ਭਾਜਪਾ ਸਫਾਈ ਕਰਮਚਾਰੀਆਂ ਦੇ ਸਨਮਾਨ ਅਤੇ ਅਧਿਕਾਰਾਂ ਦੀ ਲੜਾਈ ਵਿੱਚ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ-ਖੋਜੇਵਾਲ
- ਰਾਜਨੀਤੀ
- 30 Jul, 2026 11:10 AM (Asia/Kolkata)
ਸਫਾਈ ਕਰਮਚਾਰੀਆਂ ਦੇ ਚੱਲ ਰਹੇ ਧਰਨੇ ਦੌਰਾਨ ਭਾਜਪਾ ਆਗੂ ਹੋਏ ਸ਼ਾਮਲ,ਪੰਜਾਬ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
ਕਪੂਰਥਲਾ 30 ਜੁਲਾਈ ਗੌਰਵ ਮੜੀਆ
ਵਿਰਾਸਤੀ ਸ਼ਹਿਰ ਵਿਚ ਸਫਾਈ ਕਰਮਚਾਰੀਆਂ ਦੇ ਚੱਲ ਰਹੇ ਧਰਨੇ ਦੌਰਾਨ ਪੰਜਾਬ ਸਰਕਾਰ ਦੀ ਧਕੇਸ਼ਾਹੀ ਵਿਰੁਧ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਕਪੂਰਥਲਾ ਭਾਜਪਾ ਇੰਨਚਾਰਜ ਰਣਜੀਤ ਸਿੰਘ ਖੌਜੇਵਾਲ ਨੇ ਆਪਣੇ ਸਾਥੀਆਂ ਸਮੇਤ ਸਫਾਈ ਕਰਮਚਾਰੀ ਯੂਨੀਅਨ ਦੇ ਪੰਜਾਬ ਦੇ ਪ੍ਰਧਾਨ ਗੌਪਾਲ ਥਾਪਰ ਨਾਲ ਸੂਬੇ ਦੀ ਬੇਸ਼ਰਮ ਪੰਜਾਬ ਸਰਕਾਰ ਦੇ ਵਿਰੁਧ ਨਾਅਰੇਬਾਜ਼ੀ ਕਰਕੇ ਆਪਣਾ ਰੋਸ਼ ਅਤੇ ਗੁਸਾ ਪ੍ਰਗਟ ਕੀਤਾ। ਇਸ ਮੌਕੇ ਖੋਜੇਵਾਲ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਰਮਚਾਰੀਆਂ ਦੀਆਂ ਮੰਗਾਂ ਪੂਰੀਆਂ ਨਹੀਂ ਕੀਤੀਆਂ ਗਈਆਂ ਤਾਂ ਉਹ ਪੰਜਾਬ ਸਰਕਾਰ ਵਿਰੁੱਧ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਸਥਾਨਕ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਨਿਸ਼ਾਨਾ ਸਾਧਦੇ ਹੋਏ ਖੋਜੇਵਾਲ ਨੇ ਉਨ੍ਹਾਂ ਨੂੰ ਉਦਘਾਟਨ ਦੀ ਰਾਜਨੀਤੀ ਤੋਂ ਉਪਰ ਉੱਠ ਕੇ ਸਥਾਨਕ ਮੁੱਦਿਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ।ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਜਾਣਬੁੱਝ ਕੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।ਕਰਮਚਾਰੀ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ,ਪਰ ਸਰਕਾਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ।ਖੋਜੇਵਾਲ ਨੇ ਦੋਸ਼ ਲਗਾਇਆ ਕਿ ਸਰਕਾਰ ਇਸ਼ਤਿਹਾਰਬਾਜ਼ੀ ਵਿਚ ਰੁੱਝੀ ਹੋਈ ਹੈ ਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦੇ ਰਹੀ ਹੈ।ਖੋਜੇਵਾਲ ਨੇ ਕਿਹਾ ਕਿ ਸਫਾਈ ਕਰਮਚਾਰੀ ਸਮਾਜ ਦੀ ਮਜ਼ਬੂਤ ਰੀੜ੍ਹ ਦੀ ਹੱਡੀ ਹਨ,ਜਿਨ੍ਹਾਂ ਦੀ ਨਿਰਸਵਾਰਥ ਮਿਹਨਤ ਸ਼ਹਿਰਾਂ ਤੇ ਪਿੰਡਾਂ ਵਿਚ ਸਫਾਈ,ਸਿਹਤ ਤੇ ਮਾਣ-ਸਨਮਾਨ ਨੂੰ ਬਣਾਈ ਰੱਖਦੀ ਹੈ।ਉਹ ਹਰ ਮੌਸਮ ਤੇ ਚੁਣੌਤੀਪੂਰਨ ਸਥਿਤੀਆਂ ਵਿਚ ਕੰਮ ਕਰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਇਕ ਸਾਫ਼ ਤੇ ਸਿਹਤਮੰਦ ਸਮਾਜ ਦਾ ਸੱਚਾ ਥੰਮ੍ਹ ਮੰਨਿਆ ਜਾਂਦਾ ਹੈ।ਉਨ੍ਹਾਂ ਨੂੰ ਰੱਖਿਅਕ ਕਿਹਾ ਜਾਂਦਾ ਹੈ।ਉਨ੍ਹਾਂ ਦੇ ਯੋਗਦਾਨ ਲਈ ਸਤਿਕਾਰ,ਸੁਰੱਖਿਆ ਤੇ ਢੁਕਵੇਂ ਅਧਿਕਾਰ ਜ਼ਰੂਰੀ ਹਨ।ਉਨ੍ਹਾਂ ਕਿਹਾ ਕਿ ਸਫਾਈ ਕਰਮਚਾਰੀ ਸ਼ਹਿਰਾਂ ਤੇ ਪਿੰਡਾਂ ਵਿਚ ਸਫਾਈ ਪ੍ਰਣਾਲੀ ਦੀ ਰੀੜ੍ਹ ਦੀ ਹੱਡੀ ਹਨ;ਉਨ੍ਹਾਂ ਤੋਂ ਬਿਨਾਂ,ਸਫਾਈ ਦਾ ਵਿਚਾਰ ਅਧੂਰਾ ਹੈ।ਉਹ ਨਾ ਸਿਰਫ਼ ਗੰਦਗੀ ਸਾਫ਼ ਕਰਦੇ ਹਨ,ਸਗੋਂ ਮਹਾਮਾਰੀ ਦੇ ਫੈਲਣ ਨੂੰ ਰੋਕਣ ਤੇ ਸਾਫ਼ ਵਾਤਾਵਰਣ ਬਣਾਈ ਰੱਖਣ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।ਉਨ੍ਹਾਂ ਕਿਹਾ ਕਿ ਭਾਜਪਾ ਸਨਮਾਨ ਤੇ ਅਧਿਕਾਰਾਂ ਦੀ ਲੜਾਈ ਵਿਚ ਸਫਾਈ ਕਰਮਚਾਰੀਆਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।ਇਸ ਮੌਕੇ ਤੇ ਭਾਜਪਾ ਐਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੌਸ਼ਨ ਲਾਲ ਸੱਭਰਵਾਲ,ਮੰਡਲ ਪ੍ਰਧਾਨ ਲੱਕੀ ਸਰਪੰਚ,ਯੂਥ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਨੀ ਬੈਂਸ,ਸੀਨੀਅਰ ਭਾਜਪਾ ਆਗੂ ਮੱਸਾ ਸਿੰਘ,ਰਾਜਨ ਠੀਗੀ ਅਤੇ ਭਾਰੀ ਗਿਣਤੀ ਵਿਚ ਰੌਸ ਕਰਦੇ ਸਫਾਈ ਸੇਵਕ ਮੌਜੂਦ ਸਨ।
Leave a Reply