ਘੱਟ ਦੁਸ਼ਮਣ ਬਣਾਉਣ ਦਾ ਰਾਹ ਚੁਣੋ... ਰਣਜੀਤ ਸਿੰਘ ਦਮਦਮੀ ਟਕਸਾਲ
- ਰਾਜਨੀਤੀ
- 24 Aug, 2026 06:59 PM (Asia/Kolkata)
ਅਜ਼ਾਦੀ ਦੇ ਸੰਘਰਸ਼ ਦੌਰਾਨ ਮੈਦਾਨ ਵਿੱਚ ਜੂਝਣਾ, ਗੁਰੀਲਾ ਜੰਗ ਲੜਨਾ ਤੇ ਰੂਪੋਸ਼ ਰਹਿਣਾ ਸੰਘਰਸ਼ ਦੀ ਸਭ ਤੋਂ ਪਹਿਲੀ ਕਤਾਰ ਹੈ, ਤੇ ਲੜਨ ਵਾਲ਼ਿਆਂ ਲਈ ਰੋਟੀ-ਪਾਣੀ ਤੇ ਪੈਸੇ ਦਾ ਪ੍ਰਬੰਧ ਕਰਨਾ, ਠਾਹਰਾਂ ਦੇਣੀਆਂ ਤੇ ਜੁਝਾਰੂਆਂ ਦੇ ਪਰਿਵਾਰਾਂ ਦੀ ਦੇਖਭਾਲ ਕਰਨੀ ਦੂਜੀ ਕਤਾਰ ਹੈ। ਮੀਡੀਆ ਵਿੱਚ ਆਪਣੀ ਲਹਿਰ ਬਾਰੇ ਤੇ ਬਣਦੇ ਹੱਕਾਂ ਦਾ ਸੁਚੱਜੇ ਢੰਗ ਨਾਲ਼ ਪ੍ਰਭਾਵਸ਼ਾਲੀ ਪ੍ਰਚਾਰ ਕਰਨਾ ਆਦਿ ਤੀਜੀ ਕਤਾਰ ਹੈ। ਜੋ ਵੀ ਇਹਨਾਂ ਕਾਰਜਾਂ ਵਿੱਚੋਂ ਇੱਕ ਵੀ ਸੇਵਾ ਨਿਭਾਉਂਦਾ ਹੈ, ਉਸ ਨੂੰ 'ਸੰਘਰਸ਼ਸ਼ੀਲ ਯੋਧਾ' ਕਿਹਾ ਜਾਂਦਾ ਹੈ। ਜ਼ਿੰਦਗੀ ਇੱਕ ਸੰਘਰਸ਼ ਦਾ ਨਾਂ ਹੈ, ਅਣਖ਼ ਅਤੇ ਇੱਜ਼ਤ ਵਾਲਾ ਜੀਵਨ ਜਿਊਣ ਲਈ ਤੇ ਸਫ਼ਲਤਾ ਝੋਲੀ 'ਚ ਪਾਉਣ ਲਈ ਸੰਘਰਸ਼ ਕਰਨਾ ਪੈਂਦਾ ਹੈ। ਸਿੱਖ ਕੌਮ ਦੇ ਮੋਢੀ-ਸੰਸਥਾਪਕ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਲੈ ਕੇ ਸਿੱਖ ਕੌਮ ਅੱਜ ਤਕ ਜ਼ਬਰ-ਜ਼ੁਲਮ ਦੇ ਵਿਰੁੱਧ ਨਿਰੰਤਰ ਸੰਘਰਸ਼ ਕਰਦੀ ਆ ਰਹੀ ਹੈ। ਖ਼ਾਲਸਾ ਪੰਥ ਦਾ ਤਾਂ ਜਨਮ ਹੀ ਸੰਘਰਸ਼ ਵਿੱਚੋਂ ਹੋਇਆ ਹੈ, ਇਸੇ ਲਈ ਸਿੱਖ ਕੌਮ ਨੂੰ ਸ਼ਹੀਦਾਂ ਦੀ ਕੌਮ ਤੇ ਸਿੱਖ ਇਤਿਹਾਸ ਨੂੰ ਸ਼ਹੀਦਾਂ ਦਾ ਇਤਿਹਾਸ ਕਿਹਾ ਜਾਂਦਾ ਹੈ। ਵੀਹਵੀਂ ਸਦੀ ਦੇ ਪਿਛਲੇ ਦੋ ਦਹਾਕਿਆਂ 'ਚ ਪ੍ਰਭੂਸੱਤਾ ਸੰਪੰਨ ਅਜ਼ਾਦ ਸਿੱਖ ਰਾਜ (ਖਾਲਿਸਤਾਨ) ਦੀ ਸਿਰਜਣਾ ਹਿੱਤ ਚੱਲੇ ਸਿੱਖ ਸੰਘਰਸ਼ 'ਚ ਵੀ ਅਨੇਕਾਂ ਸੂਰਮਿਆਂ ਨੇ ਜੂਝ ਕੇ ਸ਼ਹਾਦਤਾਂ ਦਾ ਜਾਮ ਪੀਤਾ। ਕੌਮੀ ਅਜ਼ਾਦੀ ਦੇ ਇਸ ਸੰਘਰਸ਼ 'ਚ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ ਤੇ ਬੀਬੀਆਂ ਨੇ ਵੱਡੀ ਗਿਣਤੀ 'ਚ ਹਿੱਸਾ ਲਿਆ ਤੇ ਕਈ ਪ੍ਰਕਾਰ ਦੇ ਤਸੀਹੇ ਝੱਲੇ ਪਰ ਹਿੰਦ ਸਰਕਾਰ ਦੀ ਈਨ ਨਾ ਮੰਨੀ। ਇਹ ਉਹ ਸਮਾਂ ਸੀ ਜਦ ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ, ਸੰਤ-ਸਿਪਾਹੀ, ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੇ ਅਣਖੀ ਬੋਲ ਹਰੇਕ ਸਿੱਖ ਦੇ ਹਿਰਦੇ ਨੂੰ ਟੁੰਬ ਗਏ ਸਨ ਤੇ ਪੰਥਕ ਜਜ਼ਬੇ 'ਚ ਰੰਗੇ ਸਿੱਖ ਨੌਜਵਾਨ ਕੌਮ ਦੇ ਗਲੋਂ ਗੁਲਾਮੀ ਦਾ ਜੂਲਾ ਲਾਹੁਣ ਲਈ ਦਿੱਲੀ ਦਰਬਾਰ ਵਿਰੁੱਧ ਡਟ ਗਏ ਸਨ। ਅਨੇਕਾਂ ਸਿੱਖ ਨੌਜਵਾਨ ਸ਼ਸਤਰਧਾਰੀ ਹੋ ਕੇ ਮੈਦਾਨ-ਏ-ਜੰਗ 'ਚ ਨਿੱਤਰੇ ਤੇ ਜ਼ਾਲਮਾਂ ਨੂੰ ਚੁਣ-ਚੁਣ ਕੇ ਖ਼ਾਲਸਈ ਰਵਾਇਤਾਂ ਅਨੁਸਾਰ ਸੋਧੇ ਲਾਉਂਦੇ ਰਹੇ। ਕਈ ਸਿੱਖ ਪਰਿਵਾਰ ਜੁਝਾਰੂ ਸਿੰਘਾਂ ਦੀਆਂ ਠਾਹਰਾਂ ਬਣਾਉਣ ਲਈ ਦਿਨ-ਰਾਤ ਮਦਦ ਕਰਦੇ ਰਹੇ ਤੇ ਕਈ ਮਾਇਕੀ ਪੱਧਰ 'ਤੇ ਸਹਾਇਤਾ ਕਰਦੇ ਰਹੇ। ਕਈ ਸਿੱਖਾਂ ਨੇ ਜੁਝਾਰੂਆਂ ਨੂੰ ਪ੍ਰਸ਼ਾਦਾ-ਪਾਣੀ ਛਕਾਉਣ ਲਈ ਆਪਣੇ ਘਰ ਦੇ ਬੂਹੇ ਹਰ ਸਮੇਂ ਖੁੱਲ੍ਹੇ ਰੱਖੇ ਸਨ ਤੇ ਕਈ ਸਿੱਖਾਂ ਨੇ ਜੁਝਾਰੂਆਂ ਦੇ ਹਥਿਆਰ ਸਾਂਭਣ ਦੀ ਜ਼ਿੰਮੇਵਾਰੀ ਸੰਭਾਲੀ ਤੇ ਲੋੜ ਪੈਣ 'ਤੇ ਆਪਣੀ ਜਾਨ ਖ਼ਤਰੇ 'ਚ ਪਾ ਕੇ ਸਿੰਘਾਂ ਦੇ ਟਿਕਾਣਿਆਂ ਤਕ ਅਸਲਾ ਸਹੀ-ਸਲਾਮਤ ਪਹੁੰਚਾਇਆ। ਕਈ ਸਿੱਖਾਂ ਨੇ ਖਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਨੂੰ ਸਾਂਝੀ ਲੋਕ ਲਹਿਰ ਬਣਾਇਆ, ਤੇ ਕਈ ਸਿੱਖਾਂ ਨੇ ਲਿਖਤਾਂ ਰਾਹੀਂ ਕੌਮੀ ਅਜ਼ਾਦੀ ਤੇ ਹੱਕਾਂ ਦੇ ਸੰਘਰਸ਼ ਨੂੰ ਸਹੀ ਦਰਸਾਇਆ। ਕਈ ਸਿੱਖਾਂ ਨੇ ਧਾਰਮਿਕ ਸਟੇਜਾਂ 'ਤੇ ਖਾਲਿਸਤਾਨ ਦੇ ਸਮਰਥਨ 'ਚ ਜ਼ੋਰਦਾਰ ਆਵਾਜ ਬੁਲੰਦ ਕੀਤੀ ਤੇ ਕਈ ਸਿੱਖਾਂ ਨੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ 'ਚੋਂ ਨੌਜਵਾਨਾਂ ਨੂੰ ਪ੍ਰੇਰ ਕੇ ਸੰਘਰਸ਼ ਦੇ ਰਾਹ ਦਾ ਪਾਂਧੀ ਬਣਾਇਆ। ਕਈ ਸਿੱਖਾਂ ਨੇ ਰਾਜਨੀਤਕ ਮੰਚ 'ਤੇ ਸੰਘਰਸ਼ ਨੂੰ ਉਭਾਰਿਆ, ਤੇ ਕਈ ਸਿੱਖਾਂ ਨੇ ਸਰਕਾਰੀ ਅਦਾਰਿਆਂ ਦੇ ਮੁਲਾਜ਼ਮ ਹੁੰਦਿਆਂ ਹੋਇਆਂ ਵੀ ਆਪਣੇ ਪੰਥ ਅਤੇ ਪੰਜਾਬ ਦੀ ਰਾਖੀ ਲਈ ਯੋਗਦਾਨ ਪਾਇਆ, ਤੇ ਕਈਆਂ ਨੇ ਸਭ ਕੁਝ ਕੁਰਬਾਨ ਕਰ ਕੇ ਧਰਮ ਹੇਤ ਆਪਣਾ ਸੀਸ ਵਾਰਿਆ। ਕਈ ਲੋਕ ਇਸ ਸੰਘਰਸ਼ ਦਾ ਹਿੱਸਾ ਨਾ ਹੋ ਕੇ ਵੀ ਸਰਕਾਰੀ ਤਸ਼ੱਦਦ ਤੋਂ ਤੰਗ ਹੋ ਕੇ ਹਿੱਸੇਦਾਰ ਬਣ ਗਏ, ਤੇ ਕਈ ਵਿਚਾਰੇ ਪਰ੍ਹਾਂ ਖਲੋਤੇ ਹੀ ਕਿਸੇ ਨਾ ਕਿਸੇ ਤਰ੍ਹਾਂ ਸੰਘਰਸ਼ ਦੀ ਲਪੇਟ 'ਚ ਆ ਗਏ। ਖਾਲਿਸਤਾਨੀ ਜੁਝਾਰੂ ਭਾਈ ਗਜਿੰਦਰ ਸਿੰਘ ਹਾਈਜੈਕਰ ਦਾ ਕਹਿਣਾ ਹੈ ਕਿ "ਲਹਿਰ ਜਾਂ ਸੰਘਰਸ਼ ਦੀ ਸਫ਼ਲਤਾ ਲਈ ਦੁਸ਼ਮਣ ਘੱਟ ਤੋਂ ਘੱਟ ਬਣਾਉਣ ਦਾ ਰਾਹ ਚੁਣੋ, ਜੋ ਬੰਦਾ ਤੁਹਾਡੇ ਨਾਲ਼ ਪਹਿਲੀ ਕਤਾਰ ਵਿੱਚ ਤੁਰ ਰਿਹਾ ਹੁੰਦਾ ਹੈ, ਉਹ ਤਾਂ ਆਪਣਾ ਹੁੰਦਾ ਹੀ ਹੈ ਪਰ ਉਹ ਵੀ ਤੁਹਾਡਾ ਹੀ ਹੁੰਦਾ ਹੈ ਜੋ ਦੂਰ ਖੜ੍ਹਾ ਰਹਿ ਕੇ ਤੁਹਾਡੀ ਹਮਾਇਤ ਵਿੱਚ ਕੇਵਲ ਹੱਥ ਹੀ ਖੜ੍ਹਾ ਕਰਦਾ ਹੈ। ਉਹ ਵੀ ਤੁਹਾਡਾ ਹੀ ਹੁੰਦਾ ਹੈ ਜੋ ਕਿਸੇ ਮਜ਼ਬੂਰੀ ਵੱਸ ਹੱਥ ਖੜ੍ਹਾ ਕਰਨੋਂ ਵੀ ਝਿਜਕਦਾ ਜਾਂ ਡਰਦਾ ਹੈ ਪਰ ਤੁਹਾਡੇ ਵੱਲ ਵੇਖ ਕੇ ਹਮਾਇਤ ਭਰੀ ਮੁਸਕਰਾਹਟ ਬਖੇਰਦਾ ਹੈ। ਦੁਸ਼ਮਣ ਸਿਰਫ਼ ਉਹ ਹੁੰਦਾ ਹੈ ਜੋ ਤੁਹਾਡੇ ਖਿਲਾਫ਼ ਹਕੂਮਤ ਦਾ ਹੱਥ-ਠੋਕਾ ਬਣ ਕੇ ਹਥਿਆਰ ਚੁੱਕਦਾ ਹੈ।" ਖਾਲਿਸਤਾਨੀ ਸੰਘਰਸ਼ 'ਚ ਜਿਨ੍ਹਾਂ ਸਿੱਖਾਂ ਨੇ ਸੇਵਾ ਨਿਭਾਈ, ਉਹਨਾਂ ਸਾਰਿਆਂ ਦੀ ਅਦੁੱਤੀ ਤੇ ਮਹਾਨ ਸੇਵਾ ਨੂੰ ਗੁਰੂ ਪਾਤਸ਼ਾਹ ਜ਼ਰੂਰ ਲੇਖੇ 'ਚ ਲਾਉਣਗੇ। ਅਸੀਂ ਆਪਣੇ ਕੌਮੀ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ 'ਤੇ ਪਹਿਰਾ ਦੇਣ ਲਈ ਦ੍ਰਿੜਤਾ ਪ੍ਰਗਟਾਉਂਦੇ ਹਾਂ ਅਤੇ ਖ਼ਾਲਿਸਤਾਨ ਦੇ ਨਿਸ਼ਾਨੇ ਨੂੰ ਸਾਕਾਰ ਕਰਨ ਹਿੱਤ ਸੰਘਰਸ਼ਸ਼ੀਲ ਹਾਂ ਤੇ ਸਾਡਾ ਨਿਸ਼ਚਾ ਹੈ ਕਿ "ਯੂ.ਐੱਨ.ਓ. ਅਤੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਛੇਤੀ ਹੀ ਖਾਲਸਈ ਨਿਸ਼ਾਨ ਸਾਹਿਬ ਝੁੱਲੇਗਾ ਤੇ ਸੰਸਾਰ ਭਰ 'ਚ ਖ਼ਾਲਸੇ ਦੇ ਬੋਲ-ਬਾਲੇ ਹੋਣਗੇ।” ਉਹਨਾਂ ਧਰਮੀ ਲੋਕਾਂ ਨੂੰ ਸਾਡਾ ਪ੍ਰਣਾਮ ਹੈ ਜਿਨ੍ਹਾਂ ਨੇ ਖਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ 'ਚ ਕਿਸੇ ਤਰ੍ਹਾਂ ਵੀ ਹਿੱਸਾ ਪਾਇਆ ਤੇ ਪਾ ਰਹੇ ਹਨ। ਉਹਨਾਂ ਜੁਝਾਰੂ ਸਿੰਘਾਂ-ਸਿੰਘਣੀਆਂ ਦੇ ਚਰਨਾਂ 'ਚ ਅਸੀਂ ਆਪਣਾ ਸੀਸ ਝੁਕਾਉਂਦੇ ਹਾਂ ਜਿਨ੍ਹਾਂ ਨੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ 'ਚ ਅਹਿਮ ਯੋਗਦਾਨ ਪਾਉਂਦਿਆਂ ਆਪਣੀ ਜ਼ਿੰਦ-ਜਾਨ ਕੌਮ ਦੇ ਲੇਖੇ ਲਾ ਦਿੱਤੀ। ਉਹਨਾਂ ਨੂੰ ਪ੍ਰਣਾਮ ਜੋ ਸੰਘਰਸ਼ ਵਿੱਚ ਹਿੱਸਾ ਪਾਉਂਦੇ ਜੇਲ੍ਹਾਂ 'ਚ ਡੱਕੇ ਗਏ ਹਨ, ਉਹਨਾਂ ਨੂੰ ਪ੍ਰਣਾਮ ਜੋ ਜਲਾਵਤਨੀ ਕੱਟ ਰਹੇ ਹਨ, ਉਹਨਾਂ ਨੂੰ ਪ੍ਰਣਾਮ ਜੋ ਅੱਜ ਵੀ ਖ਼ਾਲਿਸਤਾਨ ਦੇ ਸੰਘਰਸ਼ ਨਾਲ਼ ਜੁੜੇ ਹੋਏ ਹਨ। ਇਹ ਜੰਗ ਓਦੋਂ ਤਕ ਜਾਰੀ ਰਹੇਗੀ ਜਦੋਂ ਤਕ ਅਸੀਂ ਜਿੱਤ ਨਹੀਂ ਜਾਂਦੇ ਤੇ ਸਾਨੂੰ ਪਤਾ ਹੈ ਕਿ ਇੱਕ ਦਿਨ ਸਾਡੀ ਜਿੱਤ ਜ਼ਰੂਰ ਹੋਣੀ ਹੈ 'ਰਾਜ ਕਰੇਗਾ ਖਾਲਸਾ ਆਕੀ ਰਹੈ ਨਾ ਕੋਇ।' (ਪ੍ਰਧਾਨ : ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ) ਮੋ: 8872293883.
Leave a Reply