ਗਿਆਨੀ ਸਿਮਰਨਜੀਤ ਸਿੰਘ ਨੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ’ਚ ਕੀਤੀ ਮੁੜ ਸ਼ਮੂਲੀਅਤ
- ਰਾਜਨੀਤੀ
- (Asia/Kolkata)
ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਸਵਾਗਤ
ਅੰਮ੍ਰਿਤਸਰ, 8 ਅਕਤੂਬਰ (ਚਰਨਜੀਤ ਸਿੰਘ): ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਨੇ ਪੰਥਕ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ’ਚ ਬੀਤੇ ਕੱਲ੍ਹ ਮੁੜ ਸ਼ਮੂਲੀਅਤ ਕਰ ਲਈ ਹੈ। ਉਹਨਾਂ ਨੂੰ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਸੀਨੀਅਰ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਵੱਲੋਂ ਸਿਰੋਪਾਓ ਪਾ ਕੇ ਜਥੇਬੰਦੀ ਵਿੱਚ ਸ਼ਾਮਲ ਕਰਦਿਆਂ ਸਵਾਗਤ ਕੀਤਾ ਗਿਆ।
ਗਿਆਨੀ ਸਿਮਰਨਜੀਤ ਸਿੰਘ ਦਮਦਮੀ ਟਕਸਾਲ ਨੇ ਜਥੇਬੰਦੀ ਦੇ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਹੁਣ ਦੁਬਾਰਾ ਫੈਡਰੇਸ਼ਨ ਵਿੱਚ ਸਰਗਰਮ ਹੁੰਦਿਆਂ ਖ਼ਾਲਸਾ ਪੰਥ ਅਤੇ ਦੇਸ ਪੰਜਾਬ ਦੀਆਂ ਸੇਵਾਵਾਂ ਨਿਭਾਉਣਗੇ। ਉਹਨਾਂ ਕਿਹਾ ਕਿ ਉਹ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਮਹਾਂਪੁਰਖਾਂ ਅਤੇ ਫੈਡਰੇਸ਼ਨ ਦੇ ਪ੍ਰਧਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਖ਼ਾਲਸਾ ਦੀ ਵਿਚਾਰਧਾਰਾ, ਸੰਘਰਸ਼ ਅਤੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੀ ਆਜ਼ਾਦੀ ਲਈ ਆਪਣਾ ਯੋਗਦਾਨ ਪਾਉਣਗੇ। ਉਹਨਾਂ ਕਿਹਾ ਕਿ ਜਦੋਂ ਅੱਜ ਪੰਥ ਅਤੇ ਪੰਜਾਬ ਉੱਤੇ ਚਾਰੇ ਪਾਸਿਓਂ ਹਮਲੇ ਹੋ ਰਹੇ ਹਨ ਤਾਂ ਇਹਨਾਂ ਦੇ ਬਚਾਅ ਅਤੇ ਕੌਮ ਦੀ ਆਜ਼ਾਦੀ ਲਈ ਹਰ ਸਿੱਖ ਨੂੰ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ। ਗਿਆਨੀ ਸਿਮਰਨਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੇ ਪਹਿਲਾਂ ਵੀ ਸੰਨ 2013 ਤੋਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵਿੱਚ ਸੇਵਾਵਾਂ ਨਿਭਾਈਆਂ ਸਨ, ਪਰ ਸੰਨ 2021 ਵਿੱਚ ਕੁਝ ਨਿੱਜੀ ਰੁਝੇਵਿਆਂ ਕਾਰਨ ਅਸਤੀਫ਼ਾ ਦੇਣਾ ਪਿਆ ਸੀ, ਹੁਣ ਉਹ ਮੁੜ ਜਥੇਬੰਦੀ ਨਾਲ ਮੋਢੇ ਨਾਲ ਮੋਢਾ ਲਾ ਕੇ ਕੌਮੀ ਸੇਵਾਵਾਂ ਵਿੱਚ ਆਪਣਾ ਯੋਗਦਾਨ ਪਾਉਣਗੇ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦੇ ਬਚਨਾਂ ਉੱਤੇ ਪਹਿਰਾ ਦੇਣ ਵਾਲੀ ਜੁਝਾਰੂ ਅਤੇ ਪੰਥਕ/ਖ਼ਾਲਿਸਤਾਨੀ ਧਿਰ ਹੀ ਪੰਥ ਤੇ ਪੰਜਾਬ ਦੀ ਅਸਲ ਵਾਰਿਸ ਹੈ। ਸ਼ਹੀਦਾਂ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਿੱਖ ਨੌਜਵਾਨ ਅਤੇ ਸੰਗਤਾਂ ਤਨ, ਮਨ, ਧਨ ਕਰਕੇ ਸਾਥ ਦੇਣ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਇਸਤਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਬੀਬੀ ਕੁਲਵਿੰਦਰ ਕੌਰ ਖ਼ਾਲਸਾ ਵੀ ਹਾਜ਼ਰ ਸਨ।
Leave a Reply