ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਸਮਾਗਮ ’ਚ ਵੱਧ ਚੜ੍ਹ ਕੇ ਪਹੁੰਚਣ ਸੰਗਤਾਂ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਅੰਤਰਰਾਸ਼ਟਰੀ
- (Asia/Kolkata)
ਅੰਮ੍ਰਿਤਸਰ, 8 ਅਕਤੂਬਰ (ਚਰਨਜੀਤ ਸਿੰਘ): ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਭੈਣ ਜੀ ਬੀਬੀ ਬਲਵਿੰਦਰ ਕੌਰ ਗਦਲੀ, ਜੀਜਾ ਜੀ ਭਾਈ ਇੰਦਰਜੀਤ ਸਿੰਘ ਮੰਡਿਆਲਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖਾਲਸਾ ਨੇ ਕਿਹਾ ਕਿ ਖਾਲਿਸਤਾਨੀ ਸੰਘਰਸ਼ ਦੇ ਜੁਝਾਰੂ-ਜਰਨੈਲ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਦਾ ਮਹਾਨ ਸ਼ਹੀਦੀ ਸਮਾਗਮ ਪਿੰਡ ਗਦਲੀ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ 9 ਅਕਤੂਬਰ ਨੂੰ ਖ਼ਾਲਸਾਈ ਜਾਹੋ-ਜਲਾਲ ਨਾਲ ਮਨਾਇਆ ਜਾ ਰਿਹਾ ਹੈ, ਸਮੁੱਚੀਆਂ ਸਿੱਖ ਸੰਗਤਾਂ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਭਾਈ ਹਰਜਿੰਦਰ ਸਿੰਘ ਜਿੰਦਾ, ਭਾਈ ਸੁਖਦੇਵ ਸਿੰਘ ਸੁੱਖਾ ਅਤੇ ਉਹਨਾਂ ਦੇ ਜੁਝਾਰੂ ਜਥੇ ਨੇ ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਕਰਨ ਵਾਲੇ ਭਾਰਤੀ ਫ਼ੌਜ ਦੇ ਮੁਖੀ ਅਰੁਣ ਵੈਦਿਆ ਅਤੇ ਨਵੰਬਰ 1984 ਵਿੱਚ ਸਿੱਖ ਨਸਲਕੁਸ਼ੀ ਕਰਨ ਵਾਲੇ ਲਲਿਤ ਮਾਕਨ, ਅਰਜਨ ਦਾਸ ਅਤੇ ਹੋਰ ਦੁਸ਼ਟਾਂ ਨੂੰ ਚੁਣ-ਚੁਣ ਕੇ ਸੋਧਿਆ ਸੀ ਅਤੇ ਸਿੱਖ ਕੌਮ ਦੀ ਅਣਖ, ਗ਼ੈਰਤ, ਇੱਜ਼ਤ, ਹੋਂਦ ਨੂੰ ਬਚਾਇਆ ਤੇ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਨੂੰ ਬੁਲੰਦੀਆਂ ’ਤੇ ਪਹੁੰਚਾਇਆ। ਉਹਨਾਂ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ, ਸੰਘਰਸ਼ ਅਤੇ ਨਿਸ਼ਾਨੇ ਉੱਤੇ ਡਟ ਕੇ ਪਹਿਰਾ ਦਿੱਤਾ। ਉਹਨਾਂ ਕਿਹਾ ਕਿ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਪੂਨੇ ਦੀ ਯੇਰਵਾੜਾ ਜੇਲ੍ਹ ਵਿੱਚ ਫਾਂਸੀ ਦੇ ਰੱਸੇ ਨੂੰ ਹੱਸ-ਹੱਸ ਕੇ ਚੁੰਮਿਆ, ਉਹ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਅਤੇ ਖਾਲਿਸਤਾਨ ਦੇ ਜੈਕਾਰੇ ਗਜਾਉਂਦੇ ਹੋਏ ਸ਼ਹਾਦਤਾਂ ਪ੍ਰਾਪਤ ਕਰਕੇ ਅਮਰ ਹੋ ਗਏ। ਇਹਨਾਂ ਯੋਧਿਆਂ ਅਤੇ ਜਰਨੈਲਾਂ ਦਾ ਜੀਵਨ ਸਾਡੇ ਲਈ ਪ੍ਰੇਰਨਾ ਸਰੋਤ ਹੈ ਤੇ ਸਾਨੂੰ ਧਰਮ ਦੀ ਰਾਖੀ ਕਰਨਾ ਸਿਖਾਉਂਦਾ ਹੈ। ਉਹਨਾਂ ਇਹ ਵੀ ਦੱਸਿਆ ਕਿ ਭਾਈ ਸੁੱਖਾ-ਜਿੰਦਾ ਦੀ ਯਾਦ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਵੀ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣਗੇ।
Leave a Reply