ਸਿਆਸੀ ਸ਼ਕਤੀ ਹੇਠ ਕੁਚਲੀ ਗਈ ਇਮਾਨਦਾਰੀ…….

ਸਿਆਸੀ ਸ਼ਕਤੀ ਹੇਠ ਕੁਚਲੀ ਗਈ ਇਮਾਨਦਾਰੀ…….

ਇਹ ਘਟਨਾ ਸਿਰਫ਼ ਇੱਕ ਵਿਅਕਤੀ ਦੀ ਮੌਤ ਨਹੀਂ, ਸਗੋਂ ਸਾਡੇ ਸਮਾਜਿਕ ਤੇ ਰਾਜਨੀਤਿਕ ਢਾਂਚੇ ਉੱਤੇ ਲੱਗਿਆ ਇੱਕ ਗੰਭੀਰ ਪ੍ਰਸ਼ਨ ਚਿੰਨ੍ਹ ਹੈ। ਮਨੁੱਖ ਵੱਲੋਂ ਆਪਣੇ ਜੀਵਨ ਨੂੰ ਆਪ ਖਤਮ ਕਰਨ ਦਾ ਫੈਸਲਾ ਕਿਸੇ ਇੱਕ ਪਲ ਦੀ ਕਮਜ਼ੋਰੀ ਨਹੀਂ ਹੁੰਦਾ, ਇਹ ਉਹ ਅੰਤਿਮ ਪੜਾਅ ਹੁੰਦਾ ਹੈ ਜਿੱਥੇ ਉਹ ਅੰਦਰੂਨੀ ਪੀੜਾ, ਅਨਿਆਇ ਅਤੇ ਮਨੋਵਿਗਿਆਨਕ ਦਬਾਅ ਦੇ ਅਥਾਹ ਸਮੁੰਦਰ ਵਿੱਚ ਡੁੱਬ ਚੁੱਕਿਆ ਹੁੰਦਾ ਹੈ। ਇਸ ਤਰ੍ਹਾਂ ਦੀ ਮੌਤ ਸਾਨੂੰ ਮਜਬੂਰ ਕਰਦੀ ਹੈ ਕਿ ਅਸੀਂ ਹਾਲਾਤਾਂ ਦੀ ਗੰਭੀਰਤਾ ਨੂੰ ਸਮਝੀਏ ਅਤੇ ਉਹਨਾਂ ਕਾਰਣਾਂ ਦੀ ਪੜਤਾਲ ਕਰੀਏ ਜੋ ਕਿਸੇ ਇਮਾਨਦਾਰ ਅਫਸਰ ਨੂੰ ਇਸ ਕਦਮ ਤੱਕ ਲੈ ਜਾਂਦੇ ਹਨ।
ਪੰਜਾਬ ਦੀ ਰਾਜਨੀਤੀ, ਜੋ ਕਿ ਸੇਵਾ ਅਤੇ ਲੋਕ-ਹਿਤ ਦੇ ਮੂਲ ਸਿਧਾਂਤਾਂ ਉੱਤੇ ਟਿਕੀ ਹੋਣੀ ਚਾਹੀਦੀ ਸੀ, ਅਕਸਰ ਨਿਜੀ ਸਵਾਰਥਾਂ ਅਤੇ ਤਾਕਤ ਦੇ ਪ੍ਰਦਰਸ਼ਨ ਦਾ ਮੈਦਾਨ ਬਣ ਜਾਂਦੀ ਹੈ। ਜਦੋਂ ਸਿਆਸੀ ਤਾਕਤ ਦਾ ਦੁਰੁਪਯੋਗ ਹੁੰਦਾ ਹੈ, ਤਦੋਂ ਇਮਾਨਦਾਰ ਅਧਿਕਾਰੀਆਂ ਲਈ ਆਪਣੇ ਫਰਜ਼ ਨਿਭਾਉਣਾ ਇੱਕ ਸੰਘਰਸ਼ ਬਣ ਜਾਂਦਾ ਹੈ। ਕਰਪਸ਼ਨ ਅਤੇ ਦਬਾਅ ਦੀ ਇਸ ਪ੍ਰਣਾਲੀ ਵਿੱਚ, ਜਿੱਥੇ ਕਈ ਲੋਕ ਪੈਸੇ ਜਾਂ ਪ੍ਰਭਾਵ ਅੱਗੇ ਝੁੱਕ ਜਾਂਦੇ ਹਨ, ਉੱਥੇ ਕਿਰਦਾਰਵਾਨ ਅਤੇ ਅਖਲਾਕੀ ਅਧਿਕਾਰੀ ਆਪਣੇ ਸਿਧਾਂਤਾਂ ਨਾਲ ਸਮਝੌਤਾ ਨਹੀਂ ਕਰ ਸਕਦੇ। ਇਹੀ ਅਡਿੱਗਤਾ ਕਈ ਵਾਰ ਉਹਨਾਂ ਨੂੰ ਇਕੱਲਾ ਕਰ ਦਿੰਦੀ ਹੈ।
ਤਰਨ ਤਾਰਨ ਦੀ ਇਹ ਦਰਦਨਾਕ ਘਟਨਾ ਇਸ ਗੱਲ ਦੀ ਜੀਵੰਤ ਮਿਸਾਲ ਹੈ ਕਿ ਜਦੋਂ ਪ੍ਰਸ਼ਾਸਨਿਕ ਤੰਤਰ ਵਿੱਚ ਸਿਆਸੀ ਦਖਲਅੰਦਾਜ਼ੀ ਵੱਧ ਜਾਂਦੀ ਹੈ, ਤਦੋਂ ਸਚਾਈ ਅਤੇ ਇਨਸਾਫ ਦੀ ਆਵਾਜ਼ ਦਬ ਜਾਂਦੀ ਹੈ। ਜੇਕਰ ਇੱਕ ਅਫਸਰ ਆਪਣੀ ਜ਼ਿੰਦਗੀ ਦੇ ਆਖਰੀ ਪਲਾਂ ਵਿੱਚ ਵੀਡੀਓ ਰਾਹੀਂ ਦਬਾਅ ਦਾ ਜ਼ਿਕਰ ਕਰਦਾ ਹੈ, ਤਾਂ ਇਹ ਸਿਰਫ਼ ਉਸਦੀ ਨਿੱਜੀ ਪੀੜਾ ਨਹੀਂ, ਸਗੋਂ ਪੂਰੇ ਪ੍ਰਣਾਲੀ ਦੀ ਨਾਕਾਮੀ ਦਾ ਪ੍ਰਗਟਾਵਾ ਹੈ।
ਇਸ ਪ੍ਰਸੰਗ ਵਿੱਚ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਕੀ ਇਸ ਤਰ੍ਹਾਂ ਦੀਆਂ ਮੌਤਾਂ ਪੰਜਾਬ ਦੀ ਰਾਜਨੀਤੀ ਨੂੰ ਸਚਾਈ ਵੱਲ ਮੋੜ ਸਕਦੀਆਂ ਹਨ? ਜਾਂ ਫਿਰ ਇਹ ਘਟਨਾਵਾਂ ਵੀ ਸਮੇਂ ਦੇ ਨਾਲ ਭੁੱਲ ਕੇ ਸਿਸਟਮ ਹੋਰ ਗੰਧਲਾ ਹੋ ਜਾਵੇਗਾ? ਜੇਕਰ ਸਮਾਜ ਅਤੇ ਸਰਕਾਰ ਇਸ ਤੋਂ ਸਿੱਖ ਨਹੀਂ ਲੈਂਦੇ, ਤਾਂ ਇਹ ਡਰ ਬਣਿਆ ਰਹੇਗਾ ਕਿ ਇਮਾਨਦਾਰ ਅਧਿਕਾਰੀ ਆਪਣੀ ਸੱਚਾਈ ਸਾਬਤ ਕਰਨ ਲਈ ਇਸੇ ਤਰ੍ਹਾਂ ਦੀਆਂ ਕੁਰਬਾਨੀਆਂ ਦਿੰਦੇ ਰਹਿਣਗੇ।
ਲੋੜ ਇਸ ਗੱਲ ਦੀ ਹੈ ਕਿ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਮਜ਼ਬੂਤ ਕੀਤਾ ਜਾਵੇ। ਇਮਾਨਦਾਰ ਅਧਿਕਾਰੀਆਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਯਕੀਨੀ ਬਣਾਇਆ ਜਾਵੇ, ਤਾਂ ਜੋ ਉਹ ਬਿਨਾਂ ਕਿਸੇ ਡਰ ਦੇ ਆਪਣੇ ਫਰਜ਼ ਨਿਭਾ ਸਕਣ। ਨਾਲ ਹੀ, ਸਮਾਜ ਨੂੰ ਵੀ ਇਹ ਸਮਝਣਾ ਹੋਵੇਗਾ ਕਿ ਅਸਲ ਤਰੱਕੀ ਉਹਥੇ ਹੁੰਦੀ ਹੈ ਜਿੱਥੇ ਸੱਚ, ਇਨਸਾਫ ਅਤੇ ਮਨੁੱਖਤਾ ਨੂੰ ਪਹਿਲ ਦਿੱਤੀ ਜਾਂਦੀ ਹੈ।
ਅੰਤ ਵਿੱਚ, ਇਸ ਨੇਕ ਅਫਸਰ ਦੀ ਮੌਤ ਸਾਡੇ ਲਈ ਇੱਕ ਸੱਦਾ ਹੈ—ਇਕ ਜਾਗਰੂਕਤਾ ਦਾ ਸੱਦਾ, ਕਿ ਅਸੀਂ ਖਾਮੋਸ਼ ਦਰਸ਼ਕ ਬਣ ਕੇ ਨਾ ਰਹੀਏ, ਸਗੋਂ ਇਕ ਐਸਾ ਮਾਹੌਲ ਬਣਾਈਏ ਜਿੱਥੇ ਇਮਾਨਦਾਰੀ ਨੂੰ ਜਿਉਂਦਾ ਰਹਿਣ ਲਈ ਆਪਣੀ ਜਾਨ ਨਾ ਦੇਣੀ ਪਵੇ।
 

ਸ਼੍ਰੋਮਣੀ ਕਵੀਸ਼ਰ ਅਮਰਜੀਤ ਸਿੰਘ ਸਭਰਾ 9815699137

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.