ਮਹਿਮਾਨ ਸੰਪਾਦਕੀ-ਮੋਰਚੇ 'ਚ ਪਰਵਿੰਦਰ ਸਿੰਘ ਝੋਟੇ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਜਾਰੀ ਰੱਖਣ ਦਾ ਅਹਿਦ ਜ਼ਰੂਰੀ! - ਬਿੰਦਰ ਸਿੰਘ ਖੁੱਡੀ ਕਲਾਂ

ਮਹਿਮਾਨ ਸੰਪਾਦਕੀ-ਮੋਰਚੇ 'ਚ ਪਰਵਿੰਦਰ ਸਿੰਘ ਝੋਟੇ ਵੱਲੋਂ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਜਾਰੀ ਰੱਖਣ ਦਾ ਅਹਿਦ ਜ਼ਰੂਰੀ! - ਬਿੰਦਰ ਸਿੰਘ ਖੁੱਡੀ ਕਲਾਂ

:ਗੁਰੂਆਂ, ਪੀਰਾਂ, ਯੋਧਿਆਂ ਅਤੇ ਉਪਜਾਊ ਖੇਤਾਂ ਲਈ ਜਾਣੀ ਜਾਂਦੀ ਪੰਜ ਦਰਿਆਵਾਂ ਦੀ ਧਰਤੀ ਪੰਜਾਬ 'ਤੇ ਵਹਿ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਬਦੌਲਤ ਪੰਜਾਬ ਅੱਜ ਇੱਕ ਬਹੁਤ ਹੀ ਗੰਭੀਰ ਅਤੇ ਦਰਦਨਾਕ ਸੰਕਟ ਦੇ ਦੌਰ ਵਿੱਚੋਂ ਲੰਘ ਰਿਹਾ ਹੈ।ਨਸ਼ਿਆਂ ਦੇ ਇਸ ਕਹਿਰ ਨੇ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਕੇ ਤਬਾਹ ਕਰ ਦਿੱਤਾ ਹੈ। ਨਸ਼ਿਆਂ ਦੀ ਲਾਹਨਤ ਨੇ ਪੰਜਾਬ ਦੇ ਹਜ਼ਾਰਾਂ ਘਰਾਂ ਦੇ ਚਿਰਾਗ ਬੁਝਾ ਦਿੱਤੇ ਹਨ, ਲੱਖਾਂ ਮਾਵਾਂ ਦੀਆਂ ਗੋਦਾਂ ਸੁੰਨੀਆਂ ਕਰ ਦਿੱਤੀਆਂ ਹਨ ਅਤੇ ਪੰਜਾਬ ਦੀ ਨੌਜਵਾਨੀ ਨੂੰ ਸਰੀਰਕ, ਮਾਨਸਿਕ ਤੇ ਆਰਥਿਕ ਤੌਰ 'ਤੇ ਕੰਗਾਲ ਕਰ ਕੇ ਰੱਖ ਦਿੱਤਾ ਹੈ।

ਅਜਿਹੇ ਭਿਆਨਕ ਅਤੇ ਨਿਰਾਸ਼ਾਜਨਕ ਮਾਹੌਲ ਵਿੱਚ ਜਦੋਂ ਸਰਕਾਰਾਂ, ਪ੍ਰਸ਼ਾਸਨ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਸ਼ੇ ਦੇ ਵਪਾਰ ਨੂੰ ਠੱਲ੍ਹ ਪਾਉਣ ਵਿੱਚ ਅਸਮਰਥ ਵਿਖਾਈ ਦੇ ਰਹੀਆਂ ਹਨ, ਤਾਂ ਸਮਾਜ ਦੇ ਵਿੱਚੋਂ ਹੀ ਕੁੱਝ ਅਜਿਹੇ ਸਿਰੜੀ ਅਤੇ ਅਣਖੀ ਨੌਜਵਾਨ ਉੱਠੇ ਜਿਨ੍ਹਾਂ ਨੇ ਅੱਗੇ ਵਧ ਕੇ ਇਸ ਕੋੜ੍ਹ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਫ਼ੈਸਲਾ ਕੀਤਾ। ਇਹਨਾਂ ਹੀ ਨੌਜਵਾਨਾਂ ਵਿੱਚੋਂ ਇੱਕ ਪ੍ਰਮੁੱਖ ਨਾਂ ਸੀ ਪਰਵਿੰਦਰ ਸਿੰਘ ਝੋਟਾ।ਜਿਸ ਨੇ ਮਾਨਸਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਨਸ਼ਾ ਤਸਕਰਾਂ ਵਿਰੁੱਧ ਇੱਕ ਨਵੀਂ ਅਤੇ ਨਿਡਰ ਲਹਿਰ ਦਾ ਆਗਾਜ਼ ਕੀਤਾ।

​ ਪਰਵਿੰਦਰ ਸਿੰਘ ਝੋਟਾ ਨੇ ਜਿਸ ਹਿੰਮਤ, ਦਲੇਰੀ ਅਤੇ ਨਿਡਰਤਾ ਨਾਲ ਨਸ਼ਾ ਸਮੱਗਲਰਾਂ ਦੇ ਖ਼ਿਲਾਫ਼ ਮੋਰਚਾ ਖੋਲ੍ਹਿਆ, ਉਸ ਨੇ ਪੰਜਾਬ ਦੇ ਲੋਕਾਂ ਵਿੱਚ ਆਸ ਦੀ ਕਿਰਨ ਜਗਾਈ। ਉਸ ਨੇ ਕੇਵਲ ਗੱਲਾਂ ਜਾਂ ਭਾਸ਼ਣਾਂ ਤੱਕ ਸੀਮਿਤ ਰਹਿਣ ਦੀ ਬਜਾਏ ਅਮਲੀ ਰੂਪ ਵਿੱਚ ਜ਼ਮੀਨੀ ਪੱਧਰ 'ਤੇ ਕੰਮ ਕੀਤਾ। ਉਸ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਨਸ਼ੇ ਦੇ ਸੌਦਾਗਰਾਂ ਨੂੰ ਸ਼ਰੇਆਮ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਅਤੇ ਨਸ਼ਾ ਵੇਚਣ ਵਾਲੀਆਂ ਦੁਕਾਨਾਂ ਤੇ ਮੈਡੀਕਲ ਸਟੋਰਾਂ ਦਾ ਪਰਦਾਫਾਸ਼ ਕੀਤਾ। ਪਰ ਦੁਖਾਂਤ ਇਹ ਰਿਹਾ ਕਿ ਜਦੋਂ ਇੱਕ ਆਮ ਨਾਗਰਿਕ ਸਮਾਜ ਨੂੰ ਬਚਾਉਣ ਲਈ ਪ੍ਰਸ਼ਾਸਨ ਦਾ ਕੰਮ ਆਪਣੇ ਹੱਥਾਂ ਵਿੱਚ ਲੈਂਦਾ ਹੈ, ਤਾਂ ਸਿਸਟਮ ਉਸ ਦੀ ਮਦਦ ਕਰਨ ਦੀ ਬਜਾਏ ਉਸੇ ਨੂੰ ਹੀ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੰਦਾ ਹੈ। ਪਰਵਿੰਦਰ ਸਿੰਘ ਝੋਟਾ ਨਾਲ ਵੀ ਅਜਿਹਾ ਹੀ ਹੋਇਆ। ਉਸ 'ਤੇ ਪਰਚੇ ਦਰਜ ਕੀਤੇ ਗਏ। ਉਸ ਨੂੰ ਜੇਲ੍ਹ ਭੇਜਿਆ ਗਿਆ ਅਤੇ ਉਸ ਦੀ ਆਵਾਜ਼ ਨੂੰ ਦਬਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਇਸ ਅਨਿਆਂ ਦੇ ਖ਼ਿਲਾਫ਼ ਪੰਜਾਬ ਦੇ ਸੂਝਵਾਨ ਲੋਕਾਂ, ਨੌਜਵਾਨਾਂ ਅਤੇ ਇਨਸਾਫ਼ ਪਸੰਦ ਸੰਗਠਨਾਂ ਨੇ ਇੱਕਜੁੱਟ ਹੋ ਕੇ ਮੋਰਚੇ ਲਗਾਏ।ਜਿਸ ਦਾ ਮੁੱਖ ਮਕਸਦ ਪਰਵਿੰਦਰ ਸਿੰਘ ਝੋਟਾ ਲਈ ਇਨਸਾਫ਼ ਹਾਸਿਲ ਕਰਨਾ ਅਤੇ ਉਸ 'ਤੇ ਦਰਜ ਝੂਠੇ ਮੁਕੱਦਮਿਆਂ ਨੂੰ ਰੱਦ ਕਰਵਾਉਣਾ ਸੀ।

​ ਪਰ ਉਹੀ ਭਾਣਾ ਵਾਪਰ ਗਿਆ ਜਿਸ ਦਾ ਡਰ ਸੀ। ਮੈਡੀਕਲ ਸਟੋਰ ਤੋਂ ਵਿਕਦੇ ਨਸੇ਼ੇ ਦਾ ਪਰਦਾਫਾਸ਼ ਕਰਨ ਗਏ ਪਰਵਿੰਦਰ ਸਿੰਘ ਨੂੰ ਮੈਡੀਕਲ ਸਟੋਰ ਵਾਲੇ ਨੇ ਗੋਲੀ ਮਾਰ ਦਿੱਤਾ ਅਤੇ ਝੋਟਾ ਸਾਨੂੰ ਸਭ ਨੂੰ ਇੱਕ ਰਾਹ ਵਿਖਾ ਕੇ ਖੁਦ ਇਸ ਦੁਨੀਆਂ ਤੋਂ ਰੁਖ਼ਸਤ ਹੋ ਗਿਆ। ਪੰਜਾਬ ਦੇ ਇਨਸਾਫ਼ ਪਸੰਦ ਲੋਕ ਉਸੇ ਦਿਨ ਤੋਂ ਹੀ ਪਰਵਿੰਦਰ ਦੇ ਇਨਸਾਫ਼ ਲਈ ਮਾਨਸਾ 'ਚ ਮੋਰਚੇ 'ਤੇ ਡਟੇ ਹੋਏ ਹਨ।ਪਰਵਿੰਦਰ ਸਿੰਘ ਝੋਟਾ ਦੇ ਇਨਸਾਫ਼ ਲਈ ਲਗਾਇਆ ਗਿਆ ਮੋਰਚਾ ਬਹੁਤ ਹੀ ਮਹੱਤਵਪੂਰਨ ਅਤੇ ਜ਼ਰੂਰੀ ਹੈ। ਪਰ ਇਸ ਮੋਰਚੇ ਦੀ ਅਸਲ ਸਫ਼ਲਤਾ ਅਤੇ ਸਾਰਥਿਕਤਾ ਤਦ ਹੀ ਸੰਭਵ ਹੈ ਜੇਕਰ ਅਸੀਂ ਉਸ ਮਕਸਦ ਨੂੰ ਨਾ ਭੁੱਲੀਏ ਜਿਸ ਲਈ ਝੋਟੇ ਨੇ ਆਪਣੀ ਜਾਨ ਦਾ ਜੋਖਮ ਲਿਆ ਸੀ। ਝੋਟਾ ਕੇਵਲ ਇੱਕ ਵਿਅਕਤੀ ਨਹੀਂ, ਸਗੋਂ ਨਸ਼ਾ ਵਿਰੋਧੀ ਸੰਘਰਸ਼ ਦਾ ਇੱਕ ਚਿੰਨ੍ਹ ਬਣ ਕੇ ਉੱਭਰਿਆ ਹੈ। ਇਸ ਲਈ ਉਸ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਜਾਰੀ ਰੱਖਣ ਦਾ ਅਹਿਦ ਲੈਣਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਅਤੇ ਅਹਿਮ ਲੋੜ ਹੈ। ਜੇਕਰ ਅਸੀਂ ਕੇਵਲ ਵਿਅਕਤੀਗਤ ਇਨਸਾਫ਼ ਤੱਕ ਸੀਮਿਤ ਰਹਿ ਗਏ ਅਤੇ ਉਸਦੇ ਕਾਰਜ ਨੂੰ ਅੱਗੇ ਨਾ ਵਧਾਇਆ, ਤਾਂ ਇਹ ਉਸ ਦੇ ਸੰਘਰਸ਼ ਅਤੇ ਕੁਰਬਾਨੀ ਨਾਲ ਵੱਡਾ ਧੋਖਾ ਹੋਵੇਗਾ।

​ ਪੰਜਾਬ ਵਿੱਚ ਨਸ਼ੇ ਦੀ ਸਮੱਸਿਆ ਕੋਈ ਰਾਤੋ-ਰਾਤ ਪੈਦਾ ਹੋਈ ਘਟਨਾ ਨਹੀਂ ਹੈ। ਸਗੋਂ ਇਹ ਇੱਕ ਡੂੰਘੀ ਅਤੇ ਯੋਜਨਾਬੱਧ ਸਾਜ਼ਿਸ਼ ਦਾ ਨਤੀਜਾ ਹੈ ਜਿਸ ਨੇ ਪੰਜਾਬ ਦੀਆਂ ਰਗਾਂ ਵਿੱਚ ਜ਼ਹਿਰ ਘੋਲ ਦਿੱਤਾ ਹੈ। ਚਿੱਟਾ, ਸਮੈਕ, ਅਫ਼ੀਮ, ਮੈਡੀਕਲ ਨਸ਼ੇ ਅਤੇ ਹੋਰ ਖ਼ਤਰਨਾਕ ਸਿੰਥੈਟਿਕ ਨਸ਼ਿਆਂ ਨੇ ਪੰਜਾਬ ਦੇ ਪਿੰਡਾਂ ਦੇ ਪਿੰਡ ਅਤੇ ਸ਼ਹਿਰਾਂ ਦੇ ਮੁਹੱਲੇ ਤਬਾਹ ਕਰ ਦਿੱਤੇ ਹਨ। ਜਦੋਂ ਅਸੀਂ ਪੰਜਾਬ ਦੇ ਪਿੰਡਾਂ ਵਿੱਚ ਜਾਂਦੇ ਹਾਂ, ਤਾਂ ਸਾਨੂੰ ਅਜਿਹੇ ਬਹੁਤ ਸਾਰੇ ਪਰਿਵਾਰ ਮਿਲਦੇ ਹਨ ਜਿਨ੍ਹਾਂ ਦੇ ਜਵਾਨ ਪੁੱਤਰ ਇੱਥੋਂ ਤੱਕ ਕਿ ਬੱਚੇ ਵੀ ਨਸ਼ੇ ਦੀ ਭੇਟ ਚੜ੍ਹ ਚੁੱਕੇ ਹਨ। ਹੁਣ‌ ਤਾਂ ਨੌਜਵਾਨ ਕੁੜੀਆਂ ਵੀ ਨਸ਼ੇ ਦੀਆਂ ਆਦੀ ਹੋਣ ਲੱਗੀਆਂ ਹਨ।ਕਈ ਘਰਾਂ ਵਿੱਚ ਤਾਂ ਦੀਵਾ ਬਾਲਣ ਵਾਲਾ ਵੀ ਕੋਈ ਨਹੀਂ ਬਚਿਆ। ਇਸ ਸਥਿਤੀ ਨੇ ਨਾ ਕੇਵਲ ਪਰਿਵਾਰਾਂ ਨੂੰ ਆਰਥਿਕ ਤੌਰ 'ਤੇ ਕੰਗਾਲ ਕੀਤਾ ਹੈ, ਸਗੋਂ ਸਮਾਜਿਕ ਅਤੇ ਮਾਨਸਿਕ ਤੌਰ 'ਤੇ ਵੀ ਤਬਾਹ ਕਰ ਦਿੱਤਾ ਹੈ। ਅਜਿਹੇ ਖੌਫ਼ਨਾਕ ਮਾਹੌਲ ਵਿੱਚ ਜਦੋਂ ਲੋਕਾਂ ਦਾ ਸਿਸਟਮ ਤੋਂ ਵਿਸ਼ਵਾਸ ਉੱਠ ਚੁੱਕਾ ਸੀ, ਤਾਂ ਪਰਵਿੰਦਰ ਸਿੰਘ ਝੋਟਾ ਵਰਗੇ ਨੌਜਵਾਨਾਂ ਨੇ ਲੋਕਾਂ ਦੇ ਦਿਲਾਂ ਵਿੱਚ ਇੱਕ ਉਮੀਦ ਜਗਾਈ ਸੀ ਕਿ ਜੇਕਰ ਅਸੀਂ ਚਾਹੀਏ ਤਾਂ ਆਪਣੇ ਪਿੰਡਾਂ ਅਤੇ ਸ਼ਹਿਰਾਂ ਨੂੰ ਇਸ ਕੋੜ੍ਹ ਤੋਂ ਮੁਕਤ ਕਰਵਾ ਸਕਦੇ ਹਾਂ।

​ ਜੇਕਰ ਅਸੀਂ ਪਰਵਿੰਦਰ ਸਿੰਘ ਝੋਟੇ ਦੀ ਕੁਰਬਾਨੀ ਨੂੰ ਸੱਚੀ ਸ਼ਰਧਾਂਜਲੀ ਅਤੇ ਸਤਿਕਾਰ ਦੇਣਾ ਚਾਹੁੰਦੇ ਹਾਂ, ਤਾਂ ਸਾਨੂੰ ਉਸ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਲਹਿਰ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚ ਪਹੁੰਚਾਉਣਾ ਪਵੇਗਾ। ਸਾਨੂੰ ਹਰ ਪਿੰਡ, ਹਰ ਸ਼ਹਿਰ ਅਤੇ ਹਰ ਗਲੀ ਵਿੱਚ 'ਝੋਟੇ' ਪੈਦਾ ਕਰਨੇ ਪੈਣਗੇ। ਇਹ ਕੰਮ ਕੇਵਲ ਇੱਕ ਵਿਅਕਤੀ ਦਾ ਨਹੀਂ ਹੈ, ਸਗੋਂ ਇਹ ਪੂਰੇ ਪੰਜਾਬੀ ਸਮਾਜ ਦਾ ਕੌਮੀ ਅਤੇ ਨੈਤਿਕ ਫ਼ਰਜ਼ ਹੈ। ਸਾਨੂੰ ਆਪਣੇ ਪਿੰਡਾਂ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਦਾ ਗਠਨ ਕਰਨਾ ਪਵੇਗਾ। ਇਹ ਕਮੇਟੀਆਂ ਪਿੰਡਾਂ ਦੇ ਸਰਪੰਚਾਂ, ਪੰਚਾਂ, ਨੌਜਵਾਨ ਕਲੱਬਾਂ, ਔਰਤਾਂ ਅਤੇ ਸੂਝਵਾਨ ਬਜ਼ੁਰਗਾਂ ਨੂੰ ਨਾਲ ਲੈ ਕੇ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਇਹਨਾਂ ਕਮੇਟੀਆਂ ਦਾ ਕੰਮ ਆਪਣੇ ਪਿੰਡਾਂ ਵਿੱਚ ਨਸ਼ਾ ਵੇਚਣ ਵਾਲਿਆਂ 'ਤੇ ਤਿੱਖੀ ਨਜ਼ਰ ਰੱਖਣਾ, ਉਹਨਾਂ ਦਾ ਸਮਾਜਿਕ ਬਾਈਕਾਟ ਕਰਨਾ ਅਤੇ ਨਸ਼ੇ ਦੀ ਗ੍ਰਿਫ਼ਤ ਵਿੱਚ ਆ ਚੁੱਕੇ ਨੌਜਵਾਨਾਂ ਨੂੰ ਇਲਾਜ ਲਈ ਤਿਆਰ ਕਰਨਾ ਹੋਣਾ ਚਾਹੀਦਾ ਹੈ।

​ ਇੱਥੇ ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਨਸ਼ੇ ਦੀ ਸਮੱਸਿਆ ਦੇ ਦੋ ਪਹਿਲੂ ਹਨ। ਇੱਕ ਹੈ ਨਸ਼ੇ ਦੀ ਸਪਲਾਈ ਅਤੇ ਦੂਜਾ ਹੈ ਨਸ਼ੇ ਦੀ ਮੰਗ।ਪਰਵਿੰਦਰ ਸਿੰਘ ਝੋਟੇ ਨੇ ਨਸ਼ੇ ਦੀ ਸਪਲਾਈ ਲਾਈਨ ਨੂੰ ਤੋੜਨ ਲਈ ਸਿੱਧਾ ਹਮਲਾ ਕੀਤਾ ਸੀ। ਉਸ ਨੇ ਨਸ਼ਾ ਤਸਕਰਾਂ ਨੂੰ ਫੜ ਕੇ ਪ੍ਰਸ਼ਾਸਨ ਦੇ ਸਾਹਮਣੇ ਨੰਗਾ ਕੀਤਾ। ਸਾਨੂੰ ਵੀ ਇਸੇ ਤਰਜ਼ 'ਤੇ ਨਸ਼ਾ ਸਪਲਾਈ ਕਰਨ ਵਾਲਿਆਂ ਖ਼ਿਲਾਫ਼ ਬਿਨਾਂ ਕਿਸੇ ਡਰ ਤੋਂ ਆਵਾਜ਼ ਬੁਲੰਦ ਕਰਨੀ ਪਵੇਗੀ। ਜਦੋਂ ਤੱਕ ਨਸ਼ਾ ਸਮੱਗਲਰਾਂ ਨੂੰ ਸਮਾਜਿਕ ਅਤੇ ਕਾਨੂੰਨੀ ਖ਼ੌਫ਼ ਨਹੀਂ ਹੋਵੇਗਾ, ਉਦੋਂ ਤੱਕ ਇਹ ਵਪਾਰ ਬੰਦ ਨਹੀਂ ਹੋ ਸਕਦਾ। ਪੰਜਾਬ ਦੇ ਲੋਕਾਂ ਨੂੰ ਹੁਣ ਸਿਆਸੀ ਪਾਰਟੀਆਂ ਅਤੇ ਪੁਲਿਸ ਦੇ ਝੂਠੇ ਵਾਅਦਿਆਂ ਅਤੇ ਦਾਅਵਿਆਂ 'ਤੇ ਭਰੋਸਾ ਕਰਨ ਦੀ ਬਜਾਏ ਆਪ ਪਹਿਰੇਦਾਰ ਬਣਨਾ ਪਵੇਗਾ। ਜੇਕਰ ਕਿਸੇ ਪਿੰਡ ਜਾਂ ਮਹੱਲੇ ਵਿੱਚ ਨਸ਼ਾ ਵਿਕਦਾ ਹੈ, ਤਾਂ ਸਾਰੀ ਸੰਗਤ ਨੂੰ ਇੱਕਜੁੱਟ ਹੋ ਕੇ ਉਸ ਦਾ ਵਿਰੋਧ ਕਰਨਾ ਚਾਹੀਦਾ ਹੈ ਅਤੇ ਪ੍ਰਸ਼ਾਸਨ 'ਤੇ ਕਾਰਵਾਈ ਕਰਨ ਲਈ ਦਬਾਅ ਬਣਾਉਣਾ ਚਾਹੀਦਾ ਹੈ।

​ ਦੂਜੇ ਪਾਸੇ ਨਸ਼ੇ ਦੀ ਮੰਗ ਨੂੰ ਘਟਾਉਣ ਲਈ ਵੀ ਸਾਨੂੰ ਮਿਲ ਕੇ ਵੱਡੇ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ। ਜੋ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਚੁੱਕੇ ਹਨ, ਉਹ ਅਪਰਾਧੀ ਨਹੀਂ ਸਗੋਂ ਬਿਮਾਰ ਹਨ। ਉਹਨਾਂ ਨੂੰ ਹਮਦਰਦੀ, ਸਹੀ ਦੇਖਭਾਲ ਅਤੇ ਡਾਕਟਰੀ ਇਲਾਜ ਦੀ ਲੋੜ ਹੈ। ਪਰਵਿੰਦਰ ਝੋਟੇ ਦੇ ਮੋਰਚੇ ਵਿੱਚ ਸ਼ਾਮਲ ਆਗੂਆਂ ਅਤੇ ਪੰਜਾਬ ਦੇ ਬੁੱਧੀਜੀਵੀਆਂ ਨੂੰ ਇਹ ਯਤਨ ਕਰਨੇ ਚਾਹੀਦੇ ਹਨ ਕਿ ਹਰ ਇਲਾਕੇ ਵਿੱਚ ਮੁਫ਼ਤ ਅਤੇ ਵਧੀਆ ਪੁਨਰਵਾਸ ਕੇਂਦਰ ਖੋਲ੍ਹੇ ਜਾਣ, ਜਿੱਥੇ ਨੌਜਵਾਨਾਂ ਦਾ ਇਲਾਜ ਕਰਵਾ ਕੇ ਉਹਨਾਂ ਨੂੰ ਮੁੱਖ ਧਾਰਾ ਵਿੱਚ ਵਾਪਸ ਲਿਆਂਦਾ ਜਾ ਸਕੇ। ਸਾਨੂੰ ਆਪਣੇ ਨੌਜਵਾਨਾਂ ਨੂੰ ਖੇਡਾਂ, ਸਾਹਿਤ, ਸੱਭਿਆਚਾਰ ਅਤੇ ਰੋਜ਼ਗਾਰ ਨਾਲ ਜੋੜਨਾ ਪਵੇਗਾ ਤਾਂ ਜੋ ਉਹ ਨਿਰਾਸ਼ਾ ਅਤੇ ਵਿਹਲੇਪਣ ਦੇ ਸ਼ਿਕਾਰ ਹੋ ਕੇ ਨਸ਼ਿਆਂ ਵੱਲ ਨਾ ਜਾਣ।

​ ਇਸ ਨਸ਼ਾ ਵਿਰੋਧੀ ਮੁਹਿੰਮ ਦੀ ਸਭ ਤੋਂ ਵੱਡੀ ਤਾਕਤ ਲੋਕ ਏਕਤਾ ਹੈ।ਪਰ ਨਸ਼ਾ ਮਾਫ਼ੀਆ ਹਮੇਸ਼ਾ ਇਹ ਚਾਹੁੰਦੇ ਹਨ ਕਿ ਲੋਕ ਜਾਤ-ਪਾਤ, ਧਰਮ, ਇਲਾਕੇ ਅਤੇ ਧੜੇਬੰਦੀਆਂ ਵਿੱਚ ਵੰਡੇ ਰਹਿਣ ਤਾਂ ਜੋ ਉਹਨਾਂ ਦਾ ਕਾਰੋਬਾਰ ਬਿਨਾਂ ਕਿਸੇ ਰੋਕ-ਟੋਕ ਦੇ ਚੱਲਦਾ ਰਹੇ। ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਲੱਗੇ ਮੋਰਚੇ ਨੇ ਇਹ ਸਿੱਧ ਕਰ ਦਿੱਤਾ ਕਿ ਜਦੋਂ ਪੰਜਾਬ ਦੇ ਲੋਕ ਇੱਕ ਸਾਂਝੇ ਮਕਸਦ ਲਈ ਇਕੱਠੇ ਹੁੰਦੇ ਹਨ, ਤਾਂ ਵੱਡੀਆਂ ਤੋਂ ਵੱਡੀਆਂ ਸ਼ਕਤੀਆਂ ਨੂੰ ਵੀ ਝੁਕਣਾ ਪੈਂਦਾ ਹੈ। ਇਸ ਏਕਤਾ ਨੂੰ ਬਰਕਰਾਰ ਰੱਖਣਾ ਸਭ ਤੋਂ ਵੱਡੀ ਚੁਣੌਤੀ ਅਤੇ ਜ਼ਿੰਮੇਵਾਰੀ ਹੈ। ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਇਸ ਮੋਰਚੇ ਦਾ ਸਿਆਸੀਕਰਨ ਕਰਨ ਦੀ ਇਜਾਜ਼ਤ ਨਹੀਂ ਦੇਣੀ ਚਾਹੀਦੀ। ਇਹ ਮੋਰਚਾ ਪੰਜਾਬ ਦੀ ਜਵਾਨੀ, ਪੰਜਾਬ ਦੇ ਭਵਿੱਖ ਅਤੇ ਪੰਜਾਬ ਦੀ ਅਣਖ ਨੂੰ ਬਚਾਉਣ ਦਾ ਮੋਰਚਾ ਹੈ, ਇਸ ਲਈ ਇਸ ਨੂੰ ਪੂਰੀ ਤਰ੍ਹਾਂ ਗੈਰ-ਸਿਆਸੀ ਅਤੇ ਲੋਕ-ਮੁਖੀ ਰੱਖਣਾ ਬਹੁਤ ਜ਼ਰੂਰੀ ਹੈ।

​ ਇਸ ਸੰਘਰਸ਼ ਵਿੱਚ ਔਰਤਾਂ ਦੀ ਭੂਮਿਕਾ ਵੀ ਬਹੁਤ ਮਹੱਤਵਪੂਰਨ ਹੈ। ਨਸ਼ੇ ਦੀ ਸਭ ਤੋਂ ਵੱਡੀ ਮਾਰ ਘਰ ਦੀਆਂ ਮਾਵਾਂ, ਭੈਣਾਂ ਅਤੇ ਪਤਨੀਆਂ 'ਤੇ ਪੈਂਦੀ ਹੈ। ਜਦੋਂ ਇੱਕ ਘਰ ਵਿੱਚੋਂ ਜਵਾਨ ਪੁੱਤਰ ਦੀ ਅਰਥੀ ਉੱਠਦੀ ਹੈ ਜਾਂ ਕੋਈ ਪਤੀ ਨਸ਼ੇ ਵਿੱਚ ਘਰ ਦਾ ਸਾਮਾਨ ਵੇਚ ਦਿੰਦਾ ਹੈ, ਤਾਂ ਉਸ ਦਾ ਦਰਦ ਸਭ ਤੋਂ ਵੱਧ ਔਰਤ ਨੂੰ ਹੀ ਸਹਿਣਾ ਪੈਂਦਾ ਹੈ। ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਲਗਾਏ ਮੋਰਚੇ ਵਿੱਚ ਔਰਤਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਨੇ ਇਹ ਦਿਖਾ ਦਿੱਤਾ ਹੈ ਕਿ ਹੁਣ ਪੰਜਾਬ ਦੀਆਂ ਔਰਤਾਂ ਚੁੱਪ ਕਰਕੇ ਜੁਲਮ ਸਹਿਣ ਵਾਲੀਆਂ ਨਹੀਂ ਹਨ। ਔਰਤਾਂ ਨੂੰ ਨਸ਼ਾ ਵਿਰੋਧੀ ਮੁਹਿੰਮ ਦੀ ਅਗਵਾਈ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ, ਕਿਉਂਕਿ ਇੱਕ ਮਾਂ ਹੀ ਆਪਣੇ ਬੱਚੇ ਨੂੰ ਸਹੀ ਰਸਤੇ 'ਤੇ ਲਿਆਉਣ ਅਤੇ ਨਸ਼ੇ ਦੇ ਦੈਤ ਤੋਂ ਬਚਾਉਣ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰ ਸਕਦੀ ਹੈ।

​ ਇਸ ਤੋਂ ਇਲਾਵਾ ਪੰਜਾਬ ਦੇ ਨੌਜਵਾਨਾਂ ਨੂੰ ਇਹ ਗੱਲ ਸਮਝਣੀ ਪਵੇਗੀ ਕਿ ਨਸ਼ਾ ਕੋਈ ਸ਼ੌਕ ਜਾਂ ਫੈਸ਼ਨ ਨਹੀਂ ਹੈ, ਸਗੋਂ ਇਹ ਇੱਕ ਅਜਿਹਾ ਜਾਲ ਹੈ ਜਿਸ ਵਿੱਚ ਫਸ ਕੇ ਮਨੁੱਖ ਦੀ ਆਪਣੀ ਹੋਂਦ ਖ਼ਤਮ ਹੋ ਜਾਂਦੀ ਹੈ। ਅੱਜ ਦੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਜਿੱਥੇ ਨਕਾਰਾਤਮਕਤਾ ਅਤੇ ਹਥਿਆਰਾਂ-ਨਸ਼ਿਆਂ ਦੇ ਗੀਤਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਉੱਥੇ ਪਰਵਿੰਦਰ ਸਿੰਘ ਝੋਟੇ ਵਰਗੇ ਅਸਲੀ ਨਾਇਕਾਂ ਦੀਆਂ ਕਹਾਣੀਆਂ ਨੂੰ ਵੱਧ ਤੋਂ ਵੱਧ ਪ੍ਰਚਾਰਨ ਦੀ ਲੋੜ ਹੈ। ਨੌਜਵਾਨਾਂ ਨੂੰ ਇਹ ਸਮਝਣਾ ਪਵੇਗਾ ਕਿ ਅਸਲੀ ਬਹਾਦਰੀ ਨਸ਼ਾ ਕਰਨ ਜਾਂ ਵੇਚਣ ਵਿੱਚ ਨਹੀਂ, ਸਗੋਂ ਨਸ਼ੇ ਦੇ ਖ਼ਿਲਾਫ਼ ਲੜਨ ਅਤੇ ਸਮਾਜ ਨੂੰ ਸੁਧਾਰਨ ਵਿੱਚ ਹੈ। ਝੋਟੇ ਨੇ ਆਪਣੀ ਕੁਰਬਾਨੀ ਨਾਲ ਇਹ ਸਾਬਤ ਕੀਤਾ ਹੈ ਕਿ ਇੱਕ ਇਕੱਲਾ ਬੰਦਾ ਵੀ ਪੂਰੇ ਸਿਸਟਮ ਹਿਲਾ ਸਕਦਾ ਹੈ। ਬਸ਼ਰਤੇ ਇਰਾਦੇ ਨੇਕ ਹੋਣ।

ਸਮੇਂ ਦੀਆਂ ਸਰਕਾਰਾਂ ਅਤੇ ਸੱਤਾ ਪ੍ਰਾਪਤੀ ਤੋਂ ਪਹਿਲਾਂ ਸਾਰੀਆਂ ਹੀ ਰਾਜਸੀ ਪਾਰਟੀਆਂ ਨਸ਼ੇ ਨੂੰ ਜੜ੍ਹੋਂ ਖ਼ਤਮ ਕਰਨ ਦੇ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰਦੀਆਂ ਹਨ।ਚੋਣਾਂ ਸਮੇਂ ਸ਼੍ਰੀ ਗੁਟਕਾ ਸਾਹਿਬ ਦੀਆਂ ਸਹੁੰਆਂ ਖਾਧੀਆਂ ਜਾਂਦੀਆਂ ਹਨ।ਪਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰਦੀ ਹੈ। ਜੇਕਰ ਸਿਸਟਮ ਨਸ਼ਾ ਖ਼ਤਮ ਕਰਨ ਲਈ ਗੰਭੀਰ ਹੁੰਦਾ, ਤਾਂ ਪਰਵਿੰਦਰ ਸਿੰਘ ਝੋਟੇ ਵਰਗੇ ਨੌਜਵਾਨਾਂ ਨੂੰ ਸੜਕਾਂ 'ਤੇ ਉੱਤਰਨ ਦੀ ਲੋੜ ਹੀ ਨਾ ਪੈਂਦੀ। ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਲੋਕਾਂ 'ਤੇ ਝੂਠੇ ਪਰਚੇ ਦਰਜ ਕਰਕੇ, ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕ ਕੇ ਜਾਂ ਆਵਾਜ਼ਾਂ ਦਬਾ ਕੇ ਨਸ਼ੇ ਦੀ ਸਮੱਸਿਆ ਦਾ ਹੱਲ ਨਹੀਂ ਕੀਤਾ ਜਾ ਸਕਦਾ। ਜੇਕਰ ਸਰਕਾਰ ਸੱਚਮੁੱਚ ਪੰਜਾਬ ਨੂੰ ਬਚਾਉਣਾ ਚਾਹੁੰਦੀ ਹੈ, ਤਾਂ ਉਸ ਨੂੰ ਨਸ਼ੇ ਦੇ ਵੱਡੇ ਮਗਰਮੱਛਾਂ, ਤਸਕਰਾਂ ਅਤੇ ਉਹਨਾਂ ਨੂੰ ਪਨਾਹ ਦੇਣ ਵਾਲੇ ਸਿਆਸਤਦਾਨਾਂ ਤੇ ਅਫ਼ਸਰਾਂ 'ਤੇ ਸ਼ਿਕੰਜਾ ਕੱਸਣਾ ਪਵੇਗਾ। ਸਮਾਜ ਸੁਧਾਰਕਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਉਹਨਾਂ ਦਾ ਸਹਿਯੋਗ ਲੈਣਾ ਚਾਹੀਦਾ ਹੈ।

ਪੰਜਾਬ ਦੀ ਆਰਥਿਕਤਾ, ਖੇਤੀਬਾੜੀ, ਵਾਤਾਵਰਨ ਅਤੇ ਸੱਭਿਆਚਾਰ ਪਹਿਲਾਂ ਹੀ ਕਈ ਤਰ੍ਹਾਂ ਦੇ ਸੰਕਟਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਸਮੇਂ ਵਿੱਚ ਜੇਕਰ ਪੰਜਾਬ ਦੀ ਜਵਾਨੀ ਹੀ ਨਸ਼ਿਆਂ ਵਿੱਚ ਗਲ਼ ਗਈ, ਤਾਂ ਪੰਜਾਬ ਦਾ ਭਵਿੱਖ ਬਹੁਤ ਹੀ ਭਿਆਨਕ ਅਤੇ ਅੰਧਕਾਰਮਈ ਹੋ ਜਾਵੇਗਾ। ਕਿਸੇ ਵੀ ਕੌਮ ਜਾਂ ਰਾਜ ਦੀ ਤਾਕਤ ਉਸ ਦੀ ਨੌਜਵਾਨ ਪੀੜ੍ਹੀ ਹੁੰਦੀ ਹੈ। ਜੇਕਰ ਨੌਜਵਾਨ ਹੀ ਸਰੀਰਕ ਅਤੇ ਮਾਨਸਿਕ ਤੌਰ 'ਤੇ ਅਪਾਹਜ ਹੋ ਗਏ, ਤਾਂ ਪੰਜਾਬ ਦੀਆਂ ਅਗਲੀਆਂ ਪੀੜ੍ਹੀਆਂ ਦਾ ਕੀ ਬਣੇਗਾ? ਇਸ ਲਈ ਇਹ ਸੰਘਰਸ਼ ਕੇਵਲ ਪਰਵਿੰਦਰ ਸਿੰਘ ਝੋਟੇ ਦਾ ਸੰਘਰਸ਼ ਨਹੀਂ ਹੈ, ਇਹ ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ।ਇਸ ਮੋਰਚੇ ਵਿੱਚ ਪੰਜਾਬੀ ਪਰਵਾਸੀਆਂ ਦੀ ਭੂਮਿਕਾ ਵੀ ਬਹੁਤ ਅਹਿਮ ਹੋ ਸਕਦੀ ਹੈ। ਵਿਦੇਸ਼ਾਂ ਵਿੱਚ ਬੈਠੇ ਪੰਜਾਬੀ ਆਪਣੇ ਵਤਨ ਦੀ ਹਾਲਤ ਦੇਖ ਕੇ ਬਹੁਤ ਦੁਖੀ ਹੁੰਦੇ ਹਨ। ਉਹ ਪਰਵਿੰਦਰ ਸਿੰਘ ਝੋਟੇ ਦੇ ਹੱਕ ਵਿੱਚ ਲੱਗੇ ਮੋਰਚੇ ਅਤੇ ਨਸ਼ਾ ਵਿਰੋਧੀ ਮੁਹਿੰਮ ਲਈ ਆਰਥਿਕ ਅਤੇ ਨੈਤਿਕ ਮੱਦਦ ਦੇ ਸਕਦੇ ਹਨ। ਪ੍ਰਵਾਸੀ ਭਰਾ ਆਪਣੇ ਪਿੰਡਾਂ ਵਿੱਚ ਖੇਡ ਸਟੇਡੀਅਮ, ਜਿੰਮ, ਲਾਇਬ੍ਰੇਰੀਆਂ ਅਤੇ ਪੁਨਰਵਾਸ ਕੇਂਦਰ ਬਣਾਉਣ ਵਿੱਚ ਮਦਦ ਕਰ ਸਕਦੇ ਹਨ ਜਿਸ ਨਾਲ ਨੌਜਵਾਨਾਂ ਨੂੰ ਇੱਕ ਸਹੀ ਦਿਸ਼ਾ ਮਿਲ ਸਕੇ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਵਿੱਚ ਨਸ਼ਿਆਂ ਦੀ ਸਥਿਤੀ ਅਤੇ ਮਾਨਵ ਅਧਿਕਾਰਾਂ ਦੇ ਘਾਣ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾ ਸਕਦੀ ਹੈ।

​ ਇਨਸਾਫ਼ ਦੀ ਇਸ ਲੜਾਈ ਵਿੱਚ ਮੀਡੀਆ ਦੀ ਭੂਮਿਕਾ ਨੂੰ ਵੀ ਅੱਖੋਂ-ਓਹਲੇ ਨਹੀਂ ਕੀਤਾ ਜਾ ਸਕਦਾ। ਅੱਜ ਦੇ ਸਮੇਂ ਵਿੱਚ ਜਿੱਥੇ ਮੁੱਖ ਧਾਰਾ ਦਾ ਮੀਡੀਆ ਕਈ ਵਾਰ ਲੋਕ ਮੁੱਦਿਆਂ ਨੂੰ ਛੱਡ ਕੇ ਸਰਕਾਰੀ ਬਿਆਨਬਾਜ਼ੀ ਤੱਕ ਸੀਮਿਤ ਹੋ ਜਾਂਦਾ ਹੈ, ਉੱਥੇ ਸੋਸ਼ਲ ਮੀਡੀਆ ਅਤੇ ਆਜ਼ਾਦ ਪੱਤਰਕਾਰਾਂ ਨੇ ਪਰਵਿੰਦਰ ਸਿੰਘ ਝੋਟੇ ਦੀ ਆਵਾਜ਼ ਨੂੰ ਘਰ-ਘਰ ਪਹੁੰਚਾਉਣ ਵਿੱਚ ਵੱਡਾ ਯੋਗਦਾਨ ਪਾਇਆ ਹੈ। ਸਾਨੂੰ ਸੋਸ਼ਲ ਮੀਡੀਆ ਦੀ ਵਰਤੋਂ ਬਹੁਤ ਹੀ ਜ਼ਿੰਮੇਵਾਰੀ ਨਾਲ ਕਰਨੀ ਚਾਹੀਦੀ ਹੈ। ਸਾਨੂੰ ਨਸ਼ਾ ਵਿਰੋਧੀ ਮੁਹਿੰਮ ਦੇ ਸੁਨੇਹੇ ਨੂੰ ਵੱਧ ਤੋਂ ਵੱਧ ਫੈਲਾਉਣਾ ਚਾਹੀਦਾ ਹੈ।ਨਸ਼ਾ ਤਸਕਰਾਂ ਦੇ ਚਿਹਰੇ ਨੰਗੇ ਕਰਨੇ ਚਾਹੀਦੇ ਹਨ ਅਤੇ ਝੋਟੇ ਵਰਗੇ ਸੰਘਰਸ਼ੀ ਯੋਧਿਆਂ ਦੇ ਹੱਕ ਵਿੱਚ ਮਾਹੌਲ ਸਿਰਜਣਾ ਚਾਹੀਦਾ ਹੈ।​ਝੋਟੇ ਦੇ ਇਨਸਾਫ਼ ਲਈ ਲੱਗੇ ਮੋਰਚੇ ਵਿੱਚ ਇੱਕ ਹੋਰ ਗੱਲ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਹੈ, ਉਹ ਹੈ ਨਿਰੰਤਰਤਾ। ਅਕਸਰ ਦੇਖਿਆ ਜਾਂਦਾ ਹੈ ਕਿ ਪੰਜਾਬ ਵਿੱਚ ਕਿਸੇ ਘਟਨਾ ਤੋਂ ਬਾਅਦ ਵੱਡੇ-ਵੱਡੇ ਅੰਦੋਲਨ ਖੜ੍ਹੇ ਹੁੰਦੇ ਹਨ। ਪਰ ਸਮੇਂ ਦੇ ਨਾਲ-ਨਾਲ ਲੋਕਾਂ ਦਾ ਉਤਸ਼ਾਹ ਠੰਢਾ ਪੈ ਜਾਂਦਾ ਹੈ ਅਤੇ ਮੋਰਚੇ ਸਮਾਪਤ ਹੋ ਜਾਂਦੇ ਹਨ। ਇਸ ਤੋਂ ਬਾਅਦ ਸਿਸਟਮ ਫਿਰ ਤੋਂ ਆਪਣੇ ਪੁਰਾਣੇ ਰਸਤੇ 'ਤੇ ਆ ਜਾਂਦਾ ਹੈ। ਸਾਨੂੰ ਇਹ ਗਲਤੀ ਨਹੀਂ ਦੁਹਰਾਉਣੀ ਚਾਹੀਦੀ। ਪਰਵਿੰਦਰ ਸਿੰਘ ਝੋਟੇ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਤੋਂ ਬਾਅਦ ਵੀ ਇਹ ਨਸ਼ਾ ਵਿਰੋਧੀ ਮੋਰਚਾ ਖ਼ਤਮ ਨਹੀਂ ਹੋਣਾ ਚਾਹੀਦਾ, ਸਗੋਂ ਇਸ ਨੂੰ ਇੱਕ ਸਥਾਈ ਲਹਿਰ ਵਿੱਚ ਬਦਲਿਆ ਜਾਣਾ ਚਾਹੀਦਾ ਹੈ। ਇਹ ਲਹਿਰ ਉਦੋਂ ਤੱਕ ਜਾਰੀ ਰਹਿਣੀ ਚਾਹੀਦੀ ਹੈ ਜਦੋਂ ਤੱਕ ਪੰਜਾਬ ਦਾ ਆਖਰੀ ਪਿੰਡ ਵੀ ਨਸ਼ਾ ਮੁਕਤ ਨਹੀਂ ਹੋ ਜਾਂਦਾ।

​ ਇਸ ਲਹਿਰ ਨੂੰ ਸਫ਼ਲ ਬਣਾਉਣ ਲਈ ਸਾਨੂੰ ਸਿੱਖਿਆ ਪ੍ਰਣਾਲੀ ਅਤੇ ਧਾਰਮਿਕ ਅਦਾਰਿਆਂ ਦਾ ਸਹਿਯੋਗ ਵੀ ਲੈਣਾ ਪਵੇਗਾ। ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਨਸ਼ਿਆਂ ਦੇ ਦੁਰਭਾਵਾਂ ਬਾਰੇ ਜਾਗਰੂਕਤਾ ਸੈਮੀਨਾਰ ਲਗਾਏ ਜਾਣੇ ਚਾਹੀਦੇ ਹਨ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਨਸ਼ਿਆਂ ਦੇ ਖ਼ਤਰਿਆਂ ਬਾਰੇ ਦੱਸਿਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਵੱਡੇ ਹੋ ਕੇ ਇਸ ਬੁਰਾਈ ਤੋਂ ਦੂਰ ਰਹਿ ਸਕਣ। ਸਾਡੇ ਗੁਰਦੁਆਰਿਆਂ, ਮੰਦਰਾਂ, ਮਸਜਿਦਾਂ ਅਤੇ ਹੋਰ ਧਾਰਮਿਕ ਸਥਾਨਾਂ ਦੇ ਪ੍ਰਚਾਰਕਾਂ ਨੂੰ ਵੀ ਆਪਣੀਆਂ ਕਥਾ-ਵਿਆਖਿਆਵਾਂ ਵਿੱਚ ਨਸ਼ਾ ਵਿਰੋਧੀ ਸੰਦੇਸ਼ ਦੇਣਾ ਚਾਹੀਦਾ ਹੈ। ਧਰਮ ਦਾ ਅਸਲ ਮਕਸਦ ਮਾਨਵਤਾ ਦੀ ਸੇਵਾ ਅਤੇ ਬੁਰਾਈਆਂ ਦਾ ਖ਼ਾਤਮਾ ਹੈ। ਇਸ ਲਈ ਧਾਰਮਿਕ ਮੰਚਾਂ ਦੀ ਵਰਤੋਂ ਇਸ ਵੱਡੇ ਸਮਾਜਿਕ ਸੁਧਾਰ ਲਈ ਕੀਤੀ ਜਾਣੀ ਚਾਹੀਦੀ ਹੈ।

​ਪਰਵਿੰਦਰ ਸਿੰਘ ਝੋਟੇ ਦੀ ਕਹਾਣੀ ਕੇਵਲ ਇੱਕ ਵਿਅਕਤੀ ਦੀ ਕਹਾਣੀ ਨਹੀਂ ਹੈ।ਇਹ ਪੰਜਾਬ ਦੇ ਹਰ ਉਸ ਨੌਜਵਾਨ ਦੀ ਕਹਾਣੀ ਹੈ ਜੋ ਆਪਣੇ ਸੂਬੇ ਨੂੰ ਬਚਾਉਣਾ ਚਾਹੁੰਦਾ ਹੈ। ਇਹ ਹਰ ਉਸ ਮਾਂ ਦੀ ਕਹਾਣੀ ਹੈ ਜੋ ਆਪਣੇ ਪੁੱਤਰ ਨੂੰ ਨਸ਼ੇ ਵਿੱਚ ਡੁੱਬਦੇ ਦੇਖ ਕੇ ਤੜਫਦੀ ਹੈ। ਇਹ ਉਸ ਧੀ ਦੀ ਕਹਾਣੀ ਹੈ ਜੋ ਆਪਣੇ ਬਾਪ ਦੇ ਨਸ਼ੇੜੀ ਹੋਣ ਕਾਰਨ ਆਪਣੇ ਭਵਿੱਖ ਤੋਂ ਡਰਦੀ ਹੈ। ਇਸ ਲਈ ਜਦੋਂ ਅਸੀਂ ਝੋਟੇ ਦੇ ਇਨਸਾਫ਼ ਲਈ ਆਵਾਜ਼ ਬੁਲੰਦ ਕਰਦੇ ਹਾਂ, ਤਾਂ ਅਸੀਂ ਅਸਲ ਵਿੱਚ ਪੰਜਾਬ ਦੇ ਹਰ ਉਸ ਪਰਿਵਾਰ ਦੇ ਇਨਸਾਫ਼ ਲਈ ਲੜ ਰਹੇ ਹੁੰਦੇ ਹਾਂ ਜੋ ਨਸ਼ੇ ਦਾ ਸ਼ਿਕਾਰ ਹੋਇਆ ਹੈ।ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਲਗਾਇਆ ਗਿਆ ਮੋਰਚਾ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਹੈ। ਇਹ ਮੋਰਚਾ ਕੇਵਲ ਇੱਕ ਵਿਅਕਤੀ ਦੇ ਕਤਲ ਦੇ ਇਨਸਾਫ਼ ਦਾ ਮੋਰਚਾ ਨਹੀਂ ਹੈ, ਸਗੋਂ ਇਹ ਪੰਜਾਬ ਦੀ ਆਤਮਾ ਨੂੰ ਜਗਾਉਣ ਦਾ ਮੋਰਚਾ ਹੈ। ਇਸ ਮੋਰਚੇ ਦੀ ਸਭ ਤੋਂ ਵੱਡੀ ਜਿੱਤ ਇਹ ਹੋਵੇਗੀ ਕਿ ਅਸੀਂ ਉਸ ਵੱਲੋਂ ਸੁ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਨੂੰ ਪੰਜਾਬ ਦੇ ਹਰ ਘਰ, ਹਰ ਪਿੰਡ ਅਤੇ ਹਰ ਸ਼ਹਿਰ ਤੱਕ ਪਹੁੰਚਾਉਣ ਦਾ ਪੱਕਾ ਅਹਿਦ ਚੁੱਕੀਏ।

ਪੰਜਾਬ ਨੂੰ ਹੁਣ ਭਾਸ਼ਣਾਂ, ਵਾਅਦਿਆਂ ਅਤੇ ਦਾਅਵਿਆਂ ਦੀ ਲੋੜ ਨਹੀਂ ਹੈ, ਸਗੋਂ ਅਮਲੀ ਕਦਮਾਂ ਦੀ ਲੋੜ ਹੈ। ਜੇਕਰ ਅਸੀਂ ਪਰਵਿੰਦਰ ਸਿੰਘ ਝੋਟੇ ਦੀ ਲੜਾਈ ਨੂੰ ਵਿਚਾਲੇ ਹੀ ਛੱਡ ਦਿੱਤਾ ਜਾਂ ਕੇਵਲ ਧਰਨਿਆਂ-ਪ੍ਰਦਰਸ਼ਨਾਂ ਤੱਕ ਸੀਮਿਤ ਕਰ ਦਿੱਤਾ, ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ। ਸਾਨੂੰ ਸਾਰਿਆਂ ਨੂੰ ਆਪਣੀਆਂ ਵੰਡੀਆਂ, ਸਿਆਸੀ ਮਤਭੇਦਾਂ ਅਤੇ ਨਿੱਜੀ ਹਿੱਤਾਂ ਤੋਂ ਉੱਪਰ ਉੱਠ ਕੇ ਇੱਕਜੁੱਟ ਹੋਣਾ ਪਵੇਗਾ। ਮੋਰਚੇ ਦੌਰਾਨ ਅਸੀਂ ਸਾਰੇ ਮਿਲ ਕੇ ਇਹ ਪ੍ਰਣ ਕਰੀਏ ਕਿ ਅਸੀਂ ਪਰਵਿੰਦਰ ਸਿੰਘ ਝੋਟੇ ਦੇ ਇਨਸਾਫ਼ ਲਈ ਲੱਗੇ ਮੋਰਚੇ ਵਿੱਚ ਡਟੇ ਰਹਾਂਗੇ ਅਤੇ ਉਸ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਨੂੰ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਪੰਜਾਬ ਪੂਰੀ ਤਰ੍ਹਾਂ ਨਸ਼ਾ ਮੁਕਤ ਨਹੀਂ ਹੋ ਜਾਂਦਾ। ਇਹੋ ਝੋਟੇ ਦੇ ਸੰਘਰਸ਼ ਦਾ ਸਹੀ ਮੁੱਲ ਹੋਵੇਗਾ ਅਤੇ ਇਹੋ ਪੰਜਾਬ ਦੀ ਜਵਾਨੀ ਤੇ ਭਵਿੱਖ ਨੂੰ ਬਚਾਉਣ ਦਾ ਇੱਕੋ-ਇੱਕ ਰਸਤਾ ਹੈ।

​ ਨਸ਼ਾ ਮੁਕਤ ਪੰਜਾਬ ਦਾ ਸੁਪਨਾ ਕੇਵਲ ਇੱਕ ਵਿਅਕਤੀ ਦਾ ਸੁਪਨਾ ਨਹੀਂ ਹੋ ਸਕਦਾ।ਇਹ ਸਾਡੇ ਸਾਰਿਆਂ ਦਾ ਸਾਂਝਾ ਸੁਪਨਾ ਹੈ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਾਨੂੰ ਆਪਣੀ ਜ਼ਿੰਮੇਵਾਰੀ ਪਛਾਣਨੀ ਪਵੇਗੀ। ਪਰਵਿੰਦਰ ਸਿੰਘ ਝੋਟੇ ਨੇ ਸਾਨੂੰ ਰਸਤਾ ਦਿਖਾਇਆ ਹੈ।ਹੁਣ ਉਸ ਰਸਤੇ 'ਤੇ ਚੱਲਣਾ ਅਤੇ ਮੰਜ਼ਿਲ ਤੱਕ ਪਹੁੰਚਣਾ ਸਾਡਾ ਸਾਰਿਆਂ ਦਾ ਫ਼ਰਜ਼ ਹੈ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਨਸ਼ੇ ਦੀ ਦਲਦਲ ਵਿੱਚ ਹੋਰ ਕੋਈ ਮਾਂ ਦਾ ਪੁੱਤਰ ਨਾ ਫਸੇ, ਕਿਸੇ ਘਰ ਦਾ ਚਿਰਾਗ ਨਾ ਬੁਝੇ ਅਤੇ ਪੰਜਾਬ ਦੀ ਪਵਿੱਤਰ ਧਰਤੀ ਫਿਰ ਤੋਂ ਹੱਸਦੀ-ਵੱਸਦੀ, ਅਣਖੀ ਅਤੇ ਨਿਰੋਈ ਹੋ ਸਕੇ। ਇਸ ਵੱਡੇ ਕਾਰਜ ਵਿੱਚ ਹੀ ਸਾਡੀ ਸਾਰਿਆਂ ਦੀ ਭਲਾਈ ਅਤੇ ਸਾਡੇ ਪੰਜਾਬ ਦੀ ਸ਼ਾਨ ਛੁਪੀ ਹੋਈ ਹੈ। ਅਹਿਦ ਕਰੀਏ, ਸੰਘਰਸ਼ ਕਰੀਏ ਅਤੇ ਨਸ਼ਾ ਮੁਕਤ ਪੰਜਾਬ ਦਾ ਸਿਰਜਣ ਕਰੀਏ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.