹੀਦੀਆਂ ਤੋਂ ਬਾਅਦ ਜਦੋਂ ਕੈਨੇਡਾ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਨੂੰ ਗੋਲ਼ੀਆਂ ਮਾਰ ਕੇ ਸ਼ਹੀਦ ਕੀਤਾ ਗਿਆ ਤਾਂ ਭਾਰਤੀ ਹਕੂਮਤ, ਭਾਜਪਾ ਸਰਕਾਰ, ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਖ਼ੂਨੀ ਚਿਹਰਾ ਪੂਰੀ ਦੁਨੀਆਂ ਵਿੱਚ ਨੰਗਾ ਹੋ ਗਿਆ।
ਜਿਹੜੀ ਇੰਡੀਆ ਸਰਕਾਰ ਸਿੱਖਾਂ ਨੂੰ ਅੱਤਵਾਦੀ ਅਤੇ ਹਿੰਦੂਆਂ ਦੇ ਕਾਤਲ ਆਖਦੀ ਸੀ ਉਸ ਭਾਰਤ/ਭਾਜਪਾ ਦਾ ਅਸਲ ਵਹਿਸ਼ੀਆਨਾ ਕਾਰਾ ਵੇਖ ਕੇ ਸਭ ਨੂੰ ਪਤਾ ਲੱਗ ਗਿਆ ਕਿ ਸਿੱਖ ਪੀੜਤ ਅਤੇ ਨਿਰਦੋਸ਼ ਨੇ ਤੇ ਭਾਜਪਾ ਵਾਲੇ ਕਾਤਲ ਨੇ, ਇੰਡੀਆ ਸਿੱਖਾਂ 'ਤੇ ਜ਼ੁਲਮ ਕਰ ਰਿਹਾ ਹੈ ਜੋ ਕਿਸੇ ਅੱਤਵਾਦ ਨਾਲ਼ੋਂ ਘੱਟ ਨਹੀਂ ਹੈ, ਅਮਰੀਕਾ ਵਰਗੇ ਮੁਲਕ ਇਸੇ ਲਈ ਹਿੰਦੂਆਂ ਦੀ ਕੱਟੜ ਸੰਸਥਾ ਆਰ.ਐਸ.ਐਸ. ਉਤੇ ਪਾਬੰਦੀਆਂ ਲਗਾਉਣ ਦੀ ਗੱਲ ਕਰਦੇ ਹਨ। ਕਾਂਗਰਸ ਤਾਂ ਹੈ ਹੀ ਸਿੱਖਾਂ ਦੀ ਦੁਸ਼ਮਣ ਇਹ ਗੱਲ ਜੱਗ ਜ਼ਾਹਰ ਹੈ ਪਰ ਭਾਜਪਾ ਉਸ ਨਾਲੋਂ ਵੀ ਵੱਧ ਖ਼ਤਰਨਾਕ ਹੈ ਜੋ ਅਜਗਰ ਵਾਂਗ ਲਪੇਟੇ ਮਾਰ ਕੇ ਸਿੱਖਾਂ ਨੂੰ ਆਪਣੇ ਵਿੱਚ ਜਜ਼ਬ ਕਰ ਲੈਣਾ ਚਾਹੁੰਦੀ ਹੈ ਤੇ ਪੰਜਾਬ ਦੀ ਹਸਤੀ ਮਿਟਾਉਣਾ ਚਾਹੁੰਦੀ ਹੈ।
ਸਿੱਖਾਂ ਨੂੰ ਭਰਮਾਉਣ ਤੇ ਵਰਗਲਾਉਣ ਲਈ, ਅਸਲ 'ਚ ਵੋਟਾਂ ਹਾਸਲ ਕਰਨ ਲਈ ਭਾਜਪਾ ਬਥੇਰੇ ਡਰਾਮੇ ਕਰਦੀ ਹੈ ਪਰ ਭਾਜਪਾ ਨੇ ਨਾ ਤਾਂ ਸੰਵਿਧਾਨ ਵਿੱਚ ਸੋਧ ਕਰਕੇ ਸਿੱਖਾਂ ਨੂੰ ਵੱਖਰੀ ਕੌਮ ਐਲਾਨਿਆ ਹੈ, ਨਾ ਹੀ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕੀਤਾ, ਨਾ ਹੀ ਕਰਤਾਰਪੁਰ ਸਾਹਿਬ ਦਾ ਮੁੜ ਲਾਂਘਾ ਖੋਲ੍ਹਿਆ, ਨਾ ਹੀ ਭਾਈ ਅੰਮ੍ਰਿਤਪਾਲ ਸਿੰਘ ਤੋਂ ਐਨ.ਐਸ.ਏ. ਹਟਾਈ, ਨਾ ਹੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ, ਨਾ ਹੀ ਪੰਜਾਬੀ ਬੋਲਦੇ ਇਲਾਕੇ ਅਤੇ ਚੰਡੀਗੜ੍ਹ ਪੰਜਾਬ ਨੂੰ ਦਿੱਤਾ, ਨਾ ਹੀ ਸਿੱਖਾਂ ਦੀ ਪੀੜ ਅਤੇ ਸੰਤਾਪ ਨੂੰ ਸਮਝਿਆ, ਨਾ ਹੀ ਹੜ੍ਹਾਂ ਦੀ ਮਾਰ ਵੇਲੇ ਪੰਜਾਬ ਦੀ ਕੋਈ ਸਹਾਇਤਾ ਕੀਤੀ ਅਤੇ ਨਾ ਹੀ ਪੰਥ ਤੇ ਪੰਜਾਬ ਨੂੰ ਉਸਦੇ ਹੋਰ ਬਣਦੇ ਹੱਕ ਦਿੱਤੇ ਤੇ ਨਾ ਹੀ ਹੋਰ ਮਸਲੇ ਸੁਲਝਾਏ।
ਭਾਜਪਾ ਬਦਲਾਵ ਦੇ ਨਾਹਰੇ ਲਾਉਂਦੀ ਹੋਈ ਪੰਜਾਬ ਨੂੰ ਫ਼ਤਹਿ ਕਰਕੇ ਬੱਦਲੇ ਲੈਣਾ ਚਾਹੁੰਦੀ ਹੈ ਪਰ ਇਸ ਭਾਜਪਾ ਨੂੰ ਅਣਖੀਲੇ ਸਿੱਖ ਤੇ ਅਣਖੀਲੇ ਪੰਜਾਬੀ ਇੱਥੇ ਪੈਰ ਨਹੀਂ ਜਮਾਉਣ ਦੇਣਗੇ ਭਾਵੇਂ ਕਿ ਬਾਬੇ ਧੁੰਮੇ ਵਰਗੇ ਬਥੇਰੇ ਇਹਨਾਂ ਦੀ ਚਾਪਲੂਸੀ ਕਰ ਰਹੇ ਨੇ ਪਰ ਗੁਰੂਆਂ, ਸ਼ਹੀਦਾਂ ਤੇ ਯੋਧਿਆਂ ਦੇ ਪੰਜਾਬ ਨੂੰ ਭਾਜਪਾ ਦੱਬ ਨਹੀਂ ਸਕੇਗੀ, ਭਾਜਪਾ ਨੂੰ ਪੁੱਠੇ ਪੈਰੀਂ ਮੁੜਨਾ ਪਏਗਾ। ਇਸ ਭਗਵੇਂ ਬ੍ਰਿਗੇਡ ਖ਼ਿਲਾਫ਼ ਸਿੱਖ ਅਤੇ ਪੰਜਾਬੀ ਜ਼ਰੂਰ ਡਟਣਗੇ ਤੇ ਇਸ ਜੰਗ ਨੂੰ ਵੀ ਫ਼ਤਹਿ ਕਰਨਗੇ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply