ਏਕਤਾ ਤੋਂ ਬਿਨਾਂ ਪੰਥਕ ਧਿਰਾਂ ਦੀ ਜਿੱਤ ਨਹੀਂ ਹੋਣੀ...
- ਰਾਜਨੀਤੀ
- (Asia/Kolkata)
ਪੰਥਕ ਜਥੇਬੰਦੀਆਂ ਇਸ ਗੱਲ ਨੂੰ ਆਪਣੇ ਦਿਲ-ਦਿਮਾਗ ਵਿੱਚ ਵਸਾ ਲੈਣ ਕਿ ਜੇ ਏਕਤਾ ਨਹੀਂ ਤਾਂ ਜਿੱਤ ਵੀ ਨਹੀਂ। ਏਕਤਾ ਤੋਂ ਬਿਨਾਂ ਸਾਰੀਆਂ ਪੰਥਕ ਧਿਰਾਂ ਮੂਧੇ-ਮੂੰਹ ਡਿੱਗਣਗੀਆਂ। ਏਕਤਾ ਦੇ ਨਾਲ ਹੀ ਪੰਥਕ ਧਿਰਾਂ ਪੰਜਾਬ ਵਾਸੀਆਂ ਦੀਆਂ ਵੋਟਾਂ ਹਾਸਲ ਕਰ ਸਕਣਗੀਆਂ। ਜੇ ਸਾਰੀਆਂ ਪੰਥਕ ਧਿਰਾਂ ਏਕਤਾ ਕਰਕੇ ਦਿਨ-ਰਾਤ ਕਰੜੀ ਮਿਹਨਤ ਕਰਨ ਤਾਂ ਸਰਕਾਰ ਬਣ ਵੀ ਸਕਦੀ ਹੈ, ਘੱਟੋ-ਘੱਟ ਕੁਝ ਸੀਟਾਂ ਤਾਂ ਇਹਨਾਂ ਦੇ ਹਿੱਸੇ ਜ਼ਰੂਰ ਆਉਣਗੀਆਂ। ਪਰ ਜੇ ਆਪਸ ਵਿੱਚ ਹੀ ਗੁੱਥਮ-ਗੁੱਥੀ ਹੁੰਦੇ ਰਹੇ ਤਾਂ ਪੱਲੇ ਖ਼ੁਆਰੀ ਹੀ ਪਵੇਗੀ, ਬਾਕੀ ਵਰਗਾਂ ਦੀ ਵੋਟ ਤਾਂ ਕੀ ਪੈਣੀ ਪੰਥਕ ਵੋਟ ਵੀ ਵੰਡੀ ਜਾਵੇਗੀ। ਇਸ ਗੱਲ ਨੂੰ ਭਾਵੇਂ ਅੱਜ ਸਵੀਕਾਰ ਕਰ ਲਵੋ, ਭਾਵੇਂ ਚੋਣਾਂ ਤੋਂ ਬਾਅਦ ਸਵੀਕਾਰ ਕਰ ਲਿਓ, ਫ਼ੈਸਲਾ ਤੁਹਾਡੇ ਹੱਥ ਹੈ। ਪਰ ਬਾਅਦ ਵਿੱਚ ਪਛਤਾਉਣ ਨਾਲੋਂ, ਕਿਉਂ ਨਾ ਹੋਣ ਹੀ ਚੰਗੀ ਨੀਤੀ ਅਪਣਾ ਕੇ ਆਪਸੀ ਮਿਲਵਰਤਣ ਅਤੇ ਇੱਕਜੁੱਟਤਾ ਕਰ ਲਈ ਜਾਵੇ। ਜਦੋਂ ਸਾਰਿਆਂ ਦਾ ਏਜੰਡਾ ਪੰਥ ਤੇ ਪੰਜਾਬ ਦਾ ਭਵਿੱਖ ਰੁਸ਼ਨਾਉਣਾ ਹੈ ਤਾਂ ਫਿਰ ਵੱਖ-ਵੱਖ ਹੋ ਕੇ ਕਿਉਂ ਲੜਨਾ ? ਆਪਸ ਵਿੱਚ ਲੜਨ ਦੀ ਬਜਾਏ ਕਾਂਗਰਸੀਆਂ, ਬਾਦਲਕਿਆਂ, ਝਾੜੂ ਵਾਲਿਆਂ ਤੇ ਭਾਜਪਾ ਖ਼ਿਲਾਫ਼ ਲੜੀਏ। ਜਦੋਂ ਦੁਸ਼ਮਣ ਮਜ਼ਬੂਤ ਹੋਵੇ ਤਾਂ ਸਾਨੂੰ ਵੀ ਸਾਰਿਆਂ ਨੂੰ ਇੱਕਜੁੱਟ ਹੋ ਕੇ ਪੂਰੀ ਮਜਬੂਤੀ ਨਾਲ ਲੜਨਾ ਚਾਹੀਦਾ ਹੈ। ਅਸੀਂ ਜਦੋਂ ਸੰਪਾਦਕੀਆਂ/ਲੇਖਾਂ ਰਾਹੀਂ ਏਕਤਾ ਦਾ ਵਾਸਤਾ ਪਾ ਰਹੇ ਹਾਂ ਤਾਂ ਕੁਝ ਧਿਰਾਂ ਅਤੇ ਸਮੂਹ ਸੰਗਤਾਂ ਤਾਂ ਸਵਾਗਤ ਅਤੇ ਸ਼ਲਾਘਾ ਕਰ ਰਹੀਆਂ ਹਨ ਪਰ ਕੁਝ ਸਾਡੀ ਆਲੋਚਨਾ ਅਤੇ ਵਿਰੋਧ ਵੀ ਕਰ ਰਹੇ ਹਨ। ਪਰ ਅਸੀਂ ਪੰਥ ਅਤੇ ਪੰਜਾਬ ਦੇ ਚੰਗੇਰੇ ਭਵਿੱਖ ਲਈ ਅਤੇ ਤੁਹਾਡੇ ਸਾਰਿਆਂ ਦੀ ਕਾਮਯਾਬੀ ਲਈ ਏਕਤਾ ਦਾ ਹੋਕਾ ਦੇਣੋਂ ਨਹੀਂ ਹਟਣਾ। ਅਸੀਂ ਤੁਹਾਡੇ ਸਮਰਥਕਾਂ ਦਾ ਵਿਰੋਧ ਝੋਲੀ ਵਿੱਚ ਪਵਾਉਣ ਲਈ ਤਿਆਰ ਹਾਂ। ਜੇ ਸਾਡੇ ਹੋਕੇ ਨਾਲ ਤੁਹਾਡੇ ਉੱਤੇ ਸੰਗਤ ਦਾ ਏਕਤਾ ਲਈ ਜ਼ੋਰ ਪੈ ਰਿਹਾ ਹੈ ਤਾਂ ਬੜੀ ਚੰਗੀ ਗੱਲ ਹੈ, ਇਸੇ ਵਰਤਾਰੇ ਨੇ ਹੀ ਤੁਹਾਨੂੰ ਸਹੀ ਰਾਹ ਅਪਣਾਉਣ ਲਈ ਤਿਆਰ ਕਰਨਾ ਹੈ। ਅਸੀਂ ਇਹ ਵੀ ਆਖਦੇ ਹਾਂ ਕਿ ਤੁਹਾਡੀ ਏਕਤਾ ਕਿਸੇ ਮਜਬੂਰੀ ਜਾਂ ਬੱਧਾ-ਚੱਟੀ ਵਿੱਚ ਨਹੀਂ ਹੋਣੀ ਚਾਹੀਦੀ ਬਲਕਿ ਦਿਲੋਂ ਅਤੇ ਪੰਥ ਤੇ ਪੰਜਾਬ ਦੇ ਵਡੇਰੇ ਹਿੱਤਾਂ ਲਈ ਹੋਣੀ ਚਾਹੀਦੀ ਹੈ। ਜਦੋਂ ਅਸੀਂ ਸਾਰੇ ਇੱਕ ਗੁਰੂ ਦੇ ਸਿੱਖ/ਪੁੱਤਰ ਹਾਂ ਅਤੇ ਪੰਥ ਤੇ ਪੰਜਾਬ ਲਈ ਲੜਦੇ-ਮਰਦੇ ਹਾਂ ਤਾਂ ਅਸੀਂ ਵੱਖ-ਵੱਖ ਰਾਹ ਕਿਉਂ ਅਪਣਾਏ ਹੋਏ ਨੇ ? ਇਸ ਕਾਰਨ ਕੋਈ ਵੀ ਮੰਜ਼ਿਲ ਤਕ ਨਹੀਂ ਪਹੁੰਚ ਰਿਹਾ। ਸਾਰੇ ਹੀ ਰਸਤੇ ਵਿੱਚ ਅੱਕਦੇ-ਥੱਕਦੇ ਅਤੇ ਅਸਫ਼ਲ ਹੁੰਦੇ ਜਾ ਰਹੇ ਹਾਂ। ਸਾਡੀ ਸਫ਼ਲਤਾ ਏਕਤਾ ਵਿੱਚ ਹੀ ਪਈ ਹੈ ਤੇ ਏਕੇ ਨੇ ਹੀ ਨਿਸ਼ਾਨੇ ਦੀ ਪੂਰਤੀ ਕਰਨੀ ਹੈ। ਭਾਵੇਂ ਕਿ ਸਿੱਖ ਕੌਮ ਦਾ ਨਿਸ਼ਾਨਾ ਕੇਵਲ ਮੁੱਖ ਮੰਤਰੀ, ਐੱਮ ਐੱਲ ਏ ਤੇ ਐੱਮ ਪੀ ਬਣਨ ਤਕ ਹੀ ਸੀਮਿਤ ਨਹੀਂ ਹੈ, ਸਾਡਾ ਪਾਤਸ਼ਾਹੀ ਦਾਅਵਾ ਹੈ, ਅਸੀਂ ਸੁਤੰਤਰ ਰਾਜ ਵੀ ਸਿਰਜਣਾ ਹੈ ਪਰ ਸਾਨੂੰ ਸੂਬੇਦਾਰੀ ਵੀ ਨਹੀਂ ਛੱਡਣੀ ਚਾਹੀਦੀ। ਸੂਬੇਦਾਰੀ ਨਾਲ ਆਪਣੀ ਤਾਕਤ ਮਜਬੂਤ ਬਣਾ ਕੇ ਪਾਤਸ਼ਾਹੀ ਵੀ ਹਾਸਲ ਕਰਨੀ ਚਾਹੀਦੀ ਹੈ ਜਿਸ ਨਾਲ ਸਿੱਖਾਂ, ਪੰਜਾਬੀਆਂ ਅਤੇ ਸਮੁੱਚੇ ਸੰਸਾਰ ਦਾ ਭਲਾ ਲੋਚਿਆ ਜਾ ਸਕੇ। ਇਸ ਸਮੇਂ ਕਿਸੇ ਵੀ ਪੰਥਕ ਜਥੇਬੰਦੀ ਕੋਲ ਐਨਾ ਸਰਮਾਇਆ, ਢਾਂਚਾ, ਸਾਧਨ, ਟੀਮ ਅਤੇ ਤਾਕਤ ਨਹੀਂ ਹੈ ਕਿ ਉਹ ਹਰ ਹਲਕੇ ਵਿੱਚ ਆਪਣਾ ਪੰਥਕ ਉਮੀਦਵਾਰ ਖੜ੍ਹਾ ਕਰਕੇ ਜਿਤਾਉਣ ਦੀ ਸਮਰੱਥਾ ਰੱਖਦੀ ਹੋਵੇ। ਐਨੀ ਗੱਲ ਜ਼ਰੂਰ ਹੈ ਕਿ ਹਰੇਕ ਪੰਥਕ ਧਿਰ ਦਾ ਕੁਝ ਹਲਕਿਆਂ ਵਿੱਚ ਬੋਲਬਾਲਾ ਜ਼ਰੂਰ ਹੈ। ਹਰੇਕ ਪੰਥਕ ਧਿਰ ਕੋਲ ਕੁਝ ਦਸ-ਪੰਦਰਾਂ ਬੰਦੇ ਅਜਿਹੇ ਜ਼ਰੂਰ ਹਨ ਜਿਨ੍ਹਾਂ ਨੇ ਆਪਣੇ ਹਲਕਿਆਂ ਵਿੱਚ ਚੰਗਾ ਆਧਾਰ ਬਣਾਇਆ ਹੋਇਆ ਹੈ ਤੇ ਉਹ ਚੋਣਾਂ ਵਿੱਚ ਚਰਚਾ ਵਿੱਚ ਵੀ ਰਹਿ ਸਕਦੇ ਹਨ ਅਤੇ ਜੇਕਰ ਸਾਰੀਆਂ ਪੰਥਕ ਧਿਰਾਂ ਦਾ ਏਕਾ ਹੋ ਜਾਵੇ ਤਾਂ ਉਸ ਸਾਂਝੀ ਹਮਾਇਤ ਨਾਲ ਉਹ ਯਕੀਨਨ ਜਿੱਤ ਵੀ ਸਕਦੇ ਹਨ। ਚੋਣਾਂ ਨੂੰ ਲੈ ਕੇ ਕੇਵਲ ਦੋ ਪੰਥਕ ਧਿਰਾਂ ਭਾਈ ਅੰਮ੍ਰਿਤਪਾਲ ਸਿੰਘ ਦੀ ਪਾਰਟੀ ਅਕਾਲੀ ਦਲ ਵਾਰਿਸ ਪੰਜਾਬ ਦੇ ਅਤੇ ਸ. ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੀ ਏਕੇ ਤਕ ਸੀਮਿਤ ਨਾ ਰਹਿਣ ਬਲਕਿ ਉਹ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੇ ਇੰਟਰਨੈਸ਼ਨਲ ਪੰਥਕ ਦਲ, ਭਾਈ ਅਜੇਪਾਲ ਸਿੰਘ ਬਰਾੜ ਦੇ ਮਿਸਲ ਸਤਲੁਜ, ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਭਾਈ ਮੋਹਕਮ ਸਿੰਘ ਦੇ ਯੂਨਾਈਟਿਡ ਅਕਾਲੀ ਦਲ, ਕੌਮੀ ਇਨਸਾਫ਼ ਮੋਰਚਾ, ਕਿਸਾਨ ਜਥੇਬੰਦੀਆਂ, ਭਾਈ ਸੰਦੀਪ ਸਿੰਘ ਸੰਨੀ ਦੇ ਭਰਾ ਭਾਈ ਮਨਦੀਪ ਸਿੰਘ ਵੱਲੋਂ ਬਣਾਈ ਨਵੀਂ ਜਥੇਬੰਦੀ ਆਜ਼ਾਦ ਗਰੁੱਪ ਨੂੰ ਵੀ ਨਾਲ ਲੈ ਕੇ ਚੱਲਣ। ਇਹਨਾਂ ਸਾਰਿਆਂ ਦਾ ਇੱਕ ਮੰਚ 'ਤੇ ਇਕੱਠਾ ਹੋਣਾ ਬਹੁਤ ਜ਼ਰੂਰੀ ਹੈ। ਜੇ ਅਜਿਹਾ ਹੋ ਜਾਂਦਾ ਹੈ ਤਾਂ 2027 ਵਿੱਚ ਪੰਥਕ ਧਿਰਾਂ ਦੀ ਹੀ ਸਰਕਾਰ ਬਣੇਗੀ। ਜੇ ਏਕਤਾ ਨਹੀਂ ਕਰਨੀ ਤਾਂ ਫਿਰ ਹਾਰ ਤੋਂ ਬਾਅਦ ਪੰਥ ਤੇ ਪੰਜਾਬ ਵਾਸੀਆਂ ਨੂੰ ਦੋਸ਼ ਨਾ ਦਿਓ, ਐਵੇਂ ਮਿਹਣੇ ਨਾ ਮਾਰਿਓ, ਆਪਣੀ ਹਾਰ ਦੇ ਤੁਸੀਂ ਸਾਰੇ ਖ਼ੁਦ ਜ਼ਿੰਮੇਵਾਰ ਹੋਵੋਗੇ, ਸਾਡੀ ਇਹ ਗੱਲ ਯਾਦ ਰੱਖਿਓ!

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply