ਭਾਜਪਾ ਸਰਕਾਰ ਸਮੁੱਚੇ ਪੰਜਾਬ ਦਾ ਸੁਨੇਹਾ ਸੁਣ ਲਵੇ - ਰਣਜੀਤ ਸਿੰਘ ਦਮਦਮੀ ਟਕਸਾਲ

ਭਾਜਪਾ ਸਰਕਾਰ ਸਮੁੱਚੇ ਪੰਜਾਬ ਦਾ ਸੁਨੇਹਾ ਸੁਣ ਲਵੇ - ਰਣਜੀਤ ਸਿੰਘ ਦਮਦਮੀ ਟਕਸਾਲ

ਪੰਜਾਬ ਵਾਸੀਆਂ ਨੇ ਕਮਾਲ ਹੀ ਕਰ ਦਿੱਤੀ ਜਿਸ ਢੰਗ ਨਾਲ ਉਹਨਾਂ ਨੇ ਆਪ ਮੁਹਾਰੇ ਹੀ ਪੰਜਾਬ ਬੰਦ ਰੱਖ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਸਮਰਥਨ ਅਤੇ ਸੰਘਰਸ਼ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕੀਤਾ ਹੈ ਉਹ ਸਰਕਾਰਾਂ ਨੂੰ ਇੱਕ ਠੋਸ ਸੁਨੇਹਾ ਅਤੇ ਵੰਗਾਰ ਹੈ। ਕੇਂਦਰ ਦੀ ਭਾਜਪਾ ਸਰਕਾਰ ਨੂੰ ਹੁਣ ਸਮਾਂ ਰਹਿੰਦਿਆਂ ਸਿੱਖਾਂ ਅਤੇ ਸਮੂਹ ਪੰਜਾਬੀਆਂ ਦੀ ਗੱਲ ਨੂੰ ਸੁਣਦਿਆਂ ਅਤੇ ਸੰਘਰਸ਼ ਅੱਗੇ ਝੁਕਦਿਆ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਮੂਹ ਬੰਦੀ ਸਿੰਘਾਂ ਨੂੰ ਰਿਹਾਅ ਕਰ ਦੇਣਾ ਚਾਹੀਦਾ ਹੈ। ਹਰ ਸਿੱਖ, ਹਿੰਦੂ, ਮੁਸਲਮਾਨ, ਇਸਾਈ ਅਤੇ ਹੋਰ ਧਰਮਾਂ, ਫ਼ਿਰਕਿਆਂ ਤੇ ਹਰ ਵਰਗ ਦੇ ਲੋਕਾਂ ਨੇ ਆਪਣੀਆਂ ਦੁਕਾਨਾਂ, ਦਫ਼ਤਰ, ਕਾਰਖਾਨੇ ਅਤੇ ਹੋਰ ਅਦਾਰੇ ਬੰਦ ਰੱਖ ਕੇ ਬੰਦੀ ਸਿੰਘਾਂ ਪ੍ਰਤੀ ਆਪਣਾ ਪਿਆਰ ਅਤੇ ਸਤਿਕਾਰ ਵਿਖਾਇਆ ਹੈ ਤੇ ਸਿੱਖਾਂ ਦੇ ਮਨੁੱਖੀ ਹੱਕਾਂ ਦੀ ਬਾਤ ਪਾਈ ਹੈ। ਛੋਟੇ-ਵੱਡੇ ਬਜ਼ਾਰ ਸਭ ਬੰਦ ਸਨ, ਬੰਦੀ ਸਿੰਘਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਲੋਕਾਂ ਵਿੱਚ ਸਰਕਾਰ ਪ੍ਰਤੀ ਗੁੱਸਾ ਹੈ। ਪੰਜਾਬ ਦੀ ਧਰਤੀ 'ਬੰਦੀ ਸਿੰਘ ਰਿਹਾਅ ਕਰੋ' ਅਤੇ 'ਜਥੇਦਾਰ ਜਗਤਾਰ ਸਿੰਘ ਹਵਾਰਾ ਜ਼ਿੰਦਾਬਾਦ' ਦੇ ਨਾਹਰਿਆਂ ਨਾਲ ਗੂੰਜ ਰਹੀ ਸੀ। ਪੰਥਕ ਜਥੇਬੰਦੀਆਂ ਤੋਂ ਇਲਾਵਾ ਕਿਸਾਨ, ਮਜਦੂਰ ਅਤੇ ਮੁਲਾਜ਼ਮ ਜਥੇਬੰਦੀਆਂ, ਡਾ. ਅੰਬੇਦਕਰ ਵਾਲੀਆਂ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਹੋਰ ਧਿਰਾਂ ਸੜਕਾਂ ਉੱਤੇ ਉੱਤਰੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ, ਦਲ ਖ਼ਾਲਸਾ, ਯੂਨਾਈਟਿਡ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ, ਅਕਾਲੀ ਦਲ ਵਾਰਿਸ ਪੰਜਾਬ ਦੇ, ਮਿਸਲ ਸਤਲੁਜ ਆਦਿ ਜਥੇਬੰਦੀਆਂ ਨੇ ਕੌਮੀ ਇਨਸਾਫ਼ ਮੋਰਚੇ ਵੱਲੋਂ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਪੂਰੀ ਤਰ੍ਹਾਂ ਸਫ਼ਲ ਬਣਾਇਆ ਹੈ। 
ਪੰਜਾਬ ਬੰਦ ਦੀ ਸਫ਼ਲਤਾ ਨੇ ਇਨਸਾਫ਼ ਮੋਰਚੇ ਦੇ ਪ੍ਰਬੰਧਕਾਂ ਬਾਪੂ ਗੁਰਚਰਨ ਸਿੰਘ ਪਟਿਆਲਾ, ਭਾਈ ਪਾਲ ਸਿੰਘ ਫਰਾਂਸ, ਭਾਈ ਗੁਰਦੀਪ ਸਿੰਘ ਬਠਿੰਡਾ ਅਤੇ ਹੋਰਾਂ ਉੱਤੇ ਹੋਰ ਭਾਰੀ ਜ਼ਿੰਮੇਵਾਰੀ ਪਾ ਦਿੱਤੀ ਹੈ। ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਹੁਣ ਅਗਲੇ ਪ੍ਰੋਗਰਾਮ ਦੀਆਂ ਤਿਆਰੀਆਂ ਕੱਸ ਲੈਣੀਆਂ ਚਾਹੀਦੀਆਂ ਹਨ। ਪ੍ਰਭਾਵਸ਼ਾਲੀ ਰੂਪ-ਰੇਖਾ ਤਿਆਰ ਕਰਕੇ ਪੜਾਅ-ਦਰ-ਪੜਾਅ ਸੰਘਰਸ਼ ਨੂੰ ਨਿਰੰਤਰ ਅਗਾਂਹ ਤੋਰਨ ਦੀ ਲੋੜ ਹੈ। ਪੰਜਾਬ ਬੰਦ ਦੌਰਾਨ ਜਦੋਂ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਆਪਣੇ ਪੰਥਕ ਫ਼ਰਜ ਨਿਭਾਉਂਦਿਆਂ ਬੜੇ ਜੋਸ਼ ਅਤੇ ਹੋਸ਼ ਸਹਿਤ ਮੈਦਾਨ ਵਿੱਚ ਡਟੇ ਤਾਂ ਬੰਦੀ ਸਿੰਘਾਂ ਪ੍ਰਤੀ ਉਹਨਾਂ ਦਾ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਸੀ। ਸਿੱਖ ਕੌਮ ਨਾਲ ਹੋਈਆਂ ਤੇ ਹੋ ਰਹੀਆਂ ਧੱਕੇਸ਼ਾਹੀਆਂ, ਵਿਤਕਰਿਆਂ ਤੇ ਜ਼ੁਲਮਾਂ ਦੀ ਪੀੜ ਨੂੰ ਹਰ ਸਿੱਖ ਮਹਿਸੂਸ ਕਰ ਰਿਹਾ ਹੈ ਤੇ ਉਹ ਪੰਥਕ ਸੰਘਰਸ਼ਾਂ ਵਿੱਚ ਸਾਥ ਦੇ ਕੇ ਪੰਥ ਅਤੇ ਪੰਜਾਬ ਦਾ ਸੁਨਹਿਰੀ ਭਵਿੱਖ ਵੇਖਣਾ ਚਾਹੁੰਦਾ ਹੈ। ਪਹਿਲਾਂ ਕੇਂਦਰ ਦੀ ਕਾਂਗਰਸ ਸਰਕਾਰ ਸਿੱਖਾਂ ਨਾਲ ਗ਼ੁਲਾਮਾਂ ਵਾਂਗ ਵਿਹਾਰ ਕਰਦੀ ਰਹੀ ਤੇ ਉਸੇ ਤਰਜ ਉੱਤੇ ਹੀ ਭਾਜਪਾ ਚੱਲ ਰਹੀ ‌ਹੈ। ਪਾਰਟੀਆਂ ਤੇ ਚਿਹਰੇ ਤਾਂ ਬਦਲਦੇ ਹਨ ਪਰ ਸਿਸਟਮ ਤੇ ਨੀਤੀਆਂ ਨਹੀਂ, ਹਰ ਸਰਕਾਰ ਸਿੱਖਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀ ਹੈ। 
ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫ਼ੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ, ਭਾਈ ਗੁਰਮੀਤ ਸਿੰਘ ਇੰਜੀਨੀਅਰ, ਭਾਈ ਲਖਵਿੰਦਰ ਸਿੰਘ ਨਾਰੰਗਵਾਲ ਤੇ ਭਾਈ ਸ਼ਮਸ਼ੇਰ ਸਿੰਘ ਜੋ ਭਾਰਤੀ ਸੰਵਿਧਾਨ/ਕਾਨੂੰਨ ਅਨੁਸਾਰ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੂੰ ਜੇਲ੍ਹਾਂ ਵਿੱਚ ਡੱਕੀਂ ਰੱਖਣਾ ਇਹ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਉੱਤੇ ਡਾਕਾ ਨਹੀਂ ਤਾਂ ਹੋਰ ਕੀ ਹੈ ? 
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਤੋਂ ਬਾਅਦ ਜੁਝਾਰੂ ਸਿੰਘਾਂ ਨੇ ਦਸ ਸਾਲ ਸੰਘਰਸ਼ ਲੜ ਕੇ ਸਿੱਖ ਕੌਮ ਦੀ ਅਜ਼ਾਦੀ ਦਾ ਝੰਡਾ ਬੁਲੰਦ ਕੀਤਾ ਤੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਵਾਲੇ ਜ਼ਾਲਮਾਂ ਨੂੰ ਸਬਕ ਸਿਖਾਇਆ। ਸੰਘਰਸ਼ ਲੜਦਿਆਂ ਕੁਝ ਸਿੰਘ ਸ਼ਹਾਦਤਾਂ ਪਾ ਗਏ ਤੇ ਕੁਝ ਜੇਲ੍ਹਾਂ 'ਚ ਚਲੇ ਗਏ ਜੋ ਦਹਾਕਿਆਂ ਤੋਂ ਸਲਾਖਾਂ ਪਿੱਛੇ ਕੈਦ ਹਨ। ਉਹਨਾਂ ਨੇ ਆਪਣੀ ਰਿਹਾਈ ਲਈ ਹਿੰਦੁਸਤਾਨ ਸਰਕਾਰ ਦੀ ਈਨ ਨਹੀਂ ਮੰਨੀ ਤੇ ਭਾਰਤੀ ਅਦਾਲਤਾਂ ਵਿੱਚ ਜੱਜ ਦੇ ਸਾਹਮਣੇ ਅਤੇ ਆਪਣੀਆਂ ਜੇਲ੍ਹ ਚਿੱਠੀਆਂ ਤੇ ਬਿਆਨਾਂ ਵਿੱਚ ਗੱਜ-ਵੱਜ ਕੇ ਕਿਹਾ ਕਿ ਅਸੀਂ ਜੋ ਕੀਤਾ, ਸਹੀ ਕੀਤਾ, ਸਾਨੂੰ ਕੋਈ ਪਛਤਾਵਾ ਨਹੀਂ। ਬੰਦੀ ਸਿੰਘਾਂ ਨੇ ਆਪ ਦੁੱਖੜੇ ਝੱਲ ਕੇ ਹਮੇਸ਼ਾਂ ਕੌਮ ਦੀ ਚੜ੍ਹਦੀ ਕਲਾ ਹੀ ਮੰਗੀ। ਉਹਨਾਂ ਨੂੰ ਰਿਹਾਅ ਕਰਵਾਉਣਾ ਕੌਮ ਦਾ ਫ਼ਰਜ ਹੈ, ਇਸ ਸੰਘਰਸ਼ ਨੂੰ ਹੁਣ ਮੱਠੇ ਨਹੀਂ ਪੈਣ ਦੇਣਾ ਚਾਹੀਦਾ। ਪੰਜਾਬ ਬੰਦ ਦੇ ਸੱਦੇ ਨੂੰ ਸਫ਼ਲ ਬਣਾਉਣ ਲਈ ਸਮੁੱਚੇ ਪੰਜਾਬ ਵਾਸੀਆਂ ਦਾ ਧੰਨਵਾਦ। (ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ) ਮੋ: 8872293883.

ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
00918872293883
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.