ਗਵਰਨਰ ਹਾਊਸ ਪੰਜਾਬ ਦਾ ਘਰਾਓ ਕਰਨ ਦੇ ਮਾਮਲੇ 'ਚ ਗ੍ਰਿਫਤਾਰ ਕੀਤੇ ਸਨਅਤਕਾਰਾਂ ਤਰੁਣ ਜੈਨ ਬਾਵਾ ਅਤੇ ਜਸਕੀਰਤ ਸਿੰਘ ਰਾਣਾ ਸਣੇ 9 ਪ੍ਰਦਰਸ਼ਨਕਾਰੀਆਂ ਨੂੰ ਭੇਜਿਆ ਜੇਲ੍ਹ
- ਰਾਜਨੀਤੀ
- 16 Aug, 2026 10:02 PM (Asia/Kolkata)
ਜੇਲ੍ਹ ਭੇਜੇ 9 ਪ੍ਰਦਰਸ਼ਨਕਾਰੀਆਂ ਨੂੰ ਅੱਜ 17 ਅਗਸਤ ਨੂੰ ਮੁੜ ਕੀਤਾ ਜਾਵੇਗਾ ਅਦਾਲਤ ਵਿੱਚ ਪੇਸ਼…
ਚੰਡੀਗੜ੍ਹ 16 ਅਗਸਤ (ਮੰਗਤ ਸਿੰਘ ਸੈਦਪੁਰ) : 15 ਅਗਸਤ ਨੂੰ ਚੰਡੀਗੜ੍ਹ ਪੁਲਸ ਪ੍ਰਸ਼ਾਸ਼ਨ ਨੂੰ ਝਕਾਨੀ ਦੇ ਕੇ ਗਵਰਨਰ ਹਾਊਸ ਨਜ਼ਦੀਕ ਪੁੱਜੇ ਕੌਮੀ ਇਨਸਾਫ਼ ਮੋਰਚੇ ਦੇ 5 ਮੈਂਬਰੀ ਵਿੱਤ ਕਮੇਟੀ ਦੇ ਮੈਂਬਰ ਤਰੁਣ ਜੈਨ ਬਾਵਾ ਅਤੇ ਜਸਕੀਰਤ ਸਿੰਘ ਰਾਣਾ ਨੇ ਮੋਰਚੇ ਨਾਲ ਜੁੜੇ 7 ਸਾਥੀਆਂ ਸਮੇਤ ਜਦੋਂ ਆਪਣਾ ਪ੍ਰਦਰਸ਼ਨ ਸ਼ੁਰੂ ਕੀਤਾ ਤਾਂ ਚੰਡੀਗੜ੍ਹ ਪੁਲਿਸ ਅਤੇ ਸੀਆਰਪੀਐਫ ਵੱਲੋਂ ਇੰਨਾ ਨੂੰ ਗ੍ਰਿਫਤਾਰ ਕੀਤਾ ਗਿਆ। ਅੱਜ ਐਤਵਾਰ ਹੋਣ ਕਰਕੇ ਬਾਅਦ ਦੁਪਹਿਰ ਇੰਨਾ ਨੂੰ ਡਿਊਟੀ ਮਜਿਸਟਰੇਟ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤਾਂ ਤਰੁਣ ਜੈਨ ਬਾਵਾ ਨੇ ਦਸਿਆ ਕਿ ਇਸ ਪ੍ਰਦਰਸ਼ਨ ਦੌਰਾਨ ਸਾਨੂੰ ਪੁਲਸ ਨੇ ਤਾਂ ਜ਼ਿਆਦਾ ਕੁਝ ਨਹੀਂ ਕਿਹਾ ਪ੍ਰੰਤੂ ਇਕ ਆਈਪੀਐਸ ਅਧਿਕਾਰੀ ਨੇ ਗਾਲ੍ਹਾਂ ਕੱਢਦੇ ਹੋਏ ਡੰਡੇ ਵਰਾਉਣੇ ਸ਼ੁਰੂ ਕਰ ਦਿਤੇ। ਉਨ੍ਹਾਂ ਦੱਸਿਆ ਕਿ ਬਾਬਾ ਜੱਸਾ ਸਿੰਘ ਹੁਸਿਆਰਪੁਰ ਤੇ ਮਨਿੰਦਰ ਸਿੰਘ ਤੰਬੜ ਨੇ ਉਸ ਅਫਸਰ ਨੂੰ ਗਾਲ ਦੇਣ ਤੋਂ ਵਰਜਿਆ ਤਾਂ ਇੰਨਾ ਨੂੰ ਕਮਲਿਆਂ ਵਾਂਗ ਡਾਂਗ ਮਾਰਨ ਲੱਗਾ। ਇਸ ਮਗਰੋਂ ਇੰਨਾ ਨੂੰ ਸੈਕਟਰ-26 ਦੇ ਪੁਲਸ ਥਾਣੇ ਲਿਜਾਇਆ ਗਿਆ ਅਤੇ ਸ਼ਾਮੀ ਇੰਨਾ ਉਤੇ ਆਰਮਜ ਐਕਟ ਦੀ ਧਾਰਾ 25, 54, 59 ਲੱਗਾ ਕੇ ਝੂਠਾ ਪਰਚਾ ਕਰ ਦਿਤਾ ਗਿਆ। ਅੱਜ ਅਦਾਲਤ ਵਿੱਚ ਪੇਸ਼ੀ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਮੈਂਬਰ ਬਲਵਿੰਦਰ ਸਿੰਘ ਨਾਲ ਗੱਲ ਕਰਦਿਆਂ ਤਰੁਣ ਜੈਨ ਬਾਵਾ ਨੇ ਆਖਿਆ ਕਿ ਮੈਂ ਸਿੱਖਾਂ ਨੂੰ ਸਰਕਾਰਾਂ ਖ਼ਿਲਾਫ ਲੜਦੇ ਜਦੋਂ ਦੇਖਦਾ ਸੀ ਤਾਂ ਮੈਨੂੰ ਇਹ ਲੋਕ ਬੇਫਜੂਲ ਦਾ ਝਗੜਾ ਕਰਨ ਵਾਲੇ ਲੱਗਦੇ ਸਨ। ਪਰ ਪਿੱਛਲੇ 4 ਸਾਲਾਂ ਵਿੱਚ ਕੌਮੀ ਇਨਸਾਫ਼ ਮੋਰਚੇ ਨਾਲ ਜੁੜ ਕੇ ਮੈਨੂੰ ਅਹਿਸਾਸ ਹੋ ਗਿਆ ਹੈ ਕਿ ਭਾਰਤ ਦੀ ਸਰਕਾਰ ਅਤੇ ਸੂਬਾ ਸਰਕਾਰ ਸਿੱਖਾਂ ਨਾਲ ਸੰਵਿਧਾਨ ਦੇ ਉਲਟ ਜਾ ਕੇ ਨਾ ਇਨਸਾਫੀ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਮੈਂ ਜ਼ਿੰਦਗੀ ਵਿੱਚ ਪਹਿਲੀ ਵਾਰ ਥਾਣੇ ਹਵਾਲਾਤ ਕੱਟੀ ਹੈ ਅਤੇ ਅੱਜ ਜੇਲ੍ਹ ਜਾ ਰਿਹਾ ਹਾਂ। ਇਸ ਨਾਲ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿਉਂਕਿ ਮੈਂ ਅੱਜ ਆਪਣੇ ਸਿੱਖ ਭਰਾਵਾਂ ਨਾਲ ਖੜ੍ਹਾ ਹਾਂ ਉਹ ਵੀ ਉਦੋਂ ਜਦੋਂ ਉਨ੍ਹਾਂ ਨਾਲ ਮੌਜੂਦਾ ਹਕੂਮਤਾਂ ਵਧੀਕੀ ਕਰ ਰਹੀਆਂ ਹਨ। ਉਨ੍ਹਾਂ ਨਾਲ ਗੁਰਪ੍ਰੀਤ ਸਿੰਘ ਗੁਰੀ, ਫਤਿਹ ਸਿੰਘ, ਸੰਦੀਪ ਸ਼ਰਮਾ, ਜਸਪ੍ਰੀਤ ਸਿੰਘ ਸਮੇਤ ਕੁੱਲ 9 ਜਣਿਆਂ ਨੂੰ ਅੱਜ ਜੇਲ੍ਹ ਭੇਜ ਕੇ ਕੱਲ 17 ਅਗਸਤ ਦੀ ਤਰੀਕ ਪਾਈ ਗਈ ਹੈ। ਅੱਜ ਉਨ੍ਹਾਂ ਨੂੰ ਜੇਲ੍ਹ ਭੇਜਣ ਮੌਕੇ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਵਕੀਲ ਐਡਵੋਕੇਟ ਅਮਰ ਸਿੰਘ ਚਾਹਲ, ਗੁਰਸ਼ਰਨ ਸਿੰਘ ਧਾਲੀਵਾਲ, ਗੁਰਦੀਪ ਸਿੰਘ ਬਠਿੰਡਾ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ ਸਮੇਤ, ਜਸਵਿੰਦਰ ਸਿੰਘ ਰਾਜਪੁਰਾ, ਪਾਲ ਸਿੰਘ ਘੜੂੰਆਂ, ਜੋਗਾ ਸਿੰਘ, ਲੰਬੜਦਾਰ ਕਰਮਜੀਤ ਸਿੰਘ, ਅਵਤਾਰ ਸਿੰਘ ਬੁੜੈਲ, ਤੇਜਿੰਦਰ ਸਿੰਘ ਹਾਈ ਜੈਕਰ, ਪਰਮਿੰਦਰ ਸਿੰਘ ਮਲੋਆ, ਪਰਮਜੀਤ ਸਿੰਘ ਖਾਲਸਾ, ਬੀਬੀ ਹਰਬੰਸ ਕੌਰ, ਬੀਬੀ ਜਸਵਿੰਦਰ ਕੌਰ ਰੋਪੜ ਕੌਮੀ ਇਨਸਾਫ਼ ਮੋਰਚੇ ਦੀ ਸੰਗਤ ਵੱਡੀ ਗਿਣਤੀ ਵਿੱਚ ਮੌਜੂਦ ਸੀ।
Leave a Reply