ਗੁਰਦੁਆਰਾ ਸਿੰਘ ਸਭਾ ਹੇਲਬ੍ਰੋਨ (ਜਰਮਨੀ) ਵਿਖੇ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹਿੰਦ ਦੇ ਸ਼ਹੀਦਾਂ ਨੂੰ ਸਮਰਪਿਤ ਬੱਚਿਆਂ ਦਾ ਗੁਰਮਤਿ ਸਿੱਖਲਾਈ ਕੈਂਪ ਆਰੰਭ
- ਅੰਤਰਰਾਸ਼ਟਰੀ
- 23 Dec, 2025 05:20 AM (Asia/Kolkata)
ਲਾਇਪਸ਼ਿਗ, 23 ਦਸੰਬਰ , ਜਗਦੀਸ਼ ਸਿੰਘ ਆਂਖਨ
ਸਾਕਾ ਚਮਕੌਰ ਸਾਹਿਬ ਅਤੇ ਸਾਕਾ ਸਰਹਿੰਦ (ਫਤਿਹਗੜ੍ਹ ਸਾਹਿਬ) ਦੇ ਸਮੂਹ ਸ਼ਹੀਦਾਂ ਦੀ ਪਵਿੱਤਰ ਸ਼ਹਾਦਤ ਨੂੰ ਸਮਰਪਿਤ ਬੱਚਿਆਂ ਦਾ ਗੁਰਮਤਿ ਸਿੱਖਲਾਈ ਕੈਂਪ ਗੁਰਦੁਆਰਾ ਸਿੰਘ ਸਭਾ ਹੇਲਬ੍ਰੋਨ, ਜਰਮਨੀ ਵਿਖੇ 22 ਦਸੰਬਰ ਦਿਨ ਸੋਮਵਾਰ ਨੂੰ ਬੜੀ ਸ਼ਰਧਾ ਅਤੇ ਭਾਵਨਾ ਨਾਲ ਆਰੰਭ ਹੋਇਆ। ਕੈਂਪ ਦੀ ਸ਼ੁਰੂਆਤ ਭਾਈ ਰਵੇਲ ਸਿੰਘ ਜੀ ਹੈੱਡ ਗ੍ਰੰਥੀ ਵੱਲੋਂ ਅਰਦਾਸ ਉਪਰੰਤ ਕੀਤੀ ਗਈ, ਜਿਸ ਵਿੱਚ ਸਮੂਹ ਸਾਧ ਸੰਗਤ ਨੇ ਉਤਸ਼ਾਹ ਨਾਲ ਹਾਜ਼ਰੀ ਭਰੀ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਹਿਬਾਨਾਂ ਨੇ ਦੱਸਿਆ ਕਿ ਇਨ੍ਹਾਂ ਇਤਿਹਾਸਕ ਦਿਹਾੜਿਆਂ ਨੂੰ ਸਮਰਪਿਤ ਵਿਸ਼ੇਸ਼ ਸਿਲੇਬਸ ਤਿਆਰ ਕੀਤਾ ਗਿਆ ਹੈ, ਤਾਂ ਜੋ ਬੱਚਿਆਂ ਨੂੰ ਗੁਰਸਿੱਖੀ ਵਿਰਸੇ ਅਤੇ ਸਿੱਖ ਇਤਿਹਾਸ ਨਾਲ ਜੋੜਿਆ ਜਾ ਸਕੇ। ਕੈਂਪ ਦੌਰਾਨ ਭਾਈ ਜਗਦੀਸ਼ ਸਿੰਘ (ਆਖਨ ਸਿੱਖ ਸੰਦੇਸ਼ਾ) ਵੱਲੋਂ ਲਗਾਤਾਰ ਪਾਠਨ ਕਰਵਾਇਆ ਜਾ ਰਿਹਾ ਹੈ, ਜਿਸ ਉਪਰੰਤ ਬੱਚਿਆਂ ਨਾਲ ਸਵਾਲ-ਜਵਾਬ ਸੈਸ਼ਨ ਅਤੇ ਲਿਖਤੀ ਪ੍ਰੀਖਿਆ ਵੀ ਲਈ ਜਾਵੇਗੀ।
ਪੰਜਾਬੀ ਆਧਿਆਪਕ ਭੈਣ ਰਾਜਵਿੰਦਰ ਕੌਰ ਜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਕੈਂਪ ਵਿੱਚ ਪ੍ਰਬੰਧਕਾਂ, ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਜੀ, ਸਮੂਹ ਸਾਧ ਸੰਗਤ ਅਤੇ ਬੱਚਿਆਂ ਵੱਲੋਂ ਬੜੇ ਉਤਸ਼ਾਹ ਨਾਲ ਭਾਗ ਲਿਆ ਜਾ ਰਿਹਾ ਹੈ ਅਤੇ ਗੁਰਮਤਿ ਸਿੱਖਿਆ ਪ੍ਰਾਪਤ ਕਰਨ ਦੀ ਭਾਵਨਾ ਪ੍ਰਗਟ ਹੋ ਰਹੀ ਹੈ। ਉਨ੍ਹਾਂ ਹੋਰ ਦੱਸਿਆ ਕਿ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਵੱਡਿਆਂ ਸਭ ਨੂੰ ਸਮਾਪਤੀ ਸਮੇਂ ਸਨਮਾਨਿਤ ਕੀਤਾ ਜਾਵੇਗਾ।
ਅੰਤ ਵਿੱਚ ਸਮੂਹ ਸਾਧ ਸੰਗਤ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਇਨ੍ਹਾਂ ਧਾਰਮਿਕ ਸਮਾਗਮਾਂ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆਂ ਬਖ਼ਸ਼ਿਸ਼ਾਂ ਪ੍ਰਾਪਤ ਕਰਨ ਅਤੇ ਸਾਕਾ ਚਮਕੌਰ ਸਾਹਿਬ ਤੇ ਸਾਕਾ ਸਰਹਿੰਦ (ਫਤਿਹਗੜ੍ਹ ਸਾਹਿਬ) ਦੇ ਸਮੂਹ ਸ਼ਹੀਦਾਂ ਨੂੰ ਸ਼ਰਧਾ ਸਹਿਤ ਪ੍ਰਣਾਮ ਕਰਨ।
Leave a Reply