ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ...

ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ...

ਹਿੰਦੁਸਤਾਨ ਦੇ ਹਿੰਦੁਤਵੀ ਹੁਕਮਰਾਨ ਨਸ਼ਿਆਂ ਰਾਹੀਂ ਸਿੱਖ ਕੌਮ ਦੀ ਨਸਲਕੁਸ਼ੀ ਕਰ ਰਹੇ ਹਨ। ਪੰਜਾਬ ਦੀ ਅਣਖੀਲੀ ਨੌਜਵਾਨੀ ਨੂੰ ਬਰਬਾਦ ਕਰਨ ਲਈ ਹਕੂਮਤ ਨਸ਼ਿਆਂ ਨੂੰ ਹਥਿਆਰ ਦੇ ਤੌਰ 'ਤੇ ਵਰਤ ਰਹੀ ਹੈ। ਸਰਕਾਰ ਨੇ ਪਹਿਲਾਂ ਸਿੱਖ ਕੌਮ ਦੇ ਯੋਧਿਆਂ ਨੂੰ ਟੈਂਕਾਂ-ਤੋਪਾਂ ਤੇ ਹੋਰ ਮਾਰੂ ਹਥਿਆਰਾਂ ਨਾਲ ਮਾਰਿਆ, ਫਿਰ ਇੱਕ ਦਹਾਕਾ ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ ਤੇ ਅਜੋਕੇ ਸਮੇਂ 'ਚ ਨੌਜਵਾਨਾਂ ਨੂੰ ਬੜੇ ਸਾਜਿਸ਼ੀ ਢੰਗ ਨਾਲ ਨਸ਼ਿਆਂ ਦੇ ਜ਼ਹਿਰੀਲੇ ਪਿਆਲੇ, ਟੀਕੇ-ਸਰਿੰਜਾਂ ਤੇ ਸਮੈਕ-ਚਿੱਟੇ ਦੀ ਭੈੜੀ ਜਿਲਤ 'ਚ ਫਸਾ ਕੇ ਮਾਰਿਆ ਜਾ ਰਿਹਾ ਹੈ। ਜਦ ਪੰਜਾਬ ਦੀ ਧਰਤੀ 'ਤੇ ਹਥਿਆਰਬੰਦ ਸੰਘਰਸ਼ ਸਿਖਰਾਂ 'ਤੇ ਸੀ, ਉਸ ਸਮੇਂ ਜੁਝਾਰੂ ਸਿੰਘਾਂ ਨੇ ਪੰਜਾਬ 'ਚ ਭੌਰਾ ਵੀ ਨਸ਼ਾ ਨਹੀਂ ਸੀ ਵਿਕਣ ਦਿੱਤਾ ਤੇ ਨਸ਼ਿਆਂ ਦੇ ਸੌਦਾਗਰਾਂ ਨੂੰ ਚੁਣ-ਚੁਣ ਕੇ ਗੱਡੀ ਚਾੜ੍ਹਿਆ ਸੀ ਤੇ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਖੁਸ਼ਹਾਲ ਬਣਾਉਣ ਲਈ ਸਿੰਘਾਂ-ਸੂਰਮਿਆਂ ਨੇ ਅਜ਼ਾਦੀ ਦਾ ਬਿਗਲ ਵਜਾ ਕੇ ਤੇ ਜੂਝਦਿਆਂ ਹੋਇਆ ਸ਼ਹਾਦਤਾਂ ਪ੍ਰਾਪਤ ਕਰ ਕੇ ਸੁਨਹਿਰੀ ਇਤਿਹਾਸ ਸਿਰਜਿਆ ਸੀ। ਪਰ ਅੱਜ ਜੁਝਾਰੂਆਂ ਦੇ ਵਾਰਸਾਂ ਦੇ ਹੱਥਾਂ 'ਚ ਬੰਦੂਕਾਂ ਜਾਂ ਕਲਮਾਂ ਨਹੀਂ ਸਗੋਂ ਨਸ਼ੇ ਦੇ ਟੀਕੇ, ਕੈਪਸੂਲ, ਚਿੱਟਾ ਤੇ ਹੋਰ ਨੁਕਸਾਨਦਾਇਕ ਨਸ਼ੀਲੀਆਂ ਵਸਤੂਆਂ ਹਨ। ਨਸ਼ਿਆਂ ਦੀ ਲਪੇਟ 'ਚ ਆ ਕੇ ਪੰਜਾਬ ਦੇ ਗੱਭਰੂ ਨਿਪੁੰਸਕਤਾ ਦਾ ਸ਼ਿਕਾਰ ਹੋ ਚੁੱਕੇ ਹਨ। ਨਸ਼ਿਆਂ ਕਾਰਨ ਐਸ਼-ਪ੍ਰਸਤੀ ਅਤੇ ਬਲਾਤਕਾਰ ਦੀਆਂ ਘਟਨਾਵਾਂ ਵੱਧ ਰਹੀਆਂ ਹਨ ਅਤੇ ਨਸ਼ੇ ਦੀ ਪੂਰਤੀ ਕਰਨ ਲਈ ਨਸ਼ੱਈਆਂ ਵਲੋਂ ਲੁੱਟਾਂ-ਖੋਹਾਂ ਜ਼ੋਰਾਂ ਤੇ ਹੋ ਰਹੀਆਂ ਹਨ। ਹਰ ਪਿੰਡ-ਸ਼ਹਿਰ ਦੇ ਗਲੀ-ਮੁਹੱਲੇ ਅਤੇ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਨੌਜਵਾਨ ਨਸ਼ਿਆਂ 'ਚ ਡੁੱਬ ਕੇ ਹੀਰੇ ਵਰਗਾ ਮਨੁੱਖਾ ਜੀਵਨ ਤਬਾਹ ਕਰ ਰਹੇ ਹਨ। ਨਸ਼ੇ ‘ਚ ਟੁੰਨ ਹੋਏ ਨੌਜਵਾਨ ਖੇਤਾਂ-ਨਾਲ਼ੀਆਂ ‘ਚ ਡਿੱਗੇ ਨਜ਼ਰ ਆਉਂਦੇ ਹਨ। ਇੰਝ ਲੱਗਦਾ ਜਿਵੇਂ ਹੱਸਦਾ-ਵੱਸਦਾ ਪੰਜਾਬ ਸ਼ਮਸ਼ਾਨ ਘਾਟ ਬਣ ਗਿਆ ਹੋਵੇ। ਬਜ਼ੁਰਗ ਮਾਪਿਆਂ ਦੀ ਪੁੱਤ ਡੰਗੋਰੀ ਬਣਦੇ ਹਨ ਪਰ ਹੁਣ ਤਾਂ ਆਏ ਦਿਨ ਮਾਪੇ ਆਪਣੇ ਮੋਢਿਆਂ ‘ਤੇ ਜਵਾਨ ਪੁੱਤਾਂ ਦੀਆਂ ਲਾਸ਼ਾਂ ਢੋਅ ਰਹੇ ਹਨ। ਮਾਂਵਾਂ ਦੇ ਕੀਰਨੇ ਤੇ ਭੈਣਾਂ ਦੇ ਵੈਣ ਸੁਣੇ ਨਹੀਂ ਜਾਂਦੇ। ਨਸ਼ੀਲੀਆਂ ਗੋਲ਼ੀਆਂ ਅਸਾਨੀ ਨਾਲ ਮਿਲ਼ ਜਾਂਦੀਆਂ ਹਨ, ਚਿੱਟੇ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ ਤਾਂਹੀਂ ਤਾਂ ਧੜਾ-ਧੜ ਮੌਤਾਂ ਹੋ ਰਹੀਆਂ ਹਨ। ਅਖ਼ਬਾਰਾਂ ਦੀਆਂ ਸੁਰਖੀਆਂ ਪੜ੍ਹ ਕੇ ਤਾਂ ਕਈ ਵਾਰ ਸ਼ਰਮ ਆਉਂਦੀ ਹੈ ਕਿ ਮਨ੍ਹਾਂ ਇਹ ਓਹੀ ਪੰਜਾਬ ਹੈ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਧਰਤੀ ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ। ਇੱਕ ਪਾਸੇ ਦੇਸ ਪੰਜਾਬ ਦੀ ਧਰਤੀ ਬੰਜਰ ਹੋਣ ‘ਤੇ ਰਾਹ ਤੇ ਹੈ ਤੇ ਦੂਜਾ ਇੱਥੇ ਨਸ਼ਿਆਂ ਦਾ ਗੰਦਾ ਨਾਲ਼ਾ ਨੱਕੋ-ਨੱਕ ਭਰਿਆ ਪਿਆ ਹੈ। ਪੰਜਾਬ 'ਚ ਨਸ਼ਾ ਰੋਕਣ ਲਈ ਸਰਕਾਰ ਨੇ ਕੋਈ ਠੋਸ ਕਦਮ ਨਹੀਂ ਚੁੱਕਣਾ ਤੇ ਨਾ ਹੀ ਸਰਕਾਰ ਪਾਸੋਂ ਸਾਨੂੰ ਕੋਈ ਆਸ ਕਰਨੀ ਚਾਹੀਦੀ ਹੈ। ਭਗਵੰਤ ਮਾਨ ਸਰਕਾਰ ਦੀ ਇਹ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਸਿਰਫ ਇੱਕ ਡਰਾਮਾ ਹੈ। ਜੇ ਸਰਕਾਰ ਨੇ ਨਸ਼ਿਆਂ ਵਿਰੁੱਧ ਸਖ਼ਤੀ ਕੀਤੀ ਹੈ ਤਾਂ ਦੱਸੋ ਫਿਰ ਇਹ ਨਸ਼ਾ ਕਿੱਥੋਂ ਆਈ ਜਾ ਰਿਹਾ ਹੈ ? ਪ੍ਰਸਿੱਧ ਗਾਇਕ ਰਣਜੀਤ ਬਾਵਾ ਨੇ ਭਗਵੰਤ ਮਾਨ ਦੇ ਸਾਹਮਣੇ ਸੱਚ ਹੀ ਕਿਹਾ ਸੀ ਕਿ "ਸਰਕਾਰਾਂ ਹੀ ਵਿਕਾਉਂਦੀਆਂ ਨੇ ਚਿੱਟਾ, ਤਾਂਹੀ ਤਾਂ ਸ਼ਰੇਆਮ ਵਿਕਦਾ।" ਸ਼ਰਾਬ ਦੇ ਅਹਾਤੇ ਤੇ ਠੇਕੇ ਵੀ ਸਰਕਾਰੀ ਤੌਰ ਉੱਤੇ ਖੁੱਲ੍ਹੇ ਹੋਏ ਹਨ, ਹਰ ਪਿੰਡ ਅਤੇ ਸ਼ਹਿਰ ਵਿੱਚ ਸ਼ਰਾਬ ਵਿਕ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਉੱਤੇ ਵੀ ਅਕਸਰ ਦੋਸ਼ ਲੱਗਦੇ ਹਨ ਕਿ ਉਹ ਸ਼ਰਾਬ ਪੀਂਦਾ ਹੈ। ਸਰਕਾਰ ਦੱਸੇ ਕਿ ਕੀ ਸ਼ਰਾਬ ਨਸ਼ਿਆਂ ਦੇ ਵਿੱਚ ਨਹੀਂ ਆਉਂਦੀ ? ਜਦ ਕਿ ਅਕਸਰ ਹੀ ਖ਼ਬਰਾਂ ਛਪਦੀਆਂ ਰਹਿੰਦੀਆਂ ਹਨ ਕਿ ਸ਼ਰਾਬ ਪੀ ਕੇ ਐਨੇ ਬੰਦੇ ਮਰ ਗਏ। ਸ਼ਰਾਬ ਨਾਲ ਕਈ ਪੁਲਸੀਏ ਅਤੇ ਸਿਆਸੀ ਆਗੂ ਵੀ ਅਕਸਰ ਹੀ ਟੁੰਨ ਹੋਏ ਰਹਿੰਦੇ ਹਨ। ਸਿੱਖ ਧਰਮ ਵਿੱਚ ਸ਼ਰਾਬ ਪੀਣੀ ਵਰਜਿਤ ਹੈ ਤੇ ਇਸ ਨੂੰ ਕੁਰਹਿਤ ਵਿੱਚ ਮੰਨਿਆ ਜਾਂਦਾ ਹੈ। ਵੱਖ-ਵੱਖ ਪਾਰਟੀਆਂ ਦੇ ਕਈ ਸਿਆਸੀ ਆਗੂਆਂ, ਅਖੌਤੀ ਅਕਾਲੀਆਂ, ਪੁਲਿਸ ਅਫ਼ਸਰਾਂ ਤੇ ਸ਼ਿਵ ਸੈਨਿਕਾਂ ਉੱਤੇ ਨਸ਼ਾ ਵਿਕਾਉਣ ਦੇ ਕੇਸ ਚੱਲ ਰਹੇ ਹਨ। ਇਹ ਤਲਖ਼ ਹਕੀਕਤ ਹੈ ਕਿ ਨਸ਼ਿਆਂ ਲਈ ਸਰਕਾਰਾਂ ਹੀ ਜ਼ਿੰਮੇਵਾਰ ਹਨ ਤੇ ਦਿੱਲੀ ਅਤੇ ਚੰਡੀਗੜ੍ਹ ਦੀਆਂ ਕੁਰਸੀਆਂ ਤੇ ਬੈਠੇ ਸਿਆਸਤਦਾਨ ਸਭ ਆਪਣੀਆਂ ਰੋਟੀਆਂ ਸੇਕ ਰਹੇ ਹਨ, ਇਨ੍ਹਾਂ ਦੀਆਂ ਜ਼ਮੀਰਾਂ ਮਰੀਆਂ ਹੋਈਆਂ ਹਨ। ਨੌਜਵਾਨੀ ਚਾਹੇ ਨਸ਼ਿਆਂ ਨਾਲ ਮਰੇ ਜਾਂ ਕਿਸਾਨੀ ਫਾਹਾ ਲੈ ਕੇ ਮਰੇ ਇਨ੍ਹਾਂ ਉੱਤੇ ਕੋਈ ਅਸਰ ਨਹੀਂ। ਨਸ਼ਿਆਂ ਦੇ ਤਸਕਰ, ਵਪਾਰੀ, ਦੈਂਤ ਸਰਕਾਰੀ ਸਰਪ੍ਰਸਤੀ ਹੇਠ ਸ਼ਰੇਆਮ ਘੁੰਮਦੇ-ਫਿਰਦੇ ਹਨ ਤੇ ਪੰਜਾਬ ‘ਚ ਨਸ਼ਿਆਂ ਦਾ ਅੱਤਵਾਦ ਹਰ ਘਰ ਤਕ ਫੈਲ ਚੁੱਕਾ ਹੈ ਤੇ ਸਾਡੇ ਨੌਜਵਾਨਾਂ ਨੂੰ ਘਾਤਕ ਤਰੀਕੇ ਨਾਲ ਤੜਫਾ-ਤੜਫਾ ਕੇ ਮਾਰ ਰਿਹਾ ਹੈ। ਲੰਡੂ ਕਿਸਮ ਦੇ ਫੂਕਰੇ ਗਾਇਕ ਗੀਤਾਂ ਰਾਹੀਂ ਨੌਜਵਾਨਾਂ ਨੂੰ ਨਸ਼ੇ ਕਰਨ ਲਈ ਉਤਸ਼ਾਹਿਤ ਕਰ ਰਹੇ ਹਨ ਤੇ ਹਜਾਰਾਂ ਨੌਜਵਾਨ ਬੇਰੁਜਗਾਰੀ ਦੇ ਫ਼ਿਕਰ ਨਾਲ ਨਸ਼ਿਆਂ ਦੇ ਹੜ੍ਹ ‘ਚ ਗੋਤੇ ਖਾ ਰਹੇ ਹਨ। ਸਚਮੁੱਚ, ਪੰਜਾਬ ਦੀ ਨੌਜਵਾਨੀ ਦੇ ਭਵਿੱਖ ‘ਤੇ ਖਤਰਾ ਮੰਡਰਾ ਰਿਹਾ ਹੈ। ਆਸ ਦੀ ਕਿਰਨ ਕਿੱਧਰੇ ਨਜ਼ਰੀਂ ਨਹੀਂ ਪੈਂਦੀ। ਸਿੱਖ ਨੌਜਵਾਨੋ! ਸਾਨੂੰ ਆਪਣੀ ਜਿੰਮੇਵਾਰੀ ਸਮਝਦੇ ਹੋਏ ਆਪ ਹੀ ਮੈਦਾਨ ‘ਚ ਨਿੱਤਰਨਾ ਪਵੇਗਾ। ਆਓ, ਨਸ਼ਿਆਂ ਦੇ ਕੁਰਾਹੇ ਪਈ ਨੌਜਵਾਨੀ ਨੂੰ ਇਸ ਦਲਦਲ ਚੋਂ ਕੱਢਣ ਲਈ ਆਪਾਂ ਜਥੇਬੰਦਕ ਹੋ ਕੇ ਲਾਮਬੰਦ ਹੋਈਏ ਤੇ ਨਸ਼ਿਆਂ ‘ਚ ਗਲਤਾਨ ਹੋਏ ਨੌਜਵਾਨਾਂ ਤਕ ਸੁਹਿਰਦ ਅਤੇ ਸਾਰਥਿਕ ਪਹੁੰਚ ਕਰ ਕੇ ਉਨ੍ਹਾਂ ਨੂੰ ਪਿਆਰ ਨਾਲ ਗਲੇ ਲਗਾਈਏ ਤੇ ਨਸ਼ੇ ਦੇ ਕੋਹੜ ਨੂੰ ਜੜ੍ਹ ਤੋਂ ਮੁਕਾਈਏ। ਗੁਰਮਤਿ ਦਾ ਰਾਹ ਅਪਣਾਈਏ ਤੇ ਸਿੱਖ ਕੌਮ ਨੂੰ ਹੋਰ ਮਜਬੂਤ ਬਣਾਈਏ। ਨਾਮ-ਬਾਣੀ ਦੇ ਸਰੂਰ ਨਾਲ ਚੜ੍ਹਦੀ ਕਲਾ ਵੱਲ ਨੂੰ ਕਦਮ ਵਧਾਈਏ ਤੇ ਕੌਮ ਦੀ ਅਜ਼ਾਦੀ ਲਈ ਸੰਘਰਸ਼ੀ ਯੋਧੇ ਬਣ ਜਾਈਏ। 

     ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
          ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.