ਕਰਨਲ ਨਿਸ਼ਾਨ ਦੀਆਂ ਤਾਰੀਖਾਂ 100% ਗਲਤ

ਕਰਨਲ ਨਿਸ਼ਾਨ ਦੀਆਂ ਤਾਰੀਖਾਂ 100% ਗਲਤ

ਕਰਨਲ ਨਿਸ਼ਾਨ ਦੀਆਂ ਤਾਰੀਖਾਂ 100% ਗਲਤ
ਲਕਸ਼ਮੀ ਪੂਜਾ ਬਨਾਮ ਬੰਦੀ ਛੋੜ ਦਿਵਸ

ਦੁਨੀਆਂ ਦੇ ਹੋਰ ਹਿੱਸਿਆ ਵਾਂਗ ਆਪਣੇ ਦੇਸ਼ ਵਿੱਚ ਵੀ ਮੁੱਢ ਕਦੀਮ ਤੋਂ ਵੱਖ-ਵੱਖ ਦਿਨ-ਤਿਉਹਾਰ ਮਨਾਏ ਜਾਂਦੇ ਹਨ। ਜਿਨ੍ਹਾਂ ਦਾ ਸਬੰਧ ਧਰਮ, ਇਤਿਹਾਸ, ਮਿਥਿਹਾਸ ਅਤੇ ਮੌਸਮਾਂ ਆਦਿ ਨਾਲ ਹੈ। ਇਨ੍ਹਾਂ ਤਿਉਹਾਰਾਂ ਦਾ ਆਰੰਭ ਮੌਸਮ ਦੀ ਤਬਦੀਲੀ ਵੇਲੇ, ਮਨੋਰੰਜਨ ਲਈ, ਕੁਦਰਤੀ ਆਫਤਾਂ ਦੀ ਕਰੋਪੀ ਤੋਂ ਬਚਣ ਲਈ ਪੂਜਾ ਆਦਿ ਦੇ ਰੂਪ ਵਿੱਚ ਹੋਇਆਂ ਹੋਵੇਗਾ। ਵੇਲੇ ਦੇ ਮੁੱਖੀਆਂ, ਪੁਜਾਰੀਆਂ ਜਾਂ ਸ਼ੈਤਾਨ ਕਿਸਮ ਦੇ ਲੋਕਾਂ ਨੇ ਆਪਣੀ ਸਹੂਲਤ ਲਈ ਵੱਖ-ਵੱਖ ਤਿਉਹਾਰਾਂ ਲਈ ਵੱਖ-ਵੱਖ ਮਰਯਾਦਾ ਜਾਂ ਰੀਤੀ-ਰਿਵਾਜਾਂ ਦਾ ਵਿਕਾਸ ਕੀਤਾ। ਸਮੇਂ-ਸਮੇਂ ਇਨ੍ਹਾਂ ਦਿਨਾਂ ਨਾਲ ਹੋਰ ਘਟਨਾਵਾਂ ਵੀ ਜੁੜਦੀਆਂ ਗਈਆਂ। ਇਨ੍ਹਾਂ ਤਿਉਹਾਰਾਂ ਵਿੱਚੋਂ ਇਕ ਹੈ ਦੀਵਾਲੀ ਦਾ ਤਿਉਹਾਰ।
ਦੀਵਾਲੀ:- ਜੋ ਅਸਲ ਵਿੱਚ ਧੰਨ-ਦੌਲਤ, ਖੁਸ਼ਹਾਲੀ, ਕਿਸਮਤ, ਅਤੇ ਸੁੰਦਰਤਾ ਦੀ ਦੇਵੀ ਲਕਸ਼ਮੀ ਜਾਂ ਲੱਛਮੀ ਦੀ ਪੂਜਾ ਦਾ ਤਿਉਹਾਰ ਹੈ। ਹਿੰਦੂ ਮਿਥਿਹਾਸ ਮੁਤਾਬਕ ਲਕਸ਼ਮੀ, ਆਦਿ ਦੇਵਤੇ ਵਿਸ਼ਨੂੰ ਦੀ ਪਤਨੀ ਹੈ। ਸਮੇਂ ਸਮੇਂ ਇਸ ਤਿਉਹਾਰ ਨਾਲ ਹੋਰ ਪਾਤਰ ਵੀ ਜੁੜਦੇ ਗਏ, ਜਿਵੇ ਗਣੇਸ਼ ਅਤੇ ਬਾਬਾ ਵਿਸ਼ਵਕਰਮਾ ਆਦਿ। ਸਭ ਤੋਂ ਅਹਿਮ ਪਾਤਰ ਹੈ ਅਯੁੱਧਿਆ ਦੇ ਰਾਜੇ ਦਸ਼ਰਥ ਦਾ ਜੇਠਾਂ ਪੁੱਤਰ ਰਾਮ। ਜਿਸ ਬਾਰੇ ਆਮ ਧਾਰਨਾ ਹੈ ਕਿ ਭਗਵਾਨ ਰਾਮ ਜੀ, ਘਰੇਲੂ ਕਾਰਨਾਂ ਕਾਰਕੇ ਮਿਲੇ 14 ਸਾਲ ਦੇ ਬਣਵਾਸ ਉਪ੍ਰੰਤ, ਕੱਤਕ ਦੀ ਮੱਸਿਆ ਵਾਲੇ ਦਿਨ ਆਪਣੇ ਪ੍ਰਵਾਰ ਸਮੇਤ ਅਯੁੱਧਿਆ ਵਿੱਚ ਵਾਪਸ ਆਏ ਸਨ। ਉਨ੍ਹਾਂ ਦੇ ਵਾਪਸ ਆਉਂਣ ਦੀ ਖੁਸ਼ੀ ਵਿੱਚ, ਅਯੁੱਧਿਆ ਵਾਸੀਆਂ ਨੇ ਦੀਵੇ ਬਾਲ ਕੇ ਖੁਸ਼ੀ ਮਨਾਈ ਸੀ। ਇਸ ਨੁਕਤੇ ਨਾਲ ਕਰਨਲ ਸੁਰਜੀਤ ਸਿੰਘ ਨਿਸ਼ਾਨ ਵੀ ਸਹਿਮਤ ਹਨ। ਉਹ ਆਪਣੇ ਲੇਖ, “ਬੰਦੀ ਛੋੜ ਦਿਵਸ ਅਤੇ ਦੀਵਾਲੀ” ਵਿੱਚ ਲਿਖਦੇ ਹਨ, “ਇਹ ਮੰਨਿਆ ਜਾਂਦਾ ਹੈ ਕਿ ਸ੍ਰੀ ਰਾਮ ਚੰਦਰ ਜੀ 14 ਸਾਲਾਂ ਦਾ ਬਨਵਾਸ ਪੂਰਾ ਕਰ ਕੇ ਇਸ ਦਿਨ ਅਯੋਧਿਆ ਨਗਰੀ ਵਿੱਚ ਪਹੁੰਚੇ ਸਨ ਤੇ ਨਗਰੀ ਦੇ ਲੋਕਾਂ ਨੇ ਦੀਵੇ ਬਾਲ ਕੇ ਖ਼ੁਸ਼ੀਆਂ ਮਨਾਈਆਂ ਸਨ”। 
ਬੰਦੀ ਛੋੜ ਦਿਵਸ:- ਸਿੱਖ ਇਤਿਹਾਸ ਦੇ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮੌਕੇ ਦੀ ਮੁਗਲ ਹਕੂਮਤ ਨੇ, ਕੁਝ ਸਮਾਂ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕਰ ਦਿੱਤਾ ਸੀ। ਇਸ ਕੈਦ ਦੇ ਸਮੇਂ ਸਬੰਧੀ ਵਿਦਵਾਨਾਂ ਵਿੱਚ ਕਾਫੀ ਮੱਤਭੇਦ ਹਨ। ਗੁਰੂ ਜੀ ਦੀ ਰਿਹਾਈ ਬਾਰੇ ਕਿਹਾ ਜਾਂਦਾ ਹੈ ਕਿ ਦੀਵਾਲੀ ਵਾਲੇ ਦਿਨ ਉਨ੍ਹਾ ਨੂੰ ਰਿਹਾ ਕੀਤਾ ਗਿਆ ਸੀ। ਗੁਰੂ ਜੀ ਨੇ ਆਪਣੇ ਨਾਲ 52 ਪਹਾੜੀ ਰਾਜਿਆਂ ਨੂੰ ਵੀ, ਜੋ ਉਸੇ ਕਿਲ੍ਹੇ ਵਿੱਚ ਕੈਂਦ ਸਨ, ਆਪਣੇ ਨਾਲ ਹੀ ਰਿਹਾ ਕਰਵਾਇਆਂ ਸੀ। ਇਸ ਕਾਰਨ ਹੀ ਗੁਰੂ ਜੀ ਨੂੰ ‘ਦਾਤਾ ਬੰਦੀ ਛੋੜ’ ਦੇ ਨਾਮ ਨਾਲ ਵੀ ਯਾਦ ਕੀਤਾ ਜਾਂਦਾ ਹੈ। ਦੂਜੀ ਧਾਰਨਾ ਇਹ ਹੈ ਕਿ, ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਰਿਹਾਈ ਤੋਂ ਪਿਛੋਂ ਦੀਵਾਲੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਗੁਰੂ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਵਿੱਚ ਸੰਗਤਾਂ ਨੇ ਘਿਓ ਦੇ ਦੀਵੇ ਜਗਾਏ ਸਨ। ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਜੀ, ਦੀਵਾਲੀ ਵਾਲੇ ਦਿਨ ਕਿਲ੍ਹੇ ਵਿੱਚੋਂ ਰਿਹਾ ਹੋਏ ਸਨ ਜਾਂ ਦੀਵਾਲੀ ਵਾਲੇ ਦਿਨ ਗੁਰੂ ਸਾਹਿਬ ਜੀ ਅੰਮ੍ਰਿਤਸਾਰ ਸਾਹਿਬ ਵਿਖੇ ਪੁੱਜੇ ਸਨ? 
ਕਰਨਲ ਨਿਸ਼ਾਨ ਜੀ ਲਿਖਦੇ ਹਨ, “ਸਿੱਖ ਧਰਮ ਅੰਦਰ ਬੰਦੀਛੋੜ ਦਿਵਸ ਦਾ ਪਿਛੋਕੜ ਅਤੇ ਮਹੱਤਵ ਗੁਰੂ ਹਰਿਗੋਬਿੰਦ ਮਹਾਰਾਜ ਦਾ ਗਵਾਲੀਅਰ ਦੇ ਕਿਲ੍ਹੇ ਅੰਦਰ ਕੈਦ ਹਿੰਦੁਸਤਾਨ ਦੇ 52 ਹਿੰਦੂ ਰਾਜਿਆਂ ਦੀ ਕਿਲ੍ਹੇ 'ਚੋਂ ਬੰਦ ਖ਼ਲਾਸੀ ਕਰਵਾਉਣ ਵਾਲੀ ਇਤਿਹਾਸਕ ਘਟਨਾ ਨਾਲ ਜੁੜਿਆ ਹੋਇਆ ਹੈ। ਕਿਲ੍ਹੇ ਵਿਚੋਂ 52 ਰਾਜਿਆਂ ਦੀ ਬੰਦ ਖ਼ਲਾਸੀ ਕਰਵਾਉਣ ਕਾਰਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਬੰਦੀ ਛੋੜ ਦਾਤਾ ਕਿਹਾ ਜਾਣ ਲੱਗ ਪਿਆ ਅਤੇ ਉਸ ਦਿਨ ਨੂੰ ਬੰਦੀ ਛੋੜ ਦਿਵਸ ਕਿਹਾ ਜਾਣ ਜਾਂਦਾ ਹੈ। ਗੁਰ ਇਤਿਹਾਸ ਅਨੁਸਾਰ ਗਵਾਲੀਅਰ ਦੇ ਕਿਲ੍ਹੇ ਵਿਚੋਂ 52 ਰਾਜਿਆਂ ਨੂੰ ਮੁਕਤ ਕਰਵਾ ਕੇ ਜਦੋਂ ਗੁਰੂ ਹਰਿ ਗੋਬਿੰਦ ਸਾਹਿਬ ਜੀ ਕਿਲ੍ਹੇ ਵਿਚੋਂ ਬਾਹਰ ਆਏ ਤਾਂ ਗਵਾਲੀਅਰ ਦੇ ਕਿਲ੍ਹੇ ਦੇ ਦਰੋਗੇ ਹਰਿਦਾਸ ਨੇ ਦੀਵਾਲੀ ਮਨਾਈ। ਉਸ ਦਿਨ ਕੱਤਕ ਦੀ ਮੱਸਿਆ ਹੋਣ ਕਾਰਨ ਵੀ ਗਵਾਲੀਅਰ ਵਿੱਚ ਹੋਰ ਹਿੰਦੂ ਘਰਾਂ ਵਿੱਚ ਵੀ ਦਲੇਰੀ ਨਾਲ ਦੀਵਾਲੀ ਮਨਾਈ ਗਈ ਅਤੇ ਇਸ ਲਈ ਬੰਦੀਛੋੜ ਦਿਵਸ ਤੇ ਦੀਵਾਲੀ ਆਪਸ ਵਿੱਚ ਰਲ ਮਿਲ ਗਏ”। 
ਆਓ, ਕਰਨਲ ਨਿਸ਼ਾਨ ਦੇ ਲਿਖਤੀ ਦਾਵੇ ਦੀ ਪੜਤਾਲ ਕਰੀਏ।
ਭਾਵੇ ਕਰਨਲ ਨਿਸ਼ਾਨ ਜੀ ਨੇ ਕਿਸੇ ਇਤਿਹਾਸਿਕ ਵਸੀਲੇ ਦਾ ਜਿਕਰ ਨਹੀਂ ਕੀਤਾ, ਪਰ ਕਿਤਾਬਾਂ ਨਾਲ ਵਾਹ-ਵਾਸਤਾ ਰੱਖਣ ਵਾਲੇ ਸੱਜਣ ਜਾਣਦੇ ਹਨ ਕਿ ਇਹ ਸਾਖੀ ਭੱਟ ਵੱਹੀਆਂ ਵਿੱਚ ਦਰਜ ਹੈ। ਪਿਆਰਾ ਸਿੰਘ ਪਦਮ ਵੱਲੋਂ ਸੰਪਾਦਿਤ ਕੀਤੀ ਕਿਤਾਬ ‘ਗੁਰੂ ਕੀਆਂ ਸਾਖੀਆਂ” ਵਿੱਚ ਇਹ ਸਾਖੀ ਇਵੇ ਦਰਜ ਹੈ, “ਗੁਰੂ ਹਰਿਗੋਬਿੰਦ ਜੀ ਮਹਲ ਛਟਾ ਬੇਟਾ ਗੁਰੂ ਅਰਜਨ ਜੀ ਕਾ, ਸੋਢੀ ਖਤ੍ਰੀ ਚੱਕ ਗੁਰੂ ਕਾ, ਪਰਗਣਾ ਨਿਝਰਆਲਾ, ਸੰਮਤ ਸੋਲਾਂ ਸੈ ਛਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ”। (ਪੰਨਾ 30) ਇਥੇ ਗੁਰੂ ਜੀ ਦੇ ਕਿਲ੍ਹੇ ਵਿੱਚੋਂ ਬਾਹਰ ਆੳਣ ਦੀ ਤਿੱਥ ਕੱਤਕ ਵਦੀ ਚੌਦਸ, ਸੰਮਤ 1676 ਬਿ: (26 ਅਕਤੂਬਰ 1619 ਈ: ਜੂਲੀਅਨ) ਦਰਜ ਹੈ।
“ਨਾਇਕ ਹਰੀ ਰਾਮ ਦਰੋਗਾ ਬੇਟਾ ਹਰਿ ਬੰਸ ਲਾਲ ਕਾ ਪੋਤਾ ਠਾਕਰ ਦਾਸ ਕਾ ਪੜਪੋਤਾ ਧਰਮ ਚੰਦ ਕਾ ਬੰਸ ਰਾਧਾ ਕ੍ਰਿਸ਼ਨ ਕੀ ਚੰਦ੍ਰ ਬੰਸੀ ਜਾਦਵ ਬੜਤੀਆ ਕਨਾਵਤ ਨੇ ਸੰਮਤ 1676 ਕਤਿਕ ਬਦੀ ਚਉਦਸ ਕੇ ਦਿਹੁ ਬੰਦੀ ਛੋਰ ਗੁਰੂ ਹਰਿ ਗੋਬਿੰਦ ਜੀ ਕੇ ਬਾਵਨ ਰਾਜਯੋਂ ਕੇ ਸਾਥ ਬੰਧਨ ਮੁਕਤ ਹੋਇ ਕੇ ਆਨੇ ਕੀ ਖੁਸ਼ੀ ਮੇਂ ਦੀਪ ਮਾਲਾ ਕੀ-ਸਾਰੀ ਨਗਰੀ ਮੇਂ ਖੁਸ਼ੀਆਂ ਕੇ ਬਾਦਲ ਛਾਇ ਗਏ । ਗੁਰੂ ਜੀ ਏਕ ਦਿਬਸ ਨਾਇਕ ਹਰੀ ਰਾਮ ਕੇ ਗ੍ਰਹਿ ਮੇਂ ਨਿਵਾਸ ਕਰਕੇ ਬਦਾਇਗੀ ਲੀ ਰਾਸਤੇ ਕਾ ਪੰਧ ਮੁਕਾਇ ਆਗਰੇ ਬਾਦਸ਼ਾਹ ਜਹਾਂਗੀਰ ਕੇ ਪਾਸ ਜਾਇ ਨਿਵਾਸ ਕੀਆ “। (ਗਿਆਨੀ ਗਰਜਾ ਸਿੰਘ ਦੀ ਇਤਿਹਾਸਕ ਖੋਜ, ਪੰਨਾ 78)
ਪੜਤਾਲ ਕਰਨ ਤੇ ਜਾਣਕਾਰੀ ਮਿਲੀ ਹੈ ਕਿ ਸੰਮਤ 1676 ਬਿ: ਵਿੱਚ ਲਕਸ਼ਮੀ ਪੂਜਾ (ਦੀਵਾਲੀ) ਕੱਤਕ ਦੀ ਚੌਦਸ ਨੂੰ ਸੀ ਨਾ ਕਿ ਕੱਤਕ ਦੀ ਮੱਸਿਆ ਨੂੰ। ਕੱਤਕ ਦੀ ਮੱਸਿਆ ਦਾ ਆਰੰਭ 26 ਅਕਤੂਬਰ ਨੂੰ 11:21 AM ਤੇ ਹੋਇਆ ਸੀ ਅਤੇ ਸਮਾਪਤੀ 27 ਤਾਰੀਖ ਨੂੰ 12:03 PM ਤੇ ਹੋਈ ਸੀ। ਕਿਉਂਕਿ 27 ਤਾਰੀਖ ਨੂੰ ਸਵੇਰੇ ਸੂਰਜ ਚੜਨ ਵੇਲੇ (6:51 AM) ਮੱਸਿਆ ਦੀ ਤਿੱਥ ਸੀ ਇਸ ਲਈ, ਮੱਸਿਆ 27 ਅਕਤੂਬਰ ਦੀ ਹੀ ਸੀ। ਪਰ ਲਕਸ਼ਮੀ ਪੂਜਾ ਦਾ ਮਹੂਰਤ, ਸ਼ਾਮ ਵੇਲੇ (ਸੂਰਜ ਛਿੱਪਣ ਤੋਂ ਪਿਛੋਂ) ਦਾ ਹੋਣ ਕਾਰਨ, ਇਹ ਪੂਜਾ ਪਹਿਲੇ ਦਿਨ ਕੀਤੀ ਜਾਣ ਦਾ ਵਿਧਾਨ ਹੈ। ਇਸ ਲਈ ਦੀਵਾਲੀ 26 ਅਕਤੂਬਰ ਨੂੰ ਮਨਾਈ ਗਈ ਸੀ। 
ਕਰਨਲ ਨਿਸ਼ਾਨ ਨੇ ਆਪਣੀ ਕਿਤਾਬ ‘ਗੁਰਪੁਰਬ ਦਰਪਣ” ਦੇ ਪੰਨਾ 79 ਉੱਪਰ ‘ਬੰਦੀ ਛੋੜ ਪੁਰਬ (ਦੀਵਾਲੀ) ਕੱਤਕ ਦੀ ਮੱਸਿਆ” ਦੇ ਸਿਰਲੇਖ ਹੇਠ ਆਉਣ ਵਾਲੇ ਸਾਲਾਂ (2015-2100) ਦੀਆਂ ਦੀਵਾਲੀ ਦੀਆਂ ਤਾਰੀਖਾਂ ਦਰਜ ਕੀਤੀਆਂ ਹਨ। ਜਿਨ੍ਹਾਂ ਬਾਰੇ ਸਰਦਾਰ ਪਾਲ ਸਿੰਘ ਪੁਰੇਵਾਲ ਨੇ ਸਿਆਟਲ ਵਿਖੇ ਹੋਏ ਸੈਮੀਨਾਰ (15 ਜੁਲਾਈ 2017 ਈ:) ਵਿੱਚ ਕਿਹਾ ਸੀ, ਜੇ ਕਰਨਲ ਨਿਸ਼ਾਨ, ਆਪਣੀਆਂ ਲਿਖੀਆਂ ਤਾਰੀਖਾਂ ਨੂੰ 100% ਸਹੀ ਸਾਬਿਤ ਕਰ ਦੇਣ ਤਾਂ ਮੇਰੇ ਵੱਲੋਂ 5 ਲੱਖ ਰ: ਦਾ ਇਨਾਮ ਦਿੱਤਾ ਜਾਵੇਗਾ। 90% ਤੇ 4 ਲੱਖ, 80% ਤੇਂ 3 ਲੱਖ 70% ਤੇ 2 ਲੱਖ ਅਤੇ 60% ਤਾਰੀਖਾਂ ਸਹੀ ਸਾਹਿਬ ਕਰਨ ਤੇ 1 ਇਕ ਲੱਖ ਰ: ਦਾ ਇਨਾਮ ਦਿੱਤਾ ਜਵੇਗਾ। ਯਾਦ ਰਹੇ ਕਰਨਲ ਨਿਸ਼ਾਨ ਨੇ ਨਾਨਕਸ਼ਾਹੀ ਕੈਲੰਡਰ ਦੀ ਇਕ ਤਾਰੀਖ ਸਹੀ ਸਾਹਿਬ ਕਰਨ ਤੇ 1 ਲੱਖ ਰ: ਦਾ ਇਨਾਮ ਰੱਖਿਆ ਹੋਇਆ ਹੈ। (ਪੰਨਾ 95) ਆਪਣੇ ਨਵੇਂ ਲੇਖ, “ਬੰਦੀ ਛੋੜ ਦਿਵਸ ਅਤੇ ਦੀਵਾਲੀ” ਵਿੱਚ ਕਰਨਲ ਨਿਸ਼ਾਨ ਨੇ ਗੁਰੂ ਜੀ ਦੇ ਕਿਲ੍ਹੇ `ਚ ਬਾਹਰ ਆਉਣ ਦੀ ਤਾਰੀਖ ਕੱਤਕ ਦੀ ਮੱਸਿਆ ਲਿਖੀ ਹੈ। ਜੋ ਕਿ ਸਹੀ ਨਹੀਂ ਹੈ। ਅਸਲ ਵਿੱਚ, ਭੱਟ ਵਹੀ ਮੁਤਾਬਕ ਇਹ ਤਾਰੀਖ ਕੱਤਕ ਵਦੀ ਚੌਦਸ ਹੈ। “ਸੰਮਤ ਸੋਲਾਂ ਸੈ ਛਿਹਤ੍ਰਾ ਕੱਤਕ ਮਾਸੇ ਕ੍ਰਿਸ਼ਨਾ ਪੱਖੇ ਚੌਦਸ ਕੇ ਦਿਹੁੰ ਗੁਰੂ ਜੀ ਬਾਵਨ ਰਾਜਯੋਂ ਕੇ ਗੈਲ ਗੜ੍ਹ ਗੁਆਲੀਅਰ ਸੇ ਬੰਧਨ ਮੁਕਤ ਹੂਏ”। ਇਸ ਕਾਰਨ ਕਰਨਲ ਨਿਸ਼ਾਨ ਵੱਲੋਂ ਆਪਣੀ ਕਿਤਾਬ ਵਿੱਚ ਲਿਖੀਆਂ ਤਾਰੀਖਾਂ (ਪੰਨਾ 79) 100% ਗਲਤ ਸਾਬਿਤ ਹੋ ਜਾਂਦੀਆਂ ਹਨ। 
ਕਰਨਲ ਸੁਰਜੀਤ ਸਿੰਘ ਨਿਸ਼ਾਨ ਵੱਲੋ ਆਪਣੀ ਕਿਤਾਬ ਵਿੱਚ ਦਰਜ ਕੀਤੀਆਂ ‘ਕੱਤਕ ਦੀ ਮੱਸਿਆ’ ਮੁਤਾਬਕ ਤਾਰੀਖਾਂ (ਪੰਨਾ 79), ਜੇ ਕਰ ਤਾਂ ਲਕਸ਼ਮੀ ਪੂਜਾ (ਦੀਵਾਲੀ) ਦੀਆਂ ਹਨ ਤਾਂ ਲੱਗ-ਭੱਗ 50% ਗਲਤ ਹਨ ਅਤੇ ਜੇ ਕਰ ਇਹ ਤਾਰੀਖਾਂ ਬੰਦੀ ਛੋੜ ਦਿਵਸ ਦੀਆਂ ਹਨ ਤਾਂ 100% ਗਲਤ ਹਨ। 
ਕਰਨਲ ਨਿਸ਼ਾਨ ਨੂੰ ਅੱਜ ਦਾ ਸਵਾਲ, ਦਰਬਾਰ ਸਾਹਿਬ ਵਿਖੇ ਦੀਪ ਮਾਲ ਕਿਹੜੇ ਦਿਨ, ਭਾਵ ਜਦੋਂ ਗੁਰੂ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਬਾਹਰ ਆਏ ਸਨ ਜਾਂ ਜਿਸ ਦਿਨ ਗੁਰੂ ਜੀ ਦਰਬਾਰ ਸਾਹਿਬ ਪੁੱਜੇ ਸਨ, ਕੀਤੀ ਗਈ ਗਈ ਸੀ?

ਸ . ਸਰਵਜੀਤ ਸਿੰਘ ਸੈਕਰਾਮੈਂਟੋ
ਸ . ਸਰਵਜੀਤ ਸਿੰਘ ਸੈਕਰਾਮੈਂਟੋ
0019162302102
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.