ਆਖਰੀ ਖ਼ਤ ਮੁੱਖ ਮੰਤਰੀ ਪੰਜਾਬ ਦੇ ਨਾਮ

ਆਖਰੀ ਖ਼ਤ ਮੁੱਖ ਮੰਤਰੀ ਪੰਜਾਬ ਦੇ ਨਾਮ

ਸਤਿਕਾਰਯੋਗ ਮੁੱਖ ਮੰਤਰੀ ਸਾਹਿਬ,ਗੁਰੂ ਫਤਿਹ ਪਰਵਾਨ ਕਰਨੀ ਜੀ।

ਮਾਨ ਸਾਹਬ, ਮੈ ਬਤੌਰ ਲੇਖਕ ਆਪਣੇ ਫਰਜਾਂ ਦਾ ਪਾਲਣ ਕਰਦਾ ਹੋਇਆ ਇੱਕ ਵਾਰ ਫਿਰ ਮੈ ਤੁਹਾਨੂੰ ਪੱਤਰ ਲਿਖ ਕੇ ਪੰਜਾਬ ਦੇ ਮੌਜੂਦਾ ਹਾਲਾਤਾਂ ਸਬੰਧੀ ਤੁਹਾਨੂੰ ਸੁਚੇਤ ਕਰਨਾ ਚਾਹੁੰਦਾ ਹਾਂ,ਸਾਇਦ ਇਹ ਮੇਰਾ ਤੁਹਾਨੂੰ ਆਖਰੀ ਖਤ ਹੋਵੇ,ਕਿਉਂਕਿ ਤੁਹਾਡੀ ਸਰਕਾਰ ਦੀ ਪੰਜ ਸਾਲਾ ਪਾਰੀ ਹੁਣ ਆਪਣੇ ਅਖੀਰਲੇ ਪੜਾਅ 'ਤੇ ਪਹੁੰਚ ਚੁੱਕੀ ਹੈ। ਮਾਨ ਸਾਹਬ ਸਮੇਂ ਦਾ ਚੱਕਰ ਬਹੁਤ ਬੇਰਹਿਮ ਹੁੰਦਾ ਹੈ,ਚੰਗੇ ਦਿਨ ਲੰਘਦਿਆਂ ਦੇਰ ਨਹੀਂ ਲੱਗਦੀ।ਪਿੱਛੇ ਕੌੜੀਆਂ ਮਿੱਠੀਆਂ ਯਾਦਾਂ ਛੱਡ ਕੇ ਸਮਾ ਆਪਣੀ ਚਾਲੇ ਚੱਲਦਾ ਅੱਗੇ ਨਿੱਕਲ ਜਾਂਦਾ ਹੈ।ਤੁਹਾਡੇ ਕਾਰਜਕਾਲ ਦੌਰਾਨ ਵੀ ਪੰਜਾਬ ਦੀ ਸੁਹਾਵੀ ਤੇ ਪਵਿੱਤਰ ਧਰਤ ਨੂੰ ਅਜਿਹੇ ਜਖ਼ਮ ਮਿਲੇ ਹਨ, ਜਿਹੜੇ ਇਤਿਹਾਸ ਦੇ ਪੰਨਿਆਂ 'ਤੇ ਸਦਾ ਲਈ ਦਰਜ ਹੋ ਕੇ ਤੁਹਾਡੀਆਂ ਪੁਸਤਾਂ ਲਈ ਤਕਲੀਫ ਦੇਹ ਸਾਬਤ ਹੋਣਗੇ।ਤੁਹਾਡੀ ਸਰਕਾਰ ਦਾ ਸਮਾਂ ਖ਼ਤਮ ਹੋਣ ਦੇ ਇਸ ਅਖੀਰਲੇ ਮੋੜ 'ਤੇ ਮੈਂ ਇਹ 'ਆਖਰੀ ਖ਼ਤ' ਤੁਹਾਡੀ ਹਉਮੈ ਨੂੰ ਸੱਟ ਮਾਰਨ ਲਈ ਨਹੀਂ, ਬਲਕਿ ਇੱਕ ਲੇਖਕ ਵਜੋਂ ਆਪਣੇ ਫ਼ਰਜ਼ ਦੀ ਪੂਰਤੀ ਲਈ ਲਿਖ ਰਿਹਾ ਹਾਂ,ਤਾਂ ਜੋ ਤੁਸੀਂ ਜਾਂਦੇ-ਜਾਂਦੇ ਆਪਣੇ ਕੀਤੇ ਦਾ ਲੇਖਾ-ਜੋਖਾ ਕਰ ਸਕੋ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਤੁਹਾਡੇ ਪੰਜ ਸਾਲਾਂ ਦੇ ਕਾਰਜਕਾਲ ਵਿੱਚ ਤੁਹਾਡੀ ਸਰਕਾਰ ਅਤੇ ਪੰਥ ਦੀ ਸਰਬ ਉੱਚ ਸੰਸਥਾ ਵਿਚਾਲੇ ਲਗਾਤਾਰ ਇੱਕ ਅਜਿਹਾ ਟਕਰਾਅ ਬਣਿਆ ਰਿਹਾ, ਜਿਸ ਨੇ ਪੰਜਾਬ ਦੇ ਹਿਰਦੇ ਨੂੰ ਵਲੂੰਧਰ ਕੇ ਰੱਖ ਦਿੱਤਾ। ਸੱਤਾ ਦੇ ਨਸ਼ੇ ਵਿੱਚ ਆ ਕੇ ਧਾਰਮਿਕ ਮਰਯਾਦਾਵਾਂ ਅਤੇ ਸਿਰਮੌਰ ਸੰਸਥਾਵਾਂ ਨਾਲ ਸਿੱਧਾ ਭਿੜਨ ਦੀ ਜੋ ਭੁੱਲ ਤੁਹਾਡੇ ਵੱਲੋਂ ਕੀਤੀ ਗਈ, ਉਸ ਨੇ ਪੰਜਾਬ ਦੇ ਲੋਕਾਂ ਅੰਦਰ ਡੂੰਘੀ ਨਿਰਾਸ਼ਾ ਭਰ ਦਿੱਤੀ ਹੈ। ਮਾਨ ਸਾਹਬ ਇੱਕ ਰਾਜਨੀਤਕ ਵਿਅਕਤੀ ਲਈ ਇਹ ਯਾਦ ਰੱਖਣ ਵਾਲੀਆਂ ਗੱਲਾਂ ਹਨ ਕਿ ਜਦੋਂ ਵੀ ਕਿਸੇ ਹਾਕਮ ਨੇ ਸੱਤਾ ਦੇ ਨਸ਼ੇ ਵਿੱਚ ਆਪਣੇ ਲੋਕਾਂ ਨਾਲ ਆਹਢਾ ਲਾਇਆ ਹੈ, ਉਹਨੂੰ ਸਮੇਂ ਨੇ ਕਰੜੀ ਸਜ਼ਾ ਦਿੱਤੀ ਹੈ।ਮਾਨ ਸਾਹਿਬ, ਸਿਰਫ਼ ਧਾਰਮਿਕ ਸੰਸਥਾਵਾਂ ਨਾਲ ਹੀ ਨਹੀਂ, ਬਲਕਿ ਤੁਹਾਡੀ ਸਰਕਾਰ ਦੀ ਅਖੀਰਲੇ ਦਿਨਾਂ ਤੱਕ ਦਾ ਰਾਜ ਕਰਨ ਦਾ ਤਰੀਕਾਕਾਰ ਆਮ ਲੋਕਾਂ, ਹੱਕ ਮੰਗਦੇ ਮੁਲਾਜ਼ਮਾਂ, ਨੌਜਵਾਨਾਂ ਅਤੇ ਬੀਬੀਆਂ ਲਈ ਜਾਲਮਾਨਾ ਬਣਿਆ ਹੋਇਆ ਹੈ।ਤੁਸੀ ਜਿਸ ਬਦਲਾਅ ਦੇ ਇਨਕਲਾਬੀ ਨਾਅਰੇ ਲਾ ਕੇ ਸੱਤਾ 'ਚ ਆਏ ਸੀ, ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ,ਨਸ਼ਾ ਮੁਕਤ, ਕਰਜ਼ਾ ਮੁਕਤ ਅਤੇ ਧਰਨਾ ਮੁਕਤ ਕਰਨ ਵਰਗੇ ਵਾਅਦੇ ਕੀਤੇ ਸਨ,ਉੱਥੇ ਪਿਛਲੇ ਪੰਜਾਂ ਸਾਲਾਂ 'ਚ ਪੁਲਿਸ ਅੱਤਿਆਚਾਰ ਅਤੇ ਸਰਕਾਰੀ ਧੱਕੇਸ਼ਾਹੀਆਂ ਨੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ।ਨਮੋਸ਼ੀ ਨਾਲ ਸਿਰ ਝੁਕ ਜਾਂਦਾ ਹੈ ਜਦੋਂ ਸਰਕਾਰੀ ਜਬਰ ਦੌਰਾਨ ਸਾਡੇ ਆਪਣੇ ਧੀਆਂ ਪੁੱਤਰਾਂ ਦੀਆਂ ਦਸਤਾਰਾਂ ਅਤੇ ਚੁੰਨੀਆਂ ਲੱਥ ਕੇ ਸੜਕਾਂ 'ਤੇ ਰੁਲੀਆਂ ਅਤੇ ਪੁਲਿਸ ਦੇ ਬੂਟਾਂ ਹੇਠ ਲਤਾੜੀਆਂ ਗਈਆਂ।ਸਚਾਈ ਇਹ ਹੈ ਕਿ ਅੱਜ ਪੰਜਾਬ ਵਿੱਚ ਮੁੱਖ ਮੰਤਰੀ ਜਾਂ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੂੰ ਸਵਾਲ ਪੁੱਛਣਾ ਜਾਂ ਵਿਰੋਧ ਪ੍ਰਗਟਾਉਣਾ ਲੋਕਤੰਤਰਿਕ ਅਧਿਕਾਰ ਨਹੀ ਬਲਕਿ ਇੱਕ ਸੰਗੀਨ ਗੁਨਾਹ ਬਣਕੇ ਰਹਿ ਗਿਆ ਹੈ।ਬੀਤੇ ਦਿਨੀਂ ਜਿਸ ਤਰ੍ਹਾਂ ਇੱਕ ਮੋਹਨਜੀਤ ਸਿੰਘ ਨਾਮ ਦੇ ਸਿੱਖ ਨੌਜਵਾਨ ਨੇ ਆਪਣੇ ਪਿੰਡ ਵਿੱਚ ਦੂਰ ਕੋਠੇ 'ਤੇ ਚੜ੍ਹ ਕੇ ਤੁਹਾਨੂੰ ਕਾਲੇ ਝੰਡੇ ਦਿਖਾ ਕੇ ਆਪਣਾ ਰੋਸ ਪ੍ਰਗਟਾਇਆ ਸੀ,ਉਸ ਤੋਂ ਬਾਅਦ ਤੁਹਾਡੀ ਪੁਲਿਸ ਵੱਲੋਂ ਉਸ 'ਤੇ ਕੀਤਾ ਗਿਆ ਅਣ ਮਨੁੱਖੀ ਅੱਤਿਆਚਾਰ ਰੂਹ ਕੰਬਾਊ ਹੈ। ਇਹ ਵਰਤਾਰਾ ਓਥੇ ਹੀ ਖ਼ਤਮ ਨਹੀਂ ਹੋਇਆ ਬਲਕਿ ਲਗਾਤਾਰ ਵਾਪਰ ਰਿਹਾ ਹੈ,ਅਸਹਿਮਤੀ ਪ੍ਰਗਟਾਉਣ ਵਾਲੇ ਨੌਜਵਾਨ ਨਾਲ ਅਪਰਾਧੀਆਂ ਤੋਂ ਵੀ ਭੈੜਾ ਸਲੂਕ ਕਰਨ ਤੋ ਸਪੱਸਟ ਹੁੰਦਾ ਹੈ ਕਿ ਤੁਹਾਡੀ ਸਰਕਾਰ ਹਉਮੈ ਤੇ ਬਦਲਾਖ਼ੋਰੀ ਦੀ ਦਲਦਲ ਵਿੱਚ ਬੁਰੀ ਤਰਾਂ ਧਸੀ ਹੋਈ ਹੈ।ਇਸ ਸੱਚ ਨੂੰ ਗੱਲਾਂ ਨਾਲ ਝੁਠਲਾਇਆ ਨਹੀ ਜਾ ਸਕਦਾ ਕਿ ਤੁਹਾਡੇ ਰਾਜ ਵਿੱਚ ਪੰਜਾਬ ਸੰਕਟ ਮੁਕਤ ਹੋਣ ਦੀ ਬਜਾਏ,ਹੋਰ ਵੀ ਬੇਹੱਦ ਗੰਭੀਰ ਸੰਕਟਾਂ ਵਿੱਚੋਂ ਲੰਘਿਆ ਹੈ।2022 ਤੱਕ ਭਾਵ ਤੁਹਾਡੀ ਸਰਕਾਰ ਆਉਣ ਤੱਕ ਕਰਜਾ 2.83 ਲੱਖ ਕਰੋੜ ਸੀ‌ ਜਿਹੜਾ ਹੁਣ ਤੱਕ ਵਧ ਕੇ ਤਕਰੀਬਨ 4.17 ਲੱਖ ਕਰੋੜ ਤੱਕ ਪੁੱਜ ਚੁੱਕਾ ਹੈ ਅਤੇ ਬਜਟ ਅਨੁਮਾਨਾਂ ਦੇ ਅਨੁਸਾਰ ਸਾਲ ਦੇ ਅੰਤ ਤੱਕ ਸਾਢੇ ਚਾਰ ਲੱਖ ਕਰੋੜ ਤੱਕ ਪੁੱਜ ਜਾਣ ਦੇ ਅਨੁਮਾਨ ਹਨ।ਇਹ ਚਿੱਟੇ ਦਿਨ ਵਰਗਾ ਸੱਚ ਹੈ ਕਿ ਨਸ਼ਿਆਂ ਦਾ ਖ਼ਾਤਮਾ ਕਰਨਾ ਤੁਹਾਡੀ ਸਰਕਾਰ ਦੇ ਵੱਸ ਤੋ ਬਾਹਰ ਦਾ ਕੰਮ ਹੋਕੇ ਰਹਿ ਗਿਆ, ਪੰਜਾਬ ਚ ਹਰ ਰੋਜ ਬਲ਼ਦੇ ਸਿਵੇ ਨਸ਼ਿਆਂ ਨਾਲ ਖਤਮ ਹੋ ਰਹੀ ਜਵਾਨੀ ਦੀ ਕੂਕ ਕੂਕ ਕੇ ਗਵਾਹੀ ਦਿੰਦੇ ਹਨ।ਬੰਦੀ ਸਿੱਖਾਂ ਦੇ ਮਾਮਲੇ ਵਿੱਚ ਤੁਹਾਡੀ ਨੀਅਤ ਪਾਕ ਸਾਫ ਨਹੀ ਹੈ,ਇਹ ਕੇਂਦਰ ਕਈ ਵਾਰ ਸਪੱਸਟ ਕਰ ਚੁੱਕਿਆ ਹੈ ਕਿ ਸੂਬਾ ਸਰਕਾਰ ਬੰਦੀ ਸਿੱਖਾਂ ਦੀ ਰਿਹਾਈ ਨਹੀ ਚਾਹੁੰਦੀ।ਮਾਨ ਸਾਹਬ ! ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ੍ਰ ਪਰਕਾਸ਼ ਸਿੰਘ ਬਾਦਲ ਅਤੇ ਬੇਅੰਤ ਸਿੰਘ ਦੀ ਸਰਕਾਰ ਦਾ ਨਾਮ ਇਤਿਹਾਸ ਦੇ ਕਾਲੇ ਪੰਨਿਆਂ ਤੇ ਉੱਕਰਿਆ ਹੋਇਆ ਹੈ,ਪਰ ਉਹਨਾਂ ਤੋ ਬਾਅਦ ਤੁਹਾਡੀ ਸਰਕਾਰ ਦੇ ਨਾਮ ਇਹ ਰਿਕਾਰਡ ਦਰਜ ਹੋਵੇਗਾ, ਕਿਉਂਕਿ ਤੁਹਾਡੇ ਰਾਜ ਵਿੱਚ ਪੁਲਿਸ ਅੱਤਿਆਚਾਰ ਵਿੱਚ ਅਥਾਹ ਵਾਧਾ ਹੋਇਆ ਹੈ ਅਤੇ ਗੈਂਗਸਟਰਵਾਦ ਦੇ ਨਾਮ 'ਤੇ ਪੰਜਾਬ ਦੀ ਜਵਾਨੀ ਨੂੰ ਚੁਣ ਚੁਣ ਕੇ ਨਿਸ਼ਾਨਾ ਬਣਾਇਆ ਗਿਆ ਹੈ।ਅਣਮਨੁੱਖੀ ਪੁਲਿਸ ਜ਼ਬਰ ਅਤੇ ਝੂਠੇ ਪੁਲਿਸ ਮੁਕਾਬਲਿਆਂ ਦਾ ਇੱਕ ਤਰਾਂ ਨਾਲ ਤੁਸੀ ਪੁਲਿਸ ਨੂੰ ਅਧਿਕਾਰ ਹੀ ਦੇ ਰੱਖਿਆ ਹੈ।ਖੇਤੀ ਕਰਜ਼ਿਆਂ ਤੋ ਤੰਗ ਆਕੇ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਨੂੰ ਤੁਸੀ ਮੋੜ ਨਹੀ ਸਕੇ।ਪਰ ਅੱਧੀ ਰਾਤ ਨੂੰ ਧਰਨੇ ਤੇ ਬੈਠੇ ਕਿਸਾਨਾਂ ਤੇ ਧਾਬਾ ਬੋਲਕੇ ਉਹਨਾਂ ਦਾ ਕੱਖਾਂ ਰੁਪਏ ਦਾ ਸਮਾਨ ਗਾਇਬ ਕਰ ਦਿੱਤਾ।ਕਿਸਾਨਾਂ ਦੀਆਂ ਧਰਨੇ ਵਿੱਚੋਂ ਗਾਇਬ ਕੀਤੀਆਂ ਟਰਾਲੀਆਂ ਕੁੱਝ ਕੁ ਲੀਡਰਾਂ ਦੇ ਘਰਾਂ ਤੋ ਮਿਲ ਗਈਆਂ ਹਨ,ਪਰ ਟਰਾਲੀਆਂ ਸਮੇਤ ਬਹੁਤ ਸਾਰਾ ਸਮਾਨ ਅਜੇ ਤੱਕ ਨਹੀ ਮਿਲਿਆ।ਇਹ ਪੰਜਾਬ ਦਾ ਦੁਖਾਂਤ ਰਿਹਾ ਹੈ ਕਿ ਸਾਡੇ ਆਗੂ ਹਾਕਮ ਬਣਕੇ ਆਪਣੀਆਂ ਹੀ ਜੜ੍ਹਾਂ ਵੱਢਣ ਵਾਲੀ ਕੁਹਾੜੀ ਦਾ ਦਸਤਾ ਬਣਦੇ ਰਹੇ ਹਨ,ਜਿੰਨਾਂ ਵਿੱਚ ਤੁਹਾਡਾ ਨਾਮ ਵੀ ਜੁੜ ਗਿਆ ਹੈ। ਭਗਵੰਤ ਸਿਆਂ ! ਹੁਣ ਜਦੋਂ ਤੁਹਾਡੀ ਸਰਕਾਰ ਦੀਆਂ ਆਖਰੀ ਘੜੀਆਂ ਗਿਣੀਆਂ ਜਾ ਰਹੀਆਂ ਹਨ, ਮੇਰੀ ਤੁਹਾਨੂੰ ਬੇਨਤੀ ਦੇ ਰੂਪ ਵਿੱਚ ਇਹ ਅਖੀਰਲੀ ਸਲਾਹ ਹੈ ਕਿ ਜਾਂਦੇ-ਜਾਂਦੇ ਆਪਣੇ ਅੰਦਰਲੀ ਹਉਮੈ ਨੂੰ ਮਾਰ ਕੇ ਜਾਂ ਤਾਂ ਪੰਜਾਬ ਦੇ ਲਈ ਕੁੱਝ ਯਾਦ ਰੱਖਣ ਯੋਗ ਕਰ ਜਾਓ ਜਾਂ ਆਪਣੇ ਲੋਕਾਂ ਨਾਲ ਕੀਤੇ ਵਾਅਦਿਆਂ ਦੀ ਭਰਪਾਈ ਨਾ ਕਰ ਸਕਣ, ਸੱਤਾ ਦੇ ਹੰਕਾਰ ਵਿੱਚ ਕੀਤੇ ਜ਼ੁਲਮਾਂ ਅਤੇ ਲੋਕਾਂ ਨੂੰ ਝੂਠ ਬੋਲ ਕੇ ਗੁਮਰਾਹ ਕਰਨ ਲਈ ਦੁਨਿਆਵੀ ਤਖਤਾਂ ਤੋਂ ਉੱਪਰਲੇ ਤਖਤ, ਸਰਬ ਉੱਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਤੇ ਜਾਕੇ ਨਿਮਾਣੇ ਸਿੱਖ ਵਜੋਂ ਖਿਮਾ ਜਾਚਨਾ ਕਰ ਲਓ,ਮੀਰੀ ਪੀਰੀ ਦੇ ਮਾਲਕ,ਬਖਸ਼ਿੰਦ ਸਤਿਗੁਰੂ ਸ਼ਰਧਾ ਨਾਲ ਕੀਤੀ ਅਰਦਾਸ ਜਰੂਰ ਸੁਣਦੇ ਹਨ। ਇੱਕ ਗੱਲ ਹੋਰ, ਮਾਨ ਸਾਹਬ ਟਾਕਰਾ ਦੁਸ਼ਮਣਾਂ ਨਾਲ ਕਰੀਦਾ ਹੈ, ਆਪਣਿਆਂ ਨਾਲ ਧੱਕਾ ਕਰਕੇ ਕੋਈ ਹਾਕਮ ਇਤਿਹਾਸ 'ਚ ਅਮਰ ਨਹੀਂ ਹੋਇਆ। ਸੋ ਅਖੀਰ ਵਿੱਚ ਮੈ ਸੱਚੇ ਮਨ ਨਾਲ ਗੁਰੂ ਪਾਤਸ਼ਾਹ ਅੱਗੇ ਅਰਦਾਸ ਕਰਦਾ ਹਾਂ ਕਿ ਵਾਹਿਗੁਰੂ ਤੁਹਾਨੂੰ ਸੁਮੱਤ ਬਖਸ਼ ਦੇਵੇ।ਸੋ ਮੇਰੇ ਵੱਲੋਂ ਕੀਤੀ ਪੰਜਾਬ ਦੀ ਹਕੀਕਤ ਬਿਆਨੀ ਵਿੱਚ ਜੇਕਰ ਤੁਹਾਡੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ ਮੈ ਆਪਣੇ ਉਹਨਾਂ ਸ਼ਬਦਾਂ ਲਈ ਖਿਮਾ ਦਾ ਜਾਚਕ ਹਾਂ।ਗੁਰੂ ਪਾਤਸ਼ਾਹ ਤੋ ਪੰਜਾਬ ਦੇ ਭਲੇ ਦਾ ਆਸਮੰਦ

ਬਘੇਲ ਸਿੰਘ ਧਾਲੀਵਾਲ 
99142-58142

ਸ . ਬਘੇਲ ਸਿੰਘ ਧਾਲੀਵਾਲ
ਸ . ਬਘੇਲ ਸਿੰਘ ਧਾਲੀਵਾਲ
dhalwalbaghel@ymail .com
99142-58142
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.