ਭਾਜਪਾ ਵਾਲੇ ਬਾਬੇ ਧੁੰਮੇ ਦੀ ਜ਼ੁਬਾਨ ਹੁਣ ਬੰਦ ਕਿਉਂ ਹੈ ?
- ਧਾਰਮਿਕ/ਰਾਜਨੀਤੀ
- 25 Jun, 2026 04:33 PM (Asia/Kolkata)
ਭਾਜਪਾ ਵਾਲੇ ਬਾਬੇ ਧੁੰਮੇ ਦੀ ਜ਼ੁਬਾਨ ਹੁਣ ਬੰਦ ਕਿਉਂ ਹੈ ?
ਬਾਬਾ ਹਰਨਾਮ ਸਿੰਘ ਧੁੰਮਾ ਨੇ ਤਾਂ ਸਿੱਖਾਂ ਨੂੰ ਇੰਝ ਲੱਗਣ ਲਾ ਦਿੱਤਾ ਸੀ ਕਿ ਬਸ ਮੇਰੀ ਬੀਜੇਪੀ ਨਾਲ ਯਾਰੀ ਪੈ ਗਈ ਹੈ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਦੇਵਿੰਦਰ ਫੜਨਵੀਸ ਨਾਲ ਮੇਰੀ ਸਿੱਧੀ ਗੱਲਬਾਤ ਹੈ, ਮੈਂ ਤਾਂ ਹੁਣ ਸਿੱਖ ਕੌਮ ਦੇ ਸਾਰੇ ਮਸਲੇ ਹੱਲ ਕਰਾ ਦਿਆਂਗਾ, ਸਿੱਖ ਤਾਂ ਮੂਰਖ ਨੇ ਜਿਹੜੇ ਐਵੇਂ ਧਰਨੇ-ਮੋਰਚੇ ਤੇ ਹੋਰ ਸੰਘਰਸ਼ ਕਰਦੇ ਫਿਰਦੇ ਨੇ। ਬਾਬਾ ਧੁੰਮਾ ਆਖਦਾ ਸੀ ਕਿ ਬੀਜੇਪੀ ਹੀ ਸਾਰੇ ਮਸਲਿਆਂ ਦਾ ਹੱਲ ਹੈ ਤੇ ਬਾਬੇ ਧੁੰਮੇ ਨੇ ਬਾਬਾ ਦੀਪ ਸਿੰਘ ਜੀ ਦੀ ਅਤੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਦਮਦਮੀ ਟਕਸਾਲ ਨੂੰ ਬੀਜੇਪੀ ਕੋਲ ਵੇਚ ਦਿੱਤਾ ਸੀ। ਪਰ ਬੀਜੇਪੀ ਵਾਲਿਆਂ ਨੇ ਧੁੰਮੇ ਦਾ ਕੌਡੀ ਮੁੱਲ ਨਾ ਪਾਇਆ, ਬਾਬਾ ਧੰਮਾ ਖ਼ੁਦ ਵੀ ਰੁਲਿਆ, ਟਕਸਾਲ ਵੀ ਰੋਲੀ ਤੇ ਸਿੱਖ ਕੌਮ ਤੋਂ ਲਾਹਣਤਾਂ ਵੀ ਖੱਟੀਆਂ ਤੇ ਬੀਜੇਪੀ ਤੋਂ ਆਪਣੀ ਅਤੇ ਕੌਮ ਦੀ ਹੇਠੀ ਵੀ ਕਰਵਾਈ।
ਬਾਬੇ ਧੁੰਮੇ ਦੇ ਯਾਰ ਦੇਵਿੰਦਰ ਫੜਨਵੀਸ ਦੀ ਮਹਾਂਰਾਸ਼ਟਰ 'ਚ ਭਾਜਪਾ ਸਰਕਾਰ ਹੈ ਜਿਸ ਨੇ ਮਹਾਂਰਾਸ਼ਟਰ ਦੇ ਸਿੱਖਾਂ ਦੀਆਂ ਹਜ਼ਾਰਾਂ ਕਿਰਪਾਨਾਂ ਜ਼ਬਤ ਕੀਤੀਆਂ ਤੇ ਉਹਨਾਂ 'ਤੇ ਕੇਸ ਪਾਏ ਪਰ ਸ਼ਰਮਿੰਦੇ ਹੋਏ ਬਾਬੇ ਧੁੰਮੇ ਨੇ ਮੂੰਹ 'ਚ ਘੁੰਗਣੀਆਂ ਪਾਈ ਰੱਖੀਆਂ, ਮਜ਼ਾਲ ਹੈ ਕਿ ਉਸ ਨੇ ਆਪਣੇ ਆਕਾਵਾਂ ਦੇ ਖ਼ਿਲਾਫ਼ ਇੱਕ ਲਫ਼ਜ਼ ਵੀ ਬੋਲਿਆ ਹੋਵੇ। ਜ਼ੁਲਮ ਦੇ ਖਾਤਮੇ ਲਈ ਜਿਹੜੀ ਕਿਰਪਾਨ ਕਲਗੀਧਰ ਪਾਤਸ਼ਾਹ ਨੇ ਬਖ਼ਸ਼ੀ ਸੀ ਜਿਸ ਨਾਲ ਜ਼ਾਲਮ ਮੁਗਲ ਭਜਾਏ ਅਤੇ ਹਿੰਦੂਆਂ ਦੀਆਂ ਬਹੂ-ਬੇਟੀਆਂ ਦੀ ਰਾਖੀ ਕੀਤੀ ਤੇ ਇਸ ਕਿਰਪਾਨ ਨੂੰ ਕਕਾਰਾਂ ਵਿੱਚ ਵੀ ਸਤਿਕਾਰਿਆ ਗਿਆ। ਅੱਜ ਹਿੰਦੂਤਵੀ ਸਰਕਾਰਾਂ ਉਸੇ ਕਿਰਪਾਨ 'ਤੇ ਬੈਨ ਲਗਾਉਂਦੀਆਂ ਫਿਰਦੀਆਂ ਨੇ ਤੇ ਬਾਬਾ ਧੁੰਮਾ ਜੀ ਬੀਜੇਪੀ ਦੀ ਜੈ-ਜੈਕਾਰ ਕਰੀ ਜਾ ਰਹੇ ਨੇ, ਇਸ ਤੋਂ ਵੱਧ ਕੇ ਹੋਰ ਬੇੜਾ ਗਰਕ ਕੀ ਹੋ ਸਕਦਾ ਹੈ! ਬਾਬਾ ਧੁੰਮਾ ਤਾਂ ਹੁਣ ਬੀਜੇਪੀ ਦੇ ਏਜੰਡੇ ਤਹਿਤ ਹੀ ਕੰਮ ਕਰ ਰਿਹਾ ਹੈ। ਹਿਮਾਚਲ ਦੇ ਗੁਰਧਾਮਾਂ ਅਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਦੇ ਉੱਤਰਾਖੰਡ ਵਿੱਚ ਸਿੱਖਾਂ ਨਾਲ ਐਨੀ ਧੱਕੇਸ਼ਾਹੀ ਹੋਈ ਪਰ ਬਾਬੇ ਧੁੰਮੇ ਨੇ ਅੱਖਾਂ ਮੀਟ ਲਈਆਂ ਤਾਂ ਜੋ ਉਸ ਦੀ ਇੰਗਲੈਂਡ ਫੇਰੀ ਵਿੱਚ ਕੋਈ ਅੜਚਨ ਨਾ ਆ ਜਾਵੇ।
ਹੁਣ ਮਹਾਂਰਾਸ਼ਟਰ ਦੀ ਸਰਕਾਰ ਨੇ ਸੱਚਖੰਡ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਢਾਂਚੇ ਦਾ 1956 ਵਾਲਾ ਪੁਰਾਣਾ ਕਾਨੂੰਨ ਰੱਦ ਕਰ ਕੇ ਨਵਾਂ ਕਾਨੂੰਨ ਲਿਆਂਦਾ ਹੈ ਜਿਸ ਦੇ ਖਰੜੇ ਨੂੰ ਕੈਬਨਿਟ ਨੇ ਪਾਸ ਕਰ ਦਿੱਤਾ ਹੈ। ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਜਥੇਦਾਰ, ਪੰਜ ਪਿਆਰੇ, ਸੰਗਤਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਹੋਰ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਇਹ ਸਿੱਖਾਂ ਦੇ ਗੁਰਧਾਮਾਂ ਵਿੱਚ ਸਰਕਾਰ ਦੀ ਦਖਲਅੰਦਾਜ਼ੀ ਹੈ ਤੇ ਸਿੱਖਾਂ ਤੋਂ ਪੁੱਛੇ ਬਿਨਾਂ ਹੀ ਸਰਕਾਰ ਫੇਰ-ਬਦਲ ਕਰੀ ਜਾ ਰਹੀ ਹੈ। ਪਰ ਬਾਬਾ ਧੁੰਮਾ ਜੀ ਨੇ ਬੀਬੇ ਬੱਚੇ ਵਾਂਗ ਮੂੰਹ 'ਤੇ ਉਂਗਲ ਰੱਖ ਕੇ ਚੁੱਪ ਧਾਰਨ ਕਰ ਲਈ ਹੈ ?
ਬਾਬੇ ਧੁੰਮੇ ਦਾ ਸਿੱਧਾ ਜਿਹਾ ਫਾਰਮੂਲਾ ਹੈ ਕਿ ਪੰਥ ਭਾਵੇਂ ਢੱਠੇ ਖੂਹ ਵਿੱਚ ਪਵੇ ਪਰ ਉਸ ਦੀ ਬੀਜੇਪੀ ਨਾਲ ਕਿਤੇ ਵਿਗੜ ਨਾ ਜਾਵੇ। ਬਾਬੇ ਧੁੰਮੇ ਨੇ ਪਹਿਲਾਂ ਦਮਦਮੀ ਟਕਸਾਲ ਸਰਕਾਰ ਦੇ ਹਵਾਲੇ ਕਰ ਦਿੱਤੀ ਤੇ ਹੁਣ ਤਖ਼ਤ ਸ੍ਰੀ ਹਜ਼ੂਰ ਸਾਹਿਬ ਵੀ ਸਿੱਧਮ-ਸਿੱਧਾ ਬੀਜੇਪੀ ਸਰਕਾਰ ਦੀ ਝੋਲੀ ਵਿੱਚ ਪਵਾ ਦੇਣਗੇ, ਸਿੱਖਾਂ ਨੂੰ ਸਨਾਤਨੀ ਤਾਂ ਉਹ ਪਹਿਲਾਂ ਹੀ ਅਖਵਾ ਚੁੱਕੇ ਨੇ, ਹਿੰਦੂਤਵੀ ਕਰਮਕਾਂਡ ਵੀ ਕਰਦੇ ਨੇ, ਕੁੰਭ 'ਚ ਇਸ਼ਨਾਨ ਕਰਨਾ, ਪੱਥਰ ਪੂਜਣੇ, ਭਗਵੇਂ ਕੱਪੜੇ ਪਾਉਣੇ, ਧੂੰਏਂ ਲਾਉਣੇ, ਬਾਦਲਾਂ ਤੇ ਬੀਜੇਪੀ ਦੇ ਤਲਵੇ ਚੱਟਣੇ ਤੇ ਪੰਥਕ ਸਿਧਾਂਤਾਂ ਨੂੰ ਰੋਲਣਾ ਉਸਦੇ ਮੁੱਖ ਕਰਤੱਵ ਹਨ।
ਮਹਾਂਰਾਸ਼ਟਰ ਦੇ ਸਿੱਖ ਹੁਣ 'ਬਾਬਾ ਧੁੰਮਾਂ ਹਾਜ਼ਰ ਹੋ' ਦੇ ਹੋਕੇ ਲਾ ਰਹੇ ਨੇ ਕਿ ਆਪਣੇ ਬੀਜੇਪੀ ਦੇ ਆਕਾਵਾਂ ਅੱਗੇ ਕੋਈ ਤਰਲਾ-ਮਿੰਨਤਾ ਮਾਰ ਕੇ ਆਪਣਾ ਸਿਆਸੀ ਭਾਰ ਵਧਾਓ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬਚਾਓ। ਪਰ ਇਹਨਾਂ ਸਿੱਖਾਂ ਨੂੰ ਦੱਸ ਦਿਓ ਕਿ ਅਜੇ ਬਾਬਾ ਧੁੰਮਾ ਜੀ ਇੰਗਲੈਂਡ ਵਿੱਚ ਡਾਲਰ-ਪਾਊਂਡ ਇਕੱਠੇ ਕਰ ਰਹੇ ਨੇ ਕਿਉਂਕਿ ਇਸੇ ਫੰਡ ਦੇ ਨਾਲ 2027 ਦੀਆਂ ਵਿਧਾਨ ਸਭਾ ਚੋਣਾਂ ਵੀ ਤਾਂ ਬੀਜੇਪੀ ਨੂੰ ਜਿਤਾਉਣੀਆਂ ਹਨ।
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply