ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਗਿਆ ਜ਼ਰੂਰੀ ਆਦੇਸ਼

ਗੁਰੂ ਗ੍ਰੰਥ ਸਾਹਿਬ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤਾ ਗਿਆ ਜ਼ਰੂਰੀ ਆਦੇਸ਼

ਅੰਮ੍ਰਿਤਸਰ, 2 ਫ਼ਰਵਰੀ-ਕੰਵਰ ਪ੍ਰਤਾਪ ਸਿੰਘ 
 

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਅੱਜ ਇੱਕ ਜ਼ਰੂਰੀ ਆਦੇਸ਼ ਜਾਰੀ ਕਰਕੇ ਇਸ ਮਾਮਲੇ ਨਾਲ ਸਬੰਧਤ ਸਮੂਹ ਧਿਰਾਂ ਨੂੰ ਸਖ਼ਤ ਹਦਾਇਤ ਕੀਤੀ ਹੈ। ਜਾਰੀ ਕੀਤੀ ਗਏ ਆਦੇਸ਼ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਾਗਤ ਜੋਤ ਗੁਰੂ ਹਨ ਜਿਨ੍ਹਾਂ ਨਾਲ ਹਰ ਗੁਰੂ ਨਾਨਕ ਨਾਮ ਲੇਵਾ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪਿਛਲੇ ਦਿਨੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਇਹ ਹਦਾਇਤ ਕੀਤੀ ਗਈ ਸੀ ਕਿ ਇਸ ਮਾਮਲੇ ਵਿੱਚ ਕਿਸੇ ਵੀ ਧਿਰ ਵੱਲੋਂ ਸਿਆਸਤ, ਦੂਸ਼ਣਬਾਜ਼ੀ, ਕਾਹਲੀ ਅਤੇ ਬਿਆਨਬਾਜ਼ੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਧਿਆਨ ਵਿੱਚ ਆਇਆ ਹੈ ਕਿ ਕੀਤੀ ਗਈ ਹਦਾਇਤ ਦੇ ਬਾਵਜੂਦ ਵੀ ਇਸ ਮਾਮਲੇ ਵਿੱਚ ਕੁਝ ਸਬੰਧਤ ਧਿਰਾਂ ਵੱਲੋਂ ਲਗਾਤਾਰ ਬਿਆਨਬਾਜ਼ੀ ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ ਅਤੇ ਮੀਡੀਆ, ਸੋਸ਼ਲ ਮੀਡੀਆ ਉੱਪਰ ਵੀ ਟ੍ਰਾਇਲ ਚਲਾਇਆ ਜਾ ਰਿਹਾ ਹੈ, ਜੋ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਕੀਤੀ ਹਦਾਇਤ ਦੀ ਭਾਵਨਾ ਦਾ ਸਤਿਕਾਰ ਨਹੀਂ।
ਆਦੇਸ਼ ਵਿੱਚ ਉਨ੍ਹਾਂ ਕਿਹਾ ਕਿ ਜਦੋਂ ਤੱਕ ਜਾਂਚ ਪੜਤਾਲ ਮੁਕੰਮਲ ਨਹੀਂ ਹੁੰਦੀ ਅਤੇ ਸੱਚ ਸਾਹਮਣੇ ਨਹੀਂ ਆਉਂਦਾ, ਉਦੋਂ ਤੱਕ ਕਿਸੇ ਵੀ ਧਿਰ ਜਾਂ ਮੀਡੀਆ ਵੱਲੋਂ ਇਸ ਮਾਮਲੇ ਵਿੱਚ ਬੋਲਣਾ ਅਤੇ ਆਪੋ-ਆਪਣੇ ਹਿਸਾਬ ਨਾਲ ਤੱਥ ਪੇਸ਼ ਕਰਨੇ ਜਾਂ ਬਿਰਤਾਂਤ ਖੜ੍ਹਾ ਕਰਨਾ ਬਿਲਕੁਲ ਵੀ ਵਾਜਬ ਨਹੀਂ, ਕਿਉਂਕਿ ਇਸ ਨਾਲ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਸੰਗਤਾਂ ਵਿੱਚ ਦੁਵਿਧਾ ਪੈਦਾ ਹੁੰਦੀ ਹੈ। ਜਾਂਚ ਮੁਕੰਮਲ ਹੋਣ ਤੱਕ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਜਾਂ ਸਮੂਹ ਧਿਰਾਂ ਜਾਂ ਸਬੰਧਤ ਧਿਰਾਂ ਦੇ ਵਕੀਲਾਂ ਨੂੰ ਵੀ ਇਹ ਅਧਿਕਾਰ ਨਹੀਂ ਹੈ ਕਿ ਉਹ ਇਸ ਮਾਮਲੇ ਉੱਤੇ ਕੋਈ ਪ੍ਰੈੱਸ ਵਾਰਤਾ ਕਰਨ ਜਾਂ ਕਿਸੇ ਤਰ੍ਹਾਂ ਦੀ ਸਿਆਸਤ ਕਰਨ ਜਾਂ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਜਾਂ ਮੀਡੀਆ ਟ੍ਰਾਇਲ ਨੂੰ ਉਤਸ਼ਾਹਿਤ ਕਰਨ ਜਾਂ ਆਪਣੇ ਪੱਧਰ ਉੱਤੇ ਫ਼ੈਸਲੇ ਦੇਣ। 
 ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਮੂਹ ਸਬੰਧਤ ਧਿਰਾਂ ਨੂੰ ਇੱਕ ਵਾਰ ਫਿਰ ਸਖ਼ਤੀ ਨਾਲ ਹਦਾਇਤ ਕੀਤੀ ਕਿ ਜਦੋਂ ਤੱਕ ਜਾਂਚ ਮੁਕੰਮਲ ਨਹੀਂ ਹੋ ਜਾਂਦੀ ਇਸ ਮਾਮਲੇ ਵਿੱਚ ਪੂਰਾ ਸੰਜਮ ਤੇ ਸ਼ਬਦਾਂ ਦੀ ਮਰਯਾਦਾ ਰੱਖਣ ਅਤੇ ਕੀਤੇ ਆਦੇਸ਼ ਦੀ ਪਾਲਣਾ ਕਰਨ। ਉਨ੍ਹਾਂ ਕਿਹਾ ਕਿ ਇਹ ਵੀ ਧਿਆਨ ਵਿੱਚ ਆਇਆ ਹੈ ਕਿ ਪੰਜਾਬ ਪੁਲਿਸ ਦੀ ਜਾਂਚ ਟੀਮ ਜਦੋਂ ਵੀ ਕਿਤੇ ਜਾਂਚ ਪੜਤਾਲ ਦੀ ਕਾਰਵਾਈ ਲਈ ਜਾ ਰਹੀ ਹੈ ਤਾਂ ਉਸ ਦੀ ਜਾਣਕਾਰੀ ਮੀਡੀਆ ਨੂੰ ਲੀਕ ਕਰਕੇ ਖ਼ਬਰਾਂ ਚਲਵਾਈਆਂ ਜਾ ਰਹੀਆਂ ਹਨ ਜੋ ਕਿ ਜ਼ਿੰਮੇਵਾਰੀ ਵਾਲੀ ਅਤੇ ਸੰਜੀਦਾ ਪਹੁੰਚ ਨਹੀਂ ਹੈ।
ਉਨ੍ਹਾਂ ਕਿਹਾ ਕਿ ਜਾਂਚ ਦੇ ਚੱਲਦਿਆਂ ਇਹ ਵੀ ਸਾਹਮਣੇ ਆਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਦਰਸ਼ਨ ਕਰਨ ਲਈ ਪੁਲਿਸ ਵੱਲੋਂ ਬਹੁਤ ਕਾਹਲੀ ਕੀਤੀ ਜਾਂਦੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਵੀ ਤੱਥਾਂ ਰਹਿਤ ਜਾਣਕਾਰੀ ਜਨਤਕ ਕਰਨ ਵਿੱਚ ਵੀ ਕਾਹਲੀ ਕੀਤੀ ਗਈ ਹੈ, ਜਿਸ ਨਾਲ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਪੰਜਾਬ ਅੰਦਰ ਅਮਨ ਕਾਨੂੰਨ ਭੰਗ ਹੋਣ ਜਿਹੀ ਸਥਿਤੀ ਬਨਣ ਦੇ ਹਾਲਾਤ ਵੀ ਪੈਦਾ ਹੋਏ। ਭਾਵੇਂ ਕਿ ਮੌਜੂਦਾ ਵਿਸ਼ੇਸ਼ ਜਾਂਚ ਟੀਮ ਦੀ ਯੋਗਤਾ ਉੱਤੇ ਕੋਈ ਸ਼ੰਕਾ ਨਹੀਂ, ਪਰੰਤੂ ਚੰਗਾ ਹੋਵੇ ਪੰਜਾਬ ਪੁਲਿਸ ਦੀ ਜਾਂਚ ਟੀਮ ਉਹ ਹੋਵੇ ਜਿਸ ਨੂੰ ਗੁਰਮਤਿ ਅਤੇ ਸਿੱਖ ਮਰਯਾਦਾ ਦੀ ਪੂਰਨ ਸਮਝ ਹੋਵੇ ਅਤੇ ਅੰਮ੍ਰਿਤਧਾਰੀ ਸਿੱਖਾਂ ਅਧਾਰਤ ਟੀਮ ਹੋਵੇ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਸੰਜੀਦਗੀ, ਸਹਿਣਸ਼ੀਲਤਾ, ਗੁਰੂ ਸਾਹਿਬ ਦੀ ਬਖ਼ਸ਼ੀ ਬਿਬੇਕ ਬੁੱਧ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਣ ਸਤਿਕਾਰ, ਗੁਰਦੁਆਰਾ ਸਾਹਿਬਾਨ ਦੀ ਮਰਯਾਦਾ ਅਤੇ ਸਤਿਕਾਰ ਨੂੰ ਹਮੇਸ਼ਾ ਧਿਆਨ ਵਿੱਚ ਰੱਖਿਆ ਜਾਵੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.