ਯੋਗਾ ਦਿਵਸ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ, ਸ਼ਸਤਰ ਚਲਾਉਣ 'ਚ ਮਾਹਰ ਹੋਵੇ ਹਰ ਸਿੱਖ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ
- ਰਾਜਨੀਤੀ
- 21 Jun, 2026 05:13 PM (Asia/Kolkata)
ਅੰਮ੍ਰਿਤਸਰ, 21 ਜੂਨ ,ਕੰਵਰ ਪ੍ਰਤਾਪ ਸਿੰਘ ,ਤਾਜੀਮਨੂਰ ਕੌਰ ,ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹਿੰਦੂਆਂ ਦੇ ਯੋਗਾਂ ਦਿਵਸ ਨਾਲ ਸਿੱਖਾਂ ਦਾ ਕੋਈ ਸੰਬੰਧ ਨਹੀਂ ਹੈ, ਸਿੱਖਾਂ ਨੂੰ ਇਸ ਦਿਨ ਕੌਮਾਂਤਰੀ ਗਤਕਾ ਦਿਹਾੜਾ ਹੀ ਮਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਭਾਰਤ ਭਰ ਵਿੱਚ ਸਿੱਖਾਂ ਉੱਤੇ ਹਮਲੇ ਹੋ ਰਹੇ ਹਨ ਜਿਸ ਦੇ ਮੁਕਾਬਲੇ ਲਈ ਹਰ ਸਿੱਖ ਨੂੰ ਸ਼ਸਤਰਧਾਰੀ ਹੋਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਸਿੱਖ ਧਰਮ ’ਚ ਭਗਤੀ-ਸ਼ਕਤੀ, ਬਾਣੀ-ਬਾਣਾ, ਦੇਗ-ਤੇਗ, ਸੰਤ-ਸਿਪਾਹੀ ਅਤੇ ਸ਼ਸਤਰ ਤੇ ਸ਼ਾਸਤਰ ਦਾ ਵਿਧਾਨ ਗੁਰੂ ਪਾਤਸ਼ਾਹ ਨੇ ਬਖ਼ਸ਼ਿਆ ਹੈ। ਸਾਡੀ ਕੌਮ ਦਾ ਜਨਮ ਹੀ ਖੰਡੇ ਦੀ ਧਾਰ 'ਚੋਂ ਹੋਇਆ ਹੈ। ਛੇਵੇਂ ਪਾਤਸ਼ਾਹ ਜੀ ਇੱਕ ਦੀ ਥਾਂ ਦੋ ਕਿਰਪਾਨਾਂ ਪਹਿਨਦੇ ਸਨ, ਸੱਤਵੇਂ ਪਾਤਸ਼ਾਹ ਜੀ ਵੀ 2200 ਘੋੜ ਸਵਾਰ ਹਥਿਆਰਬੰਦ ਫ਼ੌਜਾਂ ਰੱਖਦੇ ਸਨ। ਨੌਵੇਂ ਪਾਤਸ਼ਾਹ ਜੀ ਨੇ ਕਰਤਾਰਪੁਰ ਦੀ ਜੰਗ ’ਚ ਤੇਗ ਦੇ ਜੌਹਰ ਵਿਖਾਉਂਦਿਆਂ ਦੁਸ਼ਮਣਾਂ ਦੇ ਆਹੂ ਲਾਹੇ, ਦਸਵੇਂ ਪਾਤਸ਼ਾਹ ਜੀ ਦਾ ਸਾਰਾ ਇਤਿਹਾਸ ਹੀ ਜੰਗਾਂ-ਯੁੱਧਾਂ ਨਾਲ਼ ਭਰਿਆ ਪਿਆ ਹੈ ਤੇ ਗੁਰੂ ਪਾਤਸ਼ਾਹ ਜੀ ਨੇ ਹਰ ਸਿੱਖ ਨੂੰ ਵਧੀਆ ਤੋਂ ਵਧੀਆ ਹਥਿਆਰ ਰੱਖਣ ਦਾ ਹੁਕਮ ਕੀਤਾ ਤੇ ਹਰ ਸਮੇਂ ਕਿਰਪਾਨ ਧਾਰਨ ਕਰਵਾ ਦਿੱਤੀ ਤਾਂ ਜੋ ਸਿੱਖ ਕਦੇ ਵੀ ਸ਼ਸਤਰਾਂ ਤੋਂ ਹੀਣਾ ਨਾ ਰਹੇ।
ਖ਼ਾਲਸੇ ਦੀ ਤਾਂ ਪਰਿਭਾਸ਼ਾ ਹੀ ਸ਼ਸਤਰਧਾਰੀ ਹੋਣ ਦੀ ਬਿਆਨ ਕੀਤੀ ਜਾਂਦੀ ਹੈ :- “ਖ਼ਾਲਸਾ ਸੋ ਜੋ ਚੜ੍ਹਹਿ ਤੁਰੰਗ। ਖ਼ਾਲਸਾ ਸੋ ਜੋ ਕਰੈ ਨਿਤ ਜੰਗ। ਖ਼ਾਲਸਾ ਸੋ ਜੋ ਸ਼ਸਤਰ ਕਉ ਧਾਰੇ। ਖ਼ਾਲਸਾ ਸੋ ਜੋ ਦੁਸ਼ਟ ਕਉ ਮਾਰੇ।” ਸਾਡੇ ਪੰਜਾਂ ਤਖ਼ਤਾਂ ’ਤੇ ਹਰ ਤਰ੍ਹਾਂ ਦੇ ਸ਼ਸਤਰ-ਹਥਿਆਰ ਸੁਭਾਇਮਾਨ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਸਨਮੁੱਖ ਵੀ ਗੁਰਦੁਆਰਿਆਂ ’ਚ ਸ਼ਸਤਰ ਸਜਾਏ ਜਾਂਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਸ਼ਸਤਰਾਂ ਵਾਲ਼ਾ ਉੱਚਾ ਥੜ੍ਹਾ ਬਣਿਆ ਹੋਇਆ ਹੈ ਤੇ ਹਰ ਸਿੱਖ ਮੱਥੇ ਟੇਕਦਿਆਂ ਦਰਸ਼ਨ ਕਰਦਾ ਹੈ। ਸਿੱਖ ਹੋਣਾ ਹੀ ਸ਼ਸਤਰਧਾਰੀ ਹੋਣਾ ਹੈ, ਸ਼ਸਤਰਾਂ ਤੋਂ ਬਿਨਾਂ ਸਿੱਖ ਅਧੂਰਾ ਹੈ।
ਹਥਿਆਰਾਂ ਨਾਲ਼ ਹੀ ਸਿੱਖਾਂ ਨੇ ਦੋ ਵਾਰ ਖ਼ਾਲਸਾ ਰਾਜ ਸਿਰਜਿਆ, ਜੰਗਾਂ ਕੀਤੀਆਂ, ਦੁਸ਼ਮਣਾਂ ਨੂੰ ਸੋਧਿਆ, ਸਿੱਖ ਇਤਿਹਾਸ ਦਾ ਹਰ ਪੰਨਾ ਸ਼ਸਤਰਾਂ ਤੇ ਖ਼ੂਨ ਨਾਲ਼ ਲਥ-ਪਥ ਹੈ। ਇਹ ਸ਼ਸਤਰ ਸਿੱਖਾਂ ਅਤੇ ਪੰਜਾਬ ਦਾ ਸੱਭਿਆਚਾਰ ਹੈ। ਗੂਗਲ ਜਾਂ ਅਜਾਇਬ ਘਰਾਂ ’ਚ ਪੁਰਾਣੀਆਂ ਤਸਵੀਰਾਂ ਜਾਂ ਪੇਂਟਿੰਗਾਂ ਵੇਖ ਲਵੋ ਹਰ ਸਿੱਖ ਅਤੇ ਪੰਜਾਬੀ ਕੋਲ਼ ਹਥਿਆਰ ਹੁੰਦੇ ਸਨ। ਸ਼ਸਤਰ ਸਾਡੇ ਪੀਰ ਹਨ :- “ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ॥ ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ॥” ਸਿੱਖ ਦੇ ਸ਼ਸਤਰ ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਹਨ। ਰਹਿਤਨਾਮਿਆਂ ’ਚ ਬਚਨ ਹਨ :- “ਸ਼ਸਤਰ ਵਿੱਦਿਆ ਸਿੱਖੀ ਨਾ ਹੀ, ਨਾ ਤੁਰੰਗ ਦੀ ਅਸਵਾਰੀ। ਸਿੱਖੀ ਦਾ ਨਾ ਰਹਿਤ ਕਮਾਈ, ਤਨਖਾਹੀ ਹੈ ਭਾਰੀ।” ਅੱਜ ਜਿਹੜਾ ਵੀ ਬੰਦਾ, ਜਿਸ ਵੀ ਮਰਜ਼ੀ ਆਧਾਰ ਉੱਤੇ ਸਿੱਖਾਂ ਨੂੰ ਆਤਮ-ਰੱਖਿਆ ਲਈ ਸ਼ਸਤਰ ਰੱਖਣ ਦੇ ਖ਼ਿਲਾਫ਼ ਹੈ, ਓਹ ਸਿੱਖਾਂ ਦੀ ਨਸਲਕੁਸ਼ੀ ਦਾ ਸਮਰਥਕ ਹੈ। ਜੇ ਸਿੱਖਾਂ ਨੇ ਇਹਨਾਂ ਦੁਸ਼ਮਣਾਂ ਨੂੰ ਨਾ ਪਛਾਣਿਆ ਤਾਂ ਬੜੀ ਮਹਿੰਗੀ ਕੀਮਤ ਤਾਰਨੀ ਪਵੇਗੀ।
Leave a Reply