ਜਥੇਦਾਰ ਹਵਾਰਾ ਨੂੰ ਅਜੇ ਨਹੀਂ ਮਿਲੀ ਪੈਰੋਲ, ਫਿਰ ਕਾਹਦੀਆਂ ਵਧਾਈਆਂ ਤੇ ਕਾਹਦਾ ਧੰਨਵਾਦ ?
- ਰਾਜਨੀਤੀ
- 11 Aug, 2026 05:08 PM (Asia/Kolkata)
ਜਗਰਾਉਂ, 9 ਅਗਸਤ (ਕੁਲਵਿੰਦਰ ਸਿੰਘ ਚੰਦੀ): ਕੱਲ੍ਹ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਦਸ ਦਿਨ ਦੀ ਪੈਰੋਲ ਦੇਣ ਲਈ ਪੰਜਾਬ ਦੇ ਰਾਜਪਾਲ ਨੂੰ ਚਿੱਠੀ ਲਿਖ ਕੇ ਸਿਫਾਰਿਸ਼ ਕੀਤੀ ਸੀ। ਇਹ ਖ਼ਬਰ ਸੋਸ਼ਲ ਮੀਡੀਆ 'ਤੇ ਆਉਣ ਅਤੇ ਅਖ਼ਬਾਰਾਂ ਵਿੱਚ ਛਪਦਿਆਂ ਸਾਰ ਕੁਝ ਪੰਥਕ ਜਥੇਬੰਦੀਆਂ, ਪੰਥਕ ਆਗੂਆਂ ਅਤੇ ਸਿੱਖ ਸੰਗਤਾਂ ਨੇ ਸੋਸ਼ਲ ਮੀਡੀਆ ਉੱਤੇ ਅਤੇ ਅੱਜ ਅਖ਼ਬਾਰਾਂ ਲਈ ਪ੍ਰੈਸ ਨੋਟ ਜਾਰੀ ਕਰਕੇ ਭਗਵੰਤ ਮਾਨ ਨੂੰ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਤੇ ਉਸ ਦਾ ਧੰਨਵਾਦ ਕੀਤਾ ਜਾ ਰਿਹਾ ਹੈ ਤੇ ਉਸ ਨੂੰ ਕਈ ਤਰ੍ਹਾਂ ਦੇ ਖ਼ਿਤਾਬ ਵੀ ਬਖਸ਼ੇ ਜਾ ਰਹੇ ਹਨ, ਵਧਾਈਆਂ ਤੇ ਧੰਨਵਾਦ ਦੀ ਹਨੇਰੀ ਝੁੱਲ ਗਈ ਹੈ ਜਿਵੇਂ ਜਥੇਦਾਰ ਜਗਤਾਰ ਸਿੰਘ ਜੀ ਹਵਾਰਾ ਚਿੱਠੀ ਲਿਖਦਿਆਂ ਸਾਰ ਹੀ ਜੇਲ੍ਹੋਂ ਬਾਹਰ ਆ ਗਏ ਹੋਣ, ਉਹਨਾਂ ਨੂੰ ਪੈਰੋਲ ਮਿਲ ਗਈ ਹੋਵੇ ਜਾਂ ਰਿਹਾਈ ਹੋ ਗਈ ਹੋਵੇ ਜਦਕਿ ਅਸਲੀਅਤ ਇਹ ਹੈ ਕਿ ਅਜਿਹਾ ਅਜੇ ਕੁਝ ਵੀ ਨਹੀਂ ਹੋਇਆ। ਪਰ ਕੁਝ ਪੰਥਕ ਅਤੇ ਸਿਆਸੀ ਲੋਕਾਂ ਨੇ ਭਗਵੰਤ ਮਾਨ ਦੇ ਸੋਹਿਲੇ ਗਾਉਣ ਵਿੱਚ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਸੂਝਵਾਨ ਪੰਥਕ ਜਥੇਬੰਦੀਆਂ ਅਤੇ ਪੰਥਕ ਆਗੂ ਇਹ ਸਭ ਵੇਖ ਕੇ ਹੈਰਾਨ ਪਰੇਸ਼ਾਨ ਹਨ ਕਿ ਸਾਡੇ ਲੋਕਾਂ ਦੀ ਅਕਲ ਨੂੰ ਕੀ ਹੋ ਗਿਆ ਹੈ। ਜਦੋਂ ਜਥੇਦਾਰ ਹਵਾਰਾ ਜੀ ਬਾਹਰ ਆਉਣਗੇ ਜੇ ਕਿਸੇ ਨੇ ਸਰਕਾਰ, ਆਗੂ ਜਾਂ ਪ੍ਰਸ਼ਾਸਨਿਕ ਅਦਾਰੇ ਦਾ ਧੰਨਵਾਦ ਕਰਨਾ ਹੈ ਤਾਂ ਉਹ ਜਿੰਨਾ ਮਰਜ਼ੀ ਕਰ ਲਵੇ ਪਰ ਇੱਕ ਚਿੱਠੀ ਨਾਲ ਹੀ ਅਸੀਂ ਇੱਕ ਪਾਸੇ ਨੂੰ ਕਿਉਂ ਉੱਲਰ ਗਏ ਹਾਂ। ਕੀ ਸਾਨੂੰ ਭੁੱਲ ਗਿਆ ਕਿ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਸਰਕਾਰਾਂ ਨੇ ਬੰਦੀ ਸਿੰਘਾਂ ਨੂੰ ਅੰਦਰ ਤਾੜ ਕੇ ਰੱਖਿਆ ਹੋਇਆ ਹੈ। ਕੀ ਸਾਨੂੰ ਯਾਦ ਨਹੀਂ ਕਿ ਮਾਰਚ 2026 ਵਿੱਚ ਪੰਜਾਬ ਸਰਕਾਰ ਨੇ ਹੀ ਭਾਈ ਹਵਾਰਾ ਦੀ ਪੈਰੋਲ ਰੱਦ ਕਰਨ ਦੀ ਅਰਜੀ ਲਿਖੀ ਸੀ। ਪਹਿਲਾਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਨੇ ਅਤੇ ਬਾਅਦ ਵਿੱਚ ਭਾਜਪਾ ਦੀ ਦਿੱਲੀ ਵਿੱਚ ਮੁੱਖ ਮੰਤਰੀ ਰੇਖਾ ਗੁਪਤਾ ਨੇ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਵੀ ਰੋਕੀ ਰੱਖੀ ਸੀ। ਕੀ ਸਾਨੂੰ ਇਹ ਵੀ ਭੁੱਲ ਗਿਆ ਹੈ ਕਿ ਭਗਵੰਤ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਥ ਦੋਖੀ ਐਲਾਨਿਆ ਹੋਇਆ ਹੈ। ਭਗਵੰਤ ਮਾਨ ਨੂੰ ਫਰਿਸ਼ਤਾ, ਦੇਵਤਾ, ਰਹਿਬਰ ਬਣਾਉਣ ਵਾਲਿਆਂ ਨੂੰ ਹੁਣ ਕੀ ਕਹੀਏ ? ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ 6 ਜੂਨ ਅਤੇ ਕੁਝ ਵਕੀਲਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਇਹ ਗੱਲ ਸਪੱਸ਼ਟ ਕੀਤੀ ਹੈ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਅਜੇ ਪੈਰੋਲ ਨਹੀਂ ਮਿਲੀ ਹੈ ਤੇ ਇਹ ਸਾਰਾ ਮਾਮਲਾ ਅਜੇ ਕਾਨੂੰਨੀ ਪ੍ਰਕਿਰਿਆ ਦੇ ਅਧੀਨ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗੇ ਕੌਮੀ ਇਨਸਾਫ ਮੋਰਚੇ ਦੇ ਆਗੂ ਭਾਈ ਪਾਲ ਸਿੰਘ ਫਰਾਂਸ ਵੱਲੋਂ ਨਰਾਜਗੀ ਜਤਾਉਂਦੇ ਹੋਏ ਕਿਹਾ ਗਿਆ ਹੈ ਕਿ ਭਗਵੰਤ ਮਾਨ ਦੀ ਚਿੱਠੀ ਦਾ ਤਾਂ ਸਵਾਗਤ ਹੈ ਪਰ ਦਸ ਦਿਨਾਂ ਦੀ ਪੈਰੋਲ ਦੀ ਸਿਫਾਰਸ਼ ਕਰਨੀ ਸਮਾਂ ਘੱਟ ਹੈ ਇਸ ਨੂੰ ਵਧਾਇਆ ਜਾਵੇ। ਪੰਥਕ ਆਗੂਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਹੁਣ ਛੇਤੀ ਹੀ ਖੁਸ਼ੀ ਦੀ ਖਬਰ ਮਿਲ ਸਕਦੀ ਹੈ ਤੇ ਜਥੇਦਾਰ ਹਵਾਰਾ ਜੀ ਪੈਰੋਲ ਉਤੇ ਬਾਹਰ ਆ ਸਕਦੇ ਹਨ ਪਰ ਭਾਜਪਾ ਸਰਕਾਰ ਪੈਰੋਲ ਵਿੱਚ ਵੱਡਾ ਅੜਿੱਕਾ ਵੀ ਪਾ ਸਕਦੀ ਹੈ। ਜਿਕਰਯੋਗ ਹੈ ਕਿ ਭਾਈ ਹਵਾਰਾ ਦੇ ਮਾਤਾ ਜੀ ਬੀਬੀ ਨਰਿੰਦਰ ਕੌਰ ਇਸ ਸਮੇਂ ਬੇਹੱਦ ਬਿਮਾਰ ਹਨ ਤੇ ਉਹ ਆਪਣੇ ਪੁੱਤਰ ਦੀ ਉਡੀਕ ਕਰ ਰਹੇ ਹਨ।
Leave a Reply