ਭਾਜਪਾ ਸਰਕਾਰ ਨੇ ਭਾਈ ਖਾਲੜਾ ਦੀ ਫ਼ਿਲਮ ਬੈਨ ਕਰਾ ਕੇ ਸਿੱਖਾਂ 'ਤੇ ਹੋਏ ਜ਼ੁਲਮਾਂ ਨੂੰ ਦੱਬਣਾ ਚਾਹਿਆ : ਫੈਡਰੇਸ਼ਨ ਭਿੰਡਰਾਂਵਾਲਾ

ਭਾਜਪਾ ਸਰਕਾਰ ਨੇ ਭਾਈ ਖਾਲੜਾ ਦੀ ਫ਼ਿਲਮ ਬੈਨ ਕਰਾ ਕੇ ਸਿੱਖਾਂ 'ਤੇ ਹੋਏ ਜ਼ੁਲਮਾਂ ਨੂੰ ਦੱਬਣਾ ਚਾਹਿਆ : ਫੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ, 6 ਜੁਲਾਈ , ਜੁਗਰਾਜ ਸਿੰਘ ਸਰਹਾਲੀ - ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸਾਬਕਾ ਪ੍ਰਧਾਨ ਭਾਈ ਬਲਵੰਤ ਸਿੰਘ ਗੋਪਾਲਾ, ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਖ਼ਾਲਸਾ ਅਤੇ ਦਿਹਾਤੀ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਨਿਜ਼ਾਮਪੁਰ ਨੇ ਕਿਹਾ ਕਿ ਗਾਇਕ ਅਤੇ ਅਦਾਕਾਰ ਦਿਲਜੀਤ ਸਿੰਘ ਦੁਸਾਂਝ ਵੱਲੋਂ ਸਿੱਖ ਸੰਘਰਸ਼ ਦੇ ਨਾਇਕ, ਮਨੁੱਖੀ ਹੱਕਾਂ ਦੇ ਪਹਿਰੇਦਾਰ ਤੇ ਲਾਵਾਰਿਸ ਲਾਸ਼ਾਂ ਦੇ ਵਾਰਿਸ ਬਣ ਕੇ ਉੱਭਰੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਅਧਾਰਿਤ ਬਣਾਈ ਫ਼ਿਲਮ ਜੋ ਭਾਰਤੀ ਹਕੂਮਤ/ਕਾਂਗਰਸ ਸਰਕਾਰ ਦੇ ਸਿੱਖਾਂ ਉੱਤੇ ਕੀਤੇ ਜ਼ੁਲਮਾਂ ਨੂੰ ਬਾਖ਼ੂਬੀ ਬਿਆਨ ਕਰਦੀ ਸੀ ਕਿ ਕਿਵੇਂ ਜੂਨ 1984 ਦੇ ਘੱਲੂਘਾਰੇ ਤੋਂ ਬਾਅਦ ਬੁੱਚੜ ਪੁਲੀਸ ਅਫ਼ਸਰਾਂ ਨੇ ਸਿੱਖ ਜਵਾਨੀ ਨੂੰ ਕੋਹ ਕੋਹ ਕੇ ਮਾਰਿਆ ਸੀ। ਘਰਾਂ, ਖੇਤਾਂ ਤੇ ਦੁਕਾਨਾਂ ਵਿੱਚੋਂ ਚੁੱਕ ਕੇ ਹਜ਼ਾਰਾਂ ਨੌਜਵਾਨ ਲਾਪਤਾ ਕਰ ਦਿੱਤੇ ਤੇ ਲਵਾਰਿਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਸਨ। ਲੰਬੇ ਇੰਤਜ਼ਾਰ ਤੋਂ ਬਾਅਦ ਫ਼ਿਲਮ 'ਪੰਜਾਬ 95' ਜੋ 'ਸਤਲੁਜ' ਦੇ ਨਾਂ 'ਤੇ ਓਟੀਟੀ 'ਤੇ ਜਾਰੀ ਹੋਈ ਸੀ ਤੇ ਦੋ ਦਿਨ ਬਾਅਦ ਹੀ ਭਾਜਪਾ ਸਰਕਾਰ ਵੱਲੋਂ ਹਟਾ ਦਿੱਤੀ ਗਈ ਤਾਂ ਜੋ ਸਿੱਖ ਕੌਮ ਉੱਤੇ ਹੋਏ ਜ਼ੁਲਮਾਂ ਦੀ ਆਵਾਜ਼ ਨੂੰ ਦਬਾਇਆ ਜਾਏ। ਫੈਡਰੇਸ਼ਨ ਆਗੂਆਂ ਨੇ ਕਿਹਾ ਕਿ ਭਾਈ ਖਾਲੜਾ ਦੀ ਫ਼ਿਲਮ 'ਤੇ ਲੱਗੀ ਮੁੜ ਪਾਬੰਦੀ ਉੱਤੇ ਸਿੱਖਾਂ ਨੂੰ ਸਮਝ ਜਾਣਾ ਚਾਹੀਦਾ ਹੈ ਕਿ ਕਾਂਗਰਸ ਅਤੇ ਭਾਜਪਾ ਦੀਆਂ ਸਿੱਖ ਵਿਰੋਧੀ ਨੀਤੀਆਂ ਇੱਕੋ ਜਿਹੀਆਂ ਹਨ। ਕਾਂਗਰਸ ਵੱਲੋਂ ਕੀਤੇ ਜ਼ੁਲਮਾਂ ਨੂੰ ਭਾਜਪਾ ਸਰਕਾਰ ਵੀ ਨਹੀਂ ਵਿਖਾਉਣਾ ਚਾਹੁੰਦੀ। ਉਹਨਾਂ ਕਿਹਾ ਕਿ ਭਾਰਤ ਵਿੱਚ ਕਸ਼ਮੀਰ ਫਾਈਲ 'ਤੇ ਫ਼ਿਲਮ ਬਣ ਸਕਦੀ ਹੈ ਤੇ ਧੜੱਲੇ ਨਾਲ ਚੱਲ ਸਕਦੀ ਹੈ ਪਰ ਗੁਜਰਾਤ ਫਾਈਲ 'ਤੇ ਫ਼ਿਲਮ ਨਹੀਂ ਬਣ ਸਕਦੀ ਕਿਉਂਕਿ ਉਸ ਵਿੱਚ ਸਰਕਾਰੀ ਸ਼ਹਿ ਉੱਤੇ ਘੱਟ-ਗਿਣਤੀ ਦਾ ਘਾਣ ਤੇ ਮੋਦੀ-ਸ਼ਾਹ ਦਾ ਕਰੂਰ ਚਿਹਰਾ ਵਿਖਾਇਆ ਗਿਆ ਹੈ ਤੇ ਜੇ ਕੋਈ ਮਨੁੱਖੀ ਅਧਿਕਾਰਾਂ ਦੇ ਰਾਖੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਪਰ ਫ਼ਿਲਮ ਬਣਾ ਹੀ ਲਵੇ ਤਾਂ ਮਨੁੱਖੀ ਹੱਕਾਂ ਦਾ ਘਾਣ ਕਰਨ ਵਾਲੇ ਕਿਵੇਂ ਚੱਲਣ ਦੇਣਗੇ ? ਜਿਹੜਾ ਮੁਲਕ ਭਾਈ ਖਾਲੜੇ ਉੱਤੇ ਬਣੀ ਫ਼ਿਲਮ ਬਰਦਾਸ਼ਤ ਨਹੀਂ ਕਰਦਾ, ਓਹ ਭਾਈ ਖਾਲੜੇ ਨੂੰ ਕਿਵੇਂ ਬਰਦਾਸ਼ਤ ਕਰ ਲੈਂਦਾ ? ਭਾਰਤ ਆਪਣੇ ਆਪ ਨੂੰ ਮਨੁੱਖੀ ਹੱਕਾਂ ਦਾ ਅਲੰਬਰਦਾਰ, ਸਭ ਤੋਂ ਵੱਡਾ ਲੋਕਤੰਤਰ ਤੇ ਧਰਮ ਨਿਰਪੱਖ ਅਖਵਾਉਂਦਾ ਹੈ ਪਰ ਇਹ ਸਭ ਢਕਵੰਜ ਹੈ ਤੇ ਸਿੱਖਾਂ, ਮੁਸਲਮਾਨਾਂ ਅਤੇ ਹੋਰ ਘੱਟ-ਗਿਣਤੀ ਕੌਮਾਂ ਦੀ ਆਵਾਜ਼ ਨੂੰ ਇੱਥੇ ਦਬਾਇਆ ਜਾਂਦਾ ਹੈ ਤੇ ਉਹਨਾਂ ਉੱਤੇ ਘੱਲੂਘਾਰੇ ਤੇ ਨਸਲਕੁਸ਼ੀ ਵਰਤਾਈ ਜਾਂਦੀ ਹੈ। ਭਾਈ ਖਾਲੜਾ ਦੀ ਫ਼ਿਲਮ ਦੇ ਪਹਿਲਾਂ ਕਈ ਸੀਨ ਕਟਾ ਕੇ ਵੀ ਸਿਨਮਿਆਂ 'ਚ ਨਹੀਂ ਸੀ ਚੱਲਣ ਦਿੱਤੀ ਗਈ, ਸੈਂਸਰ ਬੋਰਡ ਨੇ ਕਈ ਅੜਿੱਕੇ ਪਾਈ ਰੱਖੇ ਸਨ ਤੇ ਹੁਣ ਭਾਜਪਾ/ਹਿੰਦੂਤਵੀ ਸਰਕਾਰ ਨੇ ਜੀ-ਫਾਈਵ ਤੋਂ ਵੀ ਹਟਾ ਕੇ ਸਿੱਖ ਕੌਮ ਨੂੰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਹੈ ਪਰ ਭਾਜਪਾ ਦੀ ਝੋਲੀ ਵਿੱਚ ਬੈਠੇ ਸਿੱਖ ਕੌਮ ਦੀਆਂ ਕੁਝ ਧਾਰਮਿਕ ਅਤੇ ਸਿਆਸੀ ਆਗੂਆਂ ਨੂੰ ਫਿਰ ਵੀ ਸ਼ਰਮ ਨਹੀਂ ਆਉਣੀ। 

ਉਹਨਾਂ ਕਿਹਾ ਕਿ ਸਿੱਖ ਨੌਜਵਾਨਾਂ ਉੱਤੇ ਖੂੰਖਾਰ ਪੁਲਸੀਆਂ ਨੇ ਅਜਿਹੇ ਖੌਫ਼ਨਾਕ ਜ਼ੁਲਮ ਕੀਤੇ ਸਨ ਕਿ ਜਿਸ ਨੇ ਮੁਗਲ ਹਕੂਮਤ ਅਤੇ ਅੰਗਰੇਜ਼ ਹਕੂਮਤ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ ਸੀ। ਸਿੱਖਾਂ ਨੂੰ ਅੱਤਵਾਦੀ-ਦਹਿਸ਼ਤਗਰਦ ਤੇ ਖਾੜਕੂ ਕਹਿ ਕੇ ਥਾਣਿਆਂ ਅਤੇ ਬੁੱਚੜਖਾਨਿਆਂ ਵਿੱਚ ਲਿਜਾ ਕੇ ਪਹਿਲਾਂ ਤਸੀਹੇ ਦਿੱਤੇ ਜਾਂਦੇ, ਫਿਰ ਝੂਠੇ ਪੁਲਿਸ ਮੁਕਾਬਲੇ ਬਣਾ ਕੇ ਲਵਾਰਿਸ ਲਾਸ਼ਾਂ ਕਹਿ ਕੇ ਸਾੜ ਦਿੱਤੇ ਜਾਂਦੇ ਸਨ। ਇਹਨਾਂ ਹਲਾਤਾਂ ਵਿੱਚ ਭਾਈ ਖਾਲੜਾ ਤੇ ਉਹਨਾਂ ਦੀ ਟੀਮ ਸਰਕਾਰ ਵਿਰੁੱਧ ਖੜ੍ਹ ਗਈ ਸੀ ਤੇ ਫਿਰ ਲਵਾਰਿਸ ਲਾਸ਼ਾਂ ਦੇ ਵਾਰਸ ਭਾਈ ਖਾਲੜਾ ਨੂੰ ਵੀ ਲਵਾਰਿਸ ਬਣਾ ਦਿੱਤਾ ਗਿਆ। ਪਰ ਭਾਈ ਖਾਲੜਾ ਨੇ ਜੋ ਕਰ ਵਿਖਾਇਆ ਸੀ ਉਹ ਰਹਿੰਦੀ ਦੁਨੀਆਂ ਤਕ ਭਾਰਤੀ ਹਕੂਮਤ ਦੇ ਮੱਥੇ ਉੱਤੇ ਵੱਡਾ ਕਲੰਕ ਬਣ ਗਿਆ ਹੈ ਜੋ ਕਦੇ ਨਹੀਂ ਮਿਟਣਾ ਤੇ ਇਹ ਸੱਚ ਹੁਣ ਕਦੇ ਨਹੀਂ ਛੁਪਣਾ, ਚਾਹੇ ਜਿੰਨੀਆਂ ਮਰਜ਼ੀ ਫ਼ਿਲਮਾਂ ਉੱਤੇ ਪਾਬੰਦੀਆਂ ਲਗਾ ਲਈਆਂ ਜਾਣ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.