ਕੈਨੇਡਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ : ਭਾਈ ਗੁਰਪ੍ਰੀਤ ਸਿੰਘ

ਕੈਨੇਡਾ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ : ਭਾਈ ਗੁਰਪ੍ਰੀਤ ਸਿੰਘ

ਅੰਮ੍ਰਿਤਸਰ, 23 ਸਤੰਬਰ (ਚਰਨਜੀਤ ਸਿੰਘ): ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦਾ ਕੋਈ ਵੀ ਸੱਚਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹਰਗਿਜ਼ ਸਹਿਣ ਨਹੀਂ ਕਰ ਸਕਦਾ ਹੈ। ਸੁਖਬੀਰ ਸਿੰਘ ਬਾਦਲ ਦੇ ਅਧੀਨ ਸ਼੍ਰੋਮਣੀ ਕਮੇਟੀ ਨੇ ਗੁਰ ਮਰਯਾਦਾ ਦੀਆਂ ਧੱਜੀਆਂ ਉਡਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 225 ਪਾਵਨ ਸਰੂਪ ਸਮੁੰਦਰੀ ਜਹਾਜ਼ਾਂ ਦੇ ਕੰਟੇਨਰਾਂ ਰਾਹੀਂ ਗੁਰਦੁਆਰਾ ਸਿੰਘ ਸਭਾ, 132 ਸਟਰੀਟ, ਕੈਨੇਡਾ ਭੇਜ ਕੇ ਬੇਅਦਬੀ ਕਰਨ ਦਾ ਪਾਪ ਕਮਾਇਆ ਸੀ ਤੇ ਹੁਣ ਗੁਰਦੁਆਰਾ ਸਿੰਘ ਸਭਾ ਕੈਨੇਡਾ ਦੇ ਪ੍ਰਬੰਧਕਾਂ ਨੇ ਪਾਵਨ ਸਰੂਪਾਂ ਨੂੰ ਗੱਡੀਆਂ-ਕਾਰਾਂ ਦੀਆਂ ਡਿੱਗੀਆਂ ਵਿੱਚ ਰੱਖ ਕੇ ਬੜੀ ਭਾਰੀ ਬੇਅਦਬੀ ਕਰਨੀ ਚਾਹੀ ਹੈ ਜੋ ਸਿੱਖ ਕੌਮ ਲਈ ਬਰਦਾਸ਼ਤਯੋਗ ਨਹੀਂ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਦੋ ਗੱਡੀਆਂ ਦੇ ਮਗਰਲੇ ਪਾਸੇ ਡਿੱਗੀ ਵਿੱਚ ਸਿਰਫ ਇੱਕ ਰੁਮਾਲਾ ਵਿਛਾ ਕੇ ਉੱਪਰ 6 ਪਾਵਨ ਸਰੂਪ ਰੱਖਣੇ, ਆਸ ਪਾਸ ਖਾਣ ਪੀਣ ਦਾ ਸਮਾਨ ਖਿੱਲਰਿਆ ਹੋਣਾ, ਜੁੱਤੀਆਂ ਪਾਈਆਂ ਹੋਣੀਆਂ, ਰੁਮਾਲੇ ਵੀ ਖਿੱਲਰੇ ਹੋਣੇ, ਚੌਰ ਸਾਹਿਬ ਨਾ ਹੋਣਾ ਅਤੇ ਨਾ ਹੀ ਮਰਯਾਦਾ ਅਨੁਸਾਰ ਗਿਣਤੀ ਦੇ ਪੂਰੇ ਸਿੰਘ ਹੋਣਾ ਇਹ ਬਹੁਤ ਵੱਡੀ ਕੁਤਾਹੀ ਅਤੇ ਬੇਅਦਬੀ ਹੈ। ਇਸ ਵਿੱਚ ਗੁਰਦੁਆਰਾ ਸਿੰਘ ਸਭਾ ਕੈਨੇਡਾ ਦੇ ਪ੍ਰਬੰਧਕਾਂ ਦੇ ਨਾਲ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਦੋਸ਼ੀ ਹਨ। ਸ਼੍ਰੋਮਣੀ ਕਮੇਟੀ ਨੇ ਪਹਿਲਾਂ ਖੁਦ ਬੇਅਦਬੀ ਕਰਦਿਆਂ ਕੰਟੇਨਰਾਂ ਰਾਹੀਂ ਐਨੀ ਵੱਡੀ ਗਿਣਤੀ ਵਿੱਚ ਪਾਵਨ ਸਰੂਪ ਭੇਜੇ ਸਨ ਅਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਸ ਵਰਤਾਰੇ ਨੂੰ ਰੋਕਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਕਾਰੇ ਨੂੰ ਠੀਕ ਠਹਿਰਾਇਆ ਸੀ। ਹੁਣ ਜਥੇਦਾਰ ਗੜਗੱਜ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਧਾਮੀ ਨੂੰ ਪਾਵਨ ਸਰੂਪਾਂ ਪ੍ਰਤੀ ਗੰਭੀਰ ਹੋ ਜਾਣਾ ਚਾਹੀਦਾ ਹੈ ਤੇ ਅੱਗੇ ਤੋਂ ਅਜਿਹੀ ਗਲਤੀ ਨਾ ਕਰਨ ਤੇ ਗੁਰਦੁਆਰਾ ਸਿੰਘ ਸਭਾ ਉੱਤੇ ਤੁਰੰਤ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਕੀਤੀ ਜਾਵੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.