ਮੈਲਬੌਰਨ ਪਹੁੰਚਣ ਤੇ ਸੰਗਤ ਵਲੋਂ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਸਵਾਗਤ ਕੀਤਾ
- ਧਾਰਮਿਕ
- 05 Jul, 2026 06:19 PM (Asia/Kolkata)
ਰਾਕੇਸ਼ ਨਈਅਰ ਚੋਹਲਾ
ਮੈਲਬੌਰਨ/ਆਸਟ੍ਰੇਲੀਆ,5 ਜੁਲਾਈ
ਸੰਪਰਦਾਇ ਕਾਰ ਸੇਵਾ ਸਰਹਾਲੀ ਸਾਹਿਬ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਕੁਝ ਦਿਨ ਪਰਥ ਦੀਆਂ ਸੰਗਤਾਂ ਵਿੱਚ ਵਿਚਰਨ ਤੋਂ ਬਾਅਦ ਅੱਜ ਮੈਲਬੌਰਨ ਪਹੁੰਚੇ।ਅਸਟ੍ਰੇਲੀਆ ਵਿੱਚ ਚੱਲ ਰਹੀ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਬਾਬਾ ਜੀ ਵੱਖ-ਵੱਖ ਸ਼ਹਿਰਾਂ ਵਿਚ ਗੁਰਬਾਣੀ ਦੇ ਉਪਦੇਸ਼ ਸੰਗਤ ਨਾਲ ਸਾਂਝੇ ਕਰਨ ਦੇ ਨਾਲ ਨਾਲ ਪੰਜਾਬੀ ਭਾਸ਼ਾ ਨਾਲ ਜੁੜੇ ਰਹਿਣ, ਨਸ਼ਿਆਂ ਦਾ ਤਿਆਗ ਕਰਨ ਅਤੇ ਅੰਮ੍ਰਿਤ ਛੱਕ ਕੇ ਸਿੰਘ ਸੱਜਣ ਦੀ ਪ੍ਰੇਰਨਾ ਕਰ ਰਹੇ ਹਨ।ਅੱਜ ਮੈਲਬੌਰਨ ਦੀ ਸੰਗਤ ਨੇ ਏਅਰਪੋਰਟ ਪਹੁੰਚ ਕੇ ਸੰਤ ਬਾਬਾ ਸੁੱਖਾ ਸਿੰਘ ਜੀ ਦਾ ਜੈਕਾਰਿਆਂ ਦੀ ਗੂੰਜ ਨਾਲ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਇਸ ਮੌਕੇ ਬੋਲਦਿਆਂ ਸ. ਅਮਰੀਕ ਸਿੰਘ ਨੇ ਆਖਿਆ,"ਸੰਤ ਬਾਬਾ ਸੁੱਖਾ ਸਿੰਘ ਜੀ ਨੇ ਮਾਨਵਤਾ ਦੀ ਭਲਾਈ ਹਿੱਤ ਲਗਾਤਾਰ ਮਹਾਨ ਸੇਵਾਵਾਂ ਕੀਤੀਆਂ ਹਨ। ਜਿੱਥੇ ਆਪ ਜੀ ਨੇ ਹਰ ਔਖੇ ਸਮੇਂ ਵਿੱਚ ਲੋੜਵੰਦਾਂ ਦੀ ਮਦਦ ਕੀਤੀ, ਉੱਥੇ ਵਾਤਾਵਰਨ ਸੰਭਾਲ ਹਿੱਤ ਵੀ ਵੱਡੇ ਉਪਰਾਲੇ ਕੀਤੇ ਜਾਂਦੇ ਹਨ। ਗਲੋਬਲ ਵਾਰਮਿੰਗ ਦਾ ਅਸਰ ਇਹਨੀਂ ਦਿਨੀਂ ਠੰਡੇ ਯੂਰਪੀਨ ਦੇਸ਼ਾਂ ਵਿੱਚ ਵੀ ਵੇਖਣ ਨੂੰ ਮਿਲਿਆ ਹੈ। ਧਰਤੀ ਦੇ ਵਧਦੇ ਤਾਪਮਾਨ ਦਾ ਇਹ ਬਹੁਤ ਵੱਡਾ ਸੰਕੇਤ ਹੈ ਜਿਸ ਤੋਂ ਹਰੇਕ ਪ੍ਰਾਣੀ ਨੂੰ ਸੁਚੇਤ ਹੋਣਾ ਚਾਹੀਦਾ ਹੈ। ਵੱਧ ਤੋਂ ਵੱਧ ਪੌਦੇ ਲਗਾਉਣਾ ਤੇ ਧਰਤੀ ਨੂੰ ਹਰੀ ਭਰੀ ਰੱਖਣਾ ਬਹੁਤ ਜਰੂਰੀ ਹੈ। ਹਰ ਸਾਲ ਸੰਪਰਦਾਇ ਵੱਲੋਂ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਚ ਬੂਟੇ ਲਗਾਏ ਜਾਂਦੇ ਹਨ ਅਤੇ ਸਾਰਾ ਸਾਲ ਉਨਾਂ ਦੀ ਸੰਭਾਲ ਕੀਤੀ ਜਾਂਦੀ ਹੈ। ਸਾਲ 2023 ਅਤੇ 2025 ਵਿੱਚ ਪੰਜਾਬ ਅੰਦਰ ਆਏ ਹੜਾਂ ਦੌਰਾਨ ਬਾਬਾ ਜੀ ਨੇ ਬੰਨ੍ਹਾਂ ਦੀਆਂ ਸੇਵਾਵਾਂ ਕੀਤੀਆਂ। ਬਾਬਾ ਜੀ ਨੇ ਸੰਗਤਾਂ ਨੂੰ ਜਾਗਰੂਕ ਕਰਵਾਇਆ ਕਿ ਹੜਾਂ ਦਾ ਇਕ ਵੱਡਾ ਕਾਰਨ ਰੁੱਖਾਂ ਦਾ ਘਟ ਹੋਣਾ ਵੀ ਹੈ। ਹੁਣ ਜੁਲਾਈ ਮਹੀਨਾ ਆਰੰਭ ਹੁੰਦੇ ਹੀ ਬਾਬਾ ਜੀ ਵੱਲੋਂ ਜਥੇਦਾਰਾਂ ਨੂੰ ਹਦਾਇਤਾਂ ਕਰਕੇ ਬੂਟੇ ਲਗਾਉਣ ਦੀ ਸੇਵਾ ਆਰੰਭ ਕਰਵਾ ਦਿੱਤੀ ਗਈ ਹੈ। ਸੰਪਰਦਾਇ ਦੇ ਜਥੇਦਾਰ ਵੱਖ ਵੱਖ ਨਗਰਾਂ ਦੀਆਂ ਸੰਗਤਾਂ ਨਾਲ ਰੋਜ਼ਾਨਾ ਇਸ ਸੇਵਾ ਵਿੱਚ ਹਾਜ਼ਰ ਹੋ ਰਹੇ ਹਨ। ਬਾਬਾ ਜੀ ਵੱਲੋਂ ਵਾਤਾਵਰਨ ਸੰਭਾਲ ਹਿੱਤ ਕਰਵਾਈ ਜਾ ਰਹੀ ਇਸ ਸੇਵਾ ਦੀ ਜਿੰਨੀ ਵੀ ਪ੍ਰਸੰਸਾ ਕੀਤੀ ਜਾਵੇ,ਘੱਟ ਹੈ। ਅਸੀਂ ਮੈਲਬੌਰਨ ਦੀ ਸੰਗਤ ਵੱਲੋਂ ਬਾਬਾ ਜੀ ਦਾ ਸਵਾਗਤ ਕਰਦੇ ਹਾਂ। ਬਾਬਾ ਜੀ ਕੁਝ ਦਿਨ ਮੈਲਬੌਰਨ ਵਿੱਚ ਸੰਗਤਾਂ ਵਿੱਚ ਵਿਚਰਨਗੇ।"
ਇਸ ਮੌਕੇ ਸੰਗਤ ਵਿੱਚ ਸ. ਅਮਰੀਕ ਸਿੰਘ, ਅਵਤਾਰ ਸਿੰਘ, ਹਰਸ਼ਦੀਪ ਸਿੰਘ, ਸੰਦੀਪ ਸਿੰਘ, ਜਸਪਾਲ ਸਿੰਘ, ਬਿਕਰਮ ਸਿੰਘ, ਗੁਰਪਰਵੇਜ਼ ਸਿੰਘ, ਸੁਖਮਨ ਸਿੰਘ, ਅੰਗਰੇਜ਼ ਸਿੰਘ, ਗੁਰਦਿਆਲ ਸਿੰਘ, ਪ੍ਰਭਜੋਤ ਸਿੰਘ, ਯਾਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਸੇਵਕ ਸਿੰਘ ਅਤੇ ਹੋਰ ਤੇ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
Leave a Reply