ਪੰਜਾਬੀ ਲੋਕ ਗਾਇਕ ਸਵ. 'ਰੱਬੀ ਬੈਰੋਪੁਰੀ' ਯਾਦਗਾਰ ਮੇਲਾ ਭਾਗੋ ਮਾਜਰਾ ਬੈਰੋਪੁਰ ਵਿਖੇ 7 ਜੂਨ ਨੂੰ : ਮਨਦੀਪ ਕੌਰ ਟਿਵਾਣਾ ਬੈਰੋਪੁਰ

ਪੰਜਾਬੀ ਲੋਕ ਗਾਇਕ ਸਵ. 'ਰੱਬੀ ਬੈਰੋਪੁਰੀ' ਯਾਦਗਾਰ ਮੇਲਾ ਭਾਗੋ ਮਾਜਰਾ ਬੈਰੋਪੁਰ ਵਿਖੇ 7 ਜੂਨ ਨੂੰ : ਮਨਦੀਪ ਕੌਰ ਟਿਵਾਣਾ ਬੈਰੋਪੁਰ

ਬੇਕਲ ਦਾਦੇ ਉਸਤਾਦ ਦੇ ਜਾਂ ਵਾਰੇ, ਜਿਨ੍ਹਾਂ ਲਿਖਣ ਦਾ ਵਲ ਸਿਖਾ ਦਿੱਤਾ। ਬੈਰੋਂਪੁਰੀ ਬਸ ਫ਼ਿਲਮੀ ਹਸਤੀਆਂ ਤੋਂ,
'ਰੱਬੀ' ਰੱਬੀ ਸੀ ਕੇਰਾਂ, ਕਰਵਾ ਦਿੱਤਾ : ਲੋਕ ਗਾਇਕ ਸਵ: ਰੱਬੀ ਬੈਰੋੱਪੁਰੀ 

ਪੁਆਧੀ ਖਿੱਤੇ ਵਿਚ ਕਈ ਕਿਸਮ ਦੀਆਂ ਅਖਾੜਾ ਪਰੰਪਰਾਵਾਂ ਪ੍ਰਚਲਿਤ ਰਹੀਆਂ ਹਨ। ਜਿਨ੍ਹਾਂ ਵਿਚੋਂ ਰੱਬੀ ਬੈਰੋਂਪੁਰੀ ਦੁਆਰਾ ਪ੍ਰਚਲਿਤ ਅਖਾੜੇ ਦੀ ਉਪ ਪਰੰਪਰਾ ਦਾ ਵਿਸ਼ੇਸ਼ ਮੁਕਾਮ ਹੈ। ਜ਼ਿਲ੍ਹਾ ਰੋਪੜ ਦੇ ਪਿੰਡ ਬੈਰੋਂਪੁਰ ਦਾ ਵਸਨੀਕ ਰੱਬੀ, ਜੋ 'ਰੱਬੀ ਬੈਰੋਂਪੁਰੀ' ਦੇ ਨਾਮ ਨਾਲ ਪ੍ਰਸਿੱਧ ਹੈ, ਨੇ ਪਹਿਲਾਂ ਪ੍ਰਚਲਿਤ ਅਖਾੜਿਆਂ ਵਿਚੋਂ ਇਕ ਨਵੀਂ ਧਾਰਨਾ ਰਲ਼ਨੂੰ ਜਨਮ ਦਿੱਤਾ। ਰੱਬੀ ਬੈਰੋਂਪੁਰੀ ਨੇ ਇਸ ਖੇਤਰ ਵਿਚ ਇਕ ਸੰਸਥਾ ਵਾਂਗ ਕੰਮ ਕੀਤਾ। ਉਸ ਦੁਆਰਾ ਪ੍ਰਚਲਿਤ ਅਖਾੜੇ ਦੀ ਪਰੰਪਰਾ ਅਜੋਕੇ ਦੌਰ ਤੱਕ ਵੀ ਕਾਇਮ ਹੈ। ਅਜੋਕੇ ਮੀਡੀਏ ਦੇ ਪ੍ਰਭਾਵਸ਼ਾਲੀ ਰੋਲ ਤੋਂ ਪਹਿਲਾਂ ਅਜਿਹੇ ਅਖਾੜੇ ਹੀ ਪੰਜਾਬੀ ਲੋਕਾਂ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਹੁੰਦੇ ਸਨ ਤੇ ਇਨ੍ਹਾਂ ਨਾਲ ਸਬੰਧਿਤ ਲੋਕ ਇਕ ਤਰ੍ਹਾਂ ਨਾਲ ਇਸ ਖੇਤਰ ਦੇ ਲੋਕ ਨਾਇਕ ਹੀ ਹੁੰਦੇ ਸਨ। ਪੁਆਧ ਖਿੱਤੇ ਵਿਚ ਰੱਬੀ ਬੈਰੋਂਪੁਰੀ ਨੂੰ ਅਜਿਹਾ ਹੀ ਸਥਾਨ ਪ੍ਰਾਪਤ ਹੈ। ਜਿਸ ਸਮੇਂ ਪੁਆਧ ਵਿਚ ਰੱਬੀ ਬੈਰੋਂਪੁਰੀ ਦਾ ਅਖਾੜਾ ਜ਼ੋਰਾਂ 'ਤੇ ਸੀ, ਉਸ ਸਮੇਂ ਬਾਕੀ ਪੰਜਾਬ ਵਿਚ ਪ੍ਰਸਿੱਧ ਗਾਇਕ ਲਾਲ ਸਿੰਘ ਯਮਲਾ ਜੱਟ, ਅਮਰ ਸਿੰਘ ਸ਼ੌਂਕੀ ਅਤੇ ਕਰਨੈਲ ਪਾਰਸ ਆਦਿ ਗਾਇਕ ਪੰਜਾਬੀ ਲੋਕਾਂ ਦੇ ਮਨਾਂ ਵਿਚ ਆਪਣੀ ਅਹਿਮ ਥਾਂ ਬਣਾ ਚੁੱਕੇ ਸਨ। ਰੱਬੀ ਬੈਰੋਂਪੁਰੀ, ਲਾਲ ਚੰਦ ਯਮਲਾ ਜੀ ਤੋਂ ਕਾਫ਼ੀ ਪ੍ਰਭਾਵਿਤ ਸੀ। ਭਾਵੇਂ ਕਿ ਉਹ ਖ਼ੁਦ ਯਮਲਾ ਜੀ ਤੋਂ ਕਾਫ਼ੀ ਦੇਰ ਬਾਅਦ ਗਾਉਣਾ ਸ਼ੁਰੂ ਕਰਦਾ ਹੈ।

ਰੱਬੀ ਬੈਰੋਂਪੁਰੀ ਦਾ ਜਨਮ 1937 ਵਿਚ ਪਿਤਾ ਸ੍ਰ. ਤਰਲੋਕ ਸਿੰਘ ਅਤੇ ਮਾਤਾ ਕਰਤਾਰ ਕੌਰ ਦੇ ਘਰ ਪਿੰਡ ਬੈਰੋਂਪੁਰ (ਭਾਗੋ ਮਾਜਰਾ) ਜ਼ਿਲ੍ਹਾ ਰੋਪੜ ਵਿਚ ਹੋਇਆ। ਰੱਬੀ ਬਚਪਨ ਤੋਂ ਹੀ ਕਲਾਤਮਕ ਰੁਚੀਆਂ ਦਾ ਮਾਲਕ ਸੀ। ਭਾਵੇਂ ਰੱਬੀ ਵਿੱਦਿਅਕ ਖੇਤਰ ਵਿਚ ਅੱਠ ਜਮਾਤਾਂ ਹੀ ਪਾਸ ਕਰ ਸਕਿਆ ਪਰ ਕਲਾਤਮਕ ਖੇਤਰ ਵਿਚ ਉਸ ਦਾ ਕੋਈ ਸਾਨੀ ਨਹੀਂ ਸੀ। ਰੱਬੀ ਬੈਰੋਂਪੁਰੀ ਨੂੰ ਆਪਣੇ ਪਿਛੋਕੜ ਅਤੇ ਵੱਡ-ਵਡੇਰਿਆਂ ਦੇ ਪਿੰਡ ਬਾਰੇ ਕਾਫ਼ੀ ਗਿਆਨ ਹੈ ਤੇ ਉਹ ਇਸਨੂੰ ਬੜੇ ਮਾਣਮੱਤੇ ਢੰਗ ਨਾਲ ਯਾਦ ਕਰਦਾ ਹੈ। ਰੱਬੀ ਦੇ ਵੱਡੇ-ਵਡੇਰੇ ਅਮਲੋਹ-ਬ੍ਰਾਦੜੋਂ ਕੋਲ ਪਿੰਡ 'ਰਾਵਣ ਮਾਜਰੀ' ਨਾਲ ਸਬੰਧ ਰੱਖਦੇ ਸਨ। ਇਸ ਪਿੰਡ ਵਿਚ ਆਪਣੇ ਵਡੇਰਿਆਂ ਦੇ ਕਦੇ ਵਿਚਰਦੇ ਹੋਣ ਦਾ ਅਹਿਸਾਸ ਉਸ ਦੇ ਜਿਹਨ ਵਿਚ ਸਮਾਇਆ ਹੋਇਆ ਹੈ। ਇਸ ਸਬੰਧੀ ਉਹ ਕਾਵਿ ਮਈ ਢੰਗ ਨਾਲ ਲਿਖਦਾ ਹੈ :

ਅਮਲੋਹ ਬ੍ਰਾਦੜੋਂ ਰਾਵਣ ਮਾਜਰੀ, ਪਿੰਡ ਪਿਛੋਕਾ ਭਾਰੀ,
ਕਦੀ ਸਦੀਆਂ ਤੋਂ ਪਹਿਲਾਂ ਸੀ ਜਿੱਥੇ ਸਾਡੀ ਕਾਰਗੁਜ਼ਾਰੀ।
ਬੈਰੋਂਪੁਰੀ ਮਸ਼ਹੂਰ ਗੋਤ ਦੇ ਬਾਰਾਂ ਪਿੰਡ ਟਿਵਾਣੇ . . .

ਇਸ ਤੋਂ ਬਾਅਦ ਉਹ ਆਪਣੇ ਜਨਮ ਸਥਾਨ ਪਿੰਡ ਬੈਰੋਂਪੁਰ ਬਾਰੇ ਲਿਖਦਾ ਹੈ :
ਬੈਰੋਂਪੁਰ ਤੇ ਭਾਗੋਮਾਜਰਾ ਦੋ ਪਿੰਡ ਇੱਕ ਨਾਂ ਵਾਲੇ,
ਸਿਰਫ਼ ਦੋਹਾ ਵਿਚ ਅੰਤਰ ਏਨਾ, ਵਗਦੀ ਪਹੀ ਵਿਚਾਲੇ।
ਬੈਰੋਂਪੁਰ ਹੈ ਡਾਕਖ਼ਾਨਾ ਵੀ ਖ਼ਾਸ ਦੋਹਾਂ ਦਾ ਇੱਕੋ
ਥਾਣਾ ਖਰੜ ਤਹਿਸੀਲ ਮੁਹਾਲੀ, ਨਵੀਂ ਹੈ ਹਾਲੇ।
ਰੋਪੜ ਜ਼ਿਲ੍ਹਾ ਜਾਂ ਰੂਪ ਨਗਰ ਮੇਰਾ ਇਹ ਵੀ ਹੈ ਦੋ ਨਾਵਾਂ,
ਮਾਰੂ ਇਲਾਕਾ ਜ਼ਿਆਦਾਤਰ ਹੈ ਪਾਣੀ ਟਾਵਾਂ-ਟਾਵਾਂ।

ਇਸ ਤਰ੍ਹਾਂ ਰੱਬੀ ਬੈਰੋਂਪੁਰੀ ਆਪਣੀਆਂ ਕਾਵਿ ਮਈ ਟੁਕਾਂ ਰਾਹੀਂ ਥੋੜੇ ਸ਼ਬਦਾਂ ਵਿਚ ਹੀ ਆਪਣੇ ਪਿੰਡ ਅਤੇ ਇਲਾਕੇ ਬਾਰੇ ਬਹੁਤੀ ਜਾਣਕਾਰੀ ਦੇ ਜਾਂਦਾ ਹੈ। ਆਪਣੇ ਜੱਦੀ ਪਿੰਡ ਅਤੇ ਜਨਮ ਅਸਥਾਨ ਤੋਂ ਬਿਨਾਂ ਰੱਬੀ ਨੂੰ ਆਪਣੇ ਗੋਤ 'ਟਿਵਾਣਾ' ਅਤੇ ਬੈਰੋਂ ਵਿਚ ਇਕੋ ਘਰ ਹੋਣ ਦਾ ਅਹਿਸਾਸ ਹੈ :

 ਭਾਗੋ ਮਾਜਰੇ, ਮਾਣਕ ਮਾਜਰੇ ਪੁਨੀਆਂ ਗੋਤ ਪੁਰਾਣਾ,
ਦੋ ਭਾਈਆਂ ਤੋਂ ਦੋ ਪਿੰਡ ਵਸੇ, ਦੱਸਦਾ ਕੋਈ ਸਿਆਣਾ।
ਸੋਮਲ, ਭਿੰਡ, ਪੁਨੀਏ, ਚੱਡੇ ਪੰਜਵੇਂ ਵਰਗੇ ਵਸਦੇ,
ਬੈਰੋਂਪੁਰ ਵਿਚ ਰੱਬੀ ਘਰ ਇੱਕੋ, ਬੈਰੋਂਪੁਰੀ ਟਿਵਾਣਾ।

ਆਪਣੇ ਗੋਤ ਤੋਂ ਬਾਅਦ ਉਹ ਆਪਣੇ ਤਖੱਲਸ 'ਬੈਰੋਂਪੁਰੀ' ਸਬੰਧੀ ਵੀ ਆਪਣੇ ਅਹਿਸਾਸ ਕਲਮਬੰਦ ਕਰਦਾ ਹੈ :

ਬੈਰੋਂਪੁਰੀ ਤਖੱਲਸ ਪਿੰਡ ਦੇ ਹੁਣ ਤਾਂ ਕਈ ਅਖਵਾਉਂਦੇ,
ਜਦ ਰੱਬੀ ਦਾ ਨਾਂ ਕੋਈ ਪੁੱਛਦੈ, ਤਾਂ ਨਾਂ ਲੈਣੋਂ ਕਤਰਾਂਦੇ।
ਬੈਰੋਂਪੁਰੀ ਤਖੱਲਸ ਰੱਬੀ, ਨੂੰ ਰੱਬ ਬਖ਼ਸ਼ਿਆ ਰੱਬੀ,
ਪਤਾ ਨਹੀਂ ਕਿਸ ਖੁਸ਼ੀ ਨਾਲ ਕਈ ਬੈਰੋਂਪੁਰੀ ਕਹਾਉਂਦੇ।

ਇਸ ਉਪਰੰਤ ਰੱਬੀ ਆਪਣੇ ਜਨਮ, ਮਾਤਾ-ਪਿਤਾ, ਭੈਣ, ਭਰਾਵਾਂ, ਜੱਦੀ ਜਾਇਦਾਦ ਅਤੇ ਇੱਥੋਂ ਤੱਕ ਕਿ ਆਪਣੇ ਬੱਚਿਆਂ ਬਾਰੇ ਆਪਣੀਆਂ ਭਾਵਨਾਵਾਂ ਕਾਵਿਮਈ ਟੁਕਾਂ ਰਾਹੀਂ ਦ੍ਰਿਸ਼ਟੀਗੋਚਰ ਕਰਦਾ ਹੈ :

ਏ ਮੇਰੇ ਦਾਨਸ਼ਮੰਦ ਦੋਸਤੋ, ਉਸ ਦੀਆਂ ਨਾਲ ਦੁਆਵਾਂ,
ਮਾਂ ਕਰਤਾਰ, ਪਿਤਾ ਤਰਲੋਕ ਦੇ, ਜਨਮ ਲਿੱਤਾ ਮੈਂ ਸਾਵਾਂ।
ਬੈਰੋਂਪੁਰੀ ਕੁਝ ਯਾਦ ਨਹੀਂ ਹੈ, ਸਨ ਤੇ ਜਨਮ ਦਿਹਾੜਾ,
ਵੈਸੇ ਲਗਭਗ ਉਨੀ ਸੌ ਪੈਂਤੀ ਦਾ ਮੈਂ ਰੱਬੀ ਅਖਵਾਵਾਂ।
ਤਿੰਨ ਭਰਾ ਤੇ ਦੋ ਭੈਣਾਂ, ਵਿਚਕਾਰਲਾ ਮੈਨੂੰ ਕਹਿੰਦੇ,
ਤੀਹ ਏਕੜ ਜੱਦੀ ਜਾਇਦਾਦ ਦੇ ਤਿੰਨ ਹਿੱਸੇ ਨੇ ਪੈਂਦੇ।
ਬੈਰੋਂਪੁਰੀ ਦੇ ਬਸ ਤਿੰਨ ਲੜਕੇ ਨਾ ਕੋਈ ਧੀ ਧਿਆਣੀ,
ਤਿੰਨੇ ਬੱਚਿਆਂ ਵਾਲੇ ਹੋਏ ਕੱਠਿਆਂ ਰਲ ਮਿਲ ਰਹਿੰਦੇ।

ਇਸ ਤਰ੍ਹਾਂ ਰੱਬੀ ਬੈਰੋਂਪੁਰੀ ਆਪਣੇ ਜੱਦੀ ਪਿੰਡ ਜਨਮ ਅਸਥਾਨ, ਗੋਤ, ਤਖੱਲਸ, ਜਨਮ, ਮਾਤਾ-ਪਿਤਾ, ਭੈਣ-ਭਰਾਵਾਂ, ਜੱਦੀ ਜਾਇਦਾਦ, ਬੱਚਿਆਂ ਆਦਿ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਆਪਣੇ ਬਚਪਨ ਅਤੇ ਸਕੂਲ ਜਾਣ ਦੇ ਸਮੇਂ ਨੂੰ ਆਪਣੀਆਂ ਕਾਵਿ-ਟੁਕਾਂ ਰਾਹੀਂ ਸਾਕਾਰ ਕਰਦਾ ਹੈ। ਜਿਸ ਤੋਂ ਉਸ ਦੀ ਪਰਵਰਿਸ਼ ਬਾਰੇ ਕਾਫ਼ੀ ਪਤਾ ਚੱਲਦਾ ਹੈ।

ਬੈਂਤ : ਜਨਮ ਜੱਟਾਂ ਦੇ ਘਰ ਵਿੱਚ ਦੇ ਦਾਤਾ,
ਮੀਰ ਆਲਮਾਂ ਦੇ ਕਿੱਤੇ ਲਾ ਦਿੱਤਾ।
ਨਿੱਕੇ ਹੁੰਦਿਆਂ ਹੀ ਗੁੜ੍ਹਤੀ ਗਾਉਣ ਦੀ ਦਾ,
ਨਾਲ ਬੱਤੀ ਦੁੱਧ ਦਾਈ ਪਿਲਾ ਦਿੱਤਾ।
ਆਖ਼ਰ ਹੁੰਦਿਆਂ ਹੁੰਦਿਆਂ ਹੋਏ ਵੱਡੋ,
ਮਾਂ ਨੇ ਪੜ੍ਹਨ ਸਕੂਲੇ ਬਹਾ ਦਿੱਤਾ।
ਬੈਰੋਂਪੁਰੀ ਬਸ ਚਹੁੰ ਕੁ ਦਿਨਾਂ ਵਿੱਚ ਹੀ,
'ਰੱਬੀ' ਰੱਬ ਦਾ ਨਾਂ ਲੈਣ ਸਿਖਾ ਦਿੱਤਾ।

ਉਪਰੋਕਤ ਕਾਵਿ-ਟੁਕਾਂ ਤੋਂ ਇਹ ਜ਼ਾਹਰ ਹੁੰਦਾ ਹੈ ਕਿ ਉਸ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਤੇ ਉਹ ਸ਼ੁਰੂ ਤੋਂ ਹੀ ਧਾਰਮਿਕ ਰੁਚੀਆਂ ਵਾਲਾ ਇਨਸਾਨ ਰਿਹਾ ਹੈ।

ਇਕ ਨਿੱਜੀ ਤੌਰ 'ਤੇ ਕੀਤੀ ਮੁਲਾਕਾਤ ਵਿਚ ਰੱਬੀ ਦੱਸਦਾ ਹੈ, "ਉਸ ਦਾ ਵਿਆਹ ਪੰਜ ਸਾਲ ਦੀ ਉਮਰ ਵਿਚ ਹੋ ਗਿਆ ਸੀ। ਕਿਉਂਕਿ ਉਸ ਸਮੇਂ ਬਾਲ ਵਿਆਹ ਦਾ ਰਿਵਾਜ ਸੀ। ਉਸ ਸਮੇਂ ਇਹ ਧਾਰਨਾ ਪ੍ਰਚਲਿਤ ਸੀ ਕਿ ਜਿੰਨੀ ਛੋਟੀ ਉਮਰ ਵਿਚ ਕਿਸੇ ਦਾ ਪੁੱਤ ਵਿਆਹਿਆ ਜਾਵੇਗਾ ਉਨਾਂ ਹੀ ਉਹ ਉਸ ਟੱਬਰ ਦਾ ਇਲਾਕੇ ਵਿਚ ਜਸ ਬਣੇਗਾ। ਉਮਰ ਵੱਡੀ ਹੋਣ ਤੇ ਇਹ ਸਮਝਿਆ ਜਾਂਦਾ ਸੀ ਕਿ ਲੜਕੇ ਦਾ ਰਿਸ਼ਤਾ ਨਹੀਂ ਹੋ ਰਿਹਾ।" ਇਹ ਉਸ ਸਮੇਂ ਦੀ ਸ਼ਾਨ ਸਮਝੀ ਜਾਂਦੀ ਸੀ ਕਿ ਸਾਡੇ ਮੁੰਡੇ ਪੰਜ ਵਰਸੇ ਵਿਆਹੇ ਗਏ। ਮੈਂ ਮੁਲਾਂਪੁਰ ਦੇ ਲਾਗੇ ਪੈਂਤਪੁਰ ਪਿੰਡ ਵਿਚ ਵਿਆਹਿਆ ਹੋਇਆ ਹਾਂ ਤੇ ਆਪਣੀ ਪਤਨੀ ਨੂੰ ਵਿਆਹ ਤੋਂ ਚੌਦਾਂ ਸਾਲ ਬਾਅਦ ਲਿਆਂਦਾ।
 ਰੱਬੀ ਦੇ ਇੱਧਰ ਸਕੂਲ ਵਿਚ ਦਾਖਲ ਹੋਣ ਤੋਂ ਕੁਝ ਦੇਰ ਬਾਅਦ ਹੀ ਉਸ ਨੂੰ ਪਾਕਿਸਤਾਨ ਵਿਚ ਆਪਣੇ ਨਾਨਕੇ ਪਿੰਡ ਜਾਣਾ ਪਿਆ। ਰੱਬੀ ਦੇ ਨਾਨਕੇ ਹਜ਼ੱਪਾ ਨੇੜੇ ਅਠਾਰਾਂ ਚੱਕ ਜ਼ਿਲ੍ਹਾ ਮਿੰਟਗੁਮਰੀ ਵਿਖੇ ਸਨ। ਰੱਬੀ ਨੇ ਆਪਣੇ ਬਚਪਨ ਦੇ ਛੇ ਮਹੀਨੇ ਨਾਨਕੇ ਪਿੰਡ ਹੀ ਬਤੀਤ ਕੀਤੇ। ਇਹ ਸਮਾਂ ਤੇ ਸਥਾਨ ਉਸਦੀ ਕਲਾਤਮਕ ਪ੍ਰਤਿਭਾ ਲਈ ਟਕਸਾਲ ਸਾਬਤ ਹੋਏ ਕਿਉਂਕਿ ਪਾਕਿਸਤਾਨ ਵਿਚ ਰੱਬੀ ਜਿਹੜੇ ਪਾਸੇ ਆਪਣੀਆਂ ਮੱਝਾਂ ਚਾਰਨ ਜਾਇਆ ਕਰਦਾ ਸੀ, ਉਸ ਪਾਸੇ ਨੂੰ ਗਜ਼ੇ ਪੀਰ ਦੀ ਕਬਰ ਸੀ। ਇਸ ਕਬਰ ਉੱਪਰ ਦੇਸ਼ ਦੇ ਮਸ਼ਹੂਰ ਕੱਵਾਲ ਆਪਣੀਆਂ ਕੱਵਾਲੀਆਂ ਗਾਉਣ ਅਤੇ ਆਪਣੇ ਫਨ ਦੇ ਜੌਹਰ ਦਿਖਾਉਣ ਆਇਆ ਕਰਦੇ ਸਨ। ਉਨ੍ਹਾਂ ਕੱਵਾਲਾਂ ਦੀਆਂ ਕੱਵਾਲੀਆਂ ਸੁਣ ਕੇ ਹੀ ਰੱਬੀ ਨੂੰ ਗਾਉਣ ਦੀ ਜਾਗ ਲੱਗੀ। ਆਪਣੇ ਪਾਕਿਸਤਾਨ ਜਾਣ ਬਾਰੇ ਅਤੇ ਇਨ੍ਹਾਂ ਕੱਵਾਲਾਂ ਤੋਂ ਪ੍ਰਭਾਵਿਤ ਹੋਣ ਬਾਰੇ ਰੱਬੀ ਲਿਖਦਾ ਹੈ : ਪਿੰਡ ਮਲਕਪੁਰ, ਘੋੜੇ ਨਾਨਕੇ ਘਰੇ ਵਾਲਾਂ ਦੇ ਮੇਰੇ,
 ਜਿਨ੍ਹਾਂ ਸੀ ਬੜੀ ਦੇਰ ਤੋਂ ਲਾਏ ਵਿੱਚ ਬਾਰ ਦੇ ਡੇਰੇ।
 ਬੈਰੋਂਪੁਰੀ ਜਦ ਭਾਰਤ ਪੰਜਾਬ 'ਚੋਂ ਪਾਕਿਸਤਾਨ ਬਣਾਇਆ,
 ਰੱਬੀ ਕਤਲੇ ਆਮ ਕਰਾ ਕੇ, ਪੈਣ ਜਿਨਾਹ ਦੇ ਜ਼ੇਰੇ।
 ਪਹਿਲੀ ਵਿਚ ਲੱਗਣ ਤੋਂ ਪਹਿਲਾਂ ਇਕ ਹੋਰ ਅਣਹੋਣੀ ਹੋਈ,
 ਪਾਕਿਸਤਾਨ 'ਚ ਚੜ੍ਹਦੀ ਉਮਰੇ, ਵੱਡੀ ਮਾਮੀ ਮੋਈ।
 ਬੈਰੋਂਪੁਰੀ ਬਸ ਲੈਣ ਆ ਗਿਆ ਮਾਂ ਮੇਰੀ ਨੂੰ ਮਾਮਾ
 ਰੱਬੀ ਬੇਬੇ ਨਾਲ ਜਾਣ ਦੀ ਮੈਨੂੰ ਅੜਚਨ ਪਈ ਨਾ ਕੋਈ।
 ਬਚਨਾ, ਬਾਬੂ, ਮਿਹਰ, ਕਿਹਰ ਸਿੰਘ ਪੰਜਵਾਂ ਪੂਰਨ ਪਿਆਰਾ, ਛੇਵਾਂ ਨਾਨਾ ਜਗਤ ਸਿੰਘ ਬੋਝ ਜਿਨ੍ਹਾਂ ਸਿਰ ਭਾਰਾ।
 ਬੈਰੋਂਪੁਰੀ ਦੇ ਮਾਮੇ ਫ਼ੌਜ ਵਿਚ, ਦੋ ਕਰਦੇ ਸਨ ਖੇਤੀ,
 ਰੱਬੀ ਪੰਜਵਾਂ ਪੂਰਨ ਮਾਮਾ, ਮੱਝਾਂ ਹੀ ਚਾਰਨ ਹਾਰਾ।
 ਇਸ ਤਰ੍ਹਾਂ ਬੈਰੋਂਪੁਰੀ ਆਪਣੇ ਨਾਨਕੇ ਜਾਣ ਅਤੇ ਇਕ ਵਿਸ਼ੇਸ਼ ਜੁਗਤ ਰਾਹੀਂ ਆਪਣੇ ਨਾਨਕੇ ਪਰਿਵਾਰ ਬਾਰੇ ਕਾਫ਼ੀ ਜਾਣਕਾਰੀ ਦੇ ਜਾਂਦਾ ਹੈ। ਇਸ ਉਪਰੰਤ ਉਹ ਆਪਣੀ ਸ਼ਖ਼ਸੀਅਤ ਉੱਪਰ ਪਏ ਪ੍ਰਭਾਵੀ ਪਲਾਂ ਦਾ ਜ਼ਿਕਰ ਕਰਦਾ ਹੈ 

ਮੱਝਾਂ ਚਾਰਨ ਮਾਮੇ ਮੈਨੂੰ ਆਪਣੇ ਨਾਲ ਲੈ ਜਾਣਾ,
 ਵਿੱਚ ਚਰਾਂਦਾ ਉੱਠ ਤੋਂ ਲਾਹ ਕੇ ਉਸਨੇ ਇਹ ਸਮਝਾਣਾ।।
 ਖ਼ਾਨਗਾਹ ਏ ਔਹ ਪੀਰ-ਏ-ਨੋਂ ਗੱਜਾ ਆ ਚੱਲ ਦਰਸ਼ਨ ਪਾਈਏ, ਬੈਰੋਂਪੁਰੀ ਤੂੰ ਵੀ ਦਰਗਾਹ ਤੇ ਦੁਆ ਸਲਾਮ ਬਲਾਣਾ।
 ਕਈ ਕੱਵਾਲ ਸਿਰੇ ਦੇ ਓਥੇ, ਕਰਨ ਸਲਾਮ ਸੀ ਆਉਂਦੇ,
 ਪੀਰ ਦੀ ਵਿੱਚ ਹਜ਼ੂਰੀ ਗ਼ਜ਼ਲਾਂ ਅਤੇ ਕੱਵਾਲੀਆਂ ਗਾਉਂਦੇ।
 ਬੈਰੋਂਪੁਰੀ ਸੁਣ ਇਸ਼ਕ ਮਿਜ਼ਾਜੀ, ਵਿੱਚ ਹਕੀਕੀ ਰਮਜ਼ਾਂ
 ਬਖ਼ਸ਼ਿਸ਼ ਕਰਕੇ ਪੀਰ ਨੋਂ ਗੱਜਾਂ (ਮੈਨੂੰ) ਗਾਉਣ ਦਾ ਇਸ਼ਕ ਜਗਾਉਂਦੇ। ਉਸ ਦਰਗਾਹ ਦੇ ਮਾਲਕ ਦੀ, ਓਥੇ ਵੇਖੀ (ਨਾਰੰਗੀ) ਅਜਨਬੀ ਮਾਇਆ, ਕੋਈ ਨਾ ਕੋਈ ਕੱਵਾਲ ਨਵਾਂ, ਨਿੱਤ, ਸੀਗਾ ਰਹਿੰਦਾ ਆਇਆ। ਬੈਰੋਂਪੁਰੀ ਬਸ ਲਾ ਕੇ ਤਾੜੀ, ਰਹਿੰਦਾ ਸੀ ਮਾਰਦਾ ਤਾੜੀ, 'ਰੱਬੀ' ਗੁਣ ਰੱਬੀ ਵਿੱਚ ਓਥੋਂ ਹੀ ਪੀਰ ਪਾਤਸ਼ਾਹ ਪਾਇਆ।
 ਇਸ ਤਰ੍ਹਾਂ ਪੀਰ ਨੋਂ ਗੱਜੇ ਦੀ ਦਰਗਾਹ ਉੱਤੇ ਜਾਣਾ ਉਸਦੀ ਜ਼ਿੰਦਗੀ ਦੀ ਅਹਿਮ ਘਟਨਾ ਹੈ। ਏਥੇ ਹੀ ਉਸਦੀ ਜ਼ਿੰਦਗੀ ਵਿਚ ਇਕ ਨਵਾਂ ਮੋੜ ਆਉਂਦਾ ਹੈ। ਰੱਬੀ ਖ਼ੁਦ ਇਸ ਗੱਲ ਨੂੰ ਸ਼ਿੱਦਤ ਨਾਲ ਮਹਿਸੂਸ ਕਰਦਾ ਹੈ :

ਨਿੱਕੇ ਹੁੰਦਿਆਂ ਮੀਂਹ ਮਿਹਰਾਂ ਦਾ ਵਰ੍ਹ ਗਿਆ, ਉੱਥੇ ਈ ਉੱਤੇ
 ਤਾਹੀਓ ਰਹਿੰਦੇ ਇਕੋ ਜਿਹੇ ਹਾਂ ਅਸੀਂ ਤਾਂ ਹਰ ਇਕ ਰੁੱਤੇ
 ਬੈਰੋਂਪੁਰੀ ਨੂੰ ਪੀਰ ਜਗਾਵਣ, ਨਾਲ ਜਾਗ੍ਰਿਤ ਹੋਈ
 ਰੱਬੀ ਨਹੀਂ ਤਾਂ ਰਹਿ ਜਾਣਾ ਸੀ ਸਾਰੀ ਉਮਰੇ ਸੁੱਤੇ।

ਭਾਵੇਂ ਰੱਬੀ ਪਾਕਿਸਤਾਨ ਜਾਣ ਤੋਂ ਪਹਿਲਾਂ ਥੋੜਾ ਚਿਰ ਸਕੂਲ ਗਿਆ ਸੀ। ਉਸ ਤੋਂ ਬਾਅਦ ਉਸਨੂੰ ਪੜ੍ਹੋਂ ਹਟਾ ਲਿਆ ਗਿਆ ਸੀ। ਜਦੋਂ ਰੱਬੀ ਪਾਕਿਸਤਾਨ ਤੋਂ ਵਾਪਸ ਆਉਂਦਾ ਹੈ ਤਾਂ ਉਸ। ਨੂੰ ਰਾਇਪੁਰ ਕਲਾਂ ਸਕੂਲ ਪੜ੍ਹਨੇ ਪਾ ਦਿੱਤਾ ਜਾਂਦਾ ਹੈ। ਏਥੇ ਸਕੂਲ ਦੇ ਮਾਸਟਰ ਜਿਸ ਨੂੰ ਮੁਨਸ਼ੀ ਜੀ ਕਿਹਾ ਜਾਂਦਾ ਸੀ ਉਸ ਦੀ ਪ੍ਰਤਿਭਾ ਤੋਂ ਕਾਫ਼ੀ ਪ੍ਰਸੰਨ ਹੋਏ। ਰਾਇਪੁਰ ਦੇ ਸਕੂਲ ਵਿਚ ਵਿਦਿਆਰਥੀਆਂ ਦੁਆਰਾ ਪ੍ਰਾਰਥਨਾ (ਦੁਆ) ਕਰਨ ਦੀ ਪਰੰਪਰਾ ਕਾਇਮ ਸੀ। ਰੱਬੀ ਇਸ ਸਕੂਲ ਵਿਚ ਬਾਰਾਂ ਸਾਲ ਦੀ ਉਮਰ ਵਿਚ ਦਾਖਲ ਹੋਇਆ ਸੀ। ਉਸ ਨੇ ਆਪਣੇ ਪਹਿਲੇ ਦਿਨਾਂ ਵਿਚ ਹੀ ਪ੍ਰਾਰਥਨਾ ਕਰਨ ਲਈ ਆਪਣੇ ਮੁਨਸ਼ੀ ਜੀ ਨੂੰ ਬੇਨਤੀ ਕੀਤੀ ਜੋ ਕਿ ਪ੍ਰਵਾਨ ਹੋ ਗਈ। ਭਾਵੇਂ ਮੁਨਸ਼ੀ ਜੀ ਨੂੰ ਰੱਬੀ 'ਤੇ ਪੂਰਾ ਵਿਸ਼ਵਾਸ ਨਹੀਂ ਸੀ ਪਰ ਰੱਬੀ ਨੇ ਉਹ ਪ੍ਰਾਰਥਨਾ ਪਹਿਲੀ ਵਾਰ ਹੀ ਚੰਗੀ ਤਰ੍ਹਾਂ ਸੁਣਾ ਦਿੱਤੀ। ਜਿਸ ਦੇ ਬੋਲ ਸਨ :-ਉਲਫ਼ਤ ਕੀ ਛਾਵੇਂ ਤੂੰ ਹੈਂ, ਮੈਂ ਹੂੰ ਪਰਵਾਨਾ ਤੇਰਾ।
 ਇਸ ਨਾਲ ਰੱਬੀ ਦਾ ਵਿਸ਼ਵਾਸ ਹੋਰ ਵੀ ਵਧ ਗਿਆ। ਬਚਪਨ ਵਿਚ ਰੱਬੀ ਨੂੰ ਗਾਉਣ ਦੇ ਨਾਲ-ਨਾਲ ਖੇਡਣ ਦਾ ਵੀ ਸ਼ੌਕ ਸੀ ਤੇ ਉਹ ਕਬੱਡੀ ਵਰਗੀਆਂ ਖੇਡਾਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦਾ। ਚੌਥੀ ਜਮਾਤ ਵਿਚ ਉਸਨੂੰ ਸਕੂਲ ਵਲੋਂ ਵਜ਼ੀਫ਼ਾ ਮਿਲਣ ਲੱਗਿਆ। ਫਿਰ ਉਹ ਪਿੰਡ ਲਾਂਡਰਾਂ ਦੇ ਸਕੂਲ ਵਿਚ ਦਾਖਲ ਹੋਇਆ। ਉਸ ਸਕੂਲ ਵਿਚ ਸ. ਮਹਿੰਦਰ ਸਿੰਘ ਰੰਧਾਵਾ ਅਕਸਰ ਆਉਂਦੇ ਜਾਂਦੇ ਸਨ। ਸ. ਚੇਤ ਸਿੰਘ ਸੈਕਟਰੀ (ਜ਼ਿਲ੍ਹਾ ਬੋਰਡ) ਅਤੇ ਮਹਿੰਦਰ ਸਿੰਘ ਰੰਧਾਵਾ ਨੇ ਬੈਰੋਂਪੁਰੀ ਦੀ ਪ੍ਰਤਿਭਾ ਨੂੰ ਪਛਾਣਿਆ ਅਤੇ ਉਸ ਨੂੰ ਅੱਗੇ ਵਧਣ ਲਈ ਮੌਕੇ ਪ੍ਰਦਾਨ ਕੀਤੇ। ਆਪਣੇ ਸਕੂਲ ਜਾਣ ਦੇ ਅਨੁਭਵਾਂ ਨੂੰ ਰੱਬੀ ਬੈਰੋਂਪੁਰੀ ਹੇਠ ਲਿਖੇ ਅਨੁਸਾਰ ਪ੍ਰਗਟਾਉਂਦਾ ਹੈ :

ਉੱਥੋਂ ਮੁੜਕੇ ਆਏ ਜਦੋਂ, ਮਾਂ ਪੜ੍ਹਨ ਸਕੂਲੇ ਪਾਏ,
 ਕਹਿਣ ਪ੍ਰਾਰਥਨਾਂ, ਅਰਜ ਨੇ ਜਿਸਨੂੰ, ਕਹਿੰਦੇ ਸੀਗੇ ਦੁਆਏ।
 ਬੈਰੋਂਪੁਰੀ ਬਸ ਤਿੰਨ ਦਿਨ ਵਿਚ ਹੀ ਦੁਆ ਯਾਦ ਕਰ ਲੀਤੀ,
 ਰੱਬੀ ਮੁਨਸ਼ੀ ਜੀ ਨੂੰ ਕਹਿ ਕੇ, ਚੌਥੇ ਰੋਜ਼ ਕਹਾਏ।
 'ਉਲਫ਼ਤ ਕੀ ਛਾਂਵੇਂ ਤੂੰ ਹੈ, ਮੈਂ ਹੂੰ ਤੇਰਾ ਪਰਵਾਣਾ,
 ਓਹੋ ਦੁਆ ਸੀ ਨਿੱਤ ਸਕੂਲੇ ਗਾਈ ਗਿਆ ਦਿਵਾਨਾ।
 ਬੈਰੋਂਪੁਰੀ ਸੁਣ-ਸੁਣ ਕੇ ਮੁਨਸ਼ੀ ਜੀ ਵੀ ਅਸ਼ ਅਸ਼ ਕਰਦੇ,
 ਰੱਬੀ ਜਿਸ ਦੇ ਵੱਲ ਰੱਬ ਹੋਵੇ ਕਿਉਂ ਨਾ ਝੁਕੇ ਜ਼ਮਾਣਾ।

ਇਸ ਉਪਰੰਤ ਆਪਣੀ ਸ਼ਖ਼ਸੀਅਤ ਉੱਪਰ ਮਹਿੰਦਰ ਸਿੰਘ ਰੰਧਾਵੇ ਦੇ ਪਏ ਪ੍ਰਭਾਵ ਬਾਰੇ ਉਹ ਲਿਖਦਾ ਹੈ :
 ਮਹਿੰਦਰ ਸਿੰਘ ਰੰਧਾਵੇ ਦੀਆਂ ਕੀ ਸਿਫ਼ਤਾਂ ਗਾਂਵਾਂ,
 ਅਸਰ ਉਮਰ ਵਿਚ ਜਦੋਂ ਸਕੂਲੇ ਪੜ੍ਹਦੇ ਸਾਂ,
 ਜੈ ਹਿੰਦ ਕਹਿ ਕੇ ਕੋਲ ਉਨ੍ਹਾਂ ਜਾ ਖੜ੍ਹਦੇ ਸਾਂ।
 ਲੈ ਲੈਣਾ ਉਨ੍ਹਾਂ ਪਿਆਰ ਨਾਲ ਆਗੋਸ਼ੇ ਆਪਣੀ
 ਅਸ਼ੀਰਵਾਦ ਲੈ ਫੇਰ ਸਕੂਲੇ ਵੜਦੇ ਸੀ
 ਸੁਣਨ ਲਈ ਆ ਖੜ੍ਹਦੇ ਜਦੋਂ ਮੈਂ ਦੁਆ ਕਹਾਵੇਂ।
 ਮਹਿੰਦਰ ਸਿੰਘ ਰੰਧਾਵੇ ਦਾ ਮੈਂ ਕੀ ਗੁਣ ਗਾਵਾਂ।

ਸਕੂਲ ਵਿਚ ਉਸ ਨੂੰ ਮਹਿੰਦਰ ਸਿੰਘ ਰੰਧਾਵਾ ਤੋ ਕਾਫ਼ੀ ਹੌਲਾਸ਼ੇਰੀ ਮਿਲੀ। ਡੀ.ਬੀ. ਹਾਈ ਸਕੂਲ ਲਾਂਡਰਾਂ ਵਿਖੇ ਪੜ੍ਹਦਿਆਂ ਰੱਬੀ ਨੇ ਇਕ ਸਮਾਗਮ ਉੱਪਰ ਇਕ ਗੀਤ ਸੁਣਾਇਆ ਜਿਸਦੇ ਬੋਲ ਸਨ :

ਤੱਕਲੀ ਸੁਗੀਲੀ ਮੇਰੀ ਘੁੰਮ ਘੁੰਮ ਗਾਂਵਦੀ,
 ਬਾਪੂ ਜੀ ਦੀ ਯਾਦ ਸਾਨੂੰ ਪਈ ਏ ਸਤਾਂਵਦੀ।

ਇਸ ਨੂੰ ਸੁਣ ਕੇ ਡਾ. ਰੰਧਾਵਾ ਬਹੁਤ ਖੁਸ਼ ਹੋਏ ਤੇ ਉਸ ਨੂੰ ਸਰਵੋਤਮ ਗਾਇਕ ਦਾ ਖ਼ਿਤਾਬ ਬਖਸ਼ਿਆ। ਆਪਣੀ ਇਸ ਪ੍ਰਤਿਭਾ ਬਾਰੇ ਰੱਬੀ ਖ਼ੁਦ ਹੀ ਲਿਖਦਾ ਹੈ :

ਬੈਂਤ ਦਾ ਸ਼ੇਅਰ
 ਕੱਚੀ ਉਮਰ ਦੀ ਕੱਚੀ ਅਵਾਜ਼ ਸੁਣਕੇ,
 ਸੁਣਨ ਵਾਲਿਆਂ 'ਬਈ ਵਾਹ' ਸੁਣਾ ਦਿੱਤਾ।
 ਬਣੂੰ ਇਹ ਸਪੋਲੀਆ ਨਾਗ ਇਕ ਦਿਨ,
 ਪਰ ਜੇ ਕਿਸੇ ਨਾਗਣ ਤੋਂ ਕਿਸੇ ਬਚਾ ਦਿੱਤਾ।
 ਇਸ ਦੀ ਮਣੀ ਨੇ ਕਰਨਾ 'ਪੁਆਧ' ਰੌਸ਼ਨ।
 ਗੁਰ ਸਾਂਈ ਫ਼ਕੀਰ ਜਦ ਆ ਦਿੱਤਾ।
 ਬੈਰੋਂਪੁਰੀ ਨਾਂ ਹੋਸੀ ਜੱਗ ਅੰਦਰ (ਜਾਤਿ),
 ਜਦੋਂ 'ਕੰਜ' ਸਰੀਰ ਤੋਂ ਲਾਹ ਦਿੱਤਾ।

ਆਪਣੀ ਪ੍ਰਤਿਭਾ ਨੂੰ ਪਛਾਣ ਕੇ ਅਤੇ ਡਾ. ਰੰਧਾਵਾ ਦੀ ਪ੍ਰੇਰਨਾ ਸਦਕਾ ਰੱਬੀ ਆਪਣੀ ਕਿਸਮਤ ਅਜ਼ਮਾਉਣ ਲਈ 1957 ਵਿਚ ਬੰਬਈ ਦੀ ਫ਼ਿਲਮ ਇੰਡਸਟਰੀ ਵਿਚ ਜਾ ਵੜਿਆ। ਭਾਵੇਂ ਕਿ ਘਰੋਂ ਉਹ ਕਿਸੇ ਮਕੈਨਿਕ ਨਾਲ ਕੰਮ ਸਿੱਖਣ ਬੰਬਈ ਗਿਆ ਸੀ। ਬੰਬਈ ਦੇ ਨਜ਼ਦੀਕ ਕਲਿਆਣ ਸ਼ਹਿਰ ਵਿਚ ਉਸ ਨੇ ਐਨ. ਆਰ. ਸੀ. ਦੀ ਕੰਪਨੀ ਵਿਚ ਨੌਕਰੀ ਕਰ ਲਈ। ਪਰ ਡਿਊਟੀ ਤੋਂ ਮਗਰੋਂ ਉਹ ਆਪਣੇ ਕਮਰੇ ਵਿਚ ਪੰਜ ਪੰਜ ਘੰਟੇ ਗਾਉਣ ਦੀ ਪ੍ਰੈਕਟਿਸ ਕਰਦਾ। ਸਾਰਾ ਦਿਨ ਆਪਣੀ ਹੀ ਮਸਤੀ ਵਿਚ ਗੁਣਗੁਣਾਉਂਦੇ ਰਹਿਣ ਕਾਰਨ ਉਸਦਾ ਨਾਂ ਰੱਬੀ ਰੰਗੀਲਾ ਵੀ ਪਿਆ। ਇੱਥੇ ਹੀ ਉਸ ਦਾ ਸੰਪਰਕ ਪੰਜਾਬੀ ਹਿੱਤਕਾਰੀ ਸਭਾ ਥਾਣਾ ਨਾਲ ਹੋਇਆ। ਜਿਹੜੇ ਹੋਲੀ ਦੇ ਸਬੰਧ ਵਿਚ ਪ੍ਰੋਗਰਾਮ ਪੇਸ਼ ਕਰ ਰਹੇ ਸਨ। ਏਥੇ ਫ਼ਿਲਮੀ ਗਾਇਕ ਕੁਲਦੀਪ ਚਾਂਦ ਨੇ ਆਪਣਾ ਪ੍ਰੋਗਰਾਮ ਪੇਸ਼ ਕਰਨਾ ਸੀ। ਰੱਬੀ ਨੇ ਵੀ ਇਸ ਪ੍ਰੋਗਰਾਮ ਲਈ ਬੋਲੀਆਂ ਤਿਆਰ ਕੀਤੀਆਂ। ਜਦੋਂ ਰੱਬੀ ਦੀ ਵਾਰੀ ਆਈ ਤਾਂ ਉਸਦੀ ਆਵਾਜ਼ ਨਾਲ ਖਚਾਖਚ ਭਰਿਆ ਹਾਲ ਝੂਮ ਉੱਠਿਆ। ਉਸ ਨੂੰ ਪ੍ਰਬੰਧਕਾਂ ਨੇ 500 ਰੁਪਏ ਦਾ ਸਪੈਸ਼ਲ ਇਨਾਮ ਦਿੱਤਾ। ਜਦੋਂ ਕਿ ਉਸ ਸਮੇਂ ਉਸ ਨੂੰ ਨੌਕਰੀ ਦੇ ਸਿਰਫ਼ 60 ਰੁਪਏ ਮਹੀਨਾ ਮਿਲਦੇ ਸਨ। ਬੰਬਈ ਵਿਚ ਹੀ 1958 ਈ. ਵਿਚ ਆਗਰੇ ਦੇ ਸੰਗੀਤ ਘਰਾਣੇ ਨਾਲ ਸਬੰਧਿਤ ਇਕ 'ਸਾਂਈ ਫ਼ਕੀਰ' ਨਾਲ ਸੰਪਰਕ ਹੋਇਆ। ਇਸ ਸਾਂਈ ਫ਼ਕੀਰ ਨੇ ਰੱਬੀ ਨੂੰ ਸੰਗੀਤ ਦੀਆਂ ਸੁਰਾਂ ਸਬੰਧੀ ਸਿਖਲਾਈ ਦਿੱਤੀ ਅਤੇ ਕਈ ਇਨ੍ਹਾਂ ਦਿਨਾਂ ਵਿਚ ਹੀ ਉਹ 'ਮਨੋਹਰ ਦੀਪਕ' ਦੇ ਸੰਪਰਕ ਵਿਚ ਆ ਕੇ ਭੰਗੜੇ ਉੱਪਰ ਵੀ ਪੂਰੀ ਮੁਹਾਰਤ ਹਾਸਲ ਕਰ ਚੁੱਕਾ ਸੀ। ਇਸੇ ਸਾਲ ਹੀ ਬੰਬਈ ਨਾਲ ਲਗਦੇ ਕੋਹਲੀਵਾੜਾ ਵਿਚ ਭਾਰਤ ਦੇ ਲੋਕ ਨਾਚ ਤਹਿਤ ਹੋਏ ਪ੍ਰੋਗਰਾਮ ਵਿਚ ਉਸ ਨੇ ਰੇਲਵੇ ਵਿਭਾਗ ਵਲੋਂ ਭਾਗ ਲਿਆ। ਇਸ ਪ੍ਰੋਗਰਾਮ ਉੱਪਰ ਗਿਆਨੀ ਬਾਬੂ ਇਕਬਾਲ, ਯੂਸਫ਼ ਆਜ਼ਾਦ ਵੀ ਪਹੁੰਚੇ ਹੋਏ ਸਨ। ਰੱਬੀ ਦੀ ਅਗਵਾਈ ਵਾਲੀ ਟੀਮ ਨੇ ਭੰਗੜਾ, ਬੋਲੀਆਂ ਤੇ ਲੋਕ ਗੀਤਾਂ ਆਦਿ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੂੰ ਬੰਬਈ ਵਿਚ ਵਸਦੇ ਪੰਜਾਬੀ ਪਰਿਵਾਰਾਂ, ਗੁਰਦੁਆਰਿਆਂ ਤੇ ਸਕੂਲਾਂ ਵਿਚ ਪ੍ਰੋਗਰਾਮ ਮਿਲਣੇ ਸ਼ੁਰੂ ਹੋ ਗਏ। ਪਿਆਰਾ ਸਿੰਘ ਉਨ੍ਹਾਂ ਨਾਲ ਗਿਟਾਰ ਵਜਾਉਂਦਾ। ਉਪਰੋਕਤ ਤੋਂ ਬਿਨਾਂ ਰੱਬੀ ਨੂੰ ਬੰਬਈ ਵਿਚ ਰਹਿੰਦਿਆਂ ਸਾਹਿਰ ਲੁਧਿਆਣਵੀ, ਪੀ.ਐਲ. ਸੁਦਨ, ਰੱਬੀ ਦੇ ਉਸਤਾਦ ਬੀ.ਸੀ. ਬੇਕਲ (ਇਸ ਦੇ ਦਾਦਾ ਉਸਤਾਦ), ਸ਼ਿਰਸਾਰ ਸੈਲਾਨੀ, ਜਾਨੀ ਬਾਬੂ ਆਦਿ ਸ਼ਖ਼ਸੀਅਤਾਂ ਦੀ ਸੰਗਤ ਨਸੀਬ ਹੋਈ। ਬੰਬਈ ਵਿਚ ਹੋਏ ਆਪਣੇ ਤਜਰਬਿਆਂ ਸਬੰਧੀ ਉਹ ਲਿਖਦਾ ਹੈ :

ਹੋਇਆ ਸੋਈ ਜੋ ਕਿਹਾ ਸਿਆਣਿਆਂ ਨੇ,
 ਸੰਨ ਸਤਵੇਂਜਾ 'ਚ ਬੰਬੇ ਪਹੁੰਚਾ ਦਿੱਤਾ।
 ਉੱਥੇ ਸਾਂਈ ਫ਼ਕੀਰ ਉਸਤਾਦ ਮਿਲਿਆ,
 ਸੁਰ, ਤਾਲ ਨੂੰ ਜੀਹਨੇ ਸਮਝਾ ਦਿੱਤਾ।
 ਮੁਹੰਮਦ ਰਫ਼ੀ ਵਾਂਗ ਤੈਨੂੰ ਮੁਹੰਮਦ ਰੱਬੀ,
 ਲੋਕੀ ਕਹਿਣਗੇ, ਕਹਿ ਕੇ ਸੁਣਾ ਦਿੱਤਾ।
 ਪਰ ਤਕਦੀਰ ਅੱਗੇ ਤਦਬੀਰ ਨਾ ਚੱਲੀ ਕੋਈ,
 ਬੈਰੋਂਪੁਰੀ 'ਪੰਜਾਬ' ਮੁੜ ਭਜਵਾ ਦਿੱਤਾ।
 ਵਰ੍ਹੇ ਚਾਰ ਪੰਜ ਰਹਿ ਕੇ ਬੰਬਈ ਨਗਰੀ,
 ਭੜਥੂ ਸੀਗਾ ਸਟੇਜੀਂ ਮਚਾ ਦਿੱਤਾ।
 ਦੰਗ ਹੋਣ ਸੁਣ-ਸੁਣ ਫ਼ਿਲਮੀ ਗਾਉਣ ਵਾਲੇ,
 ਜਾਦੂ ਅਸਲ ਅਵਾਜ਼ ਚਲਾ ਦਿੱਤਾ।
 ਬੇਕਲ ਦਾਦੇ ਉਸਤਾਦ ਦੇ ਜਾਂ ਵਾਰੇ
 ਜਿਨ੍ਹਾਂ ਲਿਖਣ ਦਾ ਵਲ ਸਿਖਾ ਦਿੱਤਾ।
 ਬੈਰੋਂਪੁਰੀ ਬਸ ਫ਼ਿਲਮੀ ਹਸਤੀਆਂ ਤੋਂ,
 'ਰੱਬੀ' ਰੱਬੀ ਸੀ ਕੇਰਾਂ, ਕਰਵਾ ਦਿੱਤਾ।

6 ਜੂਨ 2021 ਨੂੰ ਰੱਬੀ ਬੈਰੋਪੁਰੀ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। ਖਾਸ ਗੱਲ ਇਹ ਹੈ ਕਿ ਜਿਸ ਦਿਨ ਉਹਨਾਂ ਦਾ ਜਨਮ ਹੋਇਆ ਦਿਨ ਸੀ ਉਸੇ ਦਿਨ ਉਹ ਇਸ ਫਾਨੀ ਦੁਨੀਆ ਤੋਂ ਰੁਖ਼ਸਤ ਹੋ ਗਏ ਤੋਂ ਗਏ। ਹੁਣ ਤੱਕ ਉਹਨਾਂ ਦੀਆਂ ਚਾਰ ਕਿਤਾਬਾਂ ਆ ਚੁੱਕੀਆਂ ਹਨ। ਹੁਣ ਉਹਨਾਂ ਦੀਆਂ ਲਿਖਤਾਂ ਨੂੰ ਸਾਂਭਣ ਅਤੇ ਕਿਤਾਬ ਰੂਪੀ ਦੇਣ ਦਾ ਕੰਮ ਉਹਨਾਂ ਦੀ ਪੋਤਰੀ ਮਨਦੀਪ ਕੌਰ ਟਿਵਾਣਾ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਗਾਇਕੀ ਦੀ ਵਿਰਾਸਤ ਨੂੰ ਉਹਨਾਂ ਦੇ ਉਤਰੇ ਗੁਰਪ੍ਰੀਤ ਸਿੰਘ ਟਿਵਾਣਾ ਵੱਲੋਂ ਅੱਗੇ ਲਿਜਾਇਆ ਜਾ ਰਿਹਾ ਹੈ। ਉਹਨਾਂ ਦੀ ਯਾਦ ਵਿੱਚ ਹਰ ਸਾਲ ਉਹਨਾਂ ਦੇ ਪਰਿਵਾਰ ਵੱਲੋਂ 7 ਜੂਨ ਨੂੰ ਯਾਦਗਾਰੀ ਮੇਲਾ ਪਿੰਡ ਬੈਰੋਪੁਰ ਭਾਗੋਮਾਜਰਾ ਵਿਖੇ ਕਰਾਇਆ ਜਾਂਦਾ ਹੈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਰੱਬੀ ਬਹਿਰੋਂਪੁਰੀ ਦੇ ਪ੍ਰਸ਼ੰਸਕਾਂ ਵੱਲੋਂ ਹਾਜ਼ਰੀ ਲਵਾਈ ਜਾਂਦੀ ਹੈ।

ਪੇਸ਼ਕਾਸ -ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ।ਮੋਬਾ. 70877-76975.

ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
ਮੰਗਤ ਸਿੰਘ ਸੈਦਪੁਰ , ਸਟਾਫ਼ ਰਿਪੋਰਟਰ ,ਨਜ਼ਰਾਨਾ ਟਾਈਮਜ਼ ,ਚੰਡੀਗੜ੍ਹ ,ਮੋਹਾਲੀ
00917087776975
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.