ਗਿਆਨੀ ਹਰਪ੍ਰੀਤ ਸਿੰਘ ਅਤੇ ਸ. ਸੁਖਬੀਰ ਸਿੰਘ ਬਾਦਲ ਦੇ ਬੀਜੇਪੀ-ਆਰ.ਐਸ.ਐਸ ਨਾਲ ਸੰਬੰਧਾਂ ਦੀ ਬਦੌਲਤ ਇਨ੍ਹਾਂ ਅਕਾਲੀ ਦਲਾਂ ਦੀ ਗੱਲ ਕੌਮ ਦੇ ਹਲਕ ਤੋਂ ਥੱਲ੍ਹੇ ਨਹੀ ਉੱਤਰਦੀ : ਮਾਨ

ਗਿਆਨੀ ਹਰਪ੍ਰੀਤ ਸਿੰਘ ਅਤੇ ਸ. ਸੁਖਬੀਰ ਸਿੰਘ ਬਾਦਲ ਦੇ ਬੀਜੇਪੀ-ਆਰ.ਐਸ.ਐਸ ਨਾਲ ਸੰਬੰਧਾਂ ਦੀ ਬਦੌਲਤ ਇਨ੍ਹਾਂ ਅਕਾਲੀ ਦਲਾਂ ਦੀ ਗੱਲ ਕੌਮ ਦੇ ਹਲਕ ਤੋਂ ਥੱਲ੍ਹੇ ਨਹੀ ਉੱਤਰਦੀ : ਮਾਨ

ਫ਼ਤਹਿਗੜ੍ਹ ਸਾਹਿਬ, 22 ਦਸੰਬਰ , ਹਰਪ੍ਰੀਤ ਸਿੰਘ ਲੋਹੀਆਂ ਖ਼ਾਸ 

“ਸਿੱਖ ਕੌਮ ਬਹੁਤ ਹੀ ਵਿਸਾਲ, ਖੁੱਲ੍ਹਦਿਲੀ ਵਾਲੀ ਅਤੇ ਕਿਸੇ ਵੀ ਸੈਟਰ ਦੀ ਸਿਆਸੀ ਪਾਰਟੀ ਭਾਵੇ ਉਹ ਕਾਂਗਰਸ, ਬੀਜੇਪੀ-ਆਰ.ਐਸ.ਐਸ, ਕਾਊਮਨਿਸਟ ਜਾਂ ਆਮ ਆਦਮੀ ਪਾਰਟੀ ਵਾਲੀ ਹਿੰਦੂ ਜਮਾਤ ਹੋਵੇ, ਉਨ੍ਹਾਂ ਨਾਲ ਸਾਂਝ ਰੱਖਣ ਵਾਲੇ ਕਿਸੇ ਵੀ ਅਕਾਲੀ ਦਲ ਅਤੇ ਆਗੂ ਨੂੰ ਸਿੱਖ ਕੌਮ ਪ੍ਰਵਾਨ ਹੀ ਨਹੀ ਕਰਦੀ ਅਤੇ ਨਾ ਹੀ ਅਜਿਹੇ ਸਵਾਰਥੀ ਸਮਝੌਤਿਆ ਨਾਲ ਬਣੇ ਗੱਠਬੰਧਨ ਨੂੰ ਸਿੱਖ ਕੌਮ ਕਦੀ ਮਾਨਤਾ ਦਿੰਦੀ ਹੈ । ਇਹੀ ਵਜਹ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਅਗਵਾਈ ਹੇਠ ਬਣੇ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਦਲ ਦੋਵਾਂ ਦੀ ਸਮੇ-ਸਮੇ ਤੇ ਬੀਜੇਪੀ-ਆਰ.ਐਸ.ਐਸ ਨਾਲ ਸਾਂਝ ਬਾਰੇ ਸਿੱਖ ਕੌਮ ਨੂੰ ਜਾਣਕਾਰੀ ਹੈ । ਕਿਉਂਕਿ ਇਹ ਅਕਾਲੀ ਦਲ ਸਿਆਸੀ ਮੌਕਾਪ੍ਰਸਤੀ ਦੀ ਸੋਚ ਅਧੀਨ ਉਪਰੋਕਤ ਹਿੰਦੂਤਵ ਜਮਾਤਾਂ ਦੀ ਸਰਪ੍ਰਸਤੀ ਨੂੰ ਵੀ ਕਬੂਲ ਕਰ ਲੈਦੇ ਹਨ ਅਤੇ ਸਿਆਸੀ ਸਮਝੌਤੇ ਵੀ ਕਰ ਲੈਦੇ ਹਨ । ਜਦੋਕਿ ਅਜਿਹੇ ਸਮਝੋਤਿਆ ਨਾਲ ਪੰਜਾਬ ਦੇ ਅਮੀਰ ਤੇ ਸੱਭਿਆਚਾਰ ਵਾਲੇ ਸੂਬੇ ਦਾ ਵੱਡਾ ਨੁਕਸਾਨ ਹੋਣ ਦੇ ਨਾਲ-ਨਾਲ ਪੰਜਾਬੀ ਬੋਲੀ, ਸਿੱਖ ਕੌਮ ਅਤੇ ਸਿੱਖ ਕੌਮ ਦੇ ਸਰਬੱਤ ਦੇ ਭਲੇ ਵਾਲੇ ਨਿਯਮਾਂ ਤੇ ਅਸੂਲਾਂ ਨੂੰ ਵੀ ਵੱਡੀ ਸੱਟ ਵੱਜਦੀ ਹੈ। ਇਹੀ ਵਜਹ ਹੈ ਕਿ ਸਿੱਖ ਕੌਮ ਦਾ ਇਨ੍ਹਾਂ ਦੋਵਾਂ ਅਕਾਲੀ ਦਲਾਂ ਤੋ ਭਰੋਸਾ ਤੇ ਵਿਸਵਾਸ ਉੱਠ ਚੁੱਕਿਆ ਹੈ । ਜੇਕਰ ਅੱਜ ਸ. ਹਰਪ੍ਰੀਤ ਸਿੰਘ ਵੱਲੋ ਕੌਮ ਅਤੇ ਪੰਥ ਦੇ ਵੱਡੇਰੇ ਹਿੱਤਾ ਲਈ ਹਰ ਤਰ੍ਹਾਂ ਦੀ ਕੁਰਬਾਨੀ ਕਰਨ ਜਾਂ ਅਹੁਦੇਦਾਰ ਤਿਆਗ ਕਰਨ ਦੀ ਇੱਛਾ ਪ੍ਰਗਟਾਈ ਗਈ ਹੈ ਤਾਂ ਇਸ ਪਿੱਛੇ ਸਿੱਖ ਕੌਮ ਵੱਲੋ ਇਨ੍ਹਾਂ ਦੋਵਾਂ ਦਲਾਂ ਨੂੰ ਕੌਮੀ ਅਗਵਾਈ ਕਰਨ ਦੀ ਪ੍ਰਵਾਨਗੀ ਨਾ ਹੋਣਾ ਹੀ ਹੈ ।”ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਗਿਆਨੀ ਹਰਪ੍ਰੀਤ ਸਿੰਘ ਵੱਲੋ ਨਵੇ ਬਣੇ ਅਕਾਲੀ ਦਲ ਦੀ ਪ੍ਰਧਾਨਗੀ ਤਿਆਗਣ ਜਾਂ ਹਰ ਤਰ੍ਹਾਂ ਦੀ ਕੌਮ ਤੇ ਪੰਥਕ ਵੱਡੇਰੇ ਹਿੱਤਾ ਲਈ ਕਿਸੇ ਤਰ੍ਹਾਂ ਦੀ ਕੁਰਬਾਨੀ ਕਰਨ ਦੇ ਆਏ ਵਿਚਾਰਾਂ ਉਤੇ ਅਸਲੀਅਤ ਵਿਚ ਕੌਮੀ ਸੋਚ ਨੂੰ ਉਜਾਗਰ ਕਰਦੇ ਹੋਏ ਅਤੇ ਪੰਜਾਬ ਵਿਚ ਵੱਡੀ ਗਿਣਤੀ ਵਿਚ ਬਣੇ ਅਕਾਲੀ ਦਲਾਂ ਨੂੰ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਇਕ ਪਲੇਟਫਾਰਮ ਉਤੇ ਇਕੱਤਰ ਹੋ ਕੇ ਸੈਟਰ ਦੀਆਂ ਹਿੰਦੂਤਵ ਜਮਾਤਾਂ ਦੀ ਕਿਸੇ ਤਰ੍ਹਾਂ ਦੀ ਵੀ ਸਰਪ੍ਰਸਤੀ ਨੂੰ ਪ੍ਰਵਾਨ ਨਾ ਕਰਨ ਅਤੇ ਨਾ ਹੀ ਉਨ੍ਹਾਂ ਦੇ ਦਿਸਾ ਨਿਰਦੇਸਾਂ ਉਤੇ ਕੰਮ ਕਰਨ ਦੀ ਸਲਾਹ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਪੰਜਾਬ ਸੂਬੇ, ਪੰਜਾਬੀਆਂ ਅਤੇ ਸਿੱਖ ਕੌਮ ਦਾ ਦੁਨੀਆ ਦੇ ਇਤਿਹਾਸ ਵਿਚ ਇਕ ਵੱਖਰਾਂ, ਨਿਵੇਕਲਾ ਅਤੇ ਅਣਖ ਭਰਿਆ ਅਮਲ ਰਿਹਾ ਹੈ ਜੋ ਨਾ ਤਾਂ ਕਿਸੇ ਨੂੰ ਗੁਲਾਮ ਬਣਾਉਣ ਦੀ ਸੋਚ ਤੇ ਅਮਲ ਕਰਦੇ ਹਨ ਅਤੇ ਨਾ ਹੀ ਕਿਸੇ ਦੂਸਰੇ ਦੀ ਗੁਲਾਮੀ ਨੂੰ ਪ੍ਰਵਾਨ ਕਰਦੇ ਹਨ । ਜੇਕਰ ਇਸ ਸਮੇ ਨਿਰਪੱਖਤਾ ਨਾਲ ਕੋਈ ਵੀ ਸਖਸ ਇਮਾਨਦਾਰੀ ਨਾਲ ਪੰਜਾਬ ਦੇ ਸਮੁੱਚੇ ਹਾਲਾਤਾਂ ਅਤੇ ਸਿਆਸੀ ਜਮਾਤਾਂ ਦੇ ਅਮਲਾਂ ਉਤੇ ਪੜਚੋਲ ਕਰੇ ਤਾਂ ਇਸ ਸਮੇ ਇਕੋ ਇਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਕੌਮੀ ਜਮਾਤ ਹੈ ਜਿਸਨੇ ਆਪਣੇ ਜਨਮ ਤੋ ਲੈਕੇ ਅੱਜ ਤੱਕ ਕਿਸੇ ਵੀ ਸੈਟਰ ਦੀ ਹਿੰਦੂਤਵ ਜਮਾਤ ਦੀ ਗੁਲਾਮੀ ਨੂੰ ਨਾ ਤਾਂ ਪ੍ਰਵਾਨ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਤਰ੍ਹਾਂ ਦੇ ਵੀ ਜਬਰ ਜੁਲਮ ਜਾਂ ਹਕੂਮਤੀ ਸਾਜਿਸਾਂ ਦਾ ਸਿਕਾਰ ਹੋਏ ਹਾਂ । ਬਲਕਿ ਅਡੋਲਤਾ ਅਤੇ ਕੌਮੀ ਸਿਧਾਤਾਂ ਉਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਹੋਏ ਆਪਣੀ ਵੱਖਰੀ ਪਹਿਚਾਣ ਨੂੰ ਕਾਇਮ ਰੱਖਦੇ ਹੋਏ ਕੇਵਲ ਪੰਜਾਬ, ਪੰਜਾਬੀਆਂ ਅਤੇ ਸਿੱਖ ਕੌਮ ਦੀ ਬਿਹਤਰੀ ਲਈ ਸਰਗਰਮ ਨਹੀ ਰਿਹਾ ਬਲਕਿ ਆਪਣੀ ਪੁਰਾਤਨ ‘ਹਲੈਮੀ ਰਾਜ’ ਦੀ ਤਰਜ ਉਤੇ ਆਪਣਾ ਆਜਾਦ ਸਟੇਟ ਕਾਇਮ ਕਰਨ ਲਈ ਕੌਮਾਂਤਰੀ ਕਾਨੂੰਨਾਂ ਅਧੀਨ ਜਮਹੂਰੀਅਤ ਅਤੇ ਅਮਨਮਈ ਢੰਗ ਨਾਲ ਇੰਡੀਆ ਵਿਚ ਵੀ ਅਤੇ ਕੌਮਾਂਤਰੀ ਪਲੇਟਫਾਰਮ ਤੇ ਵੀ ਨਿਰੰਤਰ ਸੰਘਰਸ ਕਰਦਾ ਹੋਇਆ ਆਪਣੀ ਮੰਜਿਲ ਵੱਲ ਵੱਧ ਰਿਹਾ ਹੈ । ਇਸ ਲਈ ਹੀ ਮੈਂ ਬਹੁਤ ਪਹਿਲੇ ਸਮੁੱਚੀ ਪੰਥਕ ਏਕਤਾ ਨੂੰ ਹੋਦ ਵਿਚ ਲਿਆਉਣ ਲਈ ਵਿਚਾਰ ਪ੍ਰਗਟ ਕਰ ਚੁੱਕਿਆ ਹਾਂ । ਇਹ ਏਕਤਾ ਸਵਾਰਥੀ ਹਿੱਤਾ ਤੋ ਨਿਰਲੇਪ ਰਹਿਕੇ ਗੁਰੂ ਸਾਹਿਬਾਨ ਤੇ ਸਿੱਖੀ ਸੋਚ ਨੂੰ ਸਮਰਪਿਤ ਹੋਣੀ ਚਾਹੀਦੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਮੁੱਖਤਾ ਤੇ ਸਵੱਛਤਾ ਨੂੰ ਪ੍ਰਵਾਨ ਕਰਕੇ ਹਰ ਕੀਮਤ ਤੇ ਅੱਜ ਇਕ ਅਕਾਲੀ ਦਲ ਹੋਦ ਵਿਚ ਆਉਣਾ ਚਾਹੀਦਾ ਹੈ । ਤਦ ਹੀ ਅਸੀ ਸੈਟਰ ਦੇ ਮੁਤੱਸਵੀ ਹਿੰਦੂਤਵ ਹੁਕਮਰਾਨਾਂ ਦੀਆਂ ਪੰਜਾਬ ਵਿਰੋਧੀ ਸਾਜਿਸਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਹੋ ਸਕਾਂਗੇ ਤੇ ਹੁਣ ਤੱਕ ਜੋ ਸਾਨੂੰ ਸਭਨਾਂ ਨੂੰ ਹਰ ਖੇਤਰ ਵਿਚ ਮੁਸਕਿਲਾਂ, ਵਿਤਕਰਿਆ ਤੇ ਬੇਇਨਸਾਫ਼ੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸਦਾ ਅਸੀ ਸਮੂਹਿਕ ਰੂਪ ਵਿਚ ਇਕਤਾਕਤ ਹੋ ਕੇ ਪ੍ਰਾਪਤੀ ਕਰ ਸਕਾਂਗੇ । ਉਨ੍ਹਾਂ ਉਮੀਦ ਪ੍ਰਗਟ ਕੀਤੀ ਕਿ ਪੰਜਾਬ ਵਿਚ ਵੱਖ-ਵੱਖ ਨਾਵਾਂ ਹੇਠ ਬਣੇ ਅਕਾਲੀ ਦਲ ਪਹਿਲੇ ਤਾਂ ਗੁਰੂ ਸਾਹਿਬਾਨ ਦੀ ਸੋਚ ਅਤੇ ਪੰਥ ਦੇ ਵੱਡੇਰੇ ਹਿੱਤਾ ਨੂੰ ਸਮਰਪਿਤ ਹੋ ਕੇ ਇਮਾਨਦਾਰੀ ਨਾਲ ਇਕ ਅਕਾਲੀ ਦਲ ਬਣਾਉਣ ਅਤੇ ਸਮੁੱਚੀ ਏਕਤਾ ਨੂੰ ਸੰਜੀਦਗੀ ਨਾਲ ਲਾਗੂ ਕਰਨ ਵਿਚ ਵਿਸਵਾਸ ਰੱਖਣਗੇ ਅਤੇ ਆਪਣੀ ਕੌਮੀ ਮੰਜਿਲ ਦੇ ਨਿਸਾਨੇ ਦੀ ਲੜਾਈ ਨੂੰ ਦ੍ਰਿੜਤਾ ਅਤੇ ਸੁਹਿਰਦਤਾ ਨਾਲ ਲੜਨਗੇ । ਜਦੋ ਸਭ ਇਸ ਸੋਚ ਤੇ ਖਲੋ ਜਾਣਗੇ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਨੂੰ ਆਪਣੀ ਜਿਥੇ ਮੰਜਿਲ ਦੀ ਪ੍ਰਾਪਤੀ ਤੋ ਨਹੀ ਰੋਕ ਸਕੇਗੀ, ਉਥੇ ਕੇਵਲ ਇੰਡੀਆ ਵਿਚ ਹੀ ਨਹੀ ਕੌਮਾਂਤਰੀ ਪੱਧਰ ਤੇ ਵੀ ਅਸੀ ਸਿੱਖੀ ਦੇ ਬੋਲਬਾਲੇ ਕਰਨ ਵਿਚ ਕਾਮਯਾਬ ਹੋਵਾਂਗੇ ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.