ਸ੍ਰੀ ਅਕਾਲ ਤਖਤ ਸਾਹਿਬ ਨੇ ਭਾਰਤੀ ਲੋਕਤੰਤਰ ਨੂੰ ਕੀਤਾ ਗੋਡਿਆਂ ਭਾਰ
- ਧਾਰਮਿਕ/ਰਾਜਨੀਤੀ
- 30 Jun, 2026 04:58 PM (Asia/Kolkata)
ਅੜੇ ਸੋ ਝੜੇ ਸ਼ਰਨ ਪੜੇ ਸੋ ਤਰੇ , ਸ੍ਰੀ ਅਕਾਲ ਤਖ਼ਤ ਸਾਹਿਬ ਉੱਹ ਸ਼ਕਤੀ ਹੈ ਜਿਸ ਦੇ ਮੂਹਰੇ ਸ਼ੇਰ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਰਗੇ ਵੀ ਨਹੀਂ ਅੜ ਸਕੇ ਸਨ ਤੇ ਸੁਖਬੀਰ ਬਾਦਲ ਅਤੇ ਭਗਵੰਤ ਮਾਨ ਤਾਂ ਕਿਹੜੇ ਬਾਗ ਦੀ ਮੂਲੀ ਹਨ । ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੋਲੋਂ ਜਦੋਂ ਕੋਈ ਅਵੱਗਿਆ ਹੋ ਗਈ ਸੀ ਤਾਂ ਓਸ ਸਮੇਂ ਦੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਲਾਚੀ ਬੇਰੀ ਨਾਲ ਬੰਨ੍ਹ ਕੇ ਕੋਰੜੇ ਮਾਰਨ ਦੀ ਸਜਾ ਸੁਣਾਈ ਸੀ , ਕੋਈ ਵੀ ਸਿੱਖ ਮਹਾਰਾਜਾ ਰਣਜੀਤ ਸਿੰਘ ਨੂੰ ਫਤਹਿ ਨਾ ਬੁਲਾਵੇ , ਮਹਾਰਾਜਾ ਰਣਜੀਤ ਸਿੰਘ ਜੀ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਆਉਂਦੀ ਦੇਗ ਵੀ ਪ੍ਰਵਾਨ ਨਾ ਕੀਤੀ ਜਾਵੇ, ਇਹ ਓਸ ਸਮੇਂ ਹੁਕਮਨਾਮੇ ਜਾਰੀ ਕੀਤੇ ਗਏ ਸਨ ।
ਸੋ ਓਸ ਸਮੇਂ ਤੋਂ ਲੈ ਕਰਕੇ, ਮੁੱਖ ਮੰਤਰੀ ਰਹਿ ਚੁੱਕੇ ਸੁਰਜੀਤ ਸਿੰਘ ਬਰਨਾਲਾ ਨੂੰ ਥਮਲੇ ਨਾਲ ਬੰਨ੍ਹਣਾ , ਨਰਕਧਾਰੀਆਂ ਨਾਲ ਰੋਟੀ ਬੇਟੀ ਦੀ ਸਾਂਝ ਸਿੱਖਾਂ ਨੇ ਨਹੀਂ ਰੱਖਣੀ , ਗੁਰਮੀਤ ਰਾਮ ਰਹੀਮ ਸਿਰਸੇ ਵਾਲੇ ਨਾਲ ਵੀ ਸਿੱਖਾਂ ਨੇ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਣੀ , ਸਿੱਖੀ ਦੇ ਵਿਰੋਧ ਵਿੱਚ ਭੁਗਤਣ ਵਾਲਿਆਂ ਕਈਆਂ ਨੂੰ ਪੰਥ ਵਿੱਚੋਂ ਛੇਕਣਾ , ਬਾਦਲਾਂ ਨੂੰ ਉਹਨਾਂ ਦੇ ਕੀਤੇ ਪਾਪਾਂ ਅਤੇ ਗੁਨਾਹਾਂ ਦੀ ਸਜ਼ਾ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਿਲਣੀ , ਭਾਵੇਂ ਕਿ ਉੱਹ ਬਾਅਦ ਵਿੱਚ ਮੁੱਕਰ ਗਏ ਸਨ , ਪਰ ਉੱਹਨਾਂ ਨੂੰ ਵੀ ਦੁਬਾਰਾ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਤਲਬ ਕਰਨ ਦੀ ਮੰਗ ਸਿੱਖ ਕੌਮ ਕਰ ਰਹੀ ਹੈ, ਏਸ ਤਰ੍ਹਾਂ ਸਮੇਂ ਸਮੇਂ ਉੱਪਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦਾ ਜਾਹੋ ਜਲਾਲ ਪੂਰੇ ਵਿਸ਼ਵ ਨੂੰ ਵੇਖਣ ਨੂੰ ਮਿਲਦਾ ਰਿਹਾ ਸੀ , ਮਿਲ ਰਿਹਾ ਹੈ, ਅਤੇ ਭਵਿੱਖ ਵਿੱਚ ਵੀ ਮਿਲਦਾ ਰਹੇਗਾ, ਇਹ ਗੱਲ ਵੱਖਰੀ ਹੈ ਕਿ ਮੌਕੇ ਦਾ ਜਥੇਦਾਰ ਕੌਣ ਹੈ, ਪਰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਅਸੂਲ ਹਮੇਸ਼ਾਂ ਉੱਹੀ ਰਹਿੰਦੇ ਹਨ ਜੋ ਕਿ ਨਿਸ਼ਚਿਤ ਹਨ । ਜੇ ਕੋਈ ਜਥੇਦਾਰ ਵੀ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਵਾਂਗ ਪੱਖਪਾਤ ਜਾਂ ਅਵੱਗਿਆ ਕਰੇ ਤਾਂ ਫੇਰ ਹੋਵੇਗਾ ਓਹੀ ਜੋ ਕਹੇਗਾ ਅਤੇ ਕਰੇਗਾ ਖਾਲਸਾ ਪੰਥ ਮੀਆਂ, ਤੇ ਫੇਰ ਜਥੇਦਾਰਾਂ ਦੀ ਖਿਚਾਈ ਕਰਨ ਲਈ ਇਹ ਨੂੰ ਰੂਲ ਐਂਡ ਰੈਗੂਲੇਸ਼ਨ ਯਾਦ ਕਰਵਾਉਣਾ ਸਾਡਾ ਅਤੇ ਤੁਹਾਡਾ ਕੰਮ ਹੈ ।
ਖਾਲਸਾ ਪੰਥ ਵਿੱਚ ਬੜੇ ਬੜੇ ਵਿਦਵਾਨ ਬੈਠੇ ਹਨ, ਸ਼੍ਰੋਮਣੀ ਕਮੇਟੀ ਹੈ , ਸੰਪਰਦਾਵਾਂ ਹਨ , ਸਿੰਘ ਸਭਾਵਾਂ ਹਨ , ਨਿਹੰਗ ਸਿੰਘ ਜਥੇਬੰਦੀਆਂ ਅਤੇ ਦਲ ਪੰਥ ਹਨ , ਟਕਸਾਲਾਂ ਹਨ , ਮਹਾਂਪੁਰਸ਼ਾਂ ਦੇ ਡੇਰੇ ਹਨ, ਵਿਦੇਸ਼ਾਂ ਵਿੱਚ ਬੈਠੇ ਸਾਡੇ ਸਿੱਖ ਹਨ , ਏਸ ਤਰ੍ਹਾਂ ਖਾਲਸਾ ਪੰਥ ਬੜਾ ਵਿਸ਼ਾਲ ਹੈ , ਅਤੇ ਜਿਆਦਾ ਧੌਣ
ਉੱਚੀ ਚੁੱਕਣ ਵਾਲਿਆਂ ਭਗਵੰਤ ਮਾਨ ਵਰਗਿਆਂ ਅਤੇ ਸੁੱਖਬੀਰ ਬਾਦਲ ਵਰਗਿਆਂ ਦੀ ਧੌਣ ਨੀਵੀਂ ਕਰਨੀ ਵੀ ਖਾਲਸਾ ਪੰਥ ਚੰਗੀ ਤਰਾਂ ਜਾਣਦਾ ਹੈ ।
ਅੱਜ 29 -06 - 2026 ਵਾਲਾ ਦਿਨ ਵੀ 02-12-2924 ਵਾਲੇ ਦਿਨ ਵਾਂਗ ਇਤਿਹਾਸਕ ਹੋ ਨਿਬੜਿਆ , 2 ਦਸੰਬਰ 2024 ਨੂੰ ਸਾਰਾ ਹੀ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੂਹਰੇ ਆਪਣੇ ਸਾਰੇ ਹੀ ਗੁਨਾਹਾਂ ਨੂੰ ਕਬੂਲ ਕਰ ਰਿਹਾ ਸੀ ਅਤੇ ਤਨਖਾਹ ਵੀ ਲੁਆ ਰਿਹਾ ਸੀ । ਅੱਜ ਵੀ ਪੂਰੀ ਦੀ ਪੂਰੀ ਆਮ ਆਦਮੀ ਪਾਰਟੀ ਦੀ ਝਾਂੜੂ ਪਾਰਟੀ ਦੀ ਸਰਕਾਰ ਅਤੇ ਵਿਰੋਧੀ ਧਿਰਾਂ ਕਾਂਗਰਸ ਅਤੇ ਅਕਾਲੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੌਜੂਦਾ ਜਥੇਦਾਰ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜੀ ਦੇ ਮੂਹਰੇ ਬੀਬੇ ਬੱਚਿਆਂ ਦੀ ਤਰ੍ਹਾਂ ਬੈਠੇ ਦਿਖਾਈ ਦੇ ਰਹੇ ਸਨ ਅਤੇ ਪੂਰਾ ਸੰਸਾਰ ਏਸ ਲਾਈਵ ਪ੍ਰੋਗਰਾਮ ਨੂੰ ਵੇਖ ਰਿਹਾ ਸੀ । ਮਸਲਾ ਬੇਅਦਬੀ ਰੋਕੂ ਕਾਨੂੰਨ ਵਿੱਚ ਸੋਧਾਂ ਕਰਨ ਦਾ ਸੀ । ਕਈ ਵਾਰੀ ਜਥੇਦਾਰ ਸਾਹਿਬ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਹਾ ਕਿ ਏਸ ਨਵੇਂ ਬਣੇ ਕਾਨੂੰਨ ਵਿੱਚ ਕੁੱਝ ਇਤਰਾਜ਼ਯੋਗ ਗੱਲਾਂ ਹਨ ਜਿਨ੍ਹਾਂ ਨੂੰ ਸੇਧਣਾ ਬਹੁਤ ਜ਼ਰੂਰੀ ਹੈ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਰਾਜ ਸੱਤਾ ਦੇ ਹੰਕਾਰ ਵਿੱਚ ਕੋਈ ਗੱਲ ਸੁਣ ਹੀ ਨਹੀਂ ਰਹੇ ਸਨ । ਸਮਾਂ ਵੀ ਦਿੱਤਾ ਗਿਆ, ਬੋਲ ਬੋਲ ਕੇ ਵੀ ਮੀਡੀਆ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੱਜ ਜੀ ਨੇ , ਸ਼੍ਰੋਮਣੀ ਕਮੇਟੀ ਪ੍ਰਧਾਨ ਵਕੀਲ ਹਰਜਿੰਦਰ ਸਿੰਘ ਧਾਮੀ ਨੇ ਵੀ ਕਿਹਾ , ਪਰ ਹੰਕਾਰਿਆ ਸੋ ਮਾਰਿਆ ਵਾਂਗ ਭਗਵੰਤ ਸਿੰਘ ਮਾਨ ਨੇ ਆਪਣਾ ਅੜੀਅਲ ਰਵੱਈਆ ਅਪਣਾਈ ਹੀ ਰੱਖਿਆ । ਇੱਕ ਪਾਸੇ ਤਾਂ ਭਗਵੰਤ ਮਾਨ ਜੀ ਗੁਰੂ ਸਾਹਿਬਾਨ ਦੀ ਅਤੇ ਸੰਤ ਜਰਨੈਲ ਸਿੰਘ ਜੀ ਦੀ ਬੇਅਦਬੀ ਕਰਨ ਵਾਲੀ ਵੀਡੀਓ ਵਾਲੇ ਮਸਲੇ ਨਾਲ ਜੂਝ ਰਹੇ ਹਨ , ਦੂਜੇ ਪਾਸੇ ਆਹ ਕਾਨੂੰਨਾਂ ਦਾ ਮਸਲਾ ਹੈ, ਫੇਰ ਅੱਜ ਸਾਰੀ ਦੀ ਸਰਕਾਰ ਨੂੰ ਅਤੇ ਨਾਲ ਹੀ ਵਿਰੋਧੀ ਧਿਰਾਂ ਨੂੰ ਵੀ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਪੇਸ਼ ਹੋਣਾ ਪਿਆ, ਆਪਣੀਆਂ ਆਪਣੀਆਂ ਗਲਤੀਆਂ ਮੰਨਣੀਆਂ ਪਈਆਂ , ਜਥੇਦਾਰ ਤੋਂ ਝਾੜਾਂ ਵੀ ਖਾਣੀਆਂ ਪਈਆਂ, ਅਤੇ ਕਾਨੂੰਨ ਵਿੱਚ ਸੋਧਾਂ ਕਰਨ ਦੀ ਗੱਲ ਨੂੰ ਵੀ ਮੰਨਣਾ ਹੀ ਪਿਆ । ਏਸ ਨੂੰ ਹੀ ਪੰਜਾਬੀ ਵਿੱਚ ਕਹਿੰਦੇ ਹਨ ਕਿ ਸੌ ਛਿੱਤਰ ਵੀ ਖਾਧਾ ਅਤੇ ਸੌ ਗੰਢਾ ਵੀ ਖਾਧਾ ।
ਜੱਗੋਂ ਤੇਰਵੀਂ ਤਾਂ ਓਸ ਸਮੇਂ ਹੋਈ ਜਦੋਂ ਜਥੇਦਾਰ ਸਾਹਿਬ ਨੇ ਸਾਰੇ ਹੀ ਵਿਧਾਇਕਾਂ ਨੂੰ ਪੁੱਛਿਆ ਕਿ ਤੁਸੀਂ ਕਾਨੂੰਨ ਨੂੰ ਪੜਿਆ ਵੀ ਹੈ ਤਾਂ ਕੁੱਝ ਕੁ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਹੀ ਐਮ ਐਲ ਏ ਕਹਿੰਦੇ ਕਿ ਅਸੀਂ ਕਾਨੂੰਨ ਨੂੰ ਪੜ੍ਹਿਆ ਹੀ ਨਹੀਂ ਹੈ , ਚਲੋ ਕਾਂਗਰਸ ਜਾਂ ਅਕਾਲੀਆਂ ਨੂੰ ਤਾਂ ਆਮ ਪਾਰਟੀ ਨੇ ਕਾਨੂੰਨ ਪੜ੍ਹਨ ਦਾ ਮੌਕਾ ਹੀ ਨਹੀਂ ਦਿੱਤਾ ਸੀ , ਬੱਸ ਇਹ ਕਹਿ ਲਓ ਕਿ ਭਗਵੰਤ ਮਾਨ ਨੇ ਇੱਕ ਤਾਂ ਆਪਣੀ ਬੱਲੇ ਬੱਲੇ ਕਰਵਾਉਣ ਲਈ , ਅਤੇ ਦੂਜਾ ਸਿੱਖਾਂ ਨੂੰ ਖੁਸ਼ ਕਰਕੇ ਵੋਟਾਂ ਵਟੋਰਨ ਲਈ ਕਾਹਲੀ ਕਾਹਲੀ ਵਿੱਚ ਬਿਨਾਂ ਹੀ ਕੁੱਝ ਸੋਚਿਆਂ ਸਮਝਿਆਂ ਅਤੇ ਵਿਚਾਰਿਆਂ ਕਾਨੂੰਨ ਲਾਗੂ ਕਰ ਦਿੱਤਾ ਸੀ , ਅਗਰ ਜਥੇਦਾਰ ਕੁਲਦੀਪ ਸਿੰਘ ਗੜਗੱਜ ਏਨੇ ਕੁ ਸਖਤ ਨਾ ਹੁੰਦੇ ਤਾਂ ਏਹਨਾਂ ਕਾਨੂੰਨਾਂ ਦੇ ਸਿੱਟੇ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਭੈੜੇ ਨਿੱਕਲਣੇ ਸਨ ।
ਏਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਮਹਾਨ ਹਨ , ਸਿੱਖ ਕੌਮ ਦੀ ਸ਼ਾਨ ਹਨ । ਏਥੇ ਭਾਰਤੀ ਸੰਵਿਧਾਨ ਅਤੇ ਭਾਰਤੀ ਲੋਕਤੰਤਰ ਅੱਜ ਤਾਰ ਤਾਰ ਹੁੰਦਾ ਵੇਖਿਆ ਗਿਆ । ਏਹ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਜਿਆ ਹੋਇਆ ਉੱਹ ਤਖ਼ਤ ਹੈ ਜਿੱਥੋਂ ਸਿੱਖਾਂ ਨੂੰ ਰਾਜਸੀ ਸ਼ਕਤੀ ਮਿਲਦੀ ਹੈ । ਸਰਕਾਰ ਅਤੇ ਮੰਤਰੀ ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਨਮੁੱਖ ਬੌਣੇ ਵਿਖਾਈ ਦਿੱਤੇ ਗਏ ।
ਪੂਰੀ ਦੁਨੀਆਂ ਦੇ ਵਿੱਚ ਵਸਦੇ ਸਿੱਖਾਂ ਵਿੱਚ ਇਹ ਚਰਚਾ ਬਹਿਸ ਦਾ ਵਿਸ਼ਾ ਬਣ ਗਈ ਹੈ ਕਿ ਬਿਨਾਂ ਪੜ੍ਹਿਆਂ ਹੀ ਇਹ ਕਾਨੂੰਨ ਭਗਵੰਤ ਮਾਨ ਦੀ ਸਰਕਾਰ ਨੇ ਲਾਗੂ ਕਿਉਂ ਅਤੇ ਕਿਵੇਂ ਕਰ ਦਿੱਤੇ ? ਕੀ ਇਹ ਸਰਕਾਰ ਵੀ ਏਸੇ ਤਰ੍ਹਾਂ ਹੀ ਤੁੱਕਾ ਲਗਾ ਲਗਾ ਕੇ ਚਲਾ ਰਹੇ ਹਨ । ਹਰ ਪੰਜਾਬੀ ਵੀ ਸੋਚਣ ਲਈ ਮਜਬੂਰ ਹੋਵੇਗਾ ਕਿ ਇਹ ਕਿਹੜੀ ਸਰਕਾਰ ਚੁਣ ਲਈ ਅਸੀਂ ਜੋ ਬਿਨਾਂ ਪੜੇ ਹੀ ਕਾਨੂੰਨ ਲਾਗੂ ਕਰੀ ਜਾ ਰਹੇ ਹਨ । ਰਾਜਨੀਤੀ ਦੀ ਵੀ ਪੜ੍ਹਾਈ ਕਰਨੀ ਪੈਂਦੀ ਹੈ । ਏਸ ਲਈ ਯੂਨੀਵਰਸਿਟੀਆਂ ਬਣੀਆਂ ਹੋਈਆਂ ਹਨ । ਸਾਰੇ ਤਾਣੇ ਬਾਣੇ ਨੂੰ ਕਿਵੇਂ ਚਲਾਉਣਾ ਅਤੇ ਕਿਵੇਂ ਕੰਟਰੋਲ ਕਰਨਾ ਹੈ, ਇਹ ਸਭ ਕੁੱਝ ਪੜ੍ਹਨਾ ਪੈਂਦਾ ਹੈ । ਦਿੱਲੀ ਵਾਲਿਆਂ ਕੋਲ਼ ਟਿਊਸ਼ਨ ਰਖਾਓ ਏਹਨਾਂ 92 ਧੂਤਿਆਂ ਦੀ । ਅਗਲੇ ਜਦੋਂ ਕੋਈ ਕਾਰਵਾਈ ਪਾਉਂਦੇ ਹਨ ਤਾਂ ਪੱਤਾ ਵੀ ਨਹੀਂ ਹਿੱਲਣ ਦਿੰਦੇ,ਭਾਵੇਂ ਸਾਡੇ ਸਿੱਖਾਂ ਦੇ ਖਿਲਾਫ ਹੀ ਭਗਤਦੇ ਹਨ ਦਿੱਲੀ ਵਾਲੇ । ਏਸੇ ਕਰਕੇ ਹੀ ਤਾਂ ਭਗਵੰਤ ਦੇ ਰਾਜ ਵਿੱਚ ਪੰਜਾਬ ਸਿਰ ਕਰਜਾ ਚਾਰ ਗੁਣਾ ਵਧ ਗਿਆ ਹੈ ਜੀ । ਇਹ ਤਾਂ ਨੀਮ ਹਕੀਮ ਤੇ ਖਤਰਾ ਜਾਨ ਵਾਲੀ ਗੱਲ ਹੋ ਗਈ ਹੈ ।
ਹਰਪ੍ਰੀਤ ਸਿੰਘ ਪੰਮਾ ਆਸਟਰੀਆ
Leave a Reply