ਲੁਧਿਆਣਾ ’ਚ ਮਿਸ਼ਨਰੀ ਕਾਲਜਾਂ ਦੀ ਸਾਂਝੀ ਵਿਚਾਰ ਗੋਸ਼ਟੀ, ਗੁਰਮਤਿ ਪ੍ਰਚਾਰ ਤੇ ਮੂਲ ਨਾਨਕਸ਼ਾਹੀ ਕੈਲੰਡਰ ਸਮੇਤ ਅਹਿਮ ਮਸਲਿਆਂ ’ਤੇ ਚਰਚਾ

ਲੁਧਿਆਣਾ ’ਚ ਮਿਸ਼ਨਰੀ ਕਾਲਜਾਂ ਦੀ ਸਾਂਝੀ ਵਿਚਾਰ ਗੋਸ਼ਟੀ, ਗੁਰਮਤਿ ਪ੍ਰਚਾਰ ਤੇ ਮੂਲ ਨਾਨਕਸ਼ਾਹੀ ਕੈਲੰਡਰ ਸਮੇਤ ਅਹਿਮ ਮਸਲਿਆਂ ’ਤੇ ਚਰਚਾ

ਮੂਲ ਨਾਨਕਸ਼ਾਹੀ ਕੈਲੰਡਰ ਤੇ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਮਤੇ ਪਾਸ

ਅਕਾਲ ਤਖ਼ਤ ਤੋਂ ਗੁਰਮਤਿ ਪ੍ਰਚਾਰਕਾਂ ਨੂੰ ਰੋਕਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ

ਅਕਾਲ ਤਖ਼ਤ ਤੋਂ ਗੁਰਮਤਿ ਪ੍ਰਚਾਰਕਾਂ ਨੂੰ ਰੋਕਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ
ਲੁਧਿਆਣਾ, 20 ਅਗਸਤ: ਗੁਰਜੀਤ ਸਿੰਘ ਅਜ਼ਾਦ 

ਸਿੱਖ ਸਮਾਜ ਨਾਲ ਸਬੰਧਤ ਸਮਕਾਲੀ ਮਸਲਿਆਂ, ਗੁਰਮਤਿ ਪ੍ਰਚਾਰ ਦੀਆਂ ਚੁਣੌਤੀਆਂ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਸਮੇਤ ਵੱਖ-ਵੱਖ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕਰਨ ਲਈ 20 ਅਗਸਤ 2026, ਦਿਨ ਵੀਰਵਾਰ ਨੂੰ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਵਿਖੇ ਮਿਸ਼ਨਰੀ ਕਾਲਜਾਂ ਦੀ ਸਾਂਝੀ ਵਿਚਾਰ ਗੋਸ਼ਟੀ ਕਰਵਾਈ ਗਈ।

ਇਸ ਵਿਚਾਰ ਗੋਸ਼ਟੀ ਵਿੱਚ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ, ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾਂ (ਰੋਪੜ), ਅਤੇ ਭਾਈ ਤਖ਼ਤ ਸਿੰਘ ਕੰਨਿਆ ਮਹਾਂਵਿਦਿਆਲਾ, ਬੁਢੇਵਾਲ ਵੱਲੋਂ ਸਾਂਝੇ ਤੌਰ ’ਤੇ ਸ਼ਮੂਲੀਅਤ ਕੀਤੀ ਗਈ।
ਪ੍ਰੋਗਰਾਮ ਦੀ ਆਰੰਭਤਾ ਸਵੇਰੇ 9:30 ਵਜੇ ਭਾਈ ਬਲੇਸ਼ਵਰ ਸਿੰਘ ਜੀ ਦੇ ਜੱਥੇ ਵੱਲੋਂ ਸ਼ਬਦ ਕੀਰਤਨ ਦੇ ਗਾਇਨ ਨਾਲ ਹੋਈ। ਇਸ ਉਪਰੰਤ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਵਿਦਿਆਰਥੀ ਪ੍ਰਆਂਸ ਸਿੰਘ ਨੇ ਸ਼ਬਦ ਗੁਰੂ ਦੀ ਮਹੱਤਤਾ ਦੇ ਵਿਸ਼ੇ ’ਤੇ ਵਿਚਾਰ ਸਾਂਝੇ ਕੀਤੇ।
ਵਿਚਾਰ ਗੋਸ਼ਟੀ ਦਾ ਪਹਿਲਾ ਸੈਸ਼ਨ ਸਵੇਰੇ 10:00 ਤੋਂ 11:30 ਵਜੇ ਤੱਕ ਹੋਇਆ। ਪਹਿਲੇ ਸੈਸ਼ਨ ਦੌਰਾਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ, ਲੁਧਿਆਣਾ ਦੇ ਭਾਈ ਸੁਖਵਿੰਦਰ ਸਿੰਘ ਦਦੇਹਰ ਵੱਲੋਂ “ਕਰਤੂਤਿ ਪਸੁ ਕੀ ਮਾਨਸ ਜਾਤਿ॥ — ਆਵਾਗਵਨ ਭਾਗ-2” ਵਿਸ਼ੇ ਉੱਤੇ ਵਿਚਾਰ ਪੇਸ਼ ਕੀਤੇ ਗਏ।


ਭਾਈ ਸੁਖਵਿੰਦਰ ਸਿੰਘ ਦਦੇਹਰ ਨੇ ਦੱਸਿਆ ਕਿ ਗੁਰਬਾਣੀ ਵਿੱਚ ਪ੍ਰਚਲਿਤ ਭਗਵਾਨਾਂ ਦੇ ਨਾਮਾਂ ਦੀ ਵਰਤੋਂ ਕੀਤੀ ਗਈ ਹੈ, ਪਰ ਉਨ੍ਹਾਂ ਦੀ ਪਰਿਭਾਸ਼ਾ ਵੱਖਰੀ ਹੈ, ਨਾ ਕਿ ਅਵਤਾਰਾਂ ਨੂੰ ਤਰਜੀਹ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗੁਰਬਾਣੀ ਵਿੱਚ ਸਪਸ਼ਟ ਕੀਤਾ ਗਿਆ ਹੈ ਕਿ ਰੱਬ ਕਦੇ ਜੰਮਦਾ ਜਾਂ ਮਰਦਾ ਨਹੀਂ ਅਤੇ ਗੁਰਬਾਣੀ ਦਾ ਸਿਧਾਂਤ ਰੱਬ ਨੂੰ ਸਦਾ ਹੀ ਸਥਿਰ ਦੱਸਦਾ ਹੈ।
ਉਨ੍ਹਾਂ ਕਿਹਾ ਕਿ ਗੁਰਬਾਣੀ ਅਨੁਸਾਰ ਕੋਈ ਚਿਤਰਗੁਪਤ ਨਹੀਂ, ਪਰਮਾਤਮਾ ਨੂੰ ਪੈਦਾ ਕਰਨ ਵਾਲਾ ਕੋਈ ਨਹੀਂ, ਰੱਬ ਹੀ ਦਾਤਾ ਹੈ ਅਤੇ ਰੱਬ ਹੀ ਕਰਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਗੁਰਬਾਣੀ ਅਨੁਸਾਰ ਆਵਾਗਵਨ ਸਰੀਰਕ ਨਹੀਂ, ਸਗੋਂ ਮਨੁੱਖ ਦੇ ਕਰਮਾਂ ਦੇ ਅਨੁਸਾਰ ਹੈ। ਗੁਰਬਾਣੀ ਅਨੁਸਾਰ ਮੁਕਤੀ ਜਿਉਂਦੇ ਜੀ ਹੀ ਮਿਲ ਸਕਦੀ ਹੈ, ਨਾ ਕਿ ਮਰਨ ਤੋਂ ਬਾਅਦ।


ਇਸ ਉਪਰੰਤ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾਂ (ਰੋਪੜ) ਦੇ ਡਾਇਰੈਕਟਰ ਭਾਈ ਹਰਭਜਨ ਸਿੰਘ ਵੱਲੋਂ “ਕੁਲਹਾਂ ਦੇਂਦੇ ਬਾਵਲੇ” ਵਿਸ਼ੇ ਉੱਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਗੁਰਬਾਣੀ ਅਨੁਸਾਰ ਬਾਹਰਲੀਆਂ ਲੋੜਾਂ ਪੂਰੀਆਂ ਹੋ ਜਾਣ ਤੋਂ ਬਾਅਦ ਵੀ ਮਨੁੱਖ ਵੱਡਾ ਨਹੀਂ ਹੋ ਜਾਂਦਾ। ਉੱਚੀ ਜਾਤ ਜਾਂ ਜ਼ਿਆਦਾ ਗਿਆਨ ਦਾ ਕੋਈ ਲਾਭ ਨਹੀਂ, ਜੇ ਪ੍ਰਭੂ ਹੀ ਚੇਤੇ ਨਹੀਂ। ਉਨ੍ਹਾਂ ਕਿਹਾ ਕਿ ਜੇ ਗਿਆਨ ਲੋਕਾਂ ਦੇ ਭਲੇ ਲਈ ਹੈ ਤਾਂ ਇਹ ਜਨਮ ਹੀ ਸਵਰਗ ਭੋਗਦਾ ਹੈ, ਪਰ ਜੇ ਗਿਆਨ ਲੋਕਾਂ ਨੂੰ ਲੁੱਟਣ ਜਾਂ ਲੋਕਾਂ ਨੂੰ ਤੰਗ ਕਰਨ ਲਈ ਵਰਤਿਆ ਜਾਂਦਾ ਹੈ ਤਾਂ ਇਹ ਜਨਮ ਹੀ ਨਰਕ ਭੋਗਦਾ ਹੈ।
ਵਿਚਾਰ ਗੋਸ਼ਟੀ ਦਾ ਦੂਜਾ ਸੈਸ਼ਨ ਦੁਪਹਿਰ 12:00 ਤੋਂ 1:30 ਵਜੇ ਤੱਕ ਹੋਇਆ। ਦੂਜੇ ਸੈਸ਼ਨ ਦੇ ਆਰੰਭ ਵਿੱਚ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਦੇ ਭਾਈ ਇਕਵਾਕ ਸਿੰਘ ਪੱਟੀ ਵੱਲੋਂ “ਸਮਕਾਲੀ ਸਿੱਖ ਪ੍ਰਚਾਰ ਦੀਆਂ ਚੁਣੌਤੀਆਂ ਤੇ ਭਵਿੱਖ ਸੰਭਾਵਨਾਵਾਂ” ਵਿਸ਼ੇ ਉੱਤੇ ਵਿਚਾਰ ਪੇਸ਼ ਕੀਤੇ ਗਏ।
ਭਾਈ ਇਕਵਾਕ ਸਿੰਘ ਪੱਟੀ ਨੇ ਦੱਸਿਆ ਕਿ ਸਮੇਂ ਦੇ ਨਾਲ ਤਕਨੀਕ ਦਾ ਵਿਕਾਸ ਹੁੰਦਾ ਰਿਹਾ ਹੈ ਅਤੇ ਸੰਚਾਰ ਦੇ ਸਾਧਨ ਵੀ ਬਦਲਦੇ ਰਹਿੰਦੇ ਹਨ। ਇਸ ਲਈ ਪ੍ਰਚਾਰਕਾਂ ਨੂੰ ਪ੍ਰਚਾਰ ਦੇ ਨਵੇਂ ਅਤੇ ਤੇਜ਼ ਢੰਗ-ਤਰੀਕੇ ਅਪਣਾਉਣ ਵਿੱਚ ਕੋਈ ਗੁਰੇਜ਼ ਨਹੀਂ ਕਰਨਾ ਚਾਹੀਦਾ, ਪਰ ਸਿਧਾਂਤ ਗੁਰਮਤਿ ਦੇ ਹੀ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਗੁਰਮਤਿ ਦੇ ਸਿਧਾਂਤ ਨੂੰ ਨਵੀਂ ਤਕਨੀਕ ਨਾਲ ਜੋੜ ਕੇ ਪ੍ਰਚਾਰਨਾ ਚਾਹੀਦਾ ਹੈ। ਗੁਰਮਤਿ ਪ੍ਰਚਾਰ ਨੂੰ ਕਿੱਤਾ ਸਮਝਣ ਦੀ ਥਾਂ ਸੇਵਾ ਸਮਝਣ ਦੀ ਲੋੜ ਹੈ।
ਇਸ ਤੋਂ ਬਾਅਦ ਭਾਈ ਸਰਬਜੀਤ ਸਿੰਘ ਸੈਕਰਾਮੈਂਟੋ ਵੱਲੋਂ “ਮੂਲ ਨਾਨਕਸ਼ਾਹੀ ਕੈਲੰਡਰ ਸਬੰਧੀ ਵਿਚਾਰ” ਵਿਸ਼ੇ ਉੱਤੇ ਸੰਬੋਧਨ ਕੀਤਾ ਗਿਆ। ਉਨ੍ਹਾਂ ਨੇ ਮੂਲ “ਨਾਨਕਸ਼ਾਹੀ ਕੈਲੰਡਰ” ਦੀ ਲੋੜ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਸਿੱਖਾਂ ਨੂੰ ਨਾਨਕਸ਼ਾਹੀ ਕੈਲੰਡਰ ਲਾਗੂ ਕਰਵਾਉਣ ਲਈ ਜਾਗਰੂਕ ਅਤੇ ਇੱਕਜੁੱਟ ਹੋਣ ਲਈ ਕਿਹਾ।
ਇਸ ਸਾਂਝੀ ਵਿਚਾਰ ਗੋਸ਼ਟੀ ਵਿੱਚ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਜੀ, ਸਾਬਕਾ ਜਥੇਦਾਰ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵੀ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਪ੍ਰਚਾਰਕ ਨੂੰ ਸਮੇਂ ਦਾ ਹਾਣੀ ਬਣਨਾ ਚਾਹੀਦਾ ਹੈ, ਪਰ ਬਿਨਾਂ ਸਮਰਪਣ ਤੋਂ ਪ੍ਰਚਾਰ ਕਰਨਾ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਹਰ ਪ੍ਰਚਾਰ ਵਿੱਚ “ਪੰਥ ਜੀਵੇ ਮੈਂ ਮਰਾਂ” ਵਾਲੀ ਭਾਵਨਾ ਹੋਣੀ ਚਾਹੀਦੀ ਹੈ।


ਬਾਅਦ ਵਿੱਚ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਂਤਾ ਕਲਾਂ (ਰੋਪੜ) ਵੱਲੋਂ ਸ. ਅਮਰਜੀਤ ਸਿੰਘ ਜੀ ਅਤੇ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਵੱਲੋਂ ਸ. ਪਰਮਜੀਤ ਸਿੰਘ ਨੇ ਆਏ ਵਿਦਿਆਰਥੀਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ।
ਵਿਚਾਰ ਗੋਸ਼ਟੀ ਦੇ ਅੰਤ ਵਿੱਚ ਇਕ ਮਤਾ ਪੇਸ਼ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ “ਪੰਥ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਦੇ ਅਨੁਸਾਰ ਪ੍ਰਚਾਰ ਕਰਨ ਵਾਲੇ ਪ੍ਰਚਾਰਕਾਂ ਨੂੰ ਰੋਕਣ ਵਾਲੇ ਸ਼ਰਾਰਤੀ ਤੱਤਾਂ ਨੂੰ ਰੋਕਣ ਲਈ ਅਕਾਲ ਤਖ਼ਤ ਨੂੰ ਕਾਰਵਾਈ ਕਰਨੀ ਚਾਹੀਦੀ ਹੈ।”
ਇਸ ਦੇ ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਅਤੇ ਭਾਈ ਜਗਤਾਰ ਸਿੰਘ ਹਵਾਰਾ ਲਈ ਲੰਬੀ ਪੇਰੋਲ ਦੀ ਮੰਗ ਸਬੰਧੀ ਮਤੇ ਵੀ ਪਾਸ ਕੀਤੇ ਗਏ।

Gurjeet Singh
Gurjeet Singh
9814790299
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.