ਸਿਮਰਨਜੀਤ ਸਿੰਘ ਮਾਨ ਅਤੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ 'ਤੇ ਪਰਚੇ ਦਰਜ ਕਰਕੇ ਸਿੱਖਾਂ ਵਿਰੁੱਧ ਜੰਗ ਛੇੜ ਰਹੀ ਸਰਕਾਰ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਸਿਮਰਨਜੀਤ ਸਿੰਘ ਮਾਨ ਅਤੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ 'ਤੇ ਪਰਚੇ ਦਰਜ ਕਰਕੇ ਸਿੱਖਾਂ ਵਿਰੁੱਧ ਜੰਗ ਛੇੜ ਰਹੀ ਸਰਕਾਰ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ

ਚੰਡੀਗੜ੍ਹ, 17 ਅਗਸਤ (ਕੁਲਵਿੰਦਰ ਸਿੰਘ ਚੰਦੀ): ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਕਾਰਜਕਾਰੀ ਪ੍ਰਧਾਨ ਸ. ਈਮਾਨ ਸਿੰਘ ਮਾਨ, ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਬਾਪੂ ਗੁਰਚਰਨ ਸਿੰਘ ਪਟਿਆਲਾ, ਭਾਈ ਗੁਰਦੀਪ ਸਿੰਘ ਬਠਿੰਡਾ, ਸ. ਪਾਲ ਸਿੰਘ ਫਰਾਂਸ, ਵੰਗਾਰ ਦੇ ਸੰਪਾਦਕ ਸ. ਬਲਜੀਤ ਸਿੰਘ ਖ਼ਾਲਸਾ, ਕਿਸਾਨ ਆਗੂ ਸੁਰਜੀਤ ਸਿੰਘ ਫੂਲ ਅਤੇ ਹੋਰ ਸਿੱਖਾਂ ਸ. ਗੋਪਾਲ ਸਿੰਘ, ਲਖਬੀਰ ਸਿੰਘ ਲੱਖਾ ਸਿਧਾਣਾ, ਨਵਦੀਪ ਸਿੰਘ ਜਲਵੇੜਾ, ਅਮਿਤੋਜ ਮਾਨ, ਭਾਨਾ ਸਿੱਧੂ ਤੇ ਹੋਰਾਂ ਉੱਤੇ ਪਰਚੇ ਦਰਜ ਕਰਕੇ ਭਾਰਤ ਸਰਕਾਰ ਸਿੱਖਾਂ ਵਿਰੁੱਧ ਮੁੜ ਜੰਗ ਛੇੜਨ ਦਾ ਐਲਾਨ ਕਰ ਰਹੀ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇ ਸਿੱਖ ਹਥਿਆਰਬੰਦ ਹੋ ਕੇ ਸਰਕਾਰਾਂ ਵਿਰੁੱਧ ਜੰਗ ਲੜਨ ਤਾਂ ਵੀ ਸਿੱਖ ਦੋਸ਼ੀ ਹਨ ਤੇ ਜੇ ਸਿੱਖ ਸ਼ਾਂਤਮਈ ਢੰਗ ਨਾਲ ਸੰਵਿਧਾਨਿਕ ਅਤੇ ਕਾਨੂੰਨੀ ਦਾਇਰੇ ਵਿੱਚ ਰਹਿ ਕੇ ਮਾਰਚ-ਪ੍ਰਦਰਸ਼ਨ ਕਰਨ ਤਾਂ ਵੀ ਸਿੱਖ ਦੋਸ਼ੀ ਹਨ, ਜੇ ਸਰਕਾਰ ਨੇ ਸਾਰੇ ਪਾਸਿਆਂ ਤੋਂ ਸਿੱਖਾਂ ਦੀ ਘੇਰਾਬੰਦੀ ਹੀ ਕਰਨੀ ਹੈ ਤਾਂ ਫਿਰ ਸਿੱਖ ਕਿੱਧਰ ਨੂੰ ਜਾਣ ? ਉਹਨਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਸਾਡੀ ਮੰਗ ਨਹੀਂ ਬਲਕਿ ਸਾਡਾ ਹੱਕ ਹੈ ਤੇ ਆਪਣੇ ਜਾਇਜ਼ ਹੱਕਾਂ ਲਈ ਆਵਾਜ਼ ਬੁਲੰਦ ਕਰਨ ਵਾਲੇ ਸਿੱਖਾਂ ਨੂੰ ਵੀ ਕੇਂਦਰ ਦੀ ਭਾਜਪਾ ਸਰਕਾਰ ਅਤੇ ਸੂਬੇ ਦੀ ਆਮ ਆਦਮੀ ਪਾਰਟੀ ਬੇਵਜ੍ਹਾ ਨਿਸ਼ਾਨਾ ਬਣਾ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਦੀ ਇਸੇ ਧੱਕੇਸ਼ਾਹੀ ਅਤੇ ਬੇਇਨਸਾਫ਼ੀ ਦੇ ਵਿਰੁੱਧ ਹਰ ਸਿੱਖ ਨੂੰ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ। ਫੈਡਰੇਸ਼ਨ ਆਗੂ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਵੱਲੋਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਅਸਥਾਨ ਵਾਲੇ ਪੰਡਾਲ ਅਤੇ ਲੰਗਰ ਛਕਦੀਆਂ ਸੰਗਤਾਂ ਉੱਤੇ ਡਰੋਨ ਰਾਹੀਂ ਗੋਲੇ ਸੁੱਟਣੇ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਹਾਲੀ ਤੋਂ ਰਾਜਪਾਲ ਭਵਨ ਚੰਡੀਗੜ੍ਹ ਵੱਲ ਜਾਂਦੇ ਸਿੱਖਾਂ ਦੇ ਮਾਰਚ-ਪ੍ਰਦਰਸ਼ਨ ਉੱਤੇ ਪਾਣੀ ਦੀਆਂ ਬੁਛਾੜਾਂ ਮਾਰਨੀਆਂ, ਅੱਥਰੂ ਗੈਸ ਦੇ ਗੋਲੇ ਸੁੱਟਣੇ ਤੇ ਲਾਠੀਚਾਰਜ ਕਰਨਾ ਸਰਕਾਰ ਦੀ ਸਿੱਖ ਵਿਰੋਧੀ ਸੋਚ ਨੂੰ ਦਰਸਾਉਂਦਾ ਹੈ। ਉਹਨਾਂ ਕਿਹਾ ਕਿ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨਾ, ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਸ ਦਿਨਾਂ ਦੀ ਪੈਰੋਲ ਨਾ ਦੇਣਾ ਇਹ ਸਿੱਖਾਂ ਦੇ ਹੱਕਾਂ ਉੱਤੇ ਡਾਕਾ ਨਹੀਂ ਤਾਂ ਹੋਰ ਕੀ ਹੈ ? ਫਿਰ ਉਲਟਾ ਸਿੱਖਾਂ ਉੱਤੇ ਹੀ ਪਰਚੇ ਦਰਜ ਕਰ ਦੇਣੇ। ਸਰਕਾਰ ਨੇ ਸਾਡੇ ਸਿਦਕ ਅਤੇ ਸਬਰ ਨੂੰ ਹੋਰ ਕਿੰਨਾ ਕੁ ਪਰਖਣਾ ਹੈ ? ਉਹਨਾਂ ਕਿਹਾ ਕਿ ਕੀ ਹੁਣ ਸਿੱਖ ਮਾਰਚ-ਪ੍ਰਦਰਸ਼ਨ ਅਤੇ ਧਰਨੇ ਵੀ ਨਹੀਂ ਲਾ ਸਕਦੇ ? ਕੀ ਸਰਕਾਰ ਦੀਆਂ ਨਜ਼ਰਾਂ ਵਿੱਚ ਇਹ ਜੁਰਮ ਹੈ! ਉਹਨਾਂ ਕਿਹਾ ਕਿ ਪਰਚੇ ਦਰਜ ਕਰਨ ਨਾਲ ਸਿੱਖਾਂ ਨੇ ਡਰਨਾ ਨਹੀਂ, ਸਿੱਖ ਤਾਂ ਆਪਣੇ ਹੱਕਾਂ ਅਤੇ ਆਜ਼ਾਦੀ ਲਈ ਸਰਕਾਰ ਦੀਆਂ ਗੋਲੀਆਂ ਮੂਹਰੇ ਆਪਣੀਆਂ ਹਿੱਕਾਂ ਵੀ ਤਾਣ ਦੇਣਗੇ। ਉਹਨਾਂ ਕਿਹਾ ਕਿ 81 ਸਾਲ ਤੋਂ ਵੀ ਵਧੇਰੇ ਉਮਰ ਵਿੱਚ ਸਿਮਰਨਜੀਤ ਸਿੰਘ ਮਾਨ ਵੱਲੋਂ ਖ਼ਾਲਿਸਤਾਨ ਦੀ ਆਜ਼ਾਦੀ ਲਈ ਸੰਘਰਸ਼ ਕਰਨਾ ਬੇਹੱਦ ਸ਼ਲਾਘਾਯੋਗ ਕਾਰਜ ਹੈ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.