ਸਿੱਖ ਧਰਮ ਇੱਕ ਖਾੜਕੂ ਧਰਮ ਹੈ, ਖ਼ਾਲਿਸਤਾਨ ਦੀ ਲੜਾਈ ਨੂੰ ਮੈਂ ਇੱਕ ਧਰਮੀ ਲੜਾਈ ਸਮਝਦਾ ਹਾਂ - ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ

ਸਿੱਖ ਧਰਮ ਇੱਕ ਖਾੜਕੂ ਧਰਮ ਹੈ, ਖ਼ਾਲਿਸਤਾਨ ਦੀ ਲੜਾਈ ਨੂੰ ਮੈਂ ਇੱਕ ਧਰਮੀ ਲੜਾਈ ਸਮਝਦਾ ਹਾਂ - ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ

ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਸਿੱਖ ਸੰਘਰਸ਼ ਦੇ ਨਾਇਕ, ਮਨੁੱਖੀ ਹੱਕਾਂ ਦੇ ਪਹਿਰੇਦਾਰ ਅਤੇ ਪੱਚੀ ਹਜ਼ਾਰ ਲਾਵਾਰਿਸ ਲਾਸ਼ਾਂ ਦੇ ਵਾਰਿਸ ਸਨ। ਉਹਨਾਂ ਨੇ ਦੁਨੀਆਂ ਭਰ ਵਿੱਚ ਭਾਰਤ ਸਰਕਾਰ ਦਾ ਕਰੂਰ ਚਿਹਰਾ ਨੰਗਾ ਕਰ ਵਿਖਾਇਆ ਤੇ ਇੱਕ ਸੱਚਾ ਸਿੱਖ ਹੋਣ ਦਾ ਆਪਣਾ ਫਰਜ ਬਾਖ਼ੂਬੀ ਨਿਭਾਇਆ। ਇਸ ਲੇਖ ਵਿੱਚ ਅਸੀਂ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਸਿੱਖ ਧਰਮ, ਜੁਝਾਰੂ ਸਿੰਘਾਂ ਅਤੇ ਖ਼ਾਲਿਸਤਾਨੀ ਸੰਘਰਸ਼ ਬਾਬਤ ਉਹਨਾਂ ਦੇ ਆਪਣੇ ਲਿਖਤ-ਵਿਚਾਰ ਪੇਸ਼ ਕਰ ਰਹੇ ਹਾਂ ਤਾਂ ਜੋ ਸਿੱਖ ਸੰਗਤਾਂ ਨੂੰ ਉਹਨਾਂ ਦੀ ਮਹਾਨ ਵਿਚਾਰਧਾਰਾ ਬਾਰੇ ਪਤਾ ਲੱਗ ਸਕੇ ਤੇ ਇਹਨਾਂ ਵਿਚਾਰਾਂ ਤੋਂ ਸੇਧ ਪ੍ਰਾਪਤ ਕਰਕੇ ਕੌਮੀ ਸੰਘਰਸ਼ ਦੇ ਅਜ਼ਾਦੀ ਦੇ ਨਿਸ਼ਾਨੇ ਵੱਲ ਅੱਗੇ ਵਧਿਆ ਜਾਵੇ।
ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਲਿਖਦੇ ਹਨ ਕਿ "ਖਾੜਕੂ ਆਪਣੇ ਆਪ ਪੈਦਾ ਨਹੀਂ ਹੁੰਦੇ, ਨਾ ਕਿਸੇ ਦੇ ਖ਼ਤਮ ਕੀਤਿਆਂ ਇਹ ਖ਼ਤਮ ਹੁੰਦੇ ਹਨ। ਕੋਈ ਬੇਈਮਾਨ ਲਹਿਰ ਖਾੜਕੂ ਪੈਦਾ ਨਹੀਂ ਕਰ ਸਕਦੀ ਤੇ ਕੋਈ ਖਾੜਕੂ ਬੇਈਮਾਨ ਹੋ ਕੇ ਖਾੜਕੂ ਨਹੀਂ ਰਹਿ ਸਕਦਾ। ਹਾਂ, ਖਾੜਕੂ ਤੇ ਅੱਤਵਾਦੀ ਵਿੱਚ ਫ਼ਰਕ ਹੁੰਦਾ ਹੈ। ਬਾਹਰੋਂ ਦੇਖਣ ਨੂੰ ਇਹ ਮਹਿਸੂਸ ਨਹੀਂ ਹੁੰਦਾ ਪਰ ਜਿਹੜਾ ਬੰਦਾ ਖਾੜਕੂਆਂ ਦੇ ਭੇਸ ਵਿੱਚ ਵਿਚਰਦਾ ਸਿੱਖੀ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਸਿਰਫ਼ ਦਹਿਸ਼ਤ ਹੀ ਫੈਲਾਉਂਦਾ ਹੈ, ਧੌਂਸ ਦੀ ਰਾਜਨੀਤੀ ਦਾ ਹੀ ਆਸਰਾ ਲੈਂਦਾ ਹੈ, ਨਿੱਜੀ ਮੁਫ਼ਾਦ ਨੂੰ ਕੌਮੀ ਮੁਫ਼ਾਦ ਤੋਂ ਉੱਪਰ ਲੈ ਜਾਂਦਾ ਹੈ, ਉਹ ਅੱਤਵਾਦੀ ਹੁੰਦਾ ਹੈ ਤੇ ਅੱਤਵਾਦ ਹੀ ਉਸ ਦਾ ਸਿਧਾਂਤ ਹੁੰਦਾ ਹੈ।
ਸਿੱਖ ਧਰਮ ਆਪਣੇ ਆਪ ਵਿੱਚ ਇਕ ਖਾੜਕੂ ਧਰਮ ਹੈ। ਖ਼ਾਲਸੇ ਦੀ ਸਿਰਜਣਾ ਸਮਾਜਿਕ ਕੁਰਹਿਤਾਂ ਤੇ ਜਬਰ ਜ਼ੁਲਮ ਦਾ ਨਾਸ਼ ਕਰਨ ਲਈ ਇੱਕ ਖਾੜਕੂ ਲਹਿਰ ਦੇ ਰੂਪ ਵਿੱਚ ਹੋਈ ਹੈ। ਜੋ ਖ਼ਾਲਸਈ ਸਿਧਾਂਤ ਤੋਂ ਦੂਰ ਜਾਂਦਾ ਹੈ ਉਹ ਖਾੜਕੂ ਸਮਾਜਿਕ ਰਹੁ-ਰੀਤਾਂ ਤੋਂ ਦੂਰ ਜਾਂਦਾ ਹੈ। ਇਸ ਲਈ ਸਾਡੇ ਅੰਦਰ ਖ਼ਾਲਸਈ ਸਿਧਾਂਤ ਦੀ ਪਹਿਰੇਦਾਰੀ ਦਾ ਦ੍ਰਿੜ੍ਹ ਨਿਸਚਾ ਕਾਇਮ ਰਹੇ, ਇਹ ਵੀ ਖਾੜਕੂ ਲਹਿਰ ਦੇ ਕਾਇਮ ਰਹਿਣ ਲਈ ਜ਼ਰੂਰੀ ਹੈ। ਹਾਂ, ਸਾਰਾ ਖ਼ਾਲਸਾ ਖਾੜਕੂ ਬਣੇ ਇਸ ਦੇ ਲਈ ਸਾਨੂੰ ਸਾਡੀ ਲਹਿਰ ਵਿੱਚੋਂ ਅਤਿਵਾਦੀਆਂ ਨੂੰ ਵੱਖਰੇ ਕਰਨਾ ਪਵੇਗਾ। ਜਿਨ੍ਹਾਂ ਨੇ ਅਸਲ ਲਹਿਰ ਨੂੰ ਬਦਨਾਮ ਕੀਤਾ, ਉਨ੍ਹਾਂ ਉੱਤੇ ਉਂਗਲ ਧਰਨੀ ਪਵੇਗੀ ਤੇ ਸਾਰੀ ਕੌਮ ਨੂੰ ਮੁੜ ਖਾੜਕੂ ਸਰੂਪ ਦੇਣ ਦੀ ਕੋਸ਼ਿਸ਼ ਕਰਨੀ ਪਵੇਗੀ। ਸਿੱਖ ਅਤਿਵਾਦੀ ਨਹੀਂ ਬਣਨਗੇ ਪਰ ਸਮਾਜ ਅੰਦਰੋਂ ਗੰਦ ਸਾਫ਼ ਕਰਨ ਲਈ ਸਿੱਖ ਆਪਣੀਆਂ ਖਾੜਕੂ ਰਵਾਇਤਾਂ ਸਦਾ ਕਾਇਮ ਰੱਖਣਗੇ । ਏਸੇ ਨਾਲ ਹੀ ਪਹਿਲਾਂ ਸਮਾਜ ਦਾ ਭਲਾ ਹੋਇਆ ਸੀ ਤੇ ਏਸੇ ਨਾਲ ਸਮਾਜ ਫਿਰ ਉਚੇਰੀ ਪੱਧਰ ਵੱਲ ਵਧੇਗਾ। ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਭਾਰਤੀ ਕੌਮ ਦੇ ਹਮਲੇ ਦੇ ਦਸਵੇਂ ਸਾਲ ਸਾਨੂੰ ਇਹ ਪ੍ਰਣ ਦੁਹਰਾਉਣਾ ਪਵੇਗਾ।"
"ਦੁਨੀਆਂ ਵਿੱਚ ਕਾਰਨ ਤੇ ਪ੍ਰਭਾਵ ਦਾ ਬਹੁਤ ਗੂੜ੍ਹਾ ਰਿਸ਼ਤਾ ਹੁੰਦਾ ਹੈ। ਹਰ ਘਟਨਾ ਦੇ ਪੈਦਾ ਹੋਣ ਦਾ ਜੋ ਕਾਰਨ ਹੁੰਦਾ ਹੈ ਉਸ ਦੇ ਪ੍ਰਭਾਵ ਉੱਤੇ ਉਸ ਦੀ ਛਾਪ ਜ਼ਰੂਰ ਹੁੰਦੀ ਹੈ। ਅਸੀਂ ਚਾਹੁੰਦਿਆਂ ਹੋਇਆਂ ਵੀ ਉਸ ਤੋਂ ਬਚ ਨਹੀਂ ਸਕਦੇ। ਜੇਕਰ ਇਕ ਸਿੱਖ ਅੰਦਰ ਖ਼ਾਲਿਸਤਾਨ ਪ੍ਰਤੀ ਤਾਂਘ ਉਸ ਅੰਦਰ ਗੁਰਬਾਣੀ ਜਾਂ ਸਿੱਖ ਫ਼ਿਲਾਸਫ਼ੀ ਰਾਹੀਂ ਉਭਰਦੀ ਹੈ ਤਾਂ ਉਸ ਦੀਆਂ ਸਰਗਰਮੀਆਂ ਉੱਪਰ ਸਿੱਖੀ ਦੀ ਸਿਧਾਂਤਕ ਛਾਪ ਤੁਹਾਨੂੰ ਦਿਖਾਈ ਦੇਵੇਗੀ। ਪਰ ਜੇਕਰ ਇਕ ਸਿੱਖ ਅੰਦਰ ਖ਼ਾਲਿਸਤਾਨ ਪ੍ਰਤੀ ਝੁਕਾਅ ਵਿਰੋਧੀ ਦੇ ਦਮਨ ਜਾਂ ਰਾਜਨੀਤਿਕ ਘਟਨਾ ਚੱਕਰ ਵਿੱਚੋਂ ਜਾਂ ਆਰਥਿਕ ਵਿਤਕਰੇਬਾਜ਼ੀ ਦੇ ਫਲਸਰੂਪ ਪੈਦਾ ਹੋਵੇ ਤਾਂ ਉਸ ਦੀਆਂ ਸਰਗਰਮੀਆਂ ਉੱਪਰ ਉਸੇ ਤਰ੍ਹਾਂ ਰਾਜਨੀਤਕ ਜਾਂ ਆਰਥਿਕ ਛਾਪ ਤੁਹਾਨੂੰ ਦੇਖਣ ਨੂੰ ਮਿਲੇਗੀ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅੰਦਰ ਖ਼ਾਲਿਸਤਾਨ ਦੀ ਧਾਰਨਾ ਉਨ੍ਹਾਂ ਵੱਲੋਂ ਕੀਤੇ ਗੁਰਬਾਣੀ ਦੇ ਅਧਿਐਨ ਵਿੱਚੋਂ ਪੈਦਾ ਹੋਈ ਸੀ। ਇਸੇ ਲਈ ਉਨ੍ਹਾਂ ਦੀਆਂ ਖ਼ਾਲਿਸਤਾਨ ਪ੍ਰਤੀ ਸਰਗਰਮੀਆਂ ਉਪਰ ਗੁਰਬਾਣੀ ਦੀ ਮੋਹਰ ਸੀ ਤੇ ਉਹ ਹਰੇਕ ਸਿੱਖ ਨੂੰ ਖ਼ਾਲਿਸਤਾਨੀ ਬਣਨ ਦੇ ਲਈ ਗੁਰਬਾਣੀ ਦੇ ਲੜ ਲੱਗਣ ਲਈ ਪ੍ਰੇਰਦੇ ਸਨ। ਅੱਜ ਅਨੇਕਾਂ ਲੋਕਾਂ ਦੇ ਖ਼ਾਲਿਸਤਾਨ ਦੇ ਨਾਅਰੇ 'ਤੇ ਤੁਹਾਨੂੰ ਗੁਰਬਾਣੀ ਦੇ ਅਕਸ ਦਿਖਾਈ ਦੇਣਗੇ। ਪਰ ਦਿੱਲੀ ਦਰਬਾਰ ਵੱਲੋਂ ਸੰਤਾਂ ਦੀ ਇਸ ਜ਼ੋਰ ਫੜ ਰਹੀ ਲਹਿਰ ਨੂੰ ਕੁਚਲਣ ਲਈ ਜਦ ਹਥਿਆਰਬੰਦ ਧਾਵਾ ਬੋਲਿਆ ਗਿਆ ਤਾਂ ਬੜੀ ਵੱਡੀ ਪੱਧਰ 'ਤੇ ਸਿੱਖਾਂ ਦੀ ਸੋਚ 'ਤੇ ਇਸ ਦਾ ਅਸਰ ਹੋਇਆ। ਖ਼ਾਲਿਸਤਾਨੀ ਲਹਿਰ ਵਿੱਚ ਸ਼ਾਮਲ ਹੋਏ ਇਹ ਇਮਾਨਦਾਰ ਕੁਰਬਾਨੀ ਵਾਲੇ ਕਾਫ਼ਲੇ ਮੁੱਢਲੇ ਰੂਪ ਵਿਚ ਦੁਸ਼ਮਣ ਦੇ ਹਥਿਆਰਬੰਦ ਹਮਲੇ ਤੋਂ ਪ੍ਰਭਾਵਿਤ ਸਨ। ਇਸ ਕਾਰਨ ਇਨ੍ਹਾਂ ਮਹਾਨ ਯੋਧਿਆਂ 'ਤੇ ਉਸ ਕਾਰਨ ਦਾ ਪ੍ਰਭਾਵ ਸਪੱਸ਼ਟ ਸੀ, ਤੇ ਇਹ ਲਹਿਰ ਸਿੱਖੀ ਤੇ ਗੁਰਬਾਣੀ ਨੂੰ ਮੰਨਦੀ ਹੋਈ ਵੀ ਹਥਿਆਰਾਂ ਦੀ ਪ੍ਰਮੁੱਖਤਾ ਉੱਤੇ ਜ਼ੋਰ ਦਿੰਦੀ ਸੀ। ਇਹ ਸਭ ਕੁੱਝ ਕੁਦਰਤੀ ਵਰਤਾਰਾ ਸੀ ਕਿਉਂਕਿ ਦੁਸ਼ਮਣ ਨੇ ਸਾਨੂੰ ਚੈਲਿੰਜ ਕੀਤਾ ਸੀ ਤੇ ਉਸ ਨੇ ਸਾਨੂੰ ਹਥਿਆਰਾਂ ਦੇ ਜ਼ੋਰ ਖ਼ਤਮ ਕਰਨ ਦਾ ਬੀੜਾ ਚੁੱਕਿਆ ਸੀ ਤੇ ਅਸੀਂ ਉਸ ਦਾ ਚੈਲਿੰਜ ਕਬੂਲ ਕਰਦਿਆਂ ਉਸ ਦਾ ਹਥਿਆਰਬੰਦ ਮੁਕਾਬਲਾ ਕਰਨ ਦਾ ਅਹਿਦ ਕੀਤਾ ਸੀ। ਹਥਿਆਰ ਸੰਤਾਂ ਨੇ ਵੀ ਉਠਾਏ ਸਨ ਅਤੇ ਸਿੱਖ ਕੌਮ ਨੂੰ ਉਠਾਉਣ ਦੀ ਪ੍ਰੇਰਨਾ ਦਿੱਤੀ ਸੀ, ਪਰ ਉਹ ਗੁਰਬਾਣੀ ਦੇ ਪਹਿਰੇ ਦੇ ਹੇਠ ਰਹਿਣ ਦੀ ਤਾਕੀਦ ਕਰਦੇ ਸਨ। ਦੁਸ਼ਮਣ ਨੇ ਸਾਨੂੰ ਜਿਸ ਕਮੀਨਗੀ ਨਾਲ ਖ਼ਤਮ ਕਰਨ ਦਾ ਯਤਨ ਕੀਤਾ, ਉਸ ਤੋਂ ਗੁੱਸਾ ਖਾ ਕੇ ਅਨੇਕਾਂ ਸਿੱਖੀ ਤੋਂ ਅਤੇ ਗੁਰਬਾਣੀ ਤੋਂ ਬੇਮੁੱਖ ਹੋਏ ਲੋਕ ਬੇਦਾਵਾ ਪੜਵਾਉਣ ਲਈ ਇਸ ਲਹਿਰ ਵਿਚ ਸ਼ਾਮਲ ਹੋਏ ਹਨ। ਉਹਨਾਂ ਵਿੱਚੋਂ ਅਣਗਿਣਤ ਆਪਣੀ ਕੁਰਬਾਨੀ ਨਾਲ ਗੁਰੂ ਦੇ ਚਰਨਾਂ ਤਕ ਪਹੁੰਚਣ ਵਿੱਚ ਕਾਮਯਾਬ ਹੋਏ ਹਨ, ਅਨੇਕਾਂ ਦੀਆਂ ਕੋਸ਼ਿਸ਼ਾਂ ਜਾਰੀ ਹਨ। ਅੱਜ (ਜਨਵਰੀ 1992) ਖ਼ਾਲਿਸਤਾਨ ਲਹਿਰ ਅੰਦਰ ਵਿਚਰ ਰਹੇ ਵਰਕਰਾਂ ਅੰਦਰ ਉਨ੍ਹਾਂ ਦੇ ਪਿਛੋਕੜ ਵਾਲੇ ਵਿਚਾਰ ਵੀ ਵਿਚਰ ਰਹੇ ਹਨ ਅਤੇ ਵੱਖ-ਵੱਖ ਵਿਚਾਰਾਂ ਦੇ ਟਕਰਾਅ ਜਾਰੀ ਹਨ। ਲਹਿਰ ਨੂੰ ਇਕਜੁੱਟ ਕਰਨ ਲਈ ਜ਼ਰੂਰੀ ਹੈ ਕਿ ਆਪਸੀ ਵਖਰੇਵੇਂ ਦੂਰ ਕੀਤੇ ਜਾਣ। ਆਪਸੀ ਵਖਰੇਵੇਂ ਦੋ ਤਰ੍ਹਾਂ ਨਾਲ ਦੂਰ ਹੋ ਸਕਦੇ ਹਨ। ਇੱਕ ਤਾਂ ਵਿਚਾਰਧਾਰਕ ਬਹਿਸ ਰਾਹੀਂ ਤੇ ਦੂਜਾ ਤਰੀਕਾ ਹੈ ਸੰਘਰਸ਼ ਦੀ ਪ੍ਰਗਤੀ ਰਾਹੀਂ। ਇਹਨਾਂ ਦੋਹਾਂ ਵਿੱਚੋਂ ਮੁੱਖ ਹੁੰਦਾ ਹੈ ਵਿਚਾਰਧਾਰਾ ਦਾ ਮਸਲਾ। ਜੇਕਰ ਹਰੇਕ ਗਰੁੱਪ ਤੇ ਉਸ ਦਾ ਲੀਡਰ ਆਪਣੀ ਲਾਈਨ (ਵਿਚਾਰਧਾਰਾ) ਤੇ ਐਕਸ਼ਨ ਨੂੰ ਗੁਰਬਾਣੀ ਦੇ ਤਰਾਜ਼ੂ 'ਤੇ ਧਰ ਕੇ ਤੋਲਣ ਦੀ ਪਿਰਤ ਪਾਵੇ ਅਤੇ ਸੰਗਤ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੇ ਕਿ ਗੁਰਮਤਿ ਦੇ ਮੁਤਾਬਿਕ ਉਸ ਦੀ ਲਾਈਨ ਤੇ ਐਕਸ਼ਨ ਕਿੰਨੇ ਕੁ ਦਰੁਸਤ ਸਾਬਤ ਹੋ ਰਹੇ ਹਨ ਤਾਂ ਸੰਗਤਾਂ ਉਸ ਬਾਰੇ ਸਹੀ ਸਿੱਟੇ ਕੱਢ ਸਕਦੀਆਂ ਹਨ।"
"ਸਾਨੂੰ ਇਹ ਸਪੱਸ਼ਟ ਹੋ ਕੇ ਚੱਲਣਾ ਪਵੇਗਾ ਕਿ ਖ਼ਾਲਿਸਤਾਨ ਦਾ ਲਕਸ਼ ਸਿੱਖ ਕੌਮ ਅਤੇ ਗੁਰਬਾਣੀ ਦਾ 'ਇਸੁ ਜਗ ਮਹਿ ਚਾਨਣੁ' ਪਸਾਰਨ ਲਈ ਮਿਥਿਆ ਹੈ। ਅਤੇ ਜੇਕਰ ਸਾਡੀ ਲਹਿਰ ਇਸ ਤੋਂ ਆਸੇ ਪਾਸੇ ਜਾ ਰਹੀ ਹੈ ਤਾਂ ਅਸੀਂ ਗੁਰੂ ਤੋਂ ਬੇਮੁੱਖ ਹੋ ਕੇ ਕਿਸੇ ਹੋਰ ਦੇ ਢਾਹੇ ਚੜ੍ਹ ਰਹੇ ਹੋਵਾਂਗੇ। ਦੁਨੀਆਂ ਵਿੱਚ ਰਾਜ ਸਥਾਪਤ ਕਰਨ ਦੇ, ਕੌਮਾਂ ਦੀ ਵਿਆਖਿਆ ਦੇ, ਰਾਜਾਂ ਦੀ ਖ਼ੁਸ਼ਹਾਲੀ ਦੇ ਅਤੇ ਰਾਜਨੀਤਕ ਬਣਤਰਾਂ ਦੇ ਅਨੇਕਾਂ ਸਿਧਾਂਤ ਮੌਜੂਦ ਹਨ। ਜਿਨ੍ਹਾਂ ਮੁਤਾਬਿਕ ਇਤਿਹਾਸ ਵਿੱਚ ਅਨੇਕਾਂ ਰਾਜ ਕਾਇਮ ਹੋਏ, ਤਬਾਹ ਹੋਏ, ਵਿਚਰ ਰਹੇ ਹਨ ਅਤੇ ਸੰਕਟ ਗ੍ਰਸਤ ਵੀ ਹਨ। ਇਹਨਾਂ ਵਿਚ ਇਸਲਾਮੀ ਰਾਜ, ਬੋਧੀ ਰਾਜ, ਈਸਾਈ ਰਾਜ, ਮਿਲਗੋਭਾ ਰਾਜ (ਅਖੌਤੀ ਸੈਕੂਲਰ), ਨਾਸਤਿਕ ਰਾਜ (ਕਮਿਊਨਿਸਟ) ਅਤੇ ਮਨਮੱਤੇ ਰਾਜ (ਨਿੱਜੀ ਤਾਨਾਸ਼ਾਹੀ) ਦੇ ਮਾਡਲ ਪ੍ਰਚੱਲਤ ਹਨ। ਇਹਨਾਂ ਦੇ ਆਪੋ-ਆਪਣੇ ਵਿਚਾਰ ਹਨ ਅਤੇ ਆਪੋ-ਆਪਣੀਆਂ ਬਣਤਰਾਂ। ਇਹਨਾਂ ਵਿੱਚੋਂ ਕੋਈ ਵੀ ਰਾਜ ਅੱਜ ਸਹੀ ਮਾਅਨਿਆਂ ਵਿੱਚ ਮਨੁੱਖਤਾ ਦੇ ਭਲੇ ਲਈ ਵਧੀਆ ਨਮੂਨਾ ਨਹੀਂ ਪੇਸ਼ ਕਰ ਰਿਹਾ। ਕਿਉਂਕਿ ਉਹਨਾਂ ਦੀ ਵਿਚਾਰਧਾਰਾ ਮਨੁੱਖਤਾ ਦੇ ਪਰਉਪਕਾਰ ਲਈ ਸਹੀ ਲਾਈਨ ਪੇਸ਼ ਨਹੀਂ ਕਰ ਸਕੀ। ਤਾਹੀਓਂ ਤਾਂ ਅੱਜ ਦੁਨੀਆਂ ਦਾ ਹਰੇਕ ਰਾਜ ਸੰਕਟ-ਗ੍ਰਸਤ ਦਿਖਾਈ ਦੇ ਰਿਹਾ ਹੈ। ਕੋਈ ਆਰਥਿਕ ਤੌਰ 'ਤੇ ਅਮੀਰ ਹੋਣ ਦੇ ਬਾਵਜੂਦ ਵੀ ਸਭਿਆਚਾਰਕ ਕੰਗਾਲੀ ਵਿੱਚ ਫਸਦਾ ਜਾ ਰਿਹਾ ਹੈ ਅਤੇ ਕੋਈ ਸਭਿਆਚਾਰਕ ਵਿਕਾਸ ਲਈ ਕੋਸ਼ਿਸ਼ਾਂ ਕਰਦਾ ਆਰਥਿਕ ਕੰਗਾਲੀ ਵੱਲ ਵੱਧ ਰਿਹਾ ਹੈ। ਮਨੁੱਖੀ ਭਾਈਚਾਰੇ ਲਈ ਇੱਕ ਵਧੀਆ ਧਾਰਮਿਕ (ਨੈਤਿਕ), ਸੱਭਿਆਚਾਰਕ ਤੇ ਆਰਥਿਕ ਮਾਡਲ ਪੇਸ਼ ਕਰਨ ਵਿੱਚ ਉਹਨਾਂ ਦੀ ਅਸਫਲਤਾ ਉਹਨਾਂ ਦੇ ਰਾਜਾਂ ਦੇ ਸੰਕਟਾਂ ਦਾ ਕਾਰਨ ਬਣੀ ਪਈ ਹੈ। ਇਸੇ ਸਮੇਂ ਅੱਜ ਜਦੋਂ ਅਸੀਂ ਖ਼ਾਲਿਸਤਾਨ ਦੀ ਉਸਾਰੀ ਕਰ ਰਹੇ ਹਾਂ, ਤਾਂ ਸਾਨੂੰ ਉਹਨਾਂ ਦੇ ਭੱਠਿਆਂ ਦੀਆਂ ਕੱਚੀਆਂ ਪਿੱਲੀਆਂ ਤੇ ਖਿੰਗਰੀਆਂ ਇੱਟਾਂ ਨੂੰ ਵਰਤਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਲਈ ਸਾਨੂੰ ਸੁਚੇਤ ਹੋ ਕੇ ਚੱਲਣਾ ਪਵੇਗਾ ਕਿ ਗੁਰੂ ਦੀ ਸਿੱਖਿਆ ਮੁਤਾਬਿਕ ਜੋ ਹਲੇਮੀ ਰਾਜ ਅਸੀਂ ਸਥਾਪਤ ਕਰਨ ਜਾ ਰਹੇ ਹਾਂ, ਇਸ ਦੀ ਹਰ ਇੱਟ ਗੁਰਬਾਣੀ ਦੇ ਨਿੱਘ ਨਾਲ ਪੱਕ ਕੇ ਪ੍ਰਵਾਨ ਚੜ੍ਹੇ। ਆਲੇ-ਦੁਆਲੇ ਤੋਂ ਸਿੱਖਣਾ ਸਿਖਾਉਣਾ ਸਾਡਾ ਫ਼ਰਜ਼ ਹੈ ਪਰ ਬਾਹਰੋਂ ਉਹ ਕੁੱਝ ਨਹੀਂ ਸਿੱਖਿਆ ਜਾ ਸਕਦਾ, ਜੋ ਗੁਰਮਤਿ ਦੇ ਹਾਣ ਦਾ ਨਾ ਹੋਵੇ । ਆਲੇ-ਦੁਆਲੇ ਤੋਂ ਮੱਦਦ ਲੈਣੀ ਤੇ ਮੱਦਦ ਦੇਣੀ ਠੀਕ ਹੈ, ਪਰ ਸਿੱਖੀ ਸਿਧਾਂਤ ਦੀ ਕੀਮਤ 'ਤੇ ਨਹੀਂ। ਇਸ ਲਈ ਅਸੀਂ ਦੁਨੀਆਂ ਦੀ ਕਿਸੇ ਚੰਗੀ ਗੱਲ ਨੂੰ ਅਪਨਾਉਂਦਿਆਂ ਤੇ ਕਿਸੇ ਦੀ ਹਮਾਇਤ ਨੂੰ ਪ੍ਰਵਾਨ ਕਰਦਿਆਂ ਇਹ ਮੰਨ ਕੇ ਚੱਲਣਾ ਹੋਵੇਗਾ ਕਿ ਦੁਨੀਆਂ ਅੰਦਰ ਕੋਈ ਵੀ ਚੰਗਿਆਈ ਗੁਰਬਾਣੀ ਵਿੱਚ ਦਰਜ ਚੰਗਿਆਈਆਂ ਤੋਂ ਉੱਤਮ ਨਹੀਂ ਹੈ ਤੇ ਕਿਸੇ ਹਮਾਇਤੀ ਦੀ ਤਾਕਤ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਾਕਤ ਤੋਂ ਵੱਧ ਕੇ ਨਹੀਂ ਹੈ।"
"ਅਸੀਂ ਮਨਮੱਤ ਦੇ ਵੱਸ ਪੈ ਕੇ ਇਹੀ ਕਹੀ ਜਾ ਰਹੇ ਹਾਂ ਕਿ ਜੇਕਰ ਸਿੱਖ ਬਚੇ ਰਹੇ ਤਾਂ ਸਿੱਖੀ ਬਚੀ ਰਹੇਗੀ, ਪਰ ਗੁਰਮਤਿ ਸਾਨੂੰ ਕਹਿ ਰਹੀ ਹੈ ਕਿ ਜੇਕਰ ਸਿੱਖੀ ਬਚੀ ਰਹੀ ਤਾਂ ਹੀ ਸਿੱਖ ਬਚੇ ਰਹਿ ਸਕਣਗੇ ਤੇ ਸਿੱਖੀ ਸ਼ੁਰੂ ਹੁੰਦੀ ਹੈ ਅਕਾਲ ਪੁਰਖ ਦੇ ਸਾਹਮਣੇ ਆਪਣਾ ਸੀਸ ਅਰਪਨ ਕਰਨ ਤੋਂ। ਸਿੱਖ ਬੀਕਾਨੇਰ ਵੱਲ ਭੱਜਿਆ ਨਹੀਂ ਸੀ ਬਚ ਸਕਦੇ। ਸਿੱਖ ਬਚੇ ਸ੍ਰੀ ਦਰਬਾਰ ਸਾਹਿਬ ਵੱਲ ਸੀਸ ਭੇਟ ਕਰਨ ਲਈ ਅੱਗੇ ਵੱਧਦਿਆਂ। ਸੋ ਆਓ ਮਨਮੱਤ ਤੋਂ ਖਹਿੜਾ ਛੁਡਾਈਏ। ਸਿੱਖੀ ਨੂੰ ਬਚਾਈਏ। ਆਪਣੇ ਆਪ ਨੂੰ ਗੁਰੂ ਦੇ ਭੇਟ ਕਰੀਏ। ਗੁਰੂ ਤੋਂ ਦਾਤਾਂ ਮੰਗਣਾ ਸਿੱਖ ਦਾ ਫ਼ਰਜ਼ ਹੀ ਹੈ। ਅਸੀਂ ਦੁੱਧ ਮੰਗਿਆ, ਪੁੱਤ ਮੰਗਿਆ, ਹੋਰ ਸੁਖ ਆਰਾਮ ਮੰਗੇ, ਪਰ ਸਾਡੇ ਗੁਰੂ ਕੋਲ ਜੋ ਸਭ ਤੋਂ ਵੱਡੀ ਦਾਤ ਆਪਣੇ ਪੁੱਤਰਾਂ ਨੂੰ ਦੇਣ ਲਈ ਸੀ ਉਹ ਬਹੁਤ ਘੱਟ ਮੰਗੀ ਹੈ - ਉਹ ਦਾਤ ਹੈ ਕੁਰਬਾਨੀ ਦੀ। ਅਸੀਂ ਗੁਰੂ ਦੀਆਂ ਦਾਤਾਂ ਵਿੱਚੋਂ ਮਾਇਆ ਨੂੰ ਫਿਰ ਦਾਨ ਕਰਨ ਦੀ ਮਨਮੱਤ ਤਹਿਤ ਦਾਨੀ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਦਾਤਾਂ ਬਖ਼ਸ਼ਣ ਵਾਲੇ ਤੋਂ ਅਸਲੀ ਦਾਤ ਮੰਗਣ ਤੋਂ ਸ਼ਰਮਾ ਰਹੇ ਹਾਂ।
ਸਭ ਤੋਂ ਵੱਡੀ ਦਾਤ ਸਾਡੇ ਦਾਤੇ ਕੋਲ ਸ਼ਹਾਦਤ ਦੀ ਹੈ, ਪਰ ਉਹ ਕਿਸੇ ਕਰਮਾਂ ਵਾਲੇ ਨੂੰ ਹੀ ਮਿਲਦੀ ਹੈ । ਧੰਨ ਉਹ ਮਾਵਾਂ ਜਿਨ੍ਹਾਂ ਦੇ ਪੁੱਤ ਪੰਥ ਦੀ ਆਨ ਤੇ ਸ਼ਾਨ ਦੀ ਖ਼ਾਤਰ ਸਿਰ ਤਲੀ 'ਤੇ ਧਰ ਕੇ ਸ਼ਹਾਦਤ ਦੇ ਜਾਮ ਪੀ ਰਹੇ ਹਨ। ਪਰ ਸਾਡੇ ਵਿੱਚੋਂ ਕੁੱਝ ਵੀਰ ਮਨਮੱਤ ਦਾ ਸ਼ਿਕਾਰ ਹੋ ਕੇ ਕਹਿ ਰਹੇ ਹਨ ਕਿ ਪੰਜਾਬ ਵਿਚ ਅਜੇ ਕਾਫ਼ੀ ਨੌਜਵਾਨ ਹਨ ਜਿਨ੍ਹਾਂ ਨੂੰ ਕੁਰਬਾਨੀ ਦੇਣੀ ਚਾਹੀਦੀ ਹੈ । ਅਸੀਂ ਤਾਂ ਉਸ ਵੇਲੇ ਉਥੇ ਪਧਾਰਾਂਗੇ ਜਦ ਸਾਨੂੰ ਗੱਦੀ ਮਿਲੇਗੀ। ਵਾਹਿਗੁਰੂ ਉਨ੍ਹਾਂ ਨੂੰ ਲੰਮੀ ਉਮਰ ਦੇਵੇ ਤਾਂ ਕਿ ਉਹ ਲੰਮਾ ਚਿਰ ਇਹ ਸਭ ਕੁੱਝ ਦੇਖ ਸਕਣ ਕਿ ਗੁਰੂ ਜੋ ਰੁਤਬਾ ਸ਼ਹੀਦ ਨੂੰ ਦਿੰਦਾ ਹੈ ਉਹ ਨਵਾਬ ਨੂੰ ਨਹੀਂ ਦਿੰਦਾ। ਮੈਂ ਇਕ ਅਨਜਾਣ ਜਿਹਾ ਸਿੱਖ ਹਾਂ ਤੇ ਸੱਚ ਤਾਂ ਸੱਚੇ ਪਾਤਸ਼ਾਹ ਹੀ ਜਾਣਦੇ ਹਨ। ਪਰ ਮੈਂ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਕੌਮ ਦੀ ਆਜ਼ਾਦੀ ਦੀ ਚੱਲ ਰਹੀ ਲੜਾਈ ਵਿਚ ਵਜ਼ੀਰੀਆਂ ਦੇ ਸੁਪਨੇ ਮਾੜੇ ਤਾਂ ਨਹੀਂ ਹੁੰਦੇ, ਪਰ ਇਹ ਸ਼ਹਾਦਤ ਦੇ ਸੁਪਨੇ ਤੋਂ ਬਹੁਤ ਹੇਠਾਂ ਹੁੰਦੇ ਹਨ। ਠੀਕ ਹੈ ਸਿਆਸੀ ਲੋਕ ਵਜ਼ੀਰੀਆਂ ਦੀ ਲਾਲਸਾ ਲਈ ਲੜਦੇ ਹਨ। ਪਰ ਧਰਮੀ ਲੋਕ ਮੁਕਤੀ (ਲਿਬਰੇਸ਼ਨ) ਲਈ ਲੜਦੇ ਹਨ। ਅੱਜ ਸਾਡੇ ਵਿੱਚ ਦੋਹਾਂ ਹੀ ਤਰ੍ਹਾਂ ਦੇ ਲੋਕ ਹਨ। ਖ਼ਾਲਿਸਤਾਨ ਦੀ ਲੜਾਈ ਨੂੰ ਮੈਂ ਇੱਕ ਧਰਮੀ ਲੜਾਈ ਸਮਝਦਾ ਹਾਂ। ਕਈ ਲੋਕ ਇਸ ਨੂੰ ਸਿਆਸੀ ਲੜਾਈ ਹੀ ਸਮਝੀ ਜਾ ਰਹੇ ਹਨ। ਇਹ ਦੋ ਧਾਰਾਵਾਂ ਹਨ ਅੱਜ ਸਾਡੀ ਕੌਮੀ ਤਹਿਰੀਕ ਵਿੱਚ। ਮੇਰੀ ਸਨਿਮਰ ਬੇਨਤੀ ਹੈ ਖ਼ਾਲਿਸਤਾਨ ਦੀ ਧਰਤੀ ਤੋਂ ਦੂਰ ਵਿਚਰ ਰਹੇ ਬਹਾਦਰ ਖ਼ਾਲਿਸਤਾਨੀ ਵੀਰਾਂ ਨੂੰ ਕਿ ਅਸੀਂ ਸਾਰਿਆਂ ਰਲ ਕੇ ਖ਼ਾਲਿਸਤਾਨ ਲਹਿਰ ਦਾ ਪ੍ਰਚਾਰ ਦੁਨੀਆਂ ਦੇ ਹਰੇਕ ਕੋਨੇ ਕੋਨੇ ਵਿਚ ਕੀਤਾ ਹੈ। ਹੁਣ ਸਾਡੇ ਨਾਲ ਹੋਰ ਵੀ ਹਜ਼ਾਰਾਂ ਸਿੰਘ ਵੀਰ ਇਸ ਕਾਰਜ ਵਿਚ ਜੁੱਟ ਪਏ ਹਨ। ਇੱਕੋ ਕੰਮ ਸਾਲਾਂ ਬੱਧੀ ਇੱਕੋ ਬੰਦਾ ਕਰੀ ਜਾਵੇ ਤਾਂ ਜਮਾਤ ਵਿਚ ਖੜੋਤ ਪੈਦਾ ਹੋ ਜਾਂਦੀ ਹੈ ਤੇ ਇਹ ਖੜੋਤ ਸਮੁੱਚੀ ਪਰਵਾਸੀ ਖ਼ਾਲਿਸਤਾਨੀ ਲਹਿਰ ਵਿਚ ਆਈ ਪਈ ਹੈ। ਉਹੋ ਚਿਹਰੇ, ਉਹੋ ਪੁਰਾਣੀਆਂ ਰਟੀਆਂ ਰਟਾਈਆਂ ਗੱਲਾਂ, ਉਹਨਾਂ ਹੀ ਸਟੇਜਾਂ 'ਤੇ ਦੁਹਰਾਈਆਂ ਜਾ ਰਹੀਆਂ ਹਨ। ਲੋਕ ਸੁਣ ਸੁਣ ਕੇ ਅੱਕ ਚੁੱਕੇ ਹਨ। ਨਵੀਂ ਪੀੜ੍ਹੀ ਦੇ ਨੌਜਵਾਨ ਜੋ ਸਾਡੇ ਪੁਰਾਣੇ ਲੀਡਰਾਂ ਤੋਂ ਵੱਧ ਪੜ੍ਹੇ-ਲਿਖੇ ਤੇ ਸੂਝਵਾਨ ਹਨ, ਉਹ ਇਹ ਕੰਮ ਪੁਰਾਣੇ ਲੀਡਰਾਂ ਤੋਂ ਸੁਚੱਜਾ ਕਰ ਸਕਦੇ ਹਨ। ਪਰ ਉਨ੍ਹਾਂ ਨੂੰ ਮੌਕੇ ਨਹੀਂ ਮਿਲ ਰਹੇ। ਇਸ ਖੜੋਤ ਕਾਰਨ ਜਥੇਬੰਦੀਆਂ ਟੁੱਟ ਫੁੱਟ ਰਹੀਆਂ ਹਨ। ਸੰਗਤਾਂ ਚੁੱਪ ਵੱਟ ਰਹੀਆਂ ਹਨ। ਸਾਨੂੰ ਇਸ ਬਾਰੇ ਜ਼ਰੂਰ ਸੋਚਣਾ ਚਾਹੀਦਾ ਹੈ।"
ਜ਼ਿਕਰਯੋਗ ਹੈ ਕਿ ਭਾਈ ਜਸਵੰਤ ਸਿੰਘ ਖਾਲੜਾ ਦੀਆਂ ਇਹ ਲਿਖਤਾਂ ਉਸ ਸਮੇਂ 'ਲਿਬਰੇਸ਼ਨ ਖਾਲਿਸਤਾਨ' ਵਿੱਚ ਛਪੀਆਂ ਸਨ ਜੋ ਬਾਅਦ ਵਿੱਚ ਸਿੱਖ ਚਿੰਤਕ ਅਤੇ ਪੰਥਕ ਲੇਖਕ ਸ. ਅਜਮੇਰ ਸਿੰਘ ਜੀ ਨੇ ਇਕੱਠੀਆਂ ਕਰਕੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਸੰਬੰਧੀ ਆਪਣੀ ਕਿਤਾਬ ਵਿੱਚ ਛਾਪੀਆਂ ਹਨ। ਭਾਈ ਸਾਹਿਬ ਨੂੰ ਇਹ ਸੱਚੀ-ਸੁੱਚੀ ਸ਼ਰਧਾਂਜਲੀ ਹੋਵੇਗੀ ਕਿ ਅਸੀਂ ਉਹਨਾਂ ਦੇ ਬੋਲਾਂ ਉੱਤੇ ਪਹਿਰਾ ਦੇਈਏ, ਉਹ ਆਖਦੇ ਸਨ ਕਿ “ਗੁਰੂ ਦੇ ਸਿੱਖ ਹੋਣ ਦੇ ਨਾਤੇ ਸਾਡਾ ਇਨਸਾਫ਼ ਲਈ ਆਵਾਜ਼ ਬੁਲੰਦ ਕਰਨ ਦਾ ਫ਼ਰਜ਼ ਬਣਦਾ ਹੈ। ਏਸ ਦੁਨੀਆਂ ਵਿੱਚ ਸਦੀਵੀ ਤੌਰ ’ਤੇ ਕਿਸੇ ਨਹੀੰ ਬੈਠੇ ਰਹਿਣਾ, ਅਤੇ ਸਾਨੂੰ ਇਹ ਜੀਵਨ ਇਸ ਲਈ ਮਿਲਿਆ ਹੈ ਕਿ ਅਸੀਂ ਪੰਜਾਬ ਅੰਦਰ ਹਰ ਰੋਜ਼ ਕੋਹੇ, ਮਾਰੇ ਤੇ ਲਾਪਤਾ ਕੀਤੇ ਜਾ ਰਹੇ ਆਪਣੇ ਭਰਾਵਾਂ ਤੇ ਭੈਣਾਂ ਦੇ ਦਰਦ ਨੂੰ ਵੰਡਾਈਏ। ਜੰਮਣਾ ਤੇ ਮਰਨਾ ਤਾਂ ਵਾਹਿਗੁਰੂ ਦੇ ਹੱਥ ਹੈ ਅਤੇ ਇਸ ਦੁਨੀਆਂ ਤੋਂ ਰੁਖ਼ਸਤ ਹੋਣ ਤੋੰ ਪਹਿਲਾਂ ਮੈਨੂੰ ਆਪਣੇ ਸਿੱਖ ਭਰਾਵਾਂ ਤੇ ਭੈਣਾਂ ਪ੍ਰਤੀ ਆਪਣਾ ਫ਼ਰਜ਼ ਪੂਰਾ ਕਰਨਾ ਚਾਹੀਦਾ ਹੈ। ਗੁਰੂ ਸਾਹਿਬਾਨ ਨੇ ਸਾਨੂੰ ਇਹੋ ਸਿਖਾਇਆ ਹੈ। ਵਾਹਿਗੁਰੂ ਨਿਰਭਉ ਹੈ ਅਤੇ ਸਾਨੂੰ ਡਰੂ ਨਹੀੰ ਹੋਣਾ ਚਾਹੀਦਾ।” ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਸੋਚ, ਸੰਘਰਸ਼ ਅਤੇ ਸ਼ਹਾਦਤ ਨੂੰ ਅਸੀਂ ਸਮੁੱਚੇ ਖ਼ਾਲਸਾ ਪੰਥ ਵੱਲੋਂ ਪ੍ਰਣਾਮ ਕਰਦੇ ਹਾਂ।

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.