ਅਕਾਲੀ ਦਲ ਬਨਾਮ ਪੰਥ ਦੀ ਗੱਲ

ਅਕਾਲੀ ਦਲ ਬਨਾਮ ਪੰਥ ਦੀ ਗੱਲ

ਜੇ ਤੁਸੀਂ ਚਾਹੁੰਦੇ ਹੋ ਕਿ ‘ਅਕਾਲੀ ਦਲ’ ਪੰਥ ਦੀ ਗੱਲ ਕਰੇ, ‘ਪੰਥ ਵਸੈ ਮੈਂ ਉੱਜੜਾਂ’ ਸਿਧਾਂਤ ਦਾ ਧਾਰਨੀ ਬਣੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਰੋਕਣ ਲਈ ਮੈਦਾਨ ’ਚ ਨਿੱਤਰੇ, ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਸੰਘਰਸ਼ ਕਰੇ, ਬੇਅਦਬੀ ਦੇ ਦੁਸ਼ਟਾਂ ਦਾ ਸਾਥ ਨਾ ਦੇਵੇ, ਬੰਦੀ ਸਿੰਘਾਂ ਦੀਆਂ ਰਿਹਾਈਆਂ ਦੀ ਗੱਲ ਕਰੇ, ਪੰਜਾਬ ਦੇ ਪਾਣੀਆਂ ਨੂੰ ਲੁੱਟੇ ਜਾਣ ਤੋਂ ਰੋਕੇ, ਪੰਜਾਬੀ ਬੋਲਦੇ ਇਲਾਕੇ ਪੰਜਾਬ ਦਾ ਹਿੱਸਾ ਬਣਾਉਣ ਲਈ ਸੰਘਰਸ਼ ਕਰੇ, ਡੇਰਾ ਸਿਰਸਾ ਤੋਂ ਵੋਟਾਂ ਮੰਗਣ ਨਾ ਜਾਵੇ, ਦੇਹਧਾਰੀ ਗੁਰੂ-ਡੰਮ੍ਹ ਦਾ ਵਿਰੋਧ ਕਰੇ। ਜੇ ਤੁਸੀਂ ਚਾਹੁੰਦੇ ਹੋ ਕਿ ‘ਅਕਾਲੀ ਦਲ’ ਦਾ ਪੰਥਕ ਮੁਹਾਂਦਰਾ ਤੇ ਸਰੂਪ ਕਾਇਮ ਰਹੇ, ‘ਅਕਾਲੀ ਦਲ’ ਸਿੱਖੀ ਦਾ ਪ੍ਰਚਾਰ ਕਰੇ, ਸਿੱਖੀ ਦੇ ਵੈਰੀਆਂ ਦਾ ਸਾਥ ਨਾ ਦੇਵੇ, ਸਿੱਖ ਨੌਜਵਾਨਾਂ ਨੂੰ ਪਤਿਤਪੁਣੇ ਤੋਂ ਬਚਾਵੇ, ਨਸ਼ਿਆਂ ਨੂੰ ਠੱਲ੍ਹ ਪਾਵੇ, ਪੰਥ ਤੇ ਪੰਜਾਬ ਦੇ ਹੱਕਾਂ ਲਈ ਮੋਰਚੇ ਲਾਵੇ, ਸਿੱਖ ਇਤਿਹਾਸ ਨੂੰ ਬਚਾਉਣ ਲਈ ਸੜਕਾਂ ’ਤੇ ਆਵੇ, ਪੰਜਾਬ ਦੇ ਵਿਰਸੇ ਅਤੇ ਸੱਭਿਆਚਾਰ ਨੂੰ ਬਚਾਵੇ ਤੇ ਨੀਲੀ ਦਸਤਾਰ ਦੀ ਲਾਜ ਰੱਖੇ। ਜੇ ਤੁਸੀਂ ਚਾਹੁੰਦੇ ਹੋ ਕਿ ‘ਅਕਾਲੀ ਦਲ’ ਸਿੱਖਾਂ ਦੇ ਕਾਤਲ ਪੁਲੀਸ ਅਫ਼ਸਰਾਂ ਦਾ ਸਾਥ ਨਾ ਦੇਵੇ, ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਦਾ ਵਿਰੋਧ ਕਰੇ, ਘੱਲੂਘਾਰੇ ਦੀ ਯਾਦ ਨੂੰ ਪੰਥ ਦੀਆਂ ਭਾਵਨਾਵਾਂ ਅਨੁਸਾਰ ਮਨਾਵੇ, ਪੰਥ-ਪ੍ਰਸਤ ਸਿੱਖਾਂ ਉੱਤੇ ਜ਼ੁਲਮ ਨਾ ਢਾਹਵੇ, ਦੇਹਧਾਰੀ ਗੁਰੂ-ਡੰਮ੍ਹ ਦੇ ਪਿੱਛੇ ਲੱਗ ਕੇ ਨਿਰਦੋਸ਼ੇ ਸਿੱਖਾਂ ਨੂੰ ਪੁਲੀਸ ਦੀਆਂ ਗੋਲ਼ੀਆਂ ਨਾ ਮਰਵਾਵੇ, ਗੁਰੂ ਸਾਹਿਬ ਦੇ ਸਰੂਪਾਂ ਦੀਆਂ ਹੋਈਆਂ ਬੇਅਦਬੀਆਂ ਦਾ ਰੋਸ ਜਤਾ ਰਹੀਆਂ ਸਿੱਖ ਸੰਗਤਾਂ ਉੱਤੇ ਗੋਲ਼ੀ ਨਾ ਵਰ੍ਹਾਵੇ। ਜੇ ਤੁਸੀਂ ਚਾਹੁੰਦੇ ਹੋ ਕਿ ‘ਅਕਾਲੀ ਦਲ’ ਉਨ੍ਹਾਂ ਪੁਲੀਸ ਅਫ਼ਸਰਾਂ ਨੂੰ ਨਾ ਬਚਾਵੇ ਜਿਨ੍ਹਾਂ ਨੇ ਗੁਰਬਾਣੀ ਪੜ੍ਹਦੇ ਸਿੱਖਾਂ ਨੂੰ ਗੋਲ਼ੀਆਂ ਦਾ ਨਿਸ਼ਾਨਾ ਬਣਾਇਆ ਤੇ ਡਾਂਗਾਂ ਨਾਲ਼ ਛੱਲੀ ਵਾਂਗ ਕੁੱਟਿਆ। ਜੇ ਤੁਸੀਂ ਚਾਹੁੰਦੇ ਹੋ ਕਿ ‘ਅਕਾਲੀ ਦਲ’ ਪੰਥਕ ਭਾਵਨਾਵਾਂ ਦੀ ਤਰਜ਼ਮਾਨੀ ਕਰੇ, ‘ਅਕਾਲੀ ਦਲ’ ਦਾ ਪ੍ਰਧਾਨ ਅੰਮ੍ਰਿਤਧਾਰੀ ਅਤੇ ਤਿੰਨ ਫੁੱਟੀ ਕਿਰਪਾਨ ਹੱਥ ’ਚ ਧਾਰਨ ਕਰੇ, ਸਿੱਖਾਂ ਨੂੰ ਹਿੰਦੂਆਂ ਦੇ ਜ਼ੁਲਮਾਂ ਤੋਂ ਬਚਾਵੇ, ਦਿੱਲੀ ਦਰਬਾਰ ਅੱਗੇ ਜੋਸ਼ ਨਾਲ਼ ਗਰਜੇ ਤੇ ਉਹ ਹਿੰਦੂਤਵੀਆਂ ਦੇ ਹੱਥ ਦਾ ਖਿਡੌਣਾ ਨਾ ਬਣੇ। ਜੇ ਤੁਸੀਂ ਚਾਹੁੰਦੇ ਹੋ ਕਿ ‘ਅਕਾਲੀ ਦਲ’ ਦੇ ਆਗੂਆਂ ਦੀ ਤਕਰੀਰ ’ਚੋਂ ਸਿੱੱਖੀ ਦੀ ਗੱਲ ਸੁਣਨ ਨੂੰ ਮਿਲ਼ੇ, ‘ਅਕਾਲੀ ਦਲ’ ਦੁਸ਼ਮਣ ਦੇ ਕੁਹਾੜੇ ਦਾ ਦਸਤਾ ਨਾ ਬਣੇ, ਬੁੱਚੜ ਸੁਮੇਧ ਸੈਣੀ ਅਤੇ ਇਜ਼ਹਾਰ ਆਲਮ ਵਰਗੇ ਸਿੱਖਾਂ ਦੇ ਕਾਤਲਾਂ ਨੂੰ ਅਹੁਦਿਆਂ ਨਾਲ਼ ਨਾ ਨਿਵਾਜੇ। ਜੇ ਤੁਸੀਂ ਚਾਹੁੰਦੇ ਹੋ ਕਿ ‘ਅਕਾਲੀ ਦਲ’ ਹਰ ਇੱਕ ਸਿੱਖ ਦੇ ਪੀੜ ਨੂੰ ਆਪਣੀ ਪੀੜਾ ਸਮਝੇ, ਹਿੰਦੂਤਵੀਆਂ ਦੇ ਘੜੇ ਦੀ ਮੱਛੀ ਨਾ ਬਣੇ, ਆਰ.ਐੱਸ.ਐੱਸ ਦੀਆਂ ਸਿੱਖ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕਰੇ। ਜੇ ਤੁਸੀਂ ਚਾਹੁੰਦੇ ਹੋ ਕਿ ‘ਅਕਾਲੀ ਦਲ’ ਦੀ ਹੋਂਦ ਕਾਇਮ ਰਹੇ, ‘ਅਕਾਲੀ ਦਲ’ ਸਭ ਨੂੰ ਪਿਆਰਾ ਲੱਗੇ, ‘ਅਕਾਲੀ ਦਲ’ ਸਾਨੂੰ ਨਾਮ-ਬਾਣੀ ’ਚ ਰਸੇ ਸਿੱਖਾਂ ਦਾ ਜੁਝਾਰੂ ਜਥਾ ਲੱਗੇ, ‘ਅਕਾਲੀ ਦਲ’ ਉਹ ਸਾਰੀਆਂ ਗੱਲਾਂ ਕਰੇ ਜੋ ਕਰਨੀਆਂ ਚਾਹੀਦੀਆਂ ਹਨ। ਜੇ ਤੁਸੀਂ ‘ਅਕਾਲੀ ਦਲ’ ਤੋਂ ਕੋਈ ਆਸ ਰੱਖਦੇ ਹੋ ਤਾਂ ‘ਅਕਾਲੀ ਦਲ’ ਨੂੰ ਕਦੇ ਭੁੱਲ ਕੇ ਵੀ ਵੋਟ ਨਾ ਪਾਇਓ ਕਿਉਂਕਿ ਸੱਤਾ ਹਾਸਲ ਕਰ ਕੇ, ਮੁੱਖ ਮੰਤਰੀ ਦੀ ਕੁਰਸੀ ’ਤੇ ਬਹਿ ਕੇ, ਚੰਡੀਗੜ੍ਹ ਦੀ ਕੋਠੀ ’ਚ ਰਹਿ ਕੇ ‘ਅਕਾਲੀ ਦਲ’ ਨੂੰ ਪੰਥ ਭੁੱਲ ਜਾਂਦਾ ਹੈ ਤੇ ਉਹ ਪੰਥ ਦਾ ਵੈਰੀ ਬਣ ਜਾਂਦਾ ਹੈ ਤੇ ਰੱਜ ਕੇ ਸਿਧਾਂਤਾਂ ਦਾ ਘਾਣ ਕਰਦਾ ਹੈ। ਜਦ ਫਿਰ ‘ਅਕਾਲੀ ਦਲ’ ਤੋਂ ਸੱਤਾ ਖੁੱਸ ਜਾਂਦੀ ਹੈ ਤਾਂ ਉਹ ਦੁਬਾਰਾ ‘ਪੰਥ-ਪੰਥ’ ਕੂਕਣ ਲੱਗ ਪੈਂਦਾ ਹੈ। ਸੰਗਤ ਜੀ ਇਹ ਹਾਲ ਹੈ ਸੁਖਬੀਰ ਸਿੰਘ ਬਾਦਲ ਤੇ ਉਸਦੀ ਪੰਥ ਵਿਰੋਧੀ ਜੁੰਡਲੀ ਦਾ, ਹੁਣ ਫੈਸਲਾ ਤੁਹਾਡੇ ਹੱਥ ਹੈ ਕਿ ਅਕਾਲੀ ਦਲ ਤੋਂ ਪੰਥ ਦੀ ਗੱਲ ਕਿਵੇਂ ਕਰਵਾਉਣੀ ਹੈ! 

       ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ: ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲ਼ਾ)
          ਮੋ: 88722-93883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.