ਮਲਮਾਸ, ਬਿਕ੍ਰਮੀ ਕੈਲੰਡਰ ਦਾ ਅੰਗ ਹੈ। — ਸਰਬਜੀਤ ਸਿੰਘ ਸੈਕਰਾਮੈਂਟੋ
- ਗੁਰਬਾਣੀ-ਇਤਿਹਾਸ
- 30 Mar, 2026 02:57 PM (Asia/Kolkata)
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 6 ਮਾਰਚ (2026 ਈ:) ਨੂੰ ਜਾਰੀ ਕੀਤੇ ਗਏ ਕੈਲੰਡਰ ਵਿੱਚ ਮਲਮਾਸ ਆਉਣ ਕਾਰਨ, ਇਹ ਕੈਲੰਡਰ ਚਰਚਾ ਦਾ ਵਿਸ਼ਾ ਬਣਿਆ ਹੋਇਆਂ ਹੈ। ਮਲ ਮਾਸ ਤਾਂ ਪਹਿਲਾ ਵੀ ਆਏ ਹਨ। ਜਦੋਂ ਤੋਂ (ਮਾਰਚ 2010 ਤੋਂ) ਸ਼੍ਰੋਮਣੀ ਕਮੇਟੀ ਨੇ ਨਾਨਕਸ਼ਾਹੀ ਕੈਲੰਡਰ ਨੂੰ ਤਿਆਗ ਕੇ, ਚੰਦਰ-ਸੂਰਜੀ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ) ਕੈਲੰਡਰ ਛਾਪਣਾ ਆਰੰਭ ਕੀਤਾ ਹੈ। ਜਿਵੇ, ਵੈਸਾਖ-2010 ਈ, ਭਾਂਦੋ 2012 ਈ, ਹਾੜ 2015 ਈ: ਆਦਿ। ਉਦੋਂ ਇਹ ਚਰਚਾ ਦਾ ਵਿਸ਼ਾ ਨਹੀਂ ਬਣੇ। ਕਿਉਂਕਿ ਕਮੇਟੀ ਸਿਰਫ ਸੂਰਜੀ ਕੈਲੰਡਰ ਹੀ ਛਾਪਦੀ ਸੀ ਅਤੇ ਸਾਰੇ ਦਿਹਾੜੇ ਸਮੇਤ ਉਹ ਦਿਹਾੜੇ ਜਿਹੜੇ ਵਦੀ-ਸੁਦੀ ਮੁਤਾਬਕ ਮਨਾਏ ਜਾਂਦੇ ਸਨ, ਪ੍ਰਵਿਸ਼ਟਿਆ ਵਿੱਚ ਹੀ ਦਰਜ ਕੀਤੇ ਜਾਂਦੇ ਸਨ। ਜਿਸ ਕਾਰਨ ਮਲਮਾਸ ਬਾਰੇ ਆਮ ਸੰਗਤਾਂ ਨੂੰ ਪਤਾ ਹੀ ਨਹੀਂ ਸੀ ਲਗਦਾ। ਸੰਮਤ 552 ਨਾਨਕਸ਼ਾਹੀ (2020-21) ਦੇ ਕੈਲੰਡਰ ਵਿੱਚ, ਮੀਰੀ ਪੀਰੀ ਦਿਵਸ ਪਾ: ਛੇਵੀਂ 17 ਹਾੜ (ਹਾੜ ਸੁਦੀ 10) ਅਤੇ ਸਿਰਜਣਾ ਦਿਵਸ ਅਕਾਲ ਤਖਤ ਸਾਹਿਬ 18 ਹਾੜ (ਪ੍ਰਵਿਸ਼ਿਟਆ ਮੁਤਾਬਕ) ਦਰਜ ਸੀ। ਮੈਂ ਪੱਤਰ ਲਿਖ ਕੇ ਸ਼੍ਰੋਮਣੀ ਕਮੇਟੀ ਅਤੇ ਸੰਗਤਾਂ ਦੇ ਧਿਆਨ ਵਿੱਚ ਲਿਆਂਦਾ ਸੀ, ਪਰ ਅੱਜ ਵਾਂਗ ਚਰਚਾ ਨਹੀਂ ਸੀ ਹੋਈ।

ਸਮੰਤ 558 ਨਾਨਕਸ਼ਾਹੀ (2083 ਬਿਕ੍ਰਮੀ/2026-27) ਵਿੱਚ ਚੰਦ ਦੇ ਸਾਲ ਦੇ 13 ਮਹੀਨੇ ਹਨ । ਜੇਠ ਦਾ ਮਹੀਨਾ ਦੋ ਵਾਰ ਆ ਰਿਹਾ ਹੈ। ਜੇਠ ਦਾ ਆਰੰਭ 2 ਮਈ ਤੋਂ ਹੋਵੇਗਾ ਅਤੇ ਅੰਤ 29 ਜੂਨ ਨੂੰ। ਪਹਿਲੇ ਜੇਠ ਦਾ ਪਹਿਲਾ ਪੱਖ (ਵਦੀ ਪੱਖ) ਸ਼ੁੱਭ ਹੋਵੇਗਾ। ਪਹਿਲੇ ਜੇਠ ਦਾ ਦੂਜਾ ਪੱਖ (ਸੁਦੀ ਪੱਖ) ਅਤੇ ਦੂਜੇ ਦਾ ਜੇਠ ਦਾ ਪਹਿਲਾ ਪੱਖ (ਵਦੀ ਪੱਖ) ਅਸ਼ੁੱਭ ਹੋਵੇਗਾ। ਦੂਜੇ ਜੇਠ ਦਾ ਦੂਜਾ ਪੱਖ (ਸੁਦੀ ਪੱਖ) ਸ਼ੁੱਭ ਹੋਵੇਗਾ। ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਹਾੜਾ ਜੇਠ ਵਦੀ 8 ਮੁਤਾਬਕ, ਜੇਠ ਦੇ ਪਹਿਲੇ ਪੱਖ ਵਿੱਚ 10 ਮਈ ਨੂੰ ਮਨਾਇਆ ਜਾਵੇਗਾ ਅਤੇ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਮੁਤਾਬਕ, ਦੂਜੇ ਜੇਠ ਦੇ ਦੂਜੇ ਪੱਖ ਵਿੱਚ 18 ਜੂਨ ਨੂੰ ਮਨਾਇਆ ਜਾਵੇਗਾ। ਪਰ ਸ਼੍ਰੋਮਣੀ ਕਮੇਟੀ ਨੇ ਆਪਣੇ ਕੈਲੰਡਰ ਵਿੱਚ ਇਹ ਦਿਹਾੜੇ 25 ਜੇਠ (8 ਜੂਨ ) ਅਤੇ 4 ਹਾੜ (18 ਜੂਨ) ਨੂੰ ਦਰਜ ਕੀਤੇ ਹਨ। ਕਰਨਲ ਨਿਸ਼ਾਨ, ਇਨ੍ਹਾਂ ਤਾਰੀਖਾਂ ਨਾਲ ਸਹਿਮਤ ਨਹੀਂ ਹੈ। ਸ਼ਾਇਦ ਇਹ ਪਹਿਲਾ ਮੌਕਾ ਹੈ ਕਿ ਕਰਨਲ ਨਿਸ਼ਾਨ ਨੂੰ , ਕਮੇਟੀ ਦੇ ਕੈਲੰਡਰ ਵਿੱਚ ਕੋਈ ਗਲਤੀ ਨਜਰ ਆਈ ਹੈ।
ਕਰਨਲ ਨਿਸ਼ਾਨ ਦੇ ਬਚਨ, “ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਗੁਰਗੱਦੀ ਦਿਵਸ ਦੀ ਇਤਿਹਾਸਕ ਤਾਰੀਖ਼ ਜੇਠ ਵਦੀ 8 ਹੈ ਅਤੇ ਪਿਛਲੇ 100 ਸਾਲਾਂ ਦੌਰਾਨ ਸਾਰੀਆਂ ਜੰਤਰੀਆਂ ਅਤੇ ਸ਼੍ਰੋਮਣੀ ਕਮੇਟੀ ਦੇ ਕਲੰਡਰਾਂ ਮੁਤਾਬਿਕ ਇਸ ਵਿੱਚ ਕਦੀ ਕੋਈ ਤਬਦੀਲੀ ਨਹੀਂ ਹੋਈ ਚਾਹੇ ਜੇਠ ਮਹੀਨੇ ਵਿਚ ਮਲਮਾਸ ਹੋਵੇ ਜਾਂ ਨਾ ਹੋਵੇ। ਇਹ ਪੁਰਬ ਹਮੇਸ਼ਾ ਜੇਠ ਮਹੀਨੇ ਦੇ ਪਹਿਲੇ ਪੱਖ ਵਿਚ ਜੇਠ ਵਦੀ 8 ਨੂੰ ਹੀ ਮਨਾਇਆ ਜਾਂਦਾ ਹੈ”।
ਕਰਨਲ ਨਿਸ਼ਾਨ ਦਾ ਅਜੇਹਾ ਲਿਖਣਾ ਬਿਲਕੁਲ ਦਰੁਸਤ ਹੈ। ਜਿਵੇਂ ਕਿ ਪਾਠਕ ਉੱਪਰ ਪੜ੍ਹ ਚੁੱਕੇ ਹਨ, “ਪਹਿਲੇ ਜੇਠ ਦਾ ਪਹਿਲਾ ਪੱਖ (ਵਦੀ ਪੱਖ) ਸ਼ੁੱਭ ਹੋਵੇਗਾ”। ਇਸ ਲਈ ਵਦੀ ਪੱਖ ਵਿੱਚ ਆਉਣ ਵਾਲੇ ਦਿਹਾੜਿਆ ਤੇ, ਮਲਮਾਸ ਦਾ ਕੋਈ ਅਸਰ ਨਹੀਂ ਹੁੰਦਾ। ਇਹ ਪਹਿਲੇ ਮਹੀਨੇ ਦੇ ਪਹਿਲੇ ਪੱਖ (ਸ਼ੁਭ ) ਵਿੱਚ ਹੀ ਮਨਾਏ ਜਾਂਦੇ ਹਨ। ਮਲਮਾਸ ਦਾ ਅਸਰ ਤਾਂ ਸੁਦੀ ਪੱਖ ਵਿੱਚ ਆਉਂਣ ਵਾਲੇ ਦਿਹਾੜਿਆ ਉੱਤੇ ਹੁੰਦਾ ਹੈ। ਜਿਵੇਂ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਹੈ। ਇਸ ਸਾਲ ਜੇਠ ਸੁਦੀ 4, 20 ਮਈ ਨੂੰ ਆਵੇਗੀ। ਪਰ ਬਿਕ੍ਰਮੀ ਕੈਲੰਡਰ ਦੇ ਵਿਧਾਨ ਮੁਤਾਬਕ ਇਹ ਮਾਲ ਮਾਸ ਹੋਵੇਗਾ। ਇਸ ਕਾਰਨ 20 ਮਈ ਨੂੰ ਗੁਰੂ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਨਹੀਂ ਮਨਾਇਆ ਜਾਵੇਗਾ। ਦੂਜੇ ਜੇਠ ਦੀ, ਜੇਠ ਸੁਦੀ 4, 18 ਜੂਨ ਨੂੰ ਆਵੇਗੀ, ਸ਼ਹੀਦੀ ਦਿਹਾੜਾਂ 18 ਜੂਨ ਨੂੰ ਮਨਾਇਆ ਜਾਵੇਗਾ।
ਕਰਨਲ ਨਿਸ਼ਾਨ ਦਾ ਇਹ ਲਿਖਣਾ, “ਜਦੋਂ ਵੀ ਜੇਠ ਦਾ ਮਹੀਨਾ ਮਲ ਮਾਸ ਵਾਲਾ ਹੁੰਦਾ ਹੈ ਤਾਂ ਜੰਤਰੀਆਂ ਵਾਲੇ ਆਪਣੇ ਅਕੀਦੇ (ਮਲ ਮਾਸ ਦੀ ਗਣਨਾ) ਮੁਤਾਬਿਕ ਸਹੀਦੀ ਪੁਰਬ 10 ਦਿਨਾਂ ਦੀ ਬਜਾਏ 40 ਦਿਨ ਬਾਅਦ ਨਿਸ਼ਚਿਤ ਕਰ ਦਿੰਦੇ ਹਨ ਜੋ ਇਤਿਹਾਸਕ ਪੱਖੋਂ ਗ਼ਲਤ ਹੈ। ਕਿਉਂਕਿ ਗੁਰਮਤਿ ਵਿਚ ਮਲ ਮਾਸ ਵਾਲਾ ਕੋਈ ਸੰਕਲਪ ਹੀ ਨਹੀਂ ਇਸ ਲਈ ਮਲ ਮਾਸ ਕਾਰਨ ਸ਼ਹੀਦੀ ਦਿਹਾੜਾ ਜੇਠ ਸੁਦੀ 4 ਮੁਤਾਬਿਕ 20 ਮਈ ਦੀ ਬਜਾਏ 18 ਜੂਨ ਨੂੰ ਨਿਸ਼ਚਿਤ ਕਰਨਾ ਮਨਮਤ ਤਾਂ ਹੋ ਸਕਦੀ ਹੈ ਗੁਰਮਤਿ ਨਹੀਂ। ਇਸ ਸਾਲ ਦੇ ਕਲੰਡਰ ਵਿਚ ਸ਼ਹੀਦੀ ਪੁਰਬ ਦੀ ਤਾਰੀਖ਼ 18 ਜੂਨ ਗ਼ਲਤ ਹੈ ਅਤੇ ਇਤਿਹਾਸਕ ਤਾਰੀਖ਼ 20 ਮਈ ਹੀ ਬਣਦੀ ਹੈ। ਇਸ ਤਾਰੀਖ਼ ਵਿਚ ਵੀ ਸੋਧ ਦੀ ਜ਼ਰੂਰਤ ਹੈ”, ਮੁੱਢੋ ਹੀ ਗਲਤ ਹੈ। ਕਰਨਲ ਨਿਸ਼ਾਨ ਜੀ, ਬਿਕ੍ਰਮੀ ਕੈਲੰਡਰ ਨੇ ਤੁਹਾਡੇ ਮੁਤਾਬਕ ਨਹੀਂ ਚੱਲਣਾ, ਤੂਹਾਨੂੰ ਕੈਲੰਡਰ ਮੁਤਾਬਕ ਚੱਲਣਾ ਪੈਣਾ ਹੈ। ਜੇ ਤੂਹਾਨੂੰ ਬਿਕ੍ਰਮੀ ਕੈਲੰਡਰ ਦਾ ਵਿਧੀ-ਵਿਧਾਨ ਪਸੰਦ ਨਹੀਂ ਹੈ, ਤਾਂ ਇਸ ਕੈਲੰਡਰ ਨੂੰ ਛੱਡ ਕਿਉ ਨਹੀਂ ਦਿੰਦੇ?
ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗੁਰਗੱਦੀ ਦਿਹਾੜੇ ਸਬੰਧੀ ਕਰਨਲ ਨਿਸ਼ਾਨ ਜੀ ਲਿਖਦੇ ਹਨ, “ਇਤਿਹਾਸ ਮੁਤਾਬਿਕ ਇਸ ਸਾਲ ਇਹ ਤਾਰੀਖ਼ ਜੇਠ ਦੇ ਪਹਿਲੇ ਪੱਖ ਵਿਚ 10 ਮਈ ਦੀ ਬਣਦੀ ਹੈ ਪਰ ਪਤਾ ਨਹੀਂ ਕਿਸ ਸਲਾਹਕਾਰ ਦੀ ਸਲਾਹ ਤੇ ਇਹ ਤਾਰੀਖ਼ ਜੇਠ ਦੇ ਤੀਜੇ ਪੱਖ ਵਿਚ 8 ਜੂਨ ਨੂੰ ਨਿਸ਼ਚਤ ਕੀਤੀ ਗਈ ਹੈ। ...ਗੁਰਗੱਦੀ ਪੁਰਬ ਦੀ ਠੀਕ ਤਾਰੀਖ਼ ਜੇਠ ਵਦੀ 8 ਮੁਤਾਬਿਕ 10 ਮਈ ਹੈ ਅਤੇ 8 ਜੂਨ ਗ਼ਲਤ ਹੈ; ਇਸ ਵਿਚ ਸੋਧ ਕਰਨ ਦੀ ਲੋੜ ਹੈ”। ਇਹ ਨੁਕਤਾ ਬਿਲਕੁਲ ਸਹੀ ਹੈ। ਵਦੀ ਪੱਖ, ਹਮੇਸ਼ਾ ਹੀ ਸ਼ੁੱਭ ਹੁੰਦਾ ਹੈ। ਸ਼੍ਰੋਮਣੀ ਕਮੇਟੀ ਨੇ ਆਪਣੇ ਵੱਲੋਂ ਤਾਂ ਚੁਸਤੀ ਵਰਤੀ ਸੀ ਕਿ ਦੋਵਾਂ ਦਿਹਾੜਿਆਂ ਦੇ ਫ਼ਰਕ ਨੂੰ ਪਹਿਲਾ ਦੀ ਤਰ੍ਹਾਂ 10 ਦਿਨ ਦਾ ਹੀ ਰੱਖ ਲਿਆ ਜਾਵੇ। ਪਰ ਹੁਣ ਕਮੇਟੀ ਦੀ ਚੁਸਤੀ, ਕਮੇਟੀ ਲਈ ਸਮੱਸਿਆ ਬਣ ਗਈ ਹੈ।
ਕਰਨਲ ਨਿਸ਼ਾਨ ਜੀ, ਸੰਮਤ 550 ਨਾਨਕਸ਼ਾਹੀ (2018-19 ਈ:) ਵਿੱਚ ਵੀ ਜੇਠ ਦਾ ਮਹੀਨਾ ਮਲਮਾਸ ਸੀ। ਤੁਹਾਡੀ ਕਿਤਾਬ ਵਿੱਚ ਗੁਰੂ ਅਰਜਨ ਦੇਵ ਜੀਦਾ ਸ਼ਹੀਦੀ ਦਿਹਾੜਾ 19 ਮਈ 2018 (6 ਜੇਠ) ਦਰਜ ਹੈ। ਸ਼੍ਰੋਮਣੀ ਕਮੇਟੀ ਨੇ ਇਹ ਦਿਹਾੜਾ 17 ਜੂਨ (3 ਹਾੜ) ਨੂੰ ਮਨਾਇਆ ਸੀ। ਉਸ ਸਾਲ ਵੀ ਤੁਸੀਂ ਗਲਤ ਸਾਬਿਤ ਹੋਏ ਸੀ। 2037 ਈ: ਵਿੱਚ ਵੀ ਜੇਠ ਮਲਮਾਸ ਹੋਵੇਗਾ। ਤੁਹਾਡੇ ਵੱਲੋਂ ਲਿਖੀ ਤਾਰੀਖ 19 ਮਈ 2037 ਈ: (ਪੰਨਾ 54) ਗਲਤ ਸਾਬਿਤ ਹੋਵੇਗੀ। 2045, 2064, ਅਤੇ 2083 ਈ: ਵਿੱਚ ਵੀ ਤੁਹਾਡੀ ਤਾਰੀਖ ਗਲਤ ਸਾਬਿਤ ਹੋਵੇਗੀ।
ਕਰਨਲ ਨਿਸ਼ਾਨ ਜੀ, ਸੰਮਤ 2085 ਬਿਕ੍ਰਮੀ (2029 ਈ:) ਵਿੱਚ ਚੇਤ ਦਾ ਮਹੀਨਾ ਮਲਮਾਸ ਆਵੇਗਾ। ਚੇਤ ਦਾ ਆਰੰਭ 1 ਮਾਰਚ ਤੋਂ ਹੋਵੇਗਾ ਅਤੇ ਅੰਤ 28 ਅਪ੍ਰੈਲ ਨੂੰ ਹੋਵੇਗਾ। 15 ਮਾਰਚ ਤੋਂ 13 ਅਪ੍ਰੈਲ ਤਾਈ ਮਲ ਮਾਸ ਹੋਵੇਗਾ। ਗੁਰਗੱਦੀ ਦਿਵਸ ਪਾਤਸ਼ਾਹੀ ਤੀਜੀ ਚੇਤ ਸੁਦੀ 1 ਮੁਤਾਬਕ, ਤੁਸੀ 14 ਅਪ੍ਰੈਲ 2029 ਈ: ਦਰਜ ਕੀਤੀ ਹੈ (ਪੰਨਾ 45) ਜਦੋਂ ਕਿ ਚੇਤ ਸੁਦੀ ਏਕਮ ਤਾਂ 16 ਮਾਰਚ ਨੂੰ ਵੀ ਆਵੇਗੀ। ਤੁਸੀ ਇਹ ਦਿਹਾੜਾਂ 16 ਮਾਰਚ (ਅਸ਼ੁੱਭ ਚੇਤ ਸੁਦੀ 1) ਦੀ ਬਿਜਾਏ 14 ਅਪ੍ਰੈਲ (ਸ਼ੁੱਭ ਚੇਤ ਸੁਦੀ 1) ਨੂੰ ਕਿਉਂ ਦਰਜ ਕੀਤਾ ਹੈ? ਇਸੇ ਤਰ੍ਹਾਂ ਹੀ ਚੇਤ ਸੁਦੀ 4 ਜੋਤੀ ਜੋਤ ਦਿਹਾੜਾ ਪਾ: ਦੂਜੀ 18 ਅਪ੍ਰੈਲ ਨੂੰ ਦਰਜ ਕੀਤਾ ਹੈ। ਜਦੋਂ ਕਿ ਚੇਤ ਸੁਦੀ 4 ਤਾਂ 19 ਮਾਰਚ ਨੂੰ ਵੀ ਆਵੇਗੀ। ਕੀ ਕਾਰਨ ਹੈ ਕਿ ਇਥੇ ਆਪ ਨੇ ਮਲਮਾਸ ਦਾ ਪੂਰਾ ਖਿਆਲ ਰੱਖਿਆ ਹੈ ਅਤੇ ਇਸ ਸਾਲ ਜੇਠ ਸੁਦੀ 4 ਸਬੰਧੀ ਲਿਖਦੇ ਹੋ, “ਗੁਰਮਤਿ ਵਿਚ ਮਲ ਮਾਸ ਦਾ ਕੋਈ ਸੰਕਲਪ ਹੀ ਨਹੀਂ। ਇਸ ਲਈ ਸਿੱਖ ਕੈਲੰਡਰ ਵਿਚ ਇਤਿਹਾਸਕ ਦਿਹਾੜੇ ਇਤਿਹਾਸ ਮੁਤਾਬਿਕ ਹੀ ਨਿਰਧਾਰਿਤਿ ਕੀਤੇ ਜਾਣੇ ਚਾਹੀਦੇ ਹਨ ਜੰਤਰੀਆਂ ਦੇ ਮਲ ਮਾਸ ਮੁਤਾਬਿਕ ਨਹੀਂ”।
‘ਪ੍ਰਸ਼ੋਤਮ ਮਾਸ’ ਸਬੰਧੀ ਕਰਨਲ ਨਿਸ਼ਾਨ ਜੀ ਲਿਖਦੇ ਹਨ, “ਇਹ ਕੋਈ ਪੰਡਤ ਪਾਉਂਦਾ ਨਹੀਂ ਇਹ ਹੁੰਦੇ ਹੀ ਹਨ। ਇਸ ਮਹੀਨੇ ਵਿੱਚ ਕਈ ਲੋਕ ਮਲ ਮਾਸ ਨੂੰ ਮੰਦਾ ਮਹੀਨਾ ਸਮਝ ਕੇ ਕੋਈ ਘਰੇਲੂ ਜਾਂ ਸਮਾਜਕ ਕੰਮ ਨਹੀਂ ਕਰਦੇ ਅਤੇ ਕਈ ਇਸ ਨੂੰ ਪ੍ਰਸ਼ੋਤਮ ਮਾਸ ਕਹਿ ਕੇ ਬਹੁਤ ਚੰਗਾ ਮੰਨਦੇ ਹਨ ਅਤੇ ਪਾਠ ਪੂਜਾ ਤੋਂ ਇਲਾਵਾ ਹੋਰ ਕੁਝ ਨਹੀਂ ਕਰਦੇ”।
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਵਿੱਚ, ਚੰਦ ਦੇ ਸਾਲ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ, ਚੰਦ ਦੇ ਸਾਲ ਵਿੱਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ। ਅਜੇਹਾ 19 ਸਾਲਾਂ ਵਿੱਚ 7 ਵਾਰ ਕੀਤਾ ਜਾਂਦਾ ਹੈ। ਵਾਧੂ ਮਹੀਨੇ ਨੂੰ ਮਲ ਮਾਸ, ਅਸ਼ੁੱਭ, ਮੰਨਿਆ ਜਾਂਦਾ ਹੈ। ਜਿਸ ਵਿੱਚ ਕੋਈ ਵੀ ਸ਼ੁੱਭ ਕਾਰਜ (ਜੰਮਣ-ਮਰਨ ਨੂੰ ਛੱਡ ਕੇ) ਨਹੀਂ ਕੀਤਾ ਜਾ ਸਕਦਾ। ਇਸ ਮਹੀਨੇ ਦਾ ਹੀ ਦੂਜਾ ਨਾਮ ਹੈ ਪ੍ਰਸ਼ੋਤਮ ਮਾਸ।
ਕਰਨਲ ਨਿਸ਼ਾਨ ਜੀ, ਇਹ ਪੁਜਾਰੀ ਦੀ ਹੀ ਕਾਢ ਹੈ। ਹੁਣ ਜਦੋਂ ਪੂਰਾ ਮਹੀਨਾ ਹੀ ਮਲ ਜਾਂ ਅਸ਼ੁੱਭ ਹੋ ਗਿਆ, ਤਾਂ ਪੁਜਾਰੀ ਨੂੰ ਇਕ ਮਹੀਨੇ ਦਾ ਘਾਟਾ ਪੈ ਗਿਆ। ਇਸ ਘਾਟੇ ਨੂੰ ਪੂਰਾ ਕਰਨ ਲਈ ਨਵੀਂ ਕਹਾਣੀ ਘੜੀ ਗਈ। ਇਹ ਕਹਾਣੀ ਹੈ ਪ੍ਰਸ਼ੋਤਮ ਮਾਸ। ਪ੍ਰਸ਼ੋਤਮ, ਵਿਸ਼ਨੂੰ ਦਾ ਇਕ ਨਾਮ, ਪੁਰਸ਼ਾਂ `ਚ ਉੱਤਮ। ਅਖੈ ਇਸ ਮਹੀਨੇ ਵਿੱਚ ਕੀਤਾ ਦਾਨ-ਪੁੰਨ, ਅੱਗੇ ਕਈ ਗੁਣਾ ਵੱਧ ਮਿਲਦਾ ਹੈ। ਭਾਵ ਪੁਜਾਰੀ ਨੇ, ਲੋਕਾ ਨੂੰ ਮਲਮਾਸ ਦਾ ਡਰਾਵਾ ਦੇ ਕੇ, ਪ੍ਰਸ਼ੋਤਮ ਮਾਸ ਦੇ ਨਾਮ ਹੇਠ, ਆਪਣੀ ਭੇਟਾ ਦਾ ਪੱਕਾ ਪ੍ਰਬੰਧ ਕਰ ਲਿਆ।ਕਰਨਲ ਨਿਸ਼ਾਨ ਜੀ, ਜੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ (ਦ੍ਰਿਕਗਿਣਤ ਸਿਧਾਂਤ) ਵਰਤਣਾ ਤੁਹਾਡੀ ਮਜਬੂਰੀ ਹੈ ਤਾਂ ਤੂਹਾਨੂੰ ਉਸ ਕੈਲੰਡਰ ਮੁਤਾਬਕ ਹੀ ਚੱਲਣਾ ਪੈਣਾ ਹੈ। ਉਸ ਵਿੱਚ ਸੋਧ ਕਰਨੀ ਤੁਹਾਡੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ। ਇਹ ਅਧਿਕਾਰ ਉਨ੍ਹਾਂ ਦਾ ਹੈ ਜਿਨ੍ਹਾਂ ਦਾ ਇਹ ਕੈਲੰਡਰ ਹੈ। ਉਹ ਸਮੇਂ-ਸਮੇਂ ਆਪਣੇ ਅਧਿਕਾਰਾਂ ਦੀ ਵਰਤੋ ਕਰਦੇ ਰਹਿੰਦੇ ਹਨ। ਜਿਸ ਦਾ ਸਬੂਤ ਹੈ ਨਵੰਬਰ 1964 ਈ: ਵਾਲੀ ਸੋਧ। ਜਦੋਂ ਉਨ੍ਹਾਂ ਨੇ ਸਾਲ ਦੀ ਲੰਬਾਈ 365.2587 ਦਿਨ ਤੋਂ ਘਟਾ ਕੇ 365.2563 ਦਿਨ ਮੰਨ ਲਈ ਸੀ। ਇਸ ਸੋਧ ਨੂੰ ਅਖੌਤੀ ਸੰਤ ਸਮਾਜ ਅਤੇ ਸ਼੍ਰੋਮਣੀ ਕਮੇਟੀ ਨੇ ਚੁੱਪ-ਚਾਪ ਪ੍ਰਵਾਨ ਕਰ ਲਿਆ ਸੀ। ਉਹ, ਕਸ਼ੈ-ਮਾਸ ਸਬੰਧੀ ਵੀ ਸੋਧ ਕਰ ਚੁੱਕੇ ਹਨ। ਤੁਸੀਂ ਉਹ ਵੀ ਮੰਨ ਚੁੱਕੇ ਹੋ। ਅੱਗੋ, ਜਦੋਂ ਉਹ ਕੋਈ ਸੋਧ ਕਰਨਗੇ, ਤੁਹਾਡੇ ਲਾਣੇ ਨੂੰ ਮੰਨਣੀ ਹੀ ਪੈਣੀ ਹੈ।
ਕਰਨਲ ਨਿਸ਼ਾਨ ਜੀ, ਮੈਂ ਤੁਹਾਡੇ ਇਨ੍ਹਾਂ ਸ਼ਬਦਾ, “ਕੈਲੰਡਰਾਂ ਬਾਰੇ ਸਿੱਖ ਸਮਾਜ ਵਿਚ ਬਹੁਤ ਘੱਟ ਖੋਜ ਹੋਈ ਹੈ। ਜਿਸ ਦੇ ਨਤੀਜੇ ਵਜੋਂ ਸ਼ਰੋਮਣੀ ਕਮੇਟੀ ਵੱਲੋਂ ਹਰ ਸਾਲ ਛਾਪਿਆ ਜਾਂਦਾ ਕੈਲੰਡਰ ਸਥਾਨਕ ਜੰਤਰੀਆਂ ਤੇ ਹੀ ਨਿਰਭਰ ਰਹਿੰਦਾ ਰਿਹਾ ਹੈ”, ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਸ਼੍ਰੋਮਣੀ ਕਮੇਟੀ ਅੱਜ ਵੀ ਜੰਤਰੀਆਂ ਤੇ ਨਿਰਭਰ ਹੈ। ਪਰ ਸਵਾਲ ਪੈਦਾ ਹੁੰਦਾ ਹੈ ਕਿ ਤੁਸੀ ਅਤੇ ਤੁਹਾਡੇ ਸਾਥੀਆਂ ਨੇ, ਪਿਛਲੇ ਢਾਈ ਦਹਾਕਿਆਂ ਵਿੱਚ ਕੋਈ ਉਸਾਰੂ ਰੋਲ ਕਿਉਂ ਨਹੀਂ ਨਿਭਾਇਆ?
ਅੱਗੇ ਆਪ ਜੀ ਲਿਖਦੇ ਹੋ, “ਇਸ ਸਦੀ ਵਿਚ ਪਾਲ ਸਿੰਘ ਪੁਰੇਵਾਲ ਨੇ ਇਸ ਵਿਸ਼ੇ ਤੇ ਖੋਜ ਕਰ ਕੇ ਪਿਛਲੇ 500 ਸਾਲਾਂ ਦੀ ਜੰਤਰੀ ਬਣਾਉਣ ਦਾ ਚੰਗਾ ਉੱਦਮ ਕੀਤਾ ਹੈ। ਪਰ ਕੁੱਝ ਵਿਸ਼ੇ ਜੋ ਸਿੱਖ ਕੈਲੰਡਰ ਨੂੰ ਇਕ ਸੁਤੰਤਰ ਰੂਪ ਦੇ ਸਕਦੇ ਸਨ ਉਨ੍ਹਾਂ ਬਾਰੇ ਖੁੱਲ੍ਹ ਕੇ ਵਿਚਾਰ ਨਹੀਂ ਹੋਈ ਬਲਕਿ ਆਮ ਸੰਗਤਾਂ ਵਿਚ ਕਾਫ਼ੀ ਭਰਮ ਭੁਲੇਖੇ ਪੈਦਾ ਕੀਤੇ ਗਏ। ਉਨ੍ਹਾਂ ਵਿਚੋਂ ਇੱਕ ਵਿਸ਼ੇ ਮਲ ਮਾਸ ਬਾਰੇ ਮੈਂ ਆਪਣੇ ਵਿਚਾਰ ਪਾਠਕਾਂ ਨਾਲ ਸਾਂਝੇ ਕਰਨ ਦਾ ਉਪਰਾਲਾ ਕਰ ਰਿਹਾ ਹਾਂ”।
ਕਰਨਲ ਨਿਸ਼ਾਨ ਜੀ, ਮਲਮਾਸ ਦਾ ਨਾਨਕਸ਼ਾਹੀ ਕੈਲੰਡਰ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ। ਇਹ ਤੁਹਡੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ ਦੇਣ ਹੈ। ਜਿਸ ਬਾਰੇ ਤੁਸੀ ਲਿਖਿਆ ਹੈ, “29 ਫਰਵਰੀ ਵਾਂਗ ਇਹ ਵਾਧੂ ਮਹੀਨਾ ਵੀ ਕੈਲੰਡਰ ਦੀ ਪ੍ਰਕ੍ਰਿਆ ਦਾ ਹਿੱਸਾ ਹੈ ਤਾਂ ਕਿ ਸੂਰਜੀ ਸਾਲ ਅਤੇ ਚੰਦ੍ਰਮੀ ਸਾਲ ਵਿਚ ਸਥਿਰਤਾ ਬਣੀ ਰਹੇ”। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇ ਮਲਮਾਸ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਦੀ ਪ੍ਰਕ੍ਰਿਆ ਦਾ ਹਿੱਸਾ ਹੈ ਤਾਂ ਇਹ ਭਰਮ-ਭੁਲੇਖਾ ਕਿਵੇਂ ਹੈ?
ਲੈ: ਕਰਨਲ ਸੁਰਜੀਤ ਸਿੰਘ ਨਿਸ਼ਾਨ ਜੀ, ਉਹ ਕਿਹੜੇ ਵਿਸ਼ੇ ਜਾਂ ਨੁਕਤੇ ਹਨ, ਜਿਨ੍ਹਾਂ ਸਬੰਧੀ ਆਪ ਜੀ ਨੇ ਲਿਖਿਆ ਹੈ, “ਪਰ ਕੁੱਝ ਵਿਸ਼ੇ ਜੋ ਸਿੱਖ ਕੈਲੰਡਰ ਨੂੰ ਇਕ ਸੁਤੰਤਰ ਰੂਪ ਦੇ ਸਕਦੇ ਸਨ ਉਨ੍ਹਾਂ ਬਾਰੇ ਖੁੱਲ੍ਹ ਕੇ ਵਿਚਾਰ ਨਹੀਂ ਹੋਈ”। ਉਨ੍ਹਾਂ ਵਿਸ਼ਿਆਂ ਸਬੰਧੀ ਜਾਣਕਾਰੀ ਲਿਖਤੀ ਰੂਪ ਵਿੱਚ ਸਾਂਝੀ ਕੀਤੀ ਜਾਵੇ। ਤਾਂ ਜੋ ਉਨ੍ਹਾਂ ਤੇ ਪਾਰਦਰਸ਼ੀ ਢੰਗ ਨਾਲ ਵਿਚਾਰ ਕੀਤੀ ਜਾ ਸਕੇ। ਅਸੀ ਆਪ ਨੂੰ, ਉਨ੍ਹਾਂ ਨੁਕਤਿਆਂ ਤੇ ਵਿਚਾਰ ਕਰਨ ਲਈ ਪੂਰਨ ਸਹਿਯੋਗ ਦਾ ਭਰੋਸਾ ਦਿਵਾਉਂਦੇ ਹਾਂ।
ਸਰਬਜੀਤ ਸਿੰਘ ਸੈਕਰਾਮੈਂਟੋ
Leave a Reply