ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ

ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੈਲੰਡਰ ਮੁਤਾਬਕ, ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 4 ਸਾਵਣ, ਸਾਵਣ ਵਦੀ 9 (19 ਜੁਲਾਈ) ਦਿਨ ਸ਼ਨਿੱਚਰਵਾਰ ਨੂੰ ਮਨਾਇਆ ਗਿਆ ਹੈ। ਪਰ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਮੁਤਾਬਕ ਗੁਰੂ ਜੀ ਦਾ ਜਨਮ 8 ਸਾਵਣ, ਸਾਵਣ ਵਦੀ 10, ਸੰਮਤ 1713 ਬਿਕ੍ਰਮੀ ਨੂੰ ਹੋਇਆ ਸੀ।

Sri Guru Har Krishan ji was born on Sawna vadi 10 (8 Sawan) Bikrami Savamt 1713, (July 7,1656) at Kiratpur Sahib.” (sgpc.net)

ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੈਬ ਸਾਈਟ (dsgmc.in) ਉੱਪਰ ਵੀ ਇਹ ਇਬਾਰਤ ਹੀ ਦਰਜ ਹੈ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਛਾਪੀ ਗਈ ‘ਸਿੱਖ ਇਤਿਹਾਸ ਭਾਗ ੧’, ਪ੍ਰੋ ਕਰਤਾਰ ਸਿੰਘ ਦੀ ਕਿਤਾਬ ਵਿੱਚ ਗੁਰੂ ਜੀ ਦੀ ਜਨਮ ਤਾਰੀਖ, ਸਾਵਣ ਵਦੀ 10, ਸੰਮਤ 1713 ਮੁਤਾਬਕ, 7 ਜੁਲਾਈ ਸੰਨ 1656 ਦਰਜ ਹੈ। (ਪੰਨਾ 291)

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਹੀ ਛਾਪੀ ਗਈ ਧਾਰਮਿਕ ਪ੍ਰੀਖਿਆ ਲਈ ਨਿਰਧਾਰਿਤ ਪੁਸਤਕ, ‘ਗੁਰਮਤਿ ਗਿਆਨ ਭਾਗ ਦੂਜਾ’ ਵਿੱਚ ਵੀ 7 ਜੁਲਾਈ 1656 ਈ: ਦਰਜ ਹੈ। (ਡਾ ਗੋਗੋਆਣੀ, ਪੰਨਾ 35) ਇਹ ਸਾਵਣ ਵਦੀ 10 ਬਣਦੀ ਹੈ।

ਪ੍ਰੋ: ਸਾਹਿਬ ਸਿੰਘ ਜੀ ਵੀ ਇਹ ਤਾਰੀਖ, “ਸੋਮਵਾਰ ਦਾ ਦਿਨ, 8 ਸਾਵਣ 1713, ਚੰਦਰਮਾ ਦੇ ਹਿਸਾਬ ਸਾਵਣ ਵਦੀ 10 ਸੀ। ਈਸਵੀ ਸਨ 1656 ਤੇ ਜੁਲਾਈ ਦੀ 7 ਤਰੀਕ” ਹੀ ਲਿਖਦੇ ਹਨ।

ਪ੍ਰਿੰਸੀਪਲ ਸਤਬੀਰ ਸਿੰਘ ਜੀ ਵੀ ‘7 ਜੁਲਾਈ 1656 ਈ’ ਨਾਲ ਸਹਿਮਤ ਹਨ। (ਅਸ਼ਟਮ ਬਲਬੀਰਾ, ਪੰਨਾ 34)

. ਹਰਜਿੰਦਰ ਸਿੰਘ ਦਿਲਗੀਰ, ਮੁਤਾਬਕ “20 ਹਰਿਰਾਇ ਮਾਹ, 1652-ਪ੍ਰਕਾਸ਼ ਪੁਰਬ ਗੁਰੂ ਹਰਿਕ੍ਰਿਸ਼ਨ ਸਾਹਿਬ,”। ਡਾ ਦਿਲਗੀਰ ਨੇ ਸਾਲ 1652 ਈ:, ਗੁਰੂ ਕੀਆਂ ਸਾਖੀਆਂ ਮੁਤਾਬਕ, ‘ਸੰਮਤ ਸਤਰਾਂ ਸੈ ਨਾਵਾਂ ਸਾਵਣ ਵਦੀ ਦਸਮੀ ਕੇ ਦਿਹੁੰ’ (ਪੰਨਾ 43) ਲਿਖਿਆ ਹੈ। ‘20 ਹਰਿਰਾਇ ਮਾਹ, 1652’ (20 ਜੁਲਾਈ) ਨੂੰ ਚੰਦ ਮੁਤਾਬਕ ਤਾਂ ਸਾਵਣ ਵਦੀ 10 ਹੀ ਬਣਦੀ ਹੈ ਪਰ, ਸਾਵਣ 19, ਦਿਨ ਮੰਗਲਵਾਰ ਬਣਦਾ ਹੈ।

ਡਾ ਜਸਬੀਰ ਸਿੰਘ ਸਰਨਾ ਜੀ ਵੀ 20 ਜੁਲਾਈ 1652 ਈ: ਹੀ ਲਿਖਦੇ ਹਨ”। (ਜੀਵਨ ਪਾਤਸ਼ਾਹੀ ਸੱਤਵੀਂ ਤੇ ਅੱਠਵੀਂ ਪੰਨਾ 59) ਚੰਦ ਦੇ ਕੈਲੰਡਰ ਅਨੁਸਾਰ ਇਹ ਵੀ ਸਾਵਣ ਵਦੀ 10 ਹੀ ਬਣਦੀ ਹੈ।

ਡਾ ਸੁਖਦਿਆਲ ਸਿੰਘ ਜੀ ਲਿਖਦੇ ਹਨ, “ਗੁਰੂ ਹਰਿ ਕਰਿਸ਼ਨ ਜੀ ਦਾ ਜਨਮ ਨੌ ਸਾਵਣ, ਵਦੀ 10, ਦਿਨ ਬੁੱਧਵਾਰ, ਸੰਮਤ 1713 ਬਿ. ਮੁਤਾਬਕ 7 ਜੁਲਾਈ, 1656 ਈ: ਨੂੰ ਮਾਤਾ ਕਰਿਸ਼ਨ ਕੌਰ ਦੀ ਪਵਿੱਤਰ ਕੁੱਖ ਵਿੱਚੋਂ, ਕੀਰਤਪੁਰ ਸਾਹਿਬ ਵਿਖੇ ਹੋਇਆ”। (ਪੰਨਾ 150) ਇਥੇ 9 ਸਾਵਣ ਅਤੇ ਦਿਨ ਬੁੱਧਵਾਰ ਗਲਤ ਹੈ। ਸ਼ਾਇਦ ਇਨ੍ਹਾਂ ਨੇ ‘ਤਵਾਰੀਖ਼ ਗੁਰੂ ਖਾਲਸਾ’ ਤੋਂ ਤਾਰੀਖ ਲਈ ਹੋਵੇਗੀ।

“ਏਹ ਗੁਰੂ 9 ਸੌਣ ਵਦੀ 10 ਸੰਮਤ 1713 ਬਿਕ੍ਰਮੀ ਤੇ ਸਾਲ 187 ਗੁਰੂ, ਬੁੱਧਵਾਰ ਪੁਨਰਬਸਾ ਨਛੱਤਰ ਛੀ ਘੜੀ ਦਿਨ ਚੜੇ ਗੁਰੂ ਹਰਿਰਾਇ ਜੀ ਦੇ ਘਰ ਮਾਤਾ ਕਿਸ਼ਨ ਕੌਰ ਥੀਂ ਕੀਰਤਪੁਰ ਪ੍ਰਗਟ ਹੋਏ ਸਨ”। (ਤਵਾਰੀਖ਼ ਗੁਰੂ ਖਾਲਸਾ, ਗਿਆਨੀ ਗਿਆਨ ਸਿੰਘ) ਇਥੇ ਦਿਨ, ਨਛੱਤਰ ਅਤੇ ਪ੍ਰਵਿਸ਼ਟੇ ਦਾ ਕੋਈ ਮੇਲ ਨਹੀਂ ਬਣਦਾ। ਪਰ ਇਥੇ ਵੀ ‘ਸੌਣ ਵਦੀ 10’ ਹੀ ਹੈ ਜੋ ਕਿ ਸਹੀ ਹੈ।

ਸਿੱਖ ਇਤਿਹਾਸ ਰੀਸਰਚ ਬੋਰਡ ਵੱਲੋਂ ‘ਸਿੱਖ ਕੈਲੰਡਰ/ਡਾਇਰੀ 1965-66 ਈ: ਵਿੱਚ, ਗੁਰੂ ਜੀ ਦੀ ਜਨਮ ਤਾਰੀਖ 8 ਸਾਵਣ, 1713 ਸੰਮਤ, 7 ਜੁਲਾਈ ਸੰਨ 1656 ਈ: ਦਰਜ ਹੈ।

ਖਾਲਸਾ ਡਾਇਰੀ 1975-76 ਵਿੱਚ, ਸਾਵਣ ਵਦੀ 10, ਸਾਵਣ ਪ੍ਰਵਿਸ਼ਟੇ 8 ਸੰਮਤ 1713 ਬਿ: 7 ਜੁਲਾਈ ਸੰਨ 1656 ਈ:, ਸੋਮਵਾਰ ਦਰਜ ਹੈ।

ਸ਼੍ਰੋਮਣੀ ਡਾਇਰੀ 1991 ਵਿੱਚ, ਸਾਵਣ ਵਦੀ 10, ਸੰਮਤ 1713 ਬਿ: 7 ਜੁਲਾਈ ਸੰਨ 1656 ਈ: ਦਰਜ ਹੈ।

ਸ਼੍ਰੋਮਣੀ ਡਾਇਰੀ 1992, ਸਾਵਣ ਵਦੀ 9 ਸੰਮਤ 1713 ਬਿ: ਮੁਤਾਬਿਕ 7 ਜੁਲਾਈ ਸੰਨ 1656 ਈ:। ਇਥੇ ਸਾਵਣ ਵਦੀ 9 ਅਤੇ 7 ਜੁਲਾਈ ਵਿੱਚੋਂ ਇਕ ਗਲਤ ਹੈ।

ਸ਼੍ਰੋਮਣੀ ਕਮੇਟੀ ਵੱਲੋਂ 2003 ਈ: ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਪਿਛੋਂ ਇਹ ਦਿਹਾੜਾ ਹਰ ਸਾਲ 8 ਸਾਵਣ (23 ਜੁਲਾਈ) ਨੂੰ ਹੀ ਮਨਾਇਆ ਜਾਂਦਾ ਰਿਹਾ ਹੈ। ਮਾਰਚ 2010 ਈ: ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਨਾਨਕਸ਼ਾਹੀ ਕੈਲੰਡਰ ਨੂੰ ਸੋਧ ਦੇ ਨਾਮ ਹੇਠ ਵਿਗਾੜ ਕੇ ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਗਿਆ ਸੀ ਪਰ ਸੰਮਤ 546 ਨਾਨਕਸ਼ਾਹੀ (2014-15) ਤੀਕ ਇਹ ਦਿਹਾੜਾ, 8 ਸਾਵਣ (23 ਜੁਲਾਈ) ਨੂੰ ਮਨਾਇਆ ਜਾਂਦਾ ਰਿਹਾ ਸੀ।

ਸੰਮਤ 547 ਨਾਨਕਸ਼ਾਹੀ (2015-16) ਦੇ ਕੈਲੰਡਰ ਵਿੱਚ ਇਹ ਦਿਹਾੜਾ 24 ਸਾਵਣ (8 ਅਗਸਤ) ਦਾ ਦਰਜ ਸੀ, ਇਸ ਦਿਨ ਸਾਵਣ ਵਦੀ 9 ਸੀ। ਇਸ ਤੋਂ ਪਿਛੋਂ ਇਹ ਦਿਹਾੜਾ ਹਰ ਸਾਲ ਸਾਵਣ ਵਦੀ 9 ਨੂੰ ਮਨਾਇਆ ਜਾਂਦਾ ਹੈ। ਪਰ ਦਰਜ ਪ੍ਰਵਿਸ਼ਟਿਆਂ ਵਿੱਚ ਕੀਤਾ ਜਾਣ ਕਾਰਨ ਹਰ ਸਾਲ ਪ੍ਰਵਿਸ਼ਟਾ ਬਦਲ ਜਾਂਦਾ ਹੈ।

ਉਪ੍ਰੋਕਤ ਵਸੀਲਿਆਂ ਦੀ ਵਿਚਾਰ ਤੋਂ 8 ਸਾਵਣ, ਸਾਵਣ ਵਦੀ 10, 7 ਜੁਲਾਈ ਅਤੇ ਦਿਨ ਸੋਮਵਾਰ ਸਾਂਝੇ ਤੌਰ ਤੇ ਮਿਲਦੇ ਹਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸ਼੍ਰੋਮਣੀ ਕਮੇਟੀ ਨੇ ਸਾਵਣ ਵਦੀ 9 ( 7 ਸਾਵਣ, 6 ਜੁਲਾਈ ਦਿਨ ਐਤਵਾਰ ) ਨੂੰ ਕਿਉ ਚੁਣਿਆ ਹੈ? ਇਸ ਦਾ ਇਕ ਕਾਰਨ ਇਹ ਹੋ ਸਕਦਾ ਹੈ ਕਿ ਮਾਰਚ 2010 ਈ: ਵਿੱਚ ਧੁਮੱਕੜਸ਼ਾਹੀ ਕੈਲੰਡਰ ਲਾਗੂ ਕਰਨ ਵੇਲੇ ‘ਗੁਰਬਾਣੀ ਪਾਠ ਦਰਪਣ’ ਵਿੱਚ ਦਰਜ ਤਾਰੀਖਾਂ ਨੂੰ ਹੀ ਮੁੱਖ ਰੱਖਿਆ ਗਿਆ ਹੈ। ਜਦੋਂ ਕਿ ਹੋਰ ਬਹੁਤੀਆਂ ਤਾਰੀਖਾਂ ਵਾਗੂੰ ‘ਗੁਰਬਾਣੀ ਪਾਠ ਦਰਪਣ’ ਦੀ ਇਹ ਤਾਰੀਖ “1713 ਬਿ: ਸਾਵਣ ਵਦੀ ਨੌਵੀਂ, ਦਿਨ ਵੀਰਵਾਰ 14 ਜੁਲਾਈ 1656 ਈ: ਪੁਨਰਵਸੀ ਨਛੱਤਰ” ਵੀ, ‘ਗੜਬੜ ਚੌਦਸ’ ਹੀ ਹੈ। ਸਾਵਣ ਵਦੀ ਨੌਵੀਂ ਨੂੰ 6 ਜੁਲਾਈ ਦਿਨ ਵੀਰਵਾਰ ਨਹੀਂ, ਐਤਵਾਰ ਸੀ, 14 ਜੁਲਾਈ ਨੂੰ ਵੇਖੀਏ ਤਾਂ ਸਾਵਣ ਸੁਦੀ 3, 15 ਸਾਵਣ ਦਿਨ ਸੋਮਵਾਰ, ਨਛੱਤਰ ਮਘਾ ਸੀ। ਜੇ ਸੱਤਵੇਂ ਨਛੱਤਰ ‘ਪੁਨਰਵਸ’ ਨੂੰ ਸਹੀ ਮੰਨੀਏ ਤਾਂ ਉਸ ਦਿਨ 12 ਸਾਵਣ, ਸਾਵਣ ਵਦੀ 15, ਜੁਲਾਈ 11 ਦਿਨ ਸ਼ੁੱਕਰਵਾਰ ਬਣਦਾ ਹੈ। ਜਿਨ੍ਹਾਂ ਦੀ ਆਪਣੀ ਗੜਵੀ ਰੁੜੀ ਫਿਰਦੀ ਹੈ, ਸ਼੍ਰੋਮਣੀ ਕਮੇਟੀ ਉਨ੍ਹਾਂ ਦੇ ਪ੍ਰਭਾਵ ਹੇਠ ਇਤਿਹਾਸਿਕ ਤਾਰੀਖਾਂ ਬਾਰੇ ਫੈਸਲੇ ਕਰਦੀ ਹੈ।

ਖਾਲਸਾ ਜੀ ਜਾਗੋ । ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦੋ ਬਾਰਾਮਾਂਹ, ਰੁੱਤੀ ਸਲੋਕ, ਸੂਰਜੀ ਕੈਲੰਡਰ ਹੈ। ਰੁੱਤਾਂ ਦਾ ਸਬੰਧ ਸੂਰਜ ਨਾਲ ਹੈ ਨਾਕਿ ਚੰਦ ਨਾਲ। ਸਾਲ ਦੀ ਲੰਬਾਈ ਭਾਵ ਧਰਤੀ ਦਾ ਸੂਰਜ ਦੁਵਾਲੇ ਇਕ ਚੱਕਰ 365 ਦਿਨਾਂ ਵਿੱਚ ਪੂਰਾ ਹੁੰਦਾ ਹੈ ਨਾ ਕਿ 354 ਦਿਨਾਂ ਵਿੱਚ । ਜੇ ਵੈਸਾਖੀ ਹਰ ਸਾਲ 1 ਵੈਸਾਖ, ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ 8 ਪੋਹ ਅਤੇ 13 ਪੋਹ ਨੂੰ ਮਨਾਏ ਜਾ ਸਕਦੇ ਹਨ ਤਾਂ ਸਾਰੇ ਦਿਹਾੜੇ ਪ੍ਰਵਿਸ਼ਟਿਆਂ ਮੁਤਾਬਕ ਕਿਉ ਨਹੀਂ ਮਨਾਏ ਜਾ ਸਕਦੇ? ਜੇ ਗੁਰੂ ਹਰਿਕ੍ਰਿਸ਼ਨ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 8 ਸਾਵਣ ਨੂੰ ਮਨਾਇਆ ਜਾਵੇ ਤਾਂ ਗੁਰਮਤਿ ਦੇ ਕਿਹੜੇ ਸਿਧਾਂਤ ਦੀ ਅਵੱਗਿਆ ਹੁੰਦੀ ਹੈ? ਸ਼੍ਰੋਮਣੀ ਕਮੇਟੀ ਜੇ ਕਿਸੇ ਕਾਰਨ ਵਦੀ-ਸੁਦੀ ਦੇ ਮੱਕੜ ਜਾਲ `ਚ ਬਾਹਰ ਨਹੀਂ ਨਿਕਲਣਾ ਚਾਹੁੰਦੀ ਤਾਂ ਘੱਟੋ-ਘੱਟ ਇਹ ਦਿਹਾੜਾ ਅਸਲ ਦਿਨ, ਭਾਵ ਸਾਵਣ ਵਦੀ 10 ਨੂੰ ਤਾਂ ਮਨਾਵੇ। ਇਤਿਹਾਸਕ ਤਾਰੀਖਾਂ ਨੂੰ ਮਨ-ਮਰਜੀ ਨਾਲ ਬਦਲ ਕੇ, ਆਪਣੇ ਆਪ ਨੂੰ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ ਕੀ ਸਾਬਿਤ ਕਰਨਾ ਚਾਹੁੰਦੀ ਹੈ?


ਸਰਵਜੀਤ ਸਿੰਘ ਸੈਕਰਾਮੈਂਟੋ

ਸ . ਸਰਵਜੀਤ ਸਿੰਘ ਸੈਕਰਾਮੈਂਟੋ
ਸ . ਸਰਵਜੀਤ ਸਿੰਘ ਸੈਕਰਾਮੈਂਟੋ
0019162302102
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.