ਸ. ਪਾਲ ਸਿੰਘ ਪੁਰੇਵਾਲ ਜੀ ਨੂੰ ਯਾਦ ਕਰਦਿਆਂ - ਸਰਵਜੀਤ ਸਿੰਘ ਸੈਕਰਾਮੈਂਟੋ

ਸ. ਪਾਲ ਸਿੰਘ ਪੁਰੇਵਾਲ ਜੀ ਨੂੰ ਯਾਦ ਕਰਦਿਆਂ - ਸਰਵਜੀਤ ਸਿੰਘ ਸੈਕਰਾਮੈਂਟੋ

ਸ. ਪਾਲ ਸਿੰਘ ਪੁਰੇਵਾਲ ਜੀ ਨੂੰ ਯਾਦ ਕਰਦਿਆਂ
-ਸਰਵਜੀਤ ਸਿੰਘ ਸੈਕਰਾਮੈਂਟੋ

ਨਾਨਕਸ਼ਾਹੀ ਕੈਲੰਡਰ ਦੇ ਨਿਰਮਾਤਾ, ਸ. ਪਾਲ ਸਿੰਘ ਪੁਰੇਵਾਲ ਜੀ ਦਾ ਜਨਮ ਉਨ੍ਹਾਂ ਦੇ ਨਾਨਕੇ ਪਿੰਡ ਬਿਲਗਾ (ਜਿਲਾ ਜਲੰਧਰ) ਵਿਖੇ 23 ਨਵੰਬਰ 1932 ਨੂੰ ਹੋਇਆ ਸੀ। ਉਨ੍ਹਾਂ ਨੇ ਆਪਣੇ ਪਿੰਡ ਸ਼ੰਕਰ (ਜ਼ਿਲ੍ਹਾ ਜਲੰਧਰ) ਦੇ ਖਾਲਸਾ ਹਾਈ ਸਕੂਲ ਵਿੱਚੋਂ 1948 ਈ: ’ਚ ਦਸਵੀਂ ਪਾਸ ਕੀਤੀ। ਉਸ ਤੋਂ ਬਾਅਦ F.Sc. ਅਤੇ ਡੀ.ਏ.ਵੀ. ਕਾਲਜ ਜਲੰਧਰ ਤੋਂ B.Sc. ਕਰਨ ਉਪ੍ਰੰਤ B.T. ਕੀਤੀ। ਸ: ਪੁਰੇਵਾਲ ਨੇ ਆਪਣੇ ਹੀ ਪਿੰਡ ਦੇ ਖ਼ਾਲਸਾ ਹਾਈ ਸਕੂਲ ਸ਼ੰਕਰ ਵਿੱਚ ਕਈ ਸਾਲ ਸਾਇੰਸ ਮਾਸਟਰ ਦੇ ਤੌਰ ’ਤੇ ਨੌਕਰੀ ਕੀਤੀ। ਪੜ੍ਹਾਈ ’ਚ ਹੁਸ਼ਿਆਰ ਹੋਣ ਦੇ ਨਾਲ-ਨਾਲ ਉਹ, ਬਾਸਕਟਬਾਲ ਅਤੇ ਸ਼ਤਰੰਜ ਦੇ ਵੀ ਚੰਗੇ ਖਿਡਾਰੀ ਰਹੇ ਸਨ। 

ਸ: ਪਾਲ ਸਿੰਘ ਪੁਰੇਵਾਲ, ਸੰਨ 1965 ਈ: ’ਚ ਸਿੱਖਿਆ ਵਿਭਾਗ ਤੋਂ ਛੁੱਟੀ ਲੈ ਕੇ ਇੰਗਲੈਂਡ ਚਲੇ ਗਏ ਪਰ, ਭਾਰਤ-ਪਾਕਿਸਤਾਨ ਜੰਗ ਲੱਗਣ ਕਾਰਨ ਛੁੱਟੀ ਰੱਦ ਹੋ ਜਾਣ ’ਤੇ ਵਾਪਸ ਆਉਣਾ ਪਿਆ। ਸੰਨ 1966 ਈ: ’ਚ ਸਰਕਾਰੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਪੱਕੇ ਤੌਰ ’ਤੇ ਇੰਗਲੈਂਡ ਚਲੇ ਗਏ। ਟੈਕਸਾਸ ਇੰਸਟਰੂਮੈਂਟਸ (Texas Instruments) ਵਿੱਚ ਨੌਕਰੀ ਆਰੰਭ ਕਰ ਦਿੱਤੀ। ਸੰਨ 1974 ’ਚ ਉਹ ਕੈਨੇਡਾ ਚਲੇ ਗਏ ਅਤੇ ਆਈ.ਟੀ. ਵਿੱਚ ਕੰਪਿਊਟਰ ਪ੍ਰੋਗਰਾਮਿੰਗ ਵਿਭਾਗ ਦੇ ਮੁੱਖ ਪ੍ਰਬੰਧਕ ਦੀਆਂ ਸੇਵਾਵਾਂ ਨਿਭਾਈਆਂ।

ਸ: ਪਾਲ ਸਿੰਘ ਪੁਰੇਵਾਲ ਨੂੰ ਵਿਦਿਆਰਥੀ ਜੀਵਨ ਤੋਂ ਹੀ ਕੈਲੰਡਰ ਵਿਸ਼ੇ ’ਚ ਬਹੁਤ ਦਿਲਚਸਪੀ ਸੀ। ਇਸ ਲਈ ਉਹ ਹਰ ਸਾਲ ਜੰਤਰੀ ਖਰੀਦਦੇ ਸਨ। ਜੰਤਰੀ ਵਿੱਚ ਦਰਜ ਤਿੱਥ, ਘੜੀ, ਪਲ, ਨਛੱਤਰ, ਯੋਗ ਆਦਿ ਨੂੰ ਜਾਨਣ/ ਸਮਝਣ ਸਬੰਧੀ ਦਿਲਚਸਪੀ ਵੱਧਦੀ ਗਈ ਤਾਂ ਹੋਰ ਕਿਤਾਬਾਂ ਪੜ੍ਹਨੀਆਂ ਆਰੰਭ ਦਿੱਤੀਆਂ। ਉਨ੍ਹਾਂ ਨੇ ਕੈਲੰਡਰ ਸਬੰਧੀ, ਸੂਰਜ ਸਿਧਾਂਤ’, ‘ਗ੍ਰਹ ਲਾਘਮ’ ‘ਮਕਰੰਦ ਸਾਰਣੀ’ ਆਦਿ ਕਿਤਾਬਾਂ ਦਾ ਅਧਿਐਨ ਕੀਤਾ। ਸ: ਪਾਲ ਸਿੰਘ ਜੀ ਨੇ ਇਨ੍ਹਾਂ ਕਿਤਾਬਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ, ਘੋਖਿਆ ਅਤੇ ਕੈਲੰਡਰ ਦੇ ਨਾਲ-ਨਾਲ ਟੇਵੇ/ ਜਨਮ ਪੱਤਰੀਆਂ ਬਣਾਉਣ ਅਤੇ ਉਨ੍ਹਾਂ ਦੀ ਪਰਖ-ਪੜਚੋਲ ਕਰਨ ਦੀ ਯੋਗਤਾ ਵੀ ਹਾਸਲ ਕਰ ਲਈ। 1985 ਈ: ਵਿੱਚ ਉਨ੍ਹਾਂ ਨੇ ਕੰਪਿਊਟਰ ਪ੍ਰੋਗਰਾਮ ਤਿਆਰ ਕੀਤਾ, ਜਿਸ ਦੀ ਮਦਦ ਨਾਲ ਕੋਈ ਵੀ ਤਾਰੀਖ਼ ਇੱਕ ਤੋਂ ਦੂਸਰੀ ਪੱਧਤੀ ’ਚ ਆਸਾਨੀ ਨਾਲ ਬਦਲੀ ਜਾ ਸਕਦੀ ਹੈ।

ਇਤਿਹਾਸ ਪੜ੍ਹਦਿਆਂ ਉਨ੍ਹਾਂ ਵੇਖਿਆ ਕਿ ਇਤਿਹਾਸਕਾਰ ਆਪਣੀਆਂ ਪੁਸਤਕਾਂ ਵਿੱਚ ਇੱਕੋ ਘਟਨਾ ਦੀਆਂ ਵੱਖ-ਵੱਖ ਤਾਰੀਖਾਂ ਲਿਖਦੇ ਹਨ। ਇਨ੍ਹਾਂ `ਚ ਕਿਹੜੀ ਤਾਰੀਖ ਸਹੀ ਮੰਨੀ ਜਾਵੇ, ਇਸ ਵਖਰੇਵੇਂ ਦੀ ਪੜਤਾਲ ਕੀਤੀ ਤਾਂ ਇਸ ਸਿੱਟੇ ’ਤੇ ਪਹੁੰਚੇ ਕਿ ਸਿੱਖ ਇਤਿਹਾਸ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਅਤੇ ਹਿਜਰੀ ਕੈਲੰਡਰ ਦੀਆਂ ਤਾਰੀਖ਼ਾਂ ’ਚ ਲਿਖਿਆ ਮਿਲਦਾ ਹੈ, ਪਰ ਅੰਗਰੇਜਾਂ ਦੇ ਰਾਜ ਵੇਲੇ, ਬਹੁਤੇ ਇਤਿਹਾਸਕਾਰਾਂ ਨੇ ਅੰਗਰੇਜੀ ਤਾਰੀਖਾਂ (ਜੂਲੀਅਨ ਅਤੇ ਗਰੈਗੋਰੀਅਨ) ਲਿਖਣੀਆਂ ਆਰੰਭ ਕਰ ਦਿੱਤੀਆਂ। ਇਕ ਕੈਲੰਡਰ ਤੋਂ ਦੂਜੇ ਕੈਲੰਡਰ ਵਿੱਚ, ਤਾਰੀਖਾਂ ਦੀ ਅਦਲਾ-ਬਦਲੀ ਕਰਨ ਦਾ ਕੋਈ ਠੋਸ ਸਾਧਨ ਨਾ ਹੋਣ ਕਾਰਨ ਗਲਤੀਆਂ ਦਰ ਗਲਤੀਆਂ ਹੁੰਦੀਆਂ ਗਈਆਂ। ਇਸ ਸਮੱਸਿਆ ਦੇ ਹੱਲ ਲਈ ਉਨ੍ਹਾਂ ਨੇ 500 ਸਾਲਾ ਜੰਤਰੀ (1469 ਈ: ਤੋਂ 2000 ਈ:) ਤਿਆਰ ਕੀਤੀ। ਜਿਸ ਦੀ ਸਹਾਇਤਾ ਨਾਲ, ਬਿਕ੍ਰਮੀ ਕੈਲੰਡਰ (ਵਦੀ-ਸੁਦੀ ਅਤੇ ਪ੍ਰਵਿਸ਼ਟੇ), ਹਿਜਰੀ ਕੈਲੰਡਰ ਅਤੇ ਅੰਗਰੇਜੀ ਕੈਲੰਡਰ ਦੀਆਂ ਤਾਰੀਖਾਂ ਅਤੇ ਦਿਨ ਦੀ ਪੜਤਾਲ ਕਰਨੀ ਸੰਭਵ ਹੋ ਗਈ। 

ਸਿੱਖ ਇਤਿਹਾਸਕ ਦੇ 34 ਵਸੀਲਿਆਂ `ਚ ਸਾਰੀਆਂ ਇਤਿਹਾਸਕ ਤਾਰੀਖਾਂ ਦੀ ਸੂਚੀ ਤਿਆਰ ਕਰਕੇ, ਉਨ੍ਹਾਂ ਦੀ ਪੜਤਾਲ ਕਰਨ ਉਪ੍ਰੰਤ ਸਿੱਖ ਇਤਿਹਾਸ ਦੀਆ ਸਹੀ ਤਾਰੀਖਾਂ ਦੀ ਇਕ ਸੂਚੀ ਤਿਆਰ ਕੀਤੀ। ਸਿੱਖ ਵਿਦਵਾਨਾਂ ਤੇ ਇਤਿਹਾਸਕਾਰਾਂ ਨਾਲ ਕਈ ਸਾਲ ਵਿਚਾਰ ਵਟਾਂਦਰਾ ਕਰਨ ਉਪ੍ਰੰਤ 1998 ਈ: ਨਾਨਕਸ਼ਾਹੀ ਕੈਲੰਡਰ ਤਿਆਰ ਕੀਤਾ। ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਸ ਕਰਨ ਉਪ੍ਰੰਤ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਗੂ ਕਰਨ ਲਈ ਪ੍ਰਵਾਨਗੀ ਦਿੱਤੀ ਗਈ। ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ 1999 ਤੋਂ ਨਾਨਕਸ਼ਾਹੀ ਕੈਲੰਡਰ ਲਾਗੂ ਕਰਨ ਦਾ ਐਲਾਨ ਕਰ ਦਿੱਤਾ। ਨਾਨਕਸ਼ਾਹੀ ਕੈਲੰਡਰ ਵਿੱਚ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ, ਅਸਲ ਪ੍ਰਵਿਸ਼ਟਿਆਂ ਮੁਤਾਬਕ ਦਰਜ ਕੀਤੇ ਗਏ ਸਨ। ਸਾਲ ਦੀ ਲੰਬਾਈ ਗੁਰਬਾਣੀ ਦੀ ਪਾਵਨ ਪੰਗਤੀ “ਰਥੁ ਫਿਰੈ ਛਾਇਆ ਧਨ ਤਾਕੈ” ਅਧਾਰਿਤ, ਰੁੱਤੀ ਸਾਲ ਦੇ ਬਰਾਬਰ ਰੱਖੀ ਗਈ। ਸਾਲ ਦੀ ਲੰਬਾਈ ਰੁੱਤੀ ਸਾਲ ਦੀ ਹੋਣ ਕਾਰਨ, ਇੱਕ ਵਾਰ ਨਿਸ਼ਚਿਤ ਕੀਤੇ ਪ੍ਰਵਿਸ਼ਟੇ ਤੇ ਹਰ ਸਾਲ ਪੱਕੀ ਤਾਰੀਖ਼ ਹੀ ਆਵੇਗੀ। ਜਿਵੇਂ ਨਵਾਂ ਸਾਲ ਅਤੇ ਹੋਲਾ ਮਹੱਲਾ, 1 ਚੇਤ ਨੂੰ 14 ਮਾਰਚ, ਵੈਸਾਖੀ 1 ਵੈਸਾਖ/ 14 ਅਪ੍ਰੈਲ, ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 2 ਹਾੜ/ 16 ਜੂਨ, ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ 11 ਮੱਘਰ/ 24 ਨਵੰਬਰ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ/ 21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ; ਹਰ ਸਾਲ 13 ਪੋਹ/ 26 ਦਸੰਬਰ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਪੁਰਬ 23 ਪੋਹ ਨੂੰ ਹਰ ਸਾਲ 5 ਜਨਵਰੀ ਹੀ ਆਵੇਗੀ। 

ਇਸ ਤੋਂ ਇਲਾਵਾ ਨਾਨਕਸ਼ਾਹੀ ਕੈਲੰਡਰ ਗੁਰਬਾਣੀ ਮੁਤਾਬਕ ਹੋਣ ਕਾਰਨ, ਗੁਰੂ ਅਰਜਨ ਸਾਹਿਬ ਜੀ ਵੱਲੋਂ ਉਚਾਰਨ ਕੀਤੀ ਗਈ ਬਾਣੀ, ਰੁੱਤੀ ਸਲੋਕ (ਰਾਮਕਲੀ ਰਾਗ) ’ਚ ਦਰਜ ਛੇ ਰੁੱਤਾਂ ਦਾ ਸਬੰਧ, ਨਾਨਕਸ਼ਾਹੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਨਾਲ ਹਮੇਸ਼ਾ ਲਈ ਉਹੀ ਰਹੇਗਾ, ਜੋ ਅੱਜ ਕੱਲ੍ਹ ਦੇ ਮਹੀਨਿਆਂ ’ਚ ਚੱਲ ਹਿਹਾ ਹੈ। ਜਦੋਂ ਕਿ ਬਿਕ੍ਰਮੀ ਕੈਲੰਡਰ ਦੇ ਮਹੀਨਿਆਂ ਦੀਆਂ ਰੁੱਤਾਂ ਦਾ ਸੰਬੰਧ ਨਿਰੰਤਰ ਖਿਸਕ ਰਿਹਾ ਹੈ। ਨਾਨਕਸ਼ਾਹੀ ਕੈਲੰਡਰ ਦੀ ਐਨੀ ਸਪੱਸ਼ਟਤਾ, ਸਰਲਤਾ ਅਤੇ ਸਮਝਣ ’ਚ ਆਸਾਨ ਹੋਣ ਦੇ ਬਾਵਜੂਦ ਕੁਝ ਲੋਕਾਂ ਨੇ ਬੇਸਮਝੀ ਕਾਰਨ ਵਾਦ-ਵਿਵਾਦ ਦਾ ਵਿਸ਼ਾ ਬਣਾ ਲਿਆ ਤੇ ਇਸ ’ਤੇ ਅਮਲ ਰੋਕ ਦਿੱਤਾ ਗਿਆ। ਪੰਥਕ ਵਿਦਵਾਨਾਂ ਅਤੇ ਵੱਖ-ਵੱਖ ਜਥੇਬੰਦੀਆਂ ਦੀਆਂ ਕਈ ਮੀਟਿੰਗਾਂ ਹੋਣ ਉਪਰੰਤ ਲਏ ਫੈਸਲੇ ਤੋਂ ਬਾਅਦ 2003 ਈ: ’ਚ ਨਾਨਕਸ਼ਾਹੀ ਕੈਲੰਡਰ ਮੁੜ ਲਾਗੂ ਕੀਤਾ ਗਿਆ। ਕੁਝ ਤਾਕਤਾਂ ਨਹੀਂ ਚਾਹੁੰਦੀਆਂ ਹਨ ਕਿ ਸਿੱਖਾਂ ਦਾ ਆਪਣਾ ਕੋਈ ਵੱਖਰਾ ਕੈਲੰਡਰ ਹੋਵੇ, ਜਿਹੜਾ ਕੈਲੰਡਰ ਵਿਗਿਆਨ, ਗੁਰਬਾਣੀ ਅਤੇ ਇਤਿਹਾਸਕ ਤੱਥਾਂ ’ਤੇ ਪੂਰਾ ਉਤਰਦਾ ਹੋਵੇ। ਉਨ੍ਹਾਂ ਨੇ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖੀਆਂ ਤੇ ਅੰਤ ਮਾਰਚ 2010 ਈ: ਵਿੱਚ ਸੋਧਾਂ ਦੇ ਨਾਂ ’ਤੇ ਫਿਰ ਮਿਲਗੋਭਾ ਕੈਲੰਡਰ , ਸੂਰਜੀ ਬਿਕ੍ਰਮੀ (ਦ੍ਰਿਕ ਗਣਿਤ ਸਿਧਾਂਤ) ਕੌਮ ਦੇ ਸਿਰ ਮੜ੍ਹ ਦਿੱਤਾ। 

ਸ: ਪਾਲ ਸਿੰਘ ਜੀ ਪੁਰੇਵਾਲ ਜੀ ਨੇ 500 ਸਾਲਾਂ ਜੰਤਰੀ (1469-2000) ਦੇ ਨਾਲ-ਨਾਲ, ਹਿਜਰੀ ਕੈਲੰਡਰ (1 AH-1500 AH ) ਤਿਆਰ ਕੀਤਾ। ਉਨ੍ਹਾਂ ਦੀ ਇਹ ਵੱਡ ਅਕਾਰੀ ਕਿਤਾਬ, ਪਾਕਿਸਤਾਨ ’ਚ 2007 ਈ ’ਚ ਛਪੀ। ਇਸ ਖੋਜ ਭਰਪੂਰ ਪੁਸਤਕ ਲਈ ਸ: ਪਾਲ ਸਿੰਘ ਪੁਰੇਵਾਲ ਨੂੰ ‘ਜੀਵਨ ਭਰ ਦੀ ਪ੍ਰਾਪਤੀ’ ਪੁਰਸਕਾਰ ਮਿਲਿਆ ਅਤੇ ਦਿਆਲ ਸਿੰਘ ਕਾਲਜ ਲਾਹੌਰ ਦੀ ਲਾਇਬਰੇਰੀ ’ਚ ਵਿਸ਼ੇਸ਼ ਤੌਰ ’ਤੇ ਪੁਰੇਵਾਲ ਕੌਰਨਰ ਬਣਾਇਆ ਗਿਆ, ਜਿਥੇ ਉਨ੍ਹਾਂ ਦੀ ਫ਼ੋਟੋ ਲੱਗੀ ਹੋਈ ਹੈ। ਅਗਸਤ 2022 ਈ: ਵਿੱਚ, ਉਨ੍ਹਾਂ ਦੀ ਨਵੀ ਕਿਤਾਬ, “Nanakshahi Calendar with Calendar Conversion Tables for 632 Years” (1469-2100 ਈ:) ਛਪੀ ਸੀ। ਇਨ੍ਹਾਂ ਤਿੰਨਾਂ ਪੁਸਤਕਾਂ ਤੋਂ ਇਲਾਵਾ ਉਨ੍ਹਾਂ ਦੇ ਬਹੁਤ ਸਾਰੇ ਖੋਜ ਪੱਤਰ ਯੂਨੀਵਰਸਿਟੀਆਂ ਦੇ ਸੈਮੀਨਾਰਾਂ ’ਚ ਪੜ੍ਹੇ ਅਤੇ Journals ’ਚ ਛਾਪੇ ਗਏ। ਨਵੀ ਛਪੀ ਕਿਤਾਬ ਨੂੰ ਜਿਉਂਦੇ ਜੀ ਉਹ ਆਪਣੇ ਅੱਖੀਂ ਵੇਖ ਤਾਂ ਗਏ, ਪਰ ਰਸਮੀ ਤੌਰ ’ਤੇ ਰੀਲੀਜ਼ ਕਰਨ ਲਈ, ਕਨੇਡੀਅਨ ਸਿੱਖ ਸਟੱਡੀ ਐਂਡ ਟੀਚਿੰਗ ਸੁਸਾਇਟੀ ਵੱਲੋਂ ਸਰੀ ਵਿਖੇ ਰੱਖੇ ਸਮਾਗਮ (23 ਸਤੰਬਰ 2022 ਈ) ਤੋਂ ਇਕ ਦਿਨ ਪਹਿਲਾ, ਉਹ 22 ਸਤੰਬਰ 2022 ਦਿਨ ਵੀਰਵਾਰ ਨੂੰ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

ਇੱਕ ਪਾਸੇ ਇਸਲਾਮ ਜਗਤ ਹੈ, ਜਿਨ੍ਹਾਂ ਨੇ ਸ. ਪਾਲ ਸਿੰਘ ਜੀ ਪੁਰੇਵਾਲ ਦੀ ਖੋਜ ਦੀ ਕਦਰ ਕੀਤੀ, ਦੂਜੇ ਪਾਸੇ ਸਿੱਖ ਜਗਤ ਹੈ, ਜਿਸ ਦੇ ਚੌਧਰੀਆਂ ਨੇ ਸਿਆਸੀ ਹਿੱਤਾਂ ਖਾਤਰ ਸੋਧਾਂ ਦੇ ਨਾਂ ਹੇਠ ਮੁੜ (ਮਾਰਚ 2010 ਈ) ਬਿਕ੍ਰਮੀ ਕੈਲੰਡਰ (ਦ੍ਰਿਕ ਗਿਣਤ ਸਿਧਾਂਤ) ਲਾਗੂ ਕਰ ਦਿੱਤਾ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਧਰਮ ਦੇ ਉੱਪਰ ਸਿਆਸਤ ਭਾਰੂ ਹੋ ਚੁੱਕੀ ਹੈ, ਜਿਸ ਕਾਰਨ ਸਹੀ ਫੈਸਲੇ ਲੈਣ ਦੀ ਥਾਂ, ਸਿਆਸੀ ਹਿੱਤਾਂ ਨੂੰ ਮੁੱਖ ਰੱਖਿਆ ਜਾਂਦਾ ਹੈ।

ਸ . ਸਰਵਜੀਤ ਸਿੰਘ ਸੈਕਰਾਮੈਂਟੋ
ਸ . ਸਰਵਜੀਤ ਸਿੰਘ ਸੈਕਰਾਮੈਂਟੋ
0019162302102
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.