ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ ਦੀ ਯਾਦ ਅਤੇ ਸੰਘਰਸ਼ੀ ਪੈਂਡੇ ਕਿਤਾਬ ਦੀ ਸੰਪੂਰਨਤਾ ਲਈ ਕੀਤੀ ਅਰਦਾਸ
- ਧਾਰਮਿਕ
- 30 Jun, 2026 04:55 PM (Asia/Kolkata)
ਅੰਮ੍ਰਿਤਸਰ, 30 ਜੂਨ (ਚਰਨਜੀਤ ਸਿੰਘ): ਅੱਜ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਸਤਿਗੁਰੂ ਅਤੇ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਅਤੇ ਆਪਣੇ ਚਾਚਾ ਜੀ ਅਮਰ ਸ਼ਹੀਦ ਭਾਈ ਕਸ਼ਮੀਰ ਸਿੰਘ ਸ਼ੀਰਾ (ਪੱਟੀ) ਦੀ ਯਾਦ ਵਿੱਚ ਪਰਿਵਾਰ ਸਮੇਤ ਗੁਰਬਾਣੀ ਦੇ ਜਾਪ ਕੀਤੇ ਗਏ ਅਤੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ, ਸਿੱਖ ਕੌਮ ਦੀ ਅਜ਼ਾਦੀ ਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ (ਸ੍ਰੀ ਅੰਮ੍ਰਿਤਸਰ) ਤੇ ਗੁਰਦੁਆਰਾ ਗਰਨਾ ਸਾਹਿਬ (ਬੋਦਲ, ਹੁਸ਼ਿਆਰਪੁਰ) ਵਿਖੇ ਅਰਦਾਸ ਵੀ ਕਰਵਾਈ ਗਈ। ਭਾਈ ਰਣਜੀਤ ਸਿੰਘ ਨੇ ਅੱਜ ਸ੍ਰੀ ਸਹਿਜ ਪਾਠ ਸਾਹਿਬ ਵੀ ਅਰੰਭ ਕੀਤਾ ਤੇ ਸ਼ਹੀਦ ਭਾਈ ਪਰਮਜੀਤ ਸਿੰਘ ਪੰਮਾ (ਬਾਬਾ ਨੰਦ) ਅਤੇ ਜੁਝਾਰੂ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਦੇ ਜੀਵਨ 'ਤੇ ਅਧਾਰਿਤ ਸੰਘਰਸ਼ੀ ਪੈਂਡੇ ਕਿਤਾਬ ਦੀ ਸੰਪੂਰਨਤਾ ਅਤੇ ਛਪਾਈ ਲਈ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਜੂਨ 1984 ਦੇ ਤੀਜੇ ਘੱਲੂਘਾਰੇ ਬਾਰੇ ਕਿਤਾਬ ਦੀ ਛੇਤੀ ਸੰਪੂਰਨਤਾ ਲਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਨਮੁੱਖ ਅਰਜ਼ੋਈ ਵੀ ਕੀਤੀ। ਇਸ ਮੌਕੇ ਜਥੇਦਾਰ ਭਾਈ ਜਗਜੀਤ ਸਿੰਘ ਨਿਹੰਗ, ਬੀਬਾ ਕਮਲਜੀਤ ਕੌਰ ਨਿਹੰਗ, ਗੁਰਪੰਥ ਪ੍ਰਥਮ ਸਿੰਘ ਤੇ ਗੁਰਬਾਜ ਸਿੰਘ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਤਵਾਰੀਖ਼ ਸ਼ਹੀਦ-ਏ-ਖ਼ਾਲਿਸਤਾਨ ਤਿੰਨ ਭਾਗਾਂ ਵਿੱਚ ਕਿਤਾਬਾਂ ਅਤੇ ਕੌਮੀ ਯੋਧੇ ਭਾਈ ਸੰਦੀਪ ਸਿੰਘ ਦੀਪ ਸਿੱਧੂ ਉੱਤੇ ਹੋਂਦ ਦਾ ਨਗਾਰਚੀ ਕਿਤਾਬ ਵੀ ਲਿਖੀ ਜਾ ਚੁੱਕੀ ਹੈ ਤੇ ਉਹਨਾਂ ਦੇ ਲੇਖ ਅਕਸਰ ਹੀ ਅਖ਼ਬਾਰਾਂ ਤੇ ਰਸਾਲਿਆਂ ਵਿੱਚ ਛਪਦੇ ਹਨ ਤੇ ਸੋਸ਼ਲ ਮੀਡੀਆ 'ਤੇ ਵੀ ਚਰਚਾ ਵਿੱਚ ਰਹਿੰਦੇ ਹਨ।
Leave a Reply