ਸ਼੍ਰੋਮਣੀ ਕਮੇਟੀ ਦਾ ਇਕੱਠ, ਭਗਵੰਤ ਮਾਨ ਲਈ ਨਵੀਂ ਮੁਸੀਬਤ
- ਸੰਪਾਦਕੀ
- 06 Jul, 2026 02:39 PM (Asia/Kolkata)
ਅੱਜ ਸ਼੍ਰੋਮਣੀ ਕਮੇਟੀ ਦੇ ਸੱਦੇ ਉੱਤੇ ਸ੍ਰੀ ਦਰਬਾਰ ਸਾਹਿਬ ਦੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਇਕੱਠ ਹੋਇਆ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਨਿਸ਼ਾਨਾ ਬਣਾਇਆ ਗਿਆ। ਕੁਝ ਦਿਨ ਪਹਿਲਾਂ ਭਗਵੰਤ ਮਾਨ ਨੂੰ ਸਿੱਖ ਗੁਰੂ ਸਾਹਿਬਾਨਾਂ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਤਸਵੀਰ ਦੀ ਬੇਅਦਬੀ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਗੁਰੂ ਦੋਖੀ ਅਤੇ ਪੰਥ ਵਿਰੋਧੀ ਐਲਾਨਿਆ ਗਿਆ ਸੀ। ਇਸ ਤੋਂ ਇਲਾਵਾ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵੱਲੋਂ ਸਿੱਖ ਪ੍ਰੰਪਰਾਵਾਂ ਤੇ ਸਿੱਖ ਸੰਸਥਾਵਾਂ ਵਿਰੁੱਧ ਲਗਾਤਾਰ ਟਿੱਪਣੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਜਥੇਦਾਰ, ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੇ ਬਹਾਨੇ ਸੋਸ਼ਲ ਮੀਡੀਆ ਉੱਤੇ ਸਿੱਖ ਧਰਮ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਜਿਸ ਨੂੰ ਲੈ ਕੇ ਬਾਦਲ ਵਿਰੋਧੀ ਜਥੇਬੰਦੀਆਂ ਤੇ ਸਿੱਖਾਂ ਵਿੱਚ ਵੀ ਭਗਵੰਤ ਮਾਨ ਸਰਕਾਰ ਖ਼ਿਲਾਫ਼ ਰੋਹ ਅਤੇ ਰੋਸ ਨਜ਼ਰ ਆ ਰਿਹਾ ਸੀ ਪਰ ਝਾੜੂ ਪਾਰਟੀ ਦਾ ਆਈ.ਟੀ. ਸੈੱਲ ਹੱਦਾਂ ਪਾਰ ਕਰਨ ਤੋਂ ਬਾਜ ਨਹੀਂ ਆ ਰਿਹਾ।
ਅਸੀਂ ਪਹਿਲਾਂ ਵੀ ਲਿਖਿਆ ਸੀ ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਕਾਨੂੰਨ ਮਾਮਲੇ ਵਿੱਚ ਝਾੜੂ ਸਰਕਾਰ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਕਮੇਟੀ ਅਤੇ ਖ਼ਾਲਸਾ ਪੰਥ ਨੂੰ ਦਰ-ਕਿਨਾਰ ਕਰਨਾ, ਕੋਈ ਰਾਏ ਅਤੇ ਆਗਿਆ ਨਾ ਲੈਣੀ ਤੇ ਸਿੱਖਾਂ ਨੂੰ ਹੀ ਦੋਸ਼ੀ ਠਹਿਰਾਉਣਾ ਭਗਵੰਤ ਮਾਨ ਨੂੰ ਮਹਿੰਗਾ ਪਏਗਾ। ਤੇ ਹੁਣ ਭਗਵੰਤ ਮਾਨ ਦੇ ਖ਼ਿਲਾਫ਼ ਸਭ ਪਾਸੇ ਮਾਹੌਲ ਬਣਦਾ ਜਾ ਰਿਹਾ ਹੈ, ਭਗਵੰਤ ਮਾਨ ਦੇ ਖ਼ਿਲਾਫ਼ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਿਆਂ ਦੇ ਬਾਹਰ ਅਤੇ ਹੋਰ ਥਾਵਾਂ ਉੱਤੇ ਪੋਸਟਰ ਲਗ ਚੁੱਕੇ ਹਨ। ਭਗਵੰਤ ਮਾਨ ਦੀਆਂ ਪੰਥ ਵਿਰੋਧੀ ਹਰਕਤਾਂ ਦਾ ਹੁਣ ਬਾਦਲਕੇ ਸਿਆਸੀ ਤੌਰ ਉੱਤੇ ਪੂਰਾ ਫਾਇਦਾ ਚੁੱਕਣਗੇ ਤੇ ਇਸ ਸਥਿਤੀ ਲਈ ਭਗਵੰਤ ਮਾਨ ਖ਼ੁਦ ਜ਼ਿੰਮੇਵਾਰ ਹੈ ਜਿਸ ਨੇ ਆਪਣੇ ਵਿਰੋਧੀਆਂ ਨੂੰ ਆਪਣੇ ਖ਼ਿਲਾਫ਼ ਮਸਾਲਾ ਦਿੱਤਾ, ਭਗਵੰਤ ਮਾਨ ਦੀ ਹੈਂਕੜ ਹੀ ਉਸ ਨੂੰ ਲੈ ਬੈਠੀ ਹੈ। ਅਜੇ ਤਾਂ ਭਗਵੰਤ ਮਾਨ ਨੂੰ ਹੋਰ ਮੁਸੀਬਤਾਂ ਦਾ ਵੀ ਸਾਹਮਣਾ ਕਰਨਾ ਪਵੇਗਾ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਅੱਜ ਮਤਿਆਂ ਵਿੱਚ ਆਖ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਹਰ ਹਲਕੇ ਵਿੱਚ ਵਿਸ਼ਾਲ ਪੰਥਕ ਇਕੱਠ ਸੱਦੇ ਜਾਣਗੇ ਤੇ ਸੰਗਤਾਂ ਨੂੰ ਸਿੱਖ ਕੌਮ ਵਿਰੁੱਧ ਹੋ ਰਹੀਆਂ ਸਾਜ਼ਿਸ਼ਾਂ ਤੋਂ ਜਾਣੂੰ ਕਰਵਾਇਆ ਜਾਏਗਾ। ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਵੱਡਾ ਬਹਾਨਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ, ਮਹਾਨਤਾ ਨੂੰ ਬਚਾਉਣ ਅਤੇ ਸੰਦੇਸ਼ ਨੂੰ ਘਰ-ਘਰ ਪਹੁੰਚਾਉਣ ਲਈ ਇਹ ਸਭ ਕੁਝ ਕਰ ਰਹੇ ਹਨ ਭਾਵੇਂ ਕਿ ਇਹ ਗੱਲ ਕੋਈ ਲੁਕੀ-ਛਿਪੀ ਹੋਈ ਨਹੀਂ ਹੈ ਕਿ ਬਾਦਲ ਦਲੀਏ ਖ਼ੁਦ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸ਼ਾਨ ਨੂੰ ਸੱਟ ਮਾਰਦੇ ਰਹੇ ਹਨ ਪਰ ਹੁਣ ਇਹ ਮਾਹੌਲ ਭਗਵੰਤ ਮਾਨ ਦੇ ਖ਼ਿਲਾਫ਼ ਵੀ ਬਣ ਜਾਏਗਾ।
ਭਗਵੰਤ ਮਾਨ ਅਤੇ ਉਸ ਦੀ ਸਰਕਾਰ ਤੇ ਆਈ.ਟੀ. ਸੈੱਲ ਨੇ ਜੋ ਸਿੱਖੀ ਖ਼ਿਲਾਫ਼ ਝੰਡਾ ਚੁੱਕਿਆ ਹੋਇਆ ਹੈ ਉਹ ਕਿਸੇ ਵੀ ਸਿੱਖ ਨੂੰ ਬਰਦਾਸ਼ਤ ਨਹੀਂ ਹੈ ਕਿਉਂਕਿ ਬਾਦਲਕਿਆਂ ਦਾ ਵਿਰੋਧ ਜੰਮ-ਜੰਮ ਕਰੋ, ਪਰ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਹਰ ਫ਼ੈਸਲੇ ਤੇ ਗਤੀਵਿਧੀ ਨੂੰ ਸੁਖਬੀਰ ਬਾਦਲ ਦੀ ਚਾਲ ਕਹਿ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਟਿੱਚ ਜਾਣਨਾ, ਜਥੇਦਾਰ ਦੀ ਨੀਵੇਂ ਪੱਧਰ 'ਤੇ ਰੱਜ ਕੇ ਕਿਰਦਾਰਕੁਸ਼ੀ ਕਰਨੀ, ਸਿੱਖੀ ਮਰਯਾਦਾ ਦਾ ਮਖੌਲ ਕਰਨਾ ਇਹ ਕਿਸੇ ਵੀ ਸਿੱਖ ਨੇ ਜਾਇਜ਼ ਨਹੀਂ ਠਹਿਰਾਉਣਾ। ਪੰਥਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋਂ ਜਿੱਥੇ ਸ਼੍ਰੋਮਣੀ ਕਮੇਟੀ ਅਤੇ ਬਾਦਲਕੇ ਗ਼ਲਤ ਹੁੰਦੇ ਹਨ, ਪੂਰਾ ਡਟ ਕੇ ਵਿਰੋਧ ਕੀਤਾ ਜਾਂਦਾ ਰਿਹਾ ਹੈ ਪਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ, ਸਿੱਖ ਮਰਯਾਦਾ, ਸਿੱਖੀ ਸਿਧਾਂਤਾਂ ਤੇ ਪ੍ਰੰਪਰਾਵਾਂ ਦਾ ਹਮੇਸ਼ਾਂ ਖਿਆਲ ਰੱਖਿਆ ਗਿਆ ਹੈ ਕਿਉਂਕਿ ਉਹਨਾਂ ਨੂੰ ਬਚਾਉਣ ਲਈ ਹੀ ਤਾਂ ਪੰਥ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੈ ਜੇ ਓਹੀ ਰੱਦ ਕਰ ਦਿੱਤੀਆਂ ਤਾਂ ਸਾਡੇ ਪੱਲੇ ਕੀ ਰਹੇਗਾ। ਭਗਵੰਤ ਮਾਨ ਦੀ ਬੇਕਾਬੂ ਫ਼ੌਜ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕੀ ਜੇਕਰ ਉਹਨਾਂ ਨੇ ਕੋਈ ਗੱਲ ਕਰਨੀ ਹੈ ਤਾਂ ਉਹ ਦਾਇਰੇ ਵਿੱਚ ਰਹਿ ਕੇ ਕਰਨ। ਸਤਿਕਾਰ ਸੋਧ ਕਾਨੂੰਨ ਮਾਮਲੇ ਵਿੱਚ ਝਾੜੂ ਪਾਰਟੀ ਦੇ ਵਿਧਾਇਕਾਂ ਦਾ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਦਿਵਾਲਾਪਨ ਸਭ ਨੇ ਸਿੱਧੇ ਪ੍ਰਸਾਰਨ ਵਿੱਚ ਵੇਖਿਆ ਸੀ ਕਿ ਇਹਨਾਂ ਨੂੰ ਤਾਂ ਖ਼ੁਦ ਕਾਨੂੰਨ ਦੀ ਕੋਈ ਸਹੀ ਜਾਣਕਾਰੀ ਹੀ ਨਹੀਂ ਸੀ ਤੇ ਅੱਖਾਂ ਮੀਟ ਕੇ ਪਾਸ ਕਰ ਦਿੱਤਾ। ਭਗਵੰਤ ਮਾਨ ਸਰਕਾਰ ਜਿੰਨੀ ਛੇਤੀ ਹੋ ਸਕੇ ਆਪਣੀਆਂ ਗਲਤੀਆਂ ਸੁਧਾਰ ਲਵੇ ਤਾਂ ਚੰਗਾ ਹੋਵੇਗਾ, ਨਹੀਂ ਤਾਂ ਪੰਥ ਦੇ ਗੱਦਾਰ ਸੁਖਬੀਰ ਸਿੰਘ ਬਾਦਲ ਵਾਂਗ ਉਹ ਵੀ ਦਰ-ਦਰ ਦੀਆਂ ਠੋਕਰਾਂ ਖਾਂਦੇ ਫਿਰਨਗੇ। ਸ਼੍ਰੋਮਣੀ ਕਮੇਟੀ ਦੇ ਇਸ ਪੰਥਕ ਇਕੱਠ ਨੂੰ ਪੰਥ ਦੇ ਵੀ ਇੱਕ ਵੱਡੇ ਹਿੱਸੇ ਵੱਲੋਂ ਬਾਦਲ ਬਚਾਓ ਇਕੱਠ ਹੀ ਸਮਝਿਆ ਜਾ ਰਿਹਾ ਹੈ ਜਿਸ ਦਾ ਕਾਰਨ ਹੈ ਕਿ ਬਾਦਲ ਦਲੀਏ ਸਚਮੁੱਚ ਹੀ ਸਾਡੀਆਂ ਪੰਥਕ ਸੰਸਥਾਵਾਂ ਨੂੰ ਆਪਣੇ ਨਿੱਜੀ ਅਤੇ ਸਿਆਸੀ ਹਿੱਤਾਂ ਲਈ ਵਰਤਦੇ ਹਨ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply