ਕੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੇਲ੍ਹੋਂ ਬਾਹਰ ਆਉਣਗੇ ?

ਕੀ ਜਥੇਦਾਰ ਜਗਤਾਰ ਸਿੰਘ ਹਵਾਰਾ ਜੇਲ੍ਹੋਂ ਬਾਹਰ ਆਉਣਗੇ ?

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਨੂੰ ਪੱਤਰ ਲਿਖ ਕੇ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਨਜ਼ਰਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਸ ਦਿਨ ਦੀ ਪੈਰੋਲ ਦੇਣ ਦੀ ਸਿਫਾਰਿਸ਼ ਕੀਤੀ ਹੈ। ਪੰਥਕ ਹਲਕਿਆਂ ਵਿੱਚ ਇਸ ਗੱਲ ਦੀ ਚਰਚਾ ਚੱਲ ਪਈ ਹੈ ਕਿ ਹੁਣ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਜੇਲ੍ਹ ਵਿੱਚੋਂ ਕੁਝ ਦਿਨਾਂ ਦੀ ਛੁੱਟੀ ਮਿਲਣ ਦਾ ਰਾਹ ਖੁੱਲ੍ਹ ਗਿਆ ਹੈ। ਇਹ ਵੀ ਜ਼ਿਕਰਯੋਗ ਹੈ ਕਿ ਮਾਰਚ 2026 ਵਿੱਚ ਪੰਜਾਬ ਸਰਕਾਰ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ 25 ਅਪਰਾਧਿਕ ਕੇਸਾਂ ਵਿੱਚ ਦੋਸ਼ੀ ਕਹਿ ਕੇ ਉਹਨਾਂ ਦੀ ਪੈਰੋਲ ਦੀ ਸਿਫ਼ਾਰਸ਼ ਨਾ ਕਰਦਿਆਂ ਪੈਰੋਲ ਦੀ ਅਰਜ਼ੀ ਰੱਦ ਕਰਨ ਲਈ ਕਿਹਾ ਸੀ। ਹੁਣ ਇਸ ਸਮੇਂ ਜਦੋਂ ਭਗਵੰਤ ਮਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥ ਦੋਖੀ ਐਲਾਨਿਆ ਜਾ ਚੁੱਕਾ ਹੈ ਤੇ ਹੋਰ ਵੀ ਕਈ ਪੰਥ ਅਤੇ ਪੰਜਾਬ ਵਿਰੋਧੀ ਕਾਰਵਾਈਆਂ ਕਰਕੇ ਉਸ ਦੀ ਘੇਰਾਬੰਦੀ ਹੋ ਚੁੱਕੀ ਹੈ ਤਾਂ ਇਹਨਾਂ ਹਲਾਤਾਂ ਵਿੱਚ ਭਗਵੰਤ ਮਾਨ ਨੇ ਇੱਕ ਚੰਗਾ ਕਦਮ ਪੁੱਟਦਿਆਂ ਸਿੱਖ ਜਜ਼ਬਾਤਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣਾ ਚਾਹਿਆ ਹੈ ਜਿਸ ਦੀ ਕੁਝ ਜਥੇਬੰਦੀਆਂ ਅਤੇ ਸ਼ਖਸੀਅਤਾਂ ਵੱਲੋਂ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਭਗਵੰਤ ਮਾਨ ਦੇ ਇਸ ਪੱਤਰ ਨਾਲ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਮਿਲਦੀ ਹੈ ਜਾਂ ਨਹੀਂ, ਇਹ ਗੱਲ ਤਾਂ ਭਵਿੱਖ ਦੇ ਗਰਭ ਵਿੱਚ ਪਈ ਹੈ। ਪਰ ਭਾਈ ਹਵਾਰਾ ਦੀ ਪੈਰੋਲ ਸੰਬੰਧੀ ਜੋ ਆਵਾਜ਼ ਭਗਵੰਤ ਮਾਨ ਨੇ ਹੁਣ ਉਠਾਈ ਹੈ ਉਸ ਵਿੱਚ ਬੜੀ ਦੇਰੀ ਕਰ ਦਿੱਤੀ, ਹਾਲਾਂਕਿ ਇਸ ਸਰਕਾਰ ਤੋਂ ਸਿੱਖਾਂ ਤੇ ਪੰਜਾਬੀਆਂ ਨੂੰ ਵਧੇਰੇ ਆਸਾਂ ਸਨ ਪਰ ਇਸ ਨੇ ਵੀ ਪਹਿਲੀਆਂ ਸਰਕਾਰਾਂ ਵਾਂਗ ਪੰਥ ਦੋਖੀਆਂ ਵਾਲੀ ਭੂਮਿਕਾ ਹੀ ਨਿਭਾਈ। ਚਲੋ ਫਿਰ ਵੀ 'ਦੇਰ ਆਏ ਦਰੁਸਤ ਆਏ' ਇਸ ਗੱਲ ਦਾ ਸਵਾਗਤ ਹੈ। ਸਿੱਖ ਕੌਮ ਬੜੀ ਬੇਸਬਰੀ ਨਾਲ ਆਪਣੇ ਮਹਿਬੂਬ ਆਗੂ, ਕੌਮੀ ਨਾਇਕ ਅਤੇ ਸਿੱਖ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਜੇਲ੍ਹੋਂ ਬਾਹਰ ਆਉਣ ਦਾ ਇੰਤਜ਼ਾਰ ਕਰ ਰਹੀ ਹੈ। ਮਾਂ-ਪੁੱਤ ਦੀ ਮਿਲਣੀ ਵਿੱਚ ਵੀ ਸਰਕਾਰ ਵੱਡੀ ਦੀਵਾਰ ਬਣੀ ਹੋਈ ਹੈ, ਜਿਸ ਦੇ ਟੁੱਟਣ ਦੀ ਹਰ ਇੱਕ ਨੂੰ ਉਡੀਕ ਹੈ। ਕੇਂਦਰ ਵਿੱਚ ਕਾਬਜ ਭਾਜਪਾ ਸਰਕਾਰ ਦੇ ਪੰਥ ਵਿਰੋਧੀ ਰਵੱਈਏ ਕਰਕੇ ਬੰਦੀ ਸਿੰਘਾਂ ਦੇ ਬਾਹਰ ਆਉਣ ਦੀ ਉਡੀਕ ਮੁੱਕ ਹੀ ਨਹੀਂ ਰਹੀ, ਚੰਡੀਗੜ੍ਹ ਦੀਆਂ ਬਰੂਹਾਂ ਉੱਤੇ ਕੌਮੀ ਇਨਸਾਫ਼ ਮੋਰਚਾ ਵੀ ਚੱਲ ਰਿਹਾ ਹੈ। ਸੂਬਾ ਸਰਕਾਰ ਨੂੰ ਤਾਂ ਪੂਰੇ ਜ਼ੋਰ-ਸ਼ੋਰ ਨਾਲ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਉਠਾਉਣੀ ਚਾਹੀਦੀ ਹੈ ਪਰ ਬਾਦਲ-ਕੈਪਟਨ ਅਤੇ ਭਗਵੰਤ ਮਾਨ ਆਪਣਾ ਇਹ ਫ਼ਰਜ ਨਿਭਾ ਨਹੀਂ ਸਕੇ ਸਨ। ਹੁਣ ਇਸ ਗੱਲ ਦੀ ਵੀ ਚਰਚਾ ਛਿੜ ਪਈ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਚਿੱਠੀ ਨੇ ਭਾਜਪਾ ਨੂੰ ਫਸਾ ਦਿੱਤਾ ਹੈ ਕਿਉਂਕਿ ਭਗਵੰਤ ਮਾਨ ਨੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਲਈ ਸਹਿਮਤੀ ਦੇ ਕੇ ਭਾਜਪਾ ਦੇ ਪਾਲੇ ‘ਚ ਗੇਂਦ ਸੁੱਟ ਦਿੱਤੀ ਹੈ। ਪੈਰੋਲ ਦੇਣ ਦਾ ਫ਼ੈਸਲਾ ਚੰਡੀਗੜ੍ਹ ਤੇ ਦਿੱਲੀ ਪ੍ਰਸ਼ਾਸਨ ਨੇ ਕਰਨਾ ਹੈ ਤੇ ਚੰਡੀਗੜ੍ਹ ਵਿੱਚ ਕੇਂਦਰੀ ਰਾਜ ਹੋਣ ਕਰਕੇ ਅਤੇ ਦਿੱਲੀ ਵਿੱਚ ਭਾਜਪਾ ਦੀ ਸਰਕਾਰ ਹੋਣ ਕਰਕੇ ਦੋਵੇਂ ਥਾਂ ਭਾਜਪਾ ਦੀ ਸੱਤਾ ਹੈ। ਪੰਜਾਬ ਸਰਕਾਰ ਵੱਲੋਂ ਪੈਰੋਲ ਸੰਬੰਧੀ ਕੀਤੀ ਸਿਫ਼ਾਰਸ਼ ਤੋਂ ਬਾਅਦ ਹੁਣ ਵੇਖਣਾ ਇਹ ਹੋਵੇਗਾ ਕਿ ਭਾਜਪਾ ਇਸ ਸੰਬੰਧੀ ਕੀ ਫ਼ੈਸਲਾ ਲੈਂਦੀ ਹੈ ? ਜੇ ਭਾਜਪਾ ਚਾਹੇ ਤਾਂ ਇੱਕ ਦਿਨ ਵਿੱਚ ਹੀ ਸਾਰੇ ਬੰਦੀ ਸਿੰਘ ਰਿਹਾਅ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ 10 ਨਵੰਬਰ 2015 ਨੂੰ ਭਾਈ ਜਗਤਾਰ ਸਿੰਘ ਹਵਾਰਾ ਨੂੰ ਸਰਬੱਤ ਖ਼ਾਲਸਾ ਦੁਆਰਾ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਵੀ ਥਾਪਿਆ ਗਿਆ ਸੀ। ਭਾਈ ਹਵਾਰਾ ਤੇ ਉਹਨਾਂ ਦੇ ਸਾਥੀਆਂ ਨੇ ਸਿੱਖ ਨੌਜਵਾਨੀ ਦੇ ਕਾਤਲ 'ਬੁੱਚੜ ਮੁੱਖ ਮੰਤਰੀ ਬੇਅੰਤ ਸਿਹੁੰ' ਨੂੰ 31 ਅਗਸਤ 1995 ਵਾਲੇ ਦਿਨ ਬੰਬ ਨਾਲ ਚੀਥੜੇ-ਚੀਥੜੇ ਕਰ ਦਿੱਤਾ ਸੀ। ਇਸ ਸਮੇਂ ਭਾਈ ਹਵਾਰਾ ਦੇ ਮਾਤਾ ਜੀ ਬੀਬੀ ਨਰਿੰਦਰ ਕੌਰ ਕਾਫ਼ੀ ਬਜ਼ੁਰਗ ਹੋ ਚੁੱਕੇ ਹਨ ਤੇ ਆਖ਼ਰੀ ਸਾਹਾਂ ਉੱਤੇ ਆਪਣੇ ਪੁੱਤ ਦੀ ਉਡੀਕ ਵਿੱਚ ਤੜਪ ਰਹੇ ਹਨ। ਪਰ ਇੱਕ ਮਾਂ ਤੇ ਪੁੱਤ ਦੀ ਮਿਲਣੀ ਨੂੰ ਰੋਕਣ ਲਈ ਹਿੰਦ ਹਕੂਮਤ ਦਹਾਕਿਆਂ ਤੋਂ ਦੀਵਾਰ ਬਣੀ ਹੋਈ ਹੈ। ਸਜ਼ਾ ਪੂਰੀ ਹੋਣ ਦੇ ਬਾਵਜੂਦ ਭਾਈ ਹਵਾਰਾ ਦੀ ਰਿਹਾਈ ਤਾਂ ਕੀ ਕਰਨੀ ਸੀ ਸਗੋਂ ਉਹਨਾਂ ਨੂੰ ਅੱਜ ਤੱਕ ਇੱਕ ਦਿਨ ਦੀ ਪੈਰੋਲ ਵੀ ਨਹੀਂ ਦਿੱਤੀ ਗਈ। ਸਮੁੱਚਾ ਖਾਲਸਾ ਪੰਥ ਸਮੇਂ-ਸਮੇਂ ਉੱਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਆਵਾਜ਼ ਬੁਲੰਦ ਅਤੇ ਸੰਘਰਸ਼ ਕਰਦਾ ਆ ਰਿਹਾ ਹੈ ਪਰ ਹਕੂਮਤ ਬਜ਼ਿੱਦ ਹੈ ਕਿ ਬੰਦੀ ਸਿੰਘਾਂ ਨੂੰ ਕੋਈ ਰਾਹਤ ਨਹੀਂ ਦੇਣੀ। ਆਪਣੇ ਪੁੱਤਰਾਂ ਨੂੰ ਮਿਲਣ ਲਈ ਪਤਾ ਨਹੀਂ ਕਿੰਨੀਆਂ ਕੁ ਮਾਂਵਾਂ ਤੜਫਦੀਆਂ ਹੋਈਆਂ ਸੰਸਾਰ ਤੋਂ ਚਲੇ ਗਈਆਂ ਪਰ ਹਕੂਮਤ ਦਾ ਸਿੱਖਾਂ ਪ੍ਰਤੀ ਨਜ਼ਰੀਆ ਨਾ ਬਦਲਿਆ। ਇਹ ਭਾਰਤੀ ਹਕੂਮਤ ਦੀ ਸਿੱਖਾਂ ਪ੍ਰਤੀ ਨਫ਼ਰਤ, ਦੁਸ਼ਮਣੀ, ਕਰੂਰਤਾ, ਬੇਗਾਨਾਪਨ ਅਤੇ ਅਕ੍ਰਿਤਘਣਤਾ ਹੈ। ਭਾਜਪਾ ਨੂੰ ਸਮਰਥਨ ਕਰਨ ਅਤੇ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਸੋਹਿਲੇ ਗਾਉਣ ਵਾਲੇ ਕੁਝ ਧਾਰਮਿਕ ਅਤੇ ਸਿਆਸੀ ਆਗੂ ਇਹ ਦਾਅਵੇ ਕਰਦੇ ਰਹੇ ਕਿ ਅਸੀਂ ਸਾਰੇ ਬੰਦੀ ਸਿੰਘਾਂ ਨੂੰ ਪਲਾਂ ਵਿੱਚ ਹੀ ਰਿਹਾਅ ਕਰਵਾ ਲਵਾਂਗੇ ਤੇ ਸਿੱਖ ਕੌਮ ਦੇ ਸਾਰੇ ਮਸਲੇ ਹੱਲ ਕਰਵਾ ਲਵਾਂਗੇ। ਪਰ ਹੁਣ ਜਦੋਂ ਭਾਈ ਹਵਾਰਾ ਦੇ ਬਿਮਾਰ ਮਾਤਾ ਜੀ, ਵੀਲ੍ਹ ਚੇਅਰ 'ਤੇ ਬੈਠ ਕੇ ਬੰਦ ਅੱਖਾਂ ਨਾਲ ਆਪਣੇ ਪੁੱਤ ਨੂੰ ਵੇਖਣ ਲਈ 'ਜਗਤਾਰ-ਜਗਤਾਰ' ਕਰ ਰਹੇ ਹਨ ਤਾਂ ਇਹਨਾਂ ਧਾਰਮਿਕ ਤੇ ਸਿਆਸੀ ਆਗੂਆਂ ਨੂੰ ਉਸ ਮਾਂ ਦਾ ਇਹ ਹੋਕਾ ਕਿਉਂ ਨਹੀਂ ਸੁਣ ਰਿਹਾ, ਇਹ ਕਿਹੜੇ ਭੌਰਿਆਂ ਵਿੱਚ ਵੜ ਗਏ ਹਨ ? ਸਿਆਸੀ ਆਗੂਆਂ ਨੇ ਵੀ ਕੇਵਲ ਆਪਣੀਆਂ ਰੋਟੀਆਂ ਸੇਕ ਲਈਆਂ ਹਨ, ਕਿਸੇ ਨੇ ਸਿਆਸੀ ਅਹੁਦੇ ਲੈ ਲਏ ਤੇ ਕਿਸੇ ਨੇ ਨਿੱਜੀ ਕੰਮ ਕਢਵਾ ਲਏ। ਬਾਬਾ ਹਰਨਾਮ ਸਿੰਘ ਧੁੰਮਾ, ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਇਸ ਮਾਮਲੇ 'ਤੇ ਖ਼ਾਮੋਸ਼ ਹਨ ਤੇ ਬੰਦੀ ਸਿੰਘਾਂ ਨੂੰ ਵਿਸਾਰ ਕੇ ਭਾਜਪਾ ਦੀ 'ਜੀ ਹਜ਼ੂਰੀ' ਕਰਨ ਵਿੱਚ ਮਸਤ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਵੀ ਲੰਘ ਗਿਆ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕੀਤਾ ਸੀ ਪਰ ਬਾਅਦ ਵਿੱਚ ਡੱਕਾ ਨਹੀਂ ਭੰਨਿਆ ਤੇ ਹੁਣ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ 350ਵਾਂ ਸ਼ਹੀਦੀ ਸਮਾਗਮ ਵੀ ਲੰਘ ਗਿਆ ਪਰ ਬੰਦੀ ਸਿੰਘਾਂ ਨੂੰ ਖੁੱਲ੍ਹੀ ਹਵਾ ਵੇਖਣੀ ਨਸੀਬ ਨਾ ਹੋਈ। ਇਹ ਗ਼ੁਲਾਮੀ ਨਹੀਂ ਤਾਂ ਹੋਰ ਕੀ ਹੈ ? ਹੋਰ ਕਿਸ ਨੂੰ ਗ਼ੁਲਾਮੀ ਕਹਿੰਦੇ ਹਨ ? ਜਿੰਨਾ ਫ਼ਿਰਕੂ ਹਿੰਦੂਤਵੀਆਂ ਦਾ ਰਾਜ ਹੈ ਉਹਨਾਂ ਨੇ ਆਪਣੇ ਦੋਸ਼ੀ ਬੰਦਿਆਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੱਤੀ, ਜੇ ਕੋਈ ਜੇਲ੍ਹ ਗਿਆ ਵੀ ਤਾਂ ਝੱਟ ਹੀ ਰਿਹਾਅ ਤੇ ਬਰੀ ਕਰਵਾ ਲਏ ਪਰ ਏਧਰ ਗ਼ੁਲਾਮ ਸਿੱਖ ਕੌਮ ਧਰਨੇ, ਮੁਜ਼ਾਹਰੇ, ਪ੍ਰਦਰਸ਼ਨ ਤੇ ਵੱਡੇ-ਵੱਡੇ ਇਕੱਠ ਕਰਦੀ ਫਿਰਦੀ ਹੈ ਪਰ ਭਾਰਤੀ ਹਾਕਮਾਂ ਨੂੰ ਸਿੱਖਾਂ ਦੀ ਰੱਤਾ ਪਰਵਾਹ ਨਹੀਂ। ਉਹ ਬੰਦੀ ਸਿੰਘਾਂ ਨੂੰ ਅੱਜ ਵੀ ਹਊਆ ਬਣਾ ਕੇ ਪੇਸ਼ ਕਰਦੇ ਹਨ ਤੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਵਿੱਚ ਡੱਕੇ ਰੱਖ ਕੇ ਦੱਸ ਰਹੇ ਹਨ ਕਿ ਰਾਜੇ ਕੌਣ ਹਨ ਤੇ ਗੁਲਾਮ ਕੌਣ ਹਨ ਪਰ ਸਾਡੇ ਲੋਕਾਂ ਨੂੰ ਫਿਰ ਵੀ ਸਮਝ ਨਹੀਂ ਪੈਂਦੀ। ਭਾਈ ਹਵਾਰਾ ਦੇ ਨੇੜਲੇ ਪਿੰਡਾਂ ਦੀਆਂ 65 ਪੰਚਾਇਤਾਂ ਜੋ ਦਿੱਲੀ ਦੀ ਭਾਜਪਾ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਲਿਖ ਕੇ ਦੇ ਚੁੱਕੀਆਂ ਹਨ ਕਿ ਭਾਈ ਹਵਾਰਾ ਪੈਰੌਲ ਉੱਤੇ ਬਾਹਰ ਆ ਕੇ ਪੰਜਾਬ ਦੇ ਅਮਨ-ਕਾਨੂੰਨ ਤੇ ਸਰਕਾਰ ਨੂੰ ਕੋਈ ਖਤਰਾ ਨਹੀਂ ਪੈਦਾ ਕਰਨਗੇ, ਮਾਹੌਲ ਸ਼ਾਂਤ ਚਿੱਤ ਅਤੇ ਸੁਰੱਖਿਅਤ ਰਹੇਗਾ ਤੇ ਉਹਨਾਂ ਨੂੰ ਆਪਣੇ ਮਾਤਾ ਜੀ ਨਾਲ ਮਿਲਾਇਆ ਜਾਵੇ। ਪਰ ਹਕੂਮਤ ਦੇ ਕੰਨ ਉੱਤੇ ਜੂੰ ਨਹੀਂ ਸਰਕ ਰਹੀ। ਸਾਡੇ ਜੁਝਾਰੂ ਸਿੰਘਾਂ ਨੂੰ 30-30 ਸਾਲ ਤੋਂ ਵੱਧ ਜੇਲ੍ਹਾਂ ਕਟਵਾ ਕੇ ਵੀ ਹਕੂਮਤ ਦਾ ਢਿੱਡ ਨਹੀਂ ਭਰਿਆ ਤੇ ਅਜੇ ਵੀ ਕਾਨੂੰਨ ਅਤੇ ਸੰਵਿਧਾਨ ਤੋਂ ਉਲਟ ਜਾ ਕੇ ਬੰਦੀ ਸਿੰਘਾਂ ਉੱਤੇ ਸ਼ਿਕੰਜਾ ਕੱਸਿਆ ਹੋਇਆ ਹੈ। ਪਹਿਲੇ ਬੰਦੀ ਸਿੰਘ ਰਿਹਾਅ ਨਹੀਂ ਕੀਤੇ ਤੇ ਉਲਟਾ ਭਾਈ ਜਗਤਾਰ ਸਿੰਘ ਜੱਗੀ ਜੋਹਲ ਅਤੇ ਭਾਈ ਅੰਮ੍ਰਿਤਪਾਲ ਸਿੰਘ ਵਰਗਿਆਂ ਸਮੇਤ ਹੋਰ ਕਈ ਸਿੱਖਾਂ ਨੂੰ ਬੰਦੀ ਬਣਾਇਆ ਜਾ ਚੁੱਕਾ ਹੈ। ਇਹ ਬੰਦੀ ਸਿੰਘ ਸਿੱਖ ਕੌਮ ਦੀ ਆਜ਼ਾਦੀ ਲਈ ਸੇਵਾਵਾਂ ਕਰਦਿਆਂ ਕੈਦ ਹੋਏ ਹਨ ਉਹਨਾਂ ਦੀ ਰਿਹਾਈ ਲਈ ਸਮੁੱਚੀ ਸਿੱਖ ਕੌਮ ਨੂੰ ਯਤਨ ਕਰਦੇ ਰਹਿਣਾ ਚਾਹੀਦਾ ਹੈ। ਗੁਰੂ ਸਾਹਿਬ ਸਫਲਤਾ ਜ਼ਰੂਰ ਬਖਸ਼ਣਗੇ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਂ ਸਾਡੀ ਸਭ ਦੀ ਮਾਂ ਹੈ। ਭਾਈ ਹਵਾਰਾ ਤੇ ਸਾਥੀਆਂ ਨੂੰ ਪੈਰੋਲ ਅਤੇ ਰਿਹਾਈ ਜ਼ਰੂਰ ਮਿਲਣੀ ਚਾਹੀਦੀ ਹੈ। ਇਹ ਸਰਕਾਰਾਂ ਦਾ ਸਿੱਖਾਂ ਉੱਤੇ ਕੋਈ ਅਹਿਸਾਨ ਨਹੀਂ ਹੋਵੇਗਾ ਕਿਉਂਕਿ ਸਾਡੇ ਬੰਦੀ ਸਿੰਘ ਆਪਣੀਆਂ ਸਜ਼ਾਵਾਂ ਭੋਗ ਚੁੱਕੇ ਹਨ ਤੇ ਰਿਹਾਈ ਉਹਨਾਂ ਦਾ ਕਾਨੂੰਨੀ ਤੇ ਸੰਵਿਧਾਨਕ ਹੱਕ ਹੈ। ਹਰ ਸਿੱਖ ਦੇ ਮਨ ਵਿੱਚ ਹੁਣ ਇਹ ਸਵਾਲ ਚੱਲ ਰਿਹਾ ਹੈ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਪੈਰੋਲ 'ਤੇ ਬਾਹਰ ਆਉਣਗੇ ਜਾਂ ਫਿਰ ਸਰਕਾਰ ਕੋਈ ਬਹਾਨਾ ਘੜ ਲਵੇਗੀ!

ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) 
ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.