ਡੇਰਾ ਬਿਆਸ ਮੁਖੀ ਦੀ ਖਡੂਰ ਸਾਹਿਬ ਫੇਰੀ ਨੇ ਛੇੜੀਆਂ ਸਿਆਸੀ ਚਰਚਾਵਾਂ
- ਧਾਰਮਿਕ/ਰਾਜਨੀਤੀ
- 04 Jun, 2026 03:19 AM (Asia/Kolkata)
ਉਦਯੋਗਪਤੀ ਗੁਰਿੰਦਰ ਸਿੰਘ ਟੋਨੀ ਦੇ ਗ੍ਰਹਿ ਪੁੱਜੇ ਬਾਬਾ ਗੁਰਿੰਦਰ ਸਿੰਘ ਢਿੱਲੋਂ,ਮੁਲਾਕਾਤ ਨੂੰ ਲੈ ਕੇ ਅਟਕਲਾਂ ਦਾ ਦੌਰ ਜਾਰੀ
ਰਾਕੇਸ਼ ਨਈਅਰ
ਚੋਹਲਾ ਸਾਹਿਬ/ਖਡੂਰ ਸਾਹਿਬ,4 ਜੂਨ
ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਡੇਹਰਾ ਸਾਹਿਬ ਦੀ ਅਚਾਨਕ ਫੇਰੀ ਨੇ ਸਿਆਸੀ ਅਤੇ ਸਮਾਜਿਕ ਹਲਕਿਆਂ ਵਿੱਚ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ। ਬਾਬਾ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਉੱਘੇ ਉਦਯੋਗਪਤੀ ਗੁਰਿੰਦਰ ਸਿੰਘ ਟੋਨੀ ਭੱਠੇ ਵਾਲਿਆਂ ਦੇ ਗ੍ਰਹਿ ਪੁੱਜ ਕੇ ਉਨ੍ਹਾਂ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਗਈ।ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਮੁਲਾਕਾਤ ਪੂਰੀ ਤਰ੍ਹਾਂ ਪਰਿਵਾਰਕ ਸੀ ਜਾਂ ਇਸ ਦੇ ਪਿੱਛੇ ਕੋਈ ਹੋਰ ਕਾਰਨ ਸੀ।ਇਸ ਫੇਰੀ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਉਦਯੋਗਪਤੀ ਗੁਰਿੰਦਰ ਸਿੰਘ ਟੋਨੀ ਦੀ ਧਰਮਪਤਨੀ ਬੀਬਾ ਰੁਪਿੰਦਰ ਕੌਰ ਰੂਪਾਂ ਪਿਛਲੇ ਕੁਝ ਸਮੇਂ ਤੋਂ ਹਲਕਾ ਖਡੂਰ ਸਾਹਿਬ ਵਿੱਚ ਲਗਾਤਾਰ ਸਰਗਰਮ ਹਨ।ਉਹ ਵੱਖ-ਵੱਖ ਪਿੰਡਾਂ ਵਿੱਚ ਜਾ ਕੇ ਲੋਕਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਸਮਾਜਿਕ ਤੇ ਲੋਕ ਭਲਾਈ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਰਹੇ ਹਨ।ਉਹ ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਹਨ।ਇਸ ਕਾਰਨ ਉਨ੍ਹਾਂ ਦੀਆਂ ਸਿਆਸੀ ਸੰਭਾਵਨਾਵਾਂ ਬਾਰੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਹਨ।
-ਡੇਰਾ ਮੁਖੀ ਦੀ ਫੇਰੀ ਨੂੰ ਜੋੜਿਆ ਜਾ ਰਿਹਾ ਰਾਜਨੀਤਿਕ ਸਮੀਕਰਨਾਂ ਨਾਲ-
ਵਿਧਾਨ ਸਭਾ ਹਲਕਾ ਖਡੂਰ ਸਾਹਿਬ ਵਿੱਚ ਇਸ ਵੇਲੇ ਸਿਆਸੀ ਸਰਗਰਮੀਆਂ ਪੂਰੇ ਜੋਰਾਂ ’ਤੇ ਹਨ। ਕਾਂਗਰਸ ਪਾਰਟੀ ਵੱਲੋਂ ਸਾਬਕਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਲਗਾਤਾਰ ਲੋਕਾਂ ਵਿਚ ਸਰਗਰਮ ਹਨ, ਜਦਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੀਬਾ ਰਮਨਦੀਪ ਕੌਰ ਸ਼ੇਰੋਂ ਨੂੰ ਹਲਕਾ ਇੰਚਾਰਜ ਨਿਯੁਕਤ ਕਰਕੇ ਮੈਦਾਨ ਵਿੱਚ ਉਤਾਰਿਆ ਗਿਆ ਹੈ।ਆਮ ਆਦਮੀ ਪਾਰਟੀ ਵੱਲੋਂ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ।ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਵੱਲੋਂ ਅਜੇ ਤੱਕ ਹਲਕੇ ਲਈ ਕਿਸੇ ਆਗੂ ਨੂੰ ਅਧਿਕਾਰਤ ਤੌਰ ’ਤੇ ਕਮਾਨ ਨਹੀਂ ਸੌਂਪੀ ਗਈ।
ਸੂਤਰਾਂ ਅਨੁਸਾਰ ਪਹਿਲਾਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਡੇਰਾ ਸਤਸੰਗ ਭਵਨ ਚੋਹਲਾ ਸਾਹਿਬ ਵਿਖੇ ਪੁੱਜਣਗੇ,ਜਿਸ ਕਾਰਨ ਵੱਡੀ ਗਿਣਤੀ ਵਿੱਚ ਸੰਗਤਾਂ ਉੱਥੇ ਇਕੱਠੀਆਂ ਹੋਣ ਲੱਗ ਪਈਆਂ ਸਨ। ਪਰ ਬਾਅਦ ਵਿੱਚ ਪਤਾ ਲੱਗਾ ਕਿ ਉਹ ਸਿੱਧੇ ਪਿੰਡ ਡੇਹਰਾ ਸਾਹਿਬ ਵਿਖੇ ਗੁਰਿੰਦਰ ਸਿੰਘ ਟੋਨੀ ਦੇ ਗ੍ਰਹਿ ਪੁੱਜੇ ਅਤੇ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਵਾਪਸ ਚਲੇ ਗਏ।
ਭਾਵੇਂ ਇਸ ਮੁਲਾਕਾਤ ਬਾਰੇ ਕਿਸੇ ਪੱਖ ਵੱਲੋਂ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ,ਪਰ ਹਲਕੇ ਵਿੱਚ ਚੱਲ ਰਹੀਆਂ ਸਿਆਸੀ ਗਤੀਵਿਧੀਆਂ ਦੇ ਮੱਦੇਨਜ਼ਰ ਡੇਰਾ ਮੁਖੀ ਦੀ ਇਸ ਫੇਰੀ ਨੂੰ ਕਈ ਲੋਕ ਰਾਜਨੀਤਿਕ ਨਜ਼ਰੀਏ ਨਾਲ ਵੀ ਦੇਖ ਰਹੇ ਹਨ।ਇਸ ਕਾਰਨ ਖਡੂਰ ਸਾਹਿਬ ਦੇ ਸਿਆਸੀ ਮਾਹੌਲ ਵਿੱਚ ਨਵੀਆਂ ਚਰਚਾਵਾਂ ਛਿੜ ਗਈਆਂ
Leave a Reply