ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਯਾਦ ਕਰਦਿਆਂ...
- ਗੁਰਬਾਣੀ-ਇਤਿਹਾਸ
- (Asia/Kolkata)
ਅੱਜ ਸਿੱਖ ਸੰਘਰਸ਼ ਦੇ ਨਾਇਕ, ਮਨੁੱਖੀ ਹੱਕਾਂ ਦੇ ਪਹਿਰੇਦਾਰ ਅਤੇ 25 ਹਜ਼ਾਰ ਲਾਵਾਰਿਸ ਲਾਸ਼ਾਂ ਦੇ ਵਾਰਿਸ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਦਿਹਾੜਾ ਹੈ। ਪੁਲਿਸ ਨੇ ਉਹਨਾਂ ਨੂੰ ਘਰੋਂ ਚੁੱਕ ਕੇ ਕੰਗ ਥਾਣੇ ਵਿੱਚ ਕਈ ਦਿਨ ਘੋਰ ਤਸੀਹੇ ਦਿੱਤੇ, ਆਪਣੀ ਈਨ ਮਨਵਾਉਣੀ ਚਾਹੀ ਪਰ ਜਦ ਭਾਈ ਖਾਲੜਾ ਹਿੱਕ ਤਾਣ ਕੇ ਇਹਨਾਂ ਜੱਲਾਦਾਂ ਅੱਗੇ ਡਟੇ ਰਹੇ ਤਾਂ ਉਸ ਤੋਂ ਬਾਅਦ ਝਬਾਲ ਥਾਣੇ ਵਿੱਚ ਉਹਨਾਂ ਨੂੰ ਗੋਲ਼ੀਆਂ ਮਾਰ ਕੇ ਹਰੀਕੇ ਪੱਤਣ (ਸਤਲੁਜ ਦਰਿਆ) ਵਿੱਚ ਸੁੱਟ ਦਿੱਤਾ ਗਿਆ। ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਬੋਲ ਸਨ ਕਿ “ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਡਾ ਇਨਸਾਫ਼ ਲਈ ਆਵਾਜ਼ ਬੁਲੰਦ ਕਰਨ ਦਾ ਫ਼ਰਜ਼ ਬਣਦਾ ਹੈ। ਏਸ ਦੁਨੀਆਂ ਵਿੱਚ ਸਦੀਵੀ ਤੌਰ ’ਤੇ ਕਿਸੇ ਨਹੀੰ ਬੈਠੇ ਰਹਿਣਾ ਅਤੇ ਸਾਨੂੰ ਇਹ ਜੀਵਨ ਇਸ ਲਈ ਮਿਲਿਆ ਹੈ ਕਿ ਅਸੀਂ ਪੰਜਾਬ ਅੰਦਰ ਹਰ ਰੋਜ਼ ਕੋਹੇ, ਮਾਰੇ ਤੇ ਲਾਪਤਾ ਕੀਤੇ ਜਾ ਰਹੇ ਆਪਣੇ ਭਰਾਵਾਂ ਤੇ ਭੈਣਾਂ ਦੇ ਦਰਦ ਨੂੰ ਵੰਡਾਈਏ। ਜੰਮਣਾ ਤੇ ਮਰਨਾ ਤਾਂ ਵਾਹਿਗੁਰੂ ਦੇ ਹੱਥ ਹੈ ਅਤੇ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਤੋੰ ਪਹਿਲਾਂ ਮੈਨੂੰ ਆਪਣੇ ਸਿੱਖ ਭਰਾਵਾਂ ਤੇ ਭੈਣਾਂ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਇਹੋ ਸਿਖਾਇਆ ਹੈ। ਵਾਹਿਗੁਰੂ ਨਿਰਭਉ ਹੈ ਅਤੇ ਸਾਨੂੰ ਡਰੂ ਨਹੀੰ ਹੋਣਾ ਚਾਹੀਦਾ।” ਜ਼ਿਕਰਯੋਗ ਹੈ ਕਿ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਭਾਰਤੀ ਹਿੰਦੂ ਹਾਕਮਾਂ ਦੇ ਹੁਕਮ 'ਤੇ ਪੰਜਾਬ ਦੇ ਬੁੱਚੜ ਪੁਲੀਸ ਅਫ਼ਸਰਾਂ ਨੇ ਸਿੱਖ ਜਵਾਨੀ ਨੂੰ ਕੋਹ-ਕੋਹ ਕੇ ਮਾਰਿਆ ਸੀ। ਘਰਾਂ, ਖੇਤਾਂ ਤੇ ਦੁਕਾਨਾਂ ਵਿੱਚੋਂ ਚੁੱਕ ਕੇ ਹਜ਼ਾਰਾਂ ਨੌਜਵਾਨ ਲਾਪਤਾ ਕਰ ਦਿੱਤੇ ਤੇ ਲਵਾਰਿਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਸਨ। ਇਹਨਾਂ ਸਿੱਖ ਨੌਜਵਾਨਾਂ ਉੱਤੇ ਖੂੰਖਾਰ ਪੁਲਸੀਆਂ ਨੇ ਅਜਿਹੇ ਖੌਫ਼ਨਾਕ ਜ਼ੁਲਮ ਕੀਤੇ ਸਨ ਕਿ ਜਿਸ ਨੇ ਮੁਗਲ ਹਕੂਮਤ ਅਤੇ ਅੰਗਰੇਜ਼ ਹਕੂਮਤ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ ਸੀ। ਪੱਤਾ-ਪੱਤਾ ਸਿੰਘਾਂ ਦਾ ਵੈਰੀ ਬਣ ਗਿਆ ਸੀ, ਅੰਮ੍ਰਿਤਧਾਰੀ-ਕੇਸਾਧਾਰੀ ਤੇ ਹੋਰ ਸਿੱਖਾਂ ਨੂੰ ਅੱਤਵਾਦੀ-ਦਹਿਸ਼ਤਗਰਦ ਤੇ ਖਾੜਕੂ ਕਹਿ ਕੇ ਥਾਣਿਆਂ ਅਤੇ ਬੁੱਚੜਖਾਨਿਆਂ ਵਿੱਚ ਲਿਜਾ ਕੇ ਉਹਨਾਂ ਦੇ ਚੱਡੇ ਪਾੜੇ, ਸਰੀਰਾਂ 'ਤੇ ਕਰੰਟ ਲਾਏ, ਲੱਤਾਂ 'ਤੇ ਘੋਟਣੇ ਫੇਰੇ, ਡਾਂਗਾਂ ਨਾਲ ਸਰੀਰ ਪਿੰਜ ਦਿੱਤਾ, ਕਿਸੇ ਦੀਆਂ ਅੱਖਾਂ ਕੱਢੀਆਂ, ਕਿਸੇ ਦੇ ਸਰੀਰ 'ਤੇ ਗਰਮ ਪ੍ਰੈੱਸਾਂ ਲਾਈਆਂ, ਕਿਸੇ ਦੇ ਸਿਰ 'ਤੇ ਕਿੱਲ ਠੋਕੇ, ਕਿਸੇ ਦੀ ਖੋਪਰੀ ਲਾਹ ਦਿੱਤੀ, ਕਿਸੇ ਦੀ ਜ਼ੁਬਾਨ ਵੱਢ ਦਿੱਤੀ, ਕਿਸੇ ਨੂੰ ਪੁੱਠਾ ਟੰਗ ਕੇ ਥੱਲਿਓਂ ਹੀਟਰ ਨਾਲ ਸਿਰ ਸਾੜ ਦਿੱਤਾ, ਕਿਸੇ ਨੂੰ ਗਰਮ ਕੜਾਹੇ ਵਿੱਚ ਉਬਾਲ ਦਿੱਤਾ, ਕਿਸੇ ਦੀਆਂ ਲੱਤਾਂ ਦੋ ਜੀਪਾਂ ਨਾਲ਼ ਬੰਨ੍ਹ ਕੇ ਵਿਚਾਲਿਓਂ ਪਾੜ ਦਿੱਤਾ, ਕਿਸੇ ਦੀ ਲੱਤ ਵਿੱਚ ਸਰੀਏ ਖੋਭ ਦਿੱਤੇ, ਪਿੱਛੇ ਗੁਦਾ ਵਿੱਚ ਮਿਰਚਾਂ ਲਾ ਕੇ ਡੰਡਾ ਧੱਕ ਦਿੱਤਾ, ਕਿਸੇ ਦੇ ਹੱਥ-ਪੈਰ ਵੱਢ ਦਿੱਤੇ, ਕਈਆਂ ਦੇ ਹੱਥ-ਪੈਰ ਬੰਨ੍ਹ ਕੇ ਸੁੰਨਸਾਨ ਜਗ੍ਹਾ 'ਤੇ ਲਿਜਾ ਕੇ ਗੋਲ਼ੀਆਂ ਮਾਰ ਕੇ ਮੁਕਾਬਲਾ ਵਿਖਾ ਦਿੱਤਾ। ਦਿੱਲੀ ਦਰਬਾਰ ਦੀਆਂ ਸਿੱਖ-ਮਾਰੂ ਨੀਤੀਆਂ ਤਹਿਤ ਦਰਿੰਦੇ ਪੁਲਸੀਆਂ ਨੇ ਮੁੱਖ ਮੰਤਰੀ ਜ਼ਾਲਮ ਬਿਅੰਤ ਸਿਹੁੰ ਤੇ ਪੁਲਿਸ ਮੁਖੀ ਬੁੱਚੜ ਕੇ.ਪੀ.ਐੱਸ. ਗਿੱਲ ਦੇ ਕਹਿਣ 'ਤੇ ਪੰਜਾਬ ਨੂੰ ਸ਼ਮਸ਼ਾਨ ਘਾਟ ਵਿੱਚ ਬਦਲ ਦਿੱਤਾ, ਪੁਲਿਸ ਇੱਕ ਕਾਤਲ ਮਸ਼ੀਨ ਬਣ ਗਈ, ਬੰਦੇ ਮਾਰਨ ਦਾ ਸਵਾਦ ਪੈ ਗਿਆ, ਫੀਤੀਆਂ-ਸਟਾਰਾਂ ਤੇ ਇਨਾਮਾਂ ਦੇ ਲਾਲਚਾਂ ਵਿੱਚ 25 ਹਜ਼ਾਰ ਤੋਂ ਵੱਧ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ, ਉਹਨਾਂ ਦੇ ਪਰਿਵਾਰਾਂ ਨੂੰ ਲਾਸ਼ਾਂ ਵੀ ਨਾ ਸੌਂਪੀਆਂ, ਕਈਆਂ ਦੀਆਂ ਲਾਸ਼ਾਂ ਲਵਾਰਿਸ ਕਹਿ ਕੇ ਸ਼ਮਸ਼ਾਨਾਂ ਘਾਟਾਂ ਵਿੱਚ ਸਾੜ ਦਿੱਤੀਆਂ ਤੇ ਕਈ ਦਰਿਆ ਦੇ ਵਿੱਚ ਵਹਾ ਦਿੱਤੀਆਂ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦੇਵ ਸਿੰਘ ਕਾਉਂਕੇ ਅਤੇ ਬਾਬਾ ਚਰਨ ਸਿੰਘ ਕਾਰ ਸੇਵਾ ਬੀੜ ਸਾਹਿਬ ਵਾਲੇ ਵੀ ਨਾ ਬਖਸ਼ੇ ਗਏ। ਇਹਨਾਂ ਹਲਾਤਾਂ ਵਿੱਚ ਭਾਈ ਜਸਵੰਤ ਸਿੰਘ ਖਾਲੜਾ ਤੇ ਉਹਨਾਂ ਦੀ ਟੀਮ ਸਰਕਾਰ ਵਿਰੁੱਧ ਖੜ੍ਹ ਗਈ, ਸ਼ਮਸ਼ਾਨ ਘਾਟਾਂ 'ਚੋਂ ਰਿਕਾਰਡ ਪ੍ਰਾਪਤ ਕਰਕੇ ਅਤੇ ਹਰ ਸ਼ਹੀਦ ਦੇ ਪਰਿਵਾਰ ਨਾਲ ਸੰਪਰਕ ਕਰਕੇ ਉਹਨਾਂ ਨੇ ਭਾਰਤ ਅਤੇ ਵਿਦੇਸ਼ਾਂ ਵਿੱਚ ਸਰਕਾਰ ਦਾ ਕਰੂਰ ਚਿਹਰਾ ਨੰਗਾ ਕਰ ਦਿੱਤਾ। ਭਾਈ ਖਾਲੜਾ ਦੀ ਚੁਣੌਤੀ ਅਤੇ ਸੱਚ ਨੇ ਸਰਕਾਰ ਅਤੇ ਪੁਲਿਸ ਦੀ ਹਰ ਪਾਸਿਓਂ ਘੇਰਾਬੰਦੀ ਕਰ ਦਿੱਤੀ ਤੇ ਫਿਰ ਭਾਈ ਖਾਲੜਾ ਨਾਲ ਵੀ ਓਹੀ ਕੁਝ ਹੋਇਆ ਜਿਨ੍ਹਾਂ ਦੀ ਉਹ ਪੈਰਵਾਈ ਕਰ ਰਹੇ ਸਨ ਤੇ ਲਾਵਾਰਿਸ ਲਾਸ਼ਾਂ ਦੇ ਵਾਰਸ ਨੂੰ ਵੀ ਲਵਾਰਿਸ ਬਣਾ ਦਿੱਤਾ ਗਿਆ। ਪਰ ਭਾਈ ਖਾਲੜਾ ਨੇ ਜੋ ਕਰ ਵਿਖਾਇਆ ਸੀ ਉਹ ਰਹਿੰਦੀ ਦੁਨੀਆਂ ਤਕ ਭਾਰਤੀ ਹਕੂਮਤ ਦੇ ਮੱਥੇ ਉੱਤੇ ਵੱਡਾ ਕਲੰਕ ਬਣ ਗਿਆ ਹੈ ਜੋ ਕਦੇ ਨਹੀਂ ਮਿਟਣਾ ਤੇ ਇਹ ਸੱਚ ਹੁਣ ਕਦੇ ਨਹੀਂ ਛੁਪਣਾ, ਭਾਈ ਖਾਲੜਾ ਦੀ ਆਵਾਜ਼ ਕਦੇ ਦਬਾਈ ਨਹੀਂ ਜਾਣੀ ਉਹ ਸਦਾ ਗਰਜਦੇ ਰਹਿਣਗੇ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply