ਆਤਮਕ ਅਡੋਲਤਾ ਦਾ ਵਿਸਮਾਦ ਸ੍ਰੀ ਗੁਰੂ ਗੋਬਿੰਦ ਸਿੰਘ ਡਾ. ਸਤਿੰਦਰ ਪਾਲ ਸਿੰਘ
- ਗੁਰਬਾਣੀ-ਇਤਿਹਾਸ
- 23 Dec, 2025 05:53 AM (Asia/Kolkata)
ਆਤਮਕ ਅਡੋਲਤਾ ਦਾ ਵਿਸਮਾਦ ਸ੍ਰੀ ਗੁਰੂ ਗੋਬਿੰਦ ਸਿੰਘ -ਡਾ. ਸਤਿੰਦਰ ਪਾਲ ਸਿੰਘ
ਧਾਰਮਿਕ ਪਖੰਡ ਤੇ ਆਡੰਬਰ ਵਿਰੁੱਧ ਖੜੇ ਹੋਣਾ ਸਦਾ ਮੁਸ਼ਕਲਾਂ ਭਰਿਆ ਰਿਹਾ ਹੈ I ਜਦੋਂ ਧਰਮ ਦਾ ਸਵਰੂਪ ਹੀ ਵਿਗੜ ਜਾਏ ਤੇ ਉਸ ਨੂੰ ਤੰਗਦਿਲ ਰਾਜਸੀ ਤਾਕਤ ਦਾ ਵੀ ਸਾਥ ਮਿਲ ਜਾਏ ਤਾਂ ਧਰਮ ਦੀ ਮਰਿਆਦਾ ਕਾਇਮ ਰੱਖਣਾ ਨਾਮੁਮਕਿਨ ਹੋ ਜਾਂਦਾ ਹੈ I ਇਤਿਹਾਸ ਗਵਾਹ ਹੈ ਕਿ ਜਦੋਂ ਵੀ ਇਹੋ ਜਿਹੇ ਹਾਲਾਤ ਬਣੇ ਧਰਮ ਦੀ ਤਾਕਤ ਹਾਰ ਕੇ ਚੁੱਪ ਬਹਿ ਗਈ ਤੇ ਮਨੁੱਖੀ ਕਦਰਾਂ ਕੀਮਤਾਂ ਦਾ ਭਾਰੀ ਘਾਣ ਹੋਇਆ ਹੈ I ਰੱਬ ਤੇ ਧਰਮ ਤੇ ਕਿਸੇ ਖਾਸ ਵਰਗ ਦਾ ਹੱਕ ਹੈ I ਇਸ ਭਰਮ ਨੂੰ ਗੁਰੂ ਨਾਨਕ ਸਾਹਿਬ ਨੇ ਸਚ ਦੀ ਸ਼ਕਤੀ ਨਾਲ ਚੂਰ – ਚੂਰ ਕੀਤਾ ਤੇ ਧਰਮ ਨੂੰ ਲੋਕ ਪੱਖੀ ਬਣਾਉਣ ‘ਚ ਸਫਲ ਹੋਏ I ਦਸਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਧਰਮ ਦੇ ਨਾਂ ਤੇ ਮਨਮਰਜੀ ਕਰਨ , ਜਬਰ ਜੁਲਮ ਢਾਉਣ ਵਾਲੀਆਂ ਤਾਕਤਾਂ ਨੂੰ ਸਚ ਤੇ ਸ਼ਸਤਰ ਦੀ ਰਲਵੀਂ ਸ਼ਕਤੀ ਨਾਲ ਕਰਾਰੀ ਸ਼ਿਕਸਤ ਦੇ ਅਦੁੱਤੀ ਇਤਿਹਾਸ ਰਚਿਆ I ਦਰਅਸਲ ਸਚ ਤੇ ਪਹਿਰਾ ਦੇਣ ਲਈ ਗੱਲਾਂ ਨਹੀਂ , ਆਤਮ ਬਲ ਦੀ ਲੋੜ ਹੁੰਦੀ ਹੈ I ਸ਼ਸਤਰ ਵੀ ਆਤਮਕ ਬਲ ਨਾਲ ਹੀ ਚੁੱਕੇ ਜਾਂਦੇ ਹਨ ਨਿਰੀ ਸ਼ਰੀਰਕ ਤਾਕਤ ਨਾਲ ਨਹੀਂ I ਗੁਰੂ ਨਾਨਕ ਸਾਹਿਬ ਦੇ ਜੀਵਨ ਕਾਲ ‘ਚ ਜਬਰ ਜੁਲਮ ਦਾ ਦੌਰ ਆਰੰਭ ਹੋਇਆ ਸੀ ਜੋ ਗੁਰੂ ਤੇਗ ਬਹਾਦਰ ਜੀ ਦੇ ਕਾਲ ਤੱਕ ਆਉਂਦੀਆਂ , ਆਉਂਦੀਆਂ ਘਿਨਾਉਣਾ ਰੂਪ ਲੈ ਚੁੱਕਿਆ ਸੀ I ਵਿਸ਼ਾਲ ਭਾਰਤੀ ਭੂ ਭਾਗ ਤੇ ਧਰਮ ਪੂਰੀ ਤਰਹ ਕਮਜੋਰ ਤੇ ਲਾਚਾਰ ਨਜਰ ਆ ਰਿਹਾ ਸੀ I ਇੱਕ ਸਿੱਖ ਪੰਥ ਹੀ ਲੋਕਾਂ ਅੰਦਰ ਆਸ ਬੰਨਣ ਵਾਲਾ ਨਜਰ ਆ ਰਿਹਾ ਸੀ I ਉਸ ਆਸ ਨੂੰ ਵਿਸ਼ਵਾਸ ‘ਚ ਬਦਲਦੀਆਂ ਗੁਰੂ ਤੇਗ ਬਹਾਦਰ ਸਾਹਿਬ ਦਾ ਬਲਿਦਾਨ ਹੋਇਆ I ਇਸ “ ਕੀਨੋ ਬਡੋ ਕਲੂ ਮਹਿ ਸਾਕਾ “ ਦੇ ਮੋਢੀ ਨੌ ਵਰ੍ਹਿਆਂ ਦੇ ਬਾਲ ਰੂਪ ਗੁਰੂ ਗੋਬਿੰਦ ਸਿੰਘ ਹੀ ਸਨ I ਇਹ ਸੋਚ ਕੇ ਵੀ ਰੋਮ ਰੋਮ ਸਿਹਰ ਉੱਠਦਾ ਹੈ ਕਿ ਕੋਈ ਬਾਲਕ ਕਿਸੇ ਹੋਰ ਧਰਮ ਦੀ ਰਖਿਆ ਲਈ ਆਪਨੇ ਪਿਤਾ ਦੀ ਸ਼ਹੀਦੀ ਦਾ ਸਹਿਜ ਹੀ ਸੰਕਲਪ ਬੰਨ ਲਏ I ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਿਤਾ ਹੀ ਨਹੀਂ ਅੱਗੇ ਚੱਲ ਕੇ ਸਰਬੰਸ ਧਰਮ ਦੇ ਮਾਰਗ ਤੇ ਨਿਉਛਾਵਰ ਕਰ ਦਿੱਤਾ I ਸਾਰਾ ਸੰਸਾਰ ਅੱਜ ਵੀ ਹੈਰਤ ਕਰਦਾ ਹੈ ਕਿ ਅਜਿਹਾ ਇਸ ਧਰਤੀ ਤੇ ਵਾਪਰਿਆ I ਗੁਰੂ ਸਾਹਿਬ ਨੇ ਆਪ ਹੀ ਸਰਬੰਸ ਦਾਨ ਨਹੀਂ ਕੀਤਾ ਇੱਕ ਪੂਰੀ ਦੀ ਪੂਰੀ ਕੌਮ ਹੀ ਉਸਾਰ ਦਿੱਤੀ “ ਪਾਵਨ ਪੰਥ ਖਾਲਸਹਿ ਪ੍ਰਗਟਯੋ “ ਜਿਸ ਦਾ ਮਕਸਦ ਹੀ ਧਰਮ ਲਈ ਸਚਿਆਰ ਜੀਵਨ ਜੀਉਣਾ ਤੇ ਸਵੈਮਾਣ ਨਾਲ ਮਰਨਾ ਸੀ I ਦਸਮ ਪਿਤਾ ਦੀ ਮਹਾਨਤਾ ਸੀ ਕਿ ਆਪ ਨੇ ਨਾ ਕੇਵਲ ਆਪਨੇ ਸਮੇਂ ਨੂੰ ਸੰਭਾਲਿਆ , ਧਰਮ ਦਾ ਭਵਿੱਖ ਵੀ ਸਦਾ ਲਈ ਸੰਵਾਰ ਗਏ I ਇਹ ਕੌਤਕ ਕਿਸੇ ਸੰਸਾਰਕ ਮਨੁੱਖ ਦੇ ਵਸ ਦਾ ਨਹੀਂ I ਸੰਸਾਰ ਅੰਦਰ ਇਹ ਵਿਸਮਾਦ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਵਰਤਾ ਸੱਕਦੇ ਸਨ ਜਾਂ ਰੱਬ ਆਪ I
ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਡਿਆਈ ਸੀ ਕਿ ਆਪ ਨੇ ਆਪਣੀ ਵਿਸਮਾਦੀ ਤਾਕਤ ਨੂੰ ਕਦੇ ਵੀ ਸੰਸਾਰ ਤੋਂ ਲੁਕੋਇਆ ਨਹੀਂ I ਗੁਰੂ ਸਾਹਿਬ ਨੇ ਆਵਾਜ ਦਿੱਤੀ ਕਿ “ ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ “ I ਪਰਮਾਤਮਾ ਲਈ ਗਹਿਰੀ ਤੇ ਅਡੋਲ ਭਾਵਨਾ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਾਕਤ ਸੀ I ਗੁਰੂ ਸਾਹਿਬ ਭਾਵਨਾ ਦੇ ਸ਼ਿਖਰ ਤੇ ਜਾ ਪੁੱਜੇ ਤੇ ਪਰਮਾਤਮਾ ਨਾਲ ਏਕਾਕਾਰ ਹੋ ਗਏ ਸਨ I ਗੁਰੂ ਸਾਹਿਬ ਤੇ ਪਰਮਾਤਮਾ ਵਿਚਕਾਰ ਕੋਈ ਦੂਰੀ , ਕੋਈ ਭੇਦ ਹੀ ਨਹੀਂ ਸੀ ਰਿਹਾ I ਦਸਮ ਪਿਤਾ ਨੇ ਪਰਮਾਤਮਾ ਲਈ ਆਪਨੇ ਅੰਤਰ ਦੇ ਅਥਾਹ ਪ੍ਰੇਮ ਤੇ ਭਰੋਸੇ ਨੂੰ ਪਾਵਨ ਬਾਣੀ ਜਾਪੁ ਅੰਦਰ ਵਿਸਤਾਰ ਨਾਲ ਪਰਗਟ ਕੀਤਾ I. ਆਪ ਲਈ ਪਰਮਾਤਮਾ ਵਡਿਆਈ ਦਾ ਅਖੰਡ ਤੇ ਅਨੰਤ ਤੇਜ ਸੀ “ ਅਚਲ ਮੂਰਤਿ ਅਨਭਉ ਪ੍ਰਕਾਸ ਅਮਿਤੋਜਿ ਕਹਿੱਜੈ “ I ਇਸ ਤੇਜ ਨੂੰ ਗੁਰੂ ਸਾਹਿਬ ਨੇ ਸ੍ਰਿਸ਼ਟੀ ਤੇ ਕਣ – ਕਣ ਅੰਦਰ ਵਰਤਦਿਆਂ ਵੇਖਿਆ ਤੇ ਉਸ ਦੇ ਹਰ ਰੂਪ ਨੂੰ ਨਮਨ ਕੀਤਾ I ਸੁੱਖ ਸੀ ਤਾਂ ਵੀ ਪਰਮਾਤਮਾ ਤੇ ਭਰੋਸਾ ਤੇ ਭਾਵਨਾ ਸੀ I ਦੁਖ ਅੰਦਰ ਵੀ ਪਰਮਾਤਮਾ ਲਈ ਪ੍ਰੇਮ ਤੇ ਸ਼ੁਕਰਾਨਾ ਬਣਿਆ ਰਿਹਾ I ਸ਼ਾਂਤੀ ਕਾਲ ਸੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪਰਮਾਤਮਾ ਦੀ ਭਗਤੀ ਕੀਤੀ I ਪਰਮਾਤਮਾ ਦੀ ਵਡਿਆਈ ਦੇ ਗ੍ਰੰਥ ਲਿਖੇ ਤੇ ਲਿਖਵਾਏ , ਸਿੱਖਾਂ ਨੂੰ ਬਾਣੀ ਦ੍ਰਿੜ੍ਹ ਕਰਾਈ ਤੇ ਧਰਮ ਨੂੰ ਨਵੀਂ ਉਚਾਈ ਦਿੰਦਿਆਂ ਖਾਲਸਾ ਪੰਥ ਸਾਜਿਆ I ਵੈਰੀ ਨੇ ਵਿਪਦਾਵਾਂ ਖੜੀਆਂ ਕੀਤੀਆਂ
-੨-
ਤਾਂ ਸਰਬੰਸ ਵਾਰ ਧਰਮ ਲਈ ਅਟਲ ਰਹਿਣ ਦੀ ਜਾਚ ਦੱਸੀ I ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸੰਸਾਰ ਨੂੰ ਕਰ ਵਿਖਾਇਆ ਕਿ ਪਰਮਾਤਮਾ ਭਗਤੀ ਲਈ ਰਾਜ ਪਾਟ , ਫੌਜ , ਖਜਾਨੇ ਤੇ ਰੁਤਬੇ ਆਦਿਕ ਹਰ ਸੰਸਾਰਕ ਪ੍ਰਾਪਤੀ ਠੁਕਰਾਈ ਜਾ ਸੱਕਦੀ ਹੈ I ਪਰਮਾਤਮਾ ਤੇ ਭਰੋਸਾ ਅਨਮੋਲ ਹੈ I
ਕਿ ਤੋ ਰਾ ਗਰੂਰ ਅਸਤ ਬਰ ਮੁਲਕੋ ਮਾਲ
ਵ ਮਾਰਾ ਪਨਾਹ ਅਸਤ ਯਜਦਾਂ ਅਕਾਲ I
( ਜਫਰਨਾਮਾ )
ਗੁਰੂ ਗੋਬਿੰਦ ਸਿੰਘ ਸਾਹਿਬ ਲਈ ਧਰਮ ਦੀ ਰਾੱਖੀ ਸਭ ਤੋਂ ਉੱਪਰ ਸੀ I ਆਪ ਨੇ ਕਿਸੇ ਵੀ ਜਾਬਰ , ਅਧਰਮੀ , ਅਨਿਆਈ ਦੀ ਕਦੇ ਵੀ ਕੋਈ ਪਰਵਾਹ ਨਹੀ ਕੀਤੀ ਤੇ ਧਰਮ ਦੇ ਮਨੋਰਥ ਨੂੰ ਅੱਗੇ ਵਧਾਇਆ I ਗੁਰੂ ਸਾਹਿਬ ਦੇ ਸਾਹਮਣੇ ਪਹਾੜੀ ਰਾਜੇ ਵੀ ਸਨ , ਮੁਗਲ ਸਲਤਨਤ ਵੀ ਸੀ , ਧਾਰਮਕ ਮਹੰਤ ਵੀ ਸਨ ਤੇ ਸਮਾਜਕ ਠੇਕੇਦਾਰ ਵੀ I ਇਕੱਲੇ ਗੁਰੂ ਸਾਹਿਬ ਨੇ ਨੌ ਸਾਲ ਦੀ ਉਮਰ ਤੋਂ ਗੁਰਗੱਦੀ ਤੇ ਵਿਰਾਜਮਾਨ ਹੋ ਪੰਥਕ ਮਿਸ਼ਨ ਆਰੰਭ ਕੀਤਾ ਤੇ ਹਰ ਵਿਘਨ ਤੋਂ ਬੜੀ ਨਿਰਭੈਤਾ ਨਾਲ ਪਾਰ ਪਾਉਂਦੇ ਗਏ I ਆਪ ਨੇ ਜੇ ਪੰਥ ਨੂੰ ਸੇਧ ਦੇਣ ਲਈ ਮਸੰਦ ਸੋਧੇ ਤਾਂ ਪੰਥ ਦੀ ਪ੍ਰਫੁੱਲਤਾ ਲਈ ਪਹਾੜੀ ਰਾਜੇ ਤੇ ਮੁਗਲ ਵੀ . ਸਿੱਖਾਂ ਨੂੰ ਖਾਲਸਾਈ ਰੂਪ ਬਖਸ਼ ਕੇ ਗੁਰੂ ਸਾਹਿਬ ਨੇ ਸਮਾਜਕ ਭੇਦਭਾਵ , ਜਾਤ – ਪਾਤ ਦੀਆਂ ਦੀਵਾਰਾਂ ਨੂੰ ਸਦਾ ਲਈ ਢਹਾ ਦਿੱਤਾ I ਗੁਰੂ ਸਾਹਿਬ ਨੇ ਪਿਤਾ ਗੁਰੂ ਤੇਗ ਬਹਾਦਰ ਜੀ – ਮਾਤਾ ਗੁਜਰ ਕੌਰ ਜੀ ਤੇ ਚਾਰ ਸਾਹਿਬਜਾਦਿਆਂ ਦਾ ਦੁਨਿਆ ਦਾ ਸਭ ਤੋਂ ਵੱਡਾ ਦਾਨ ਸਹਿਜ ਹੀ ਦੇਣਾ ਕਬੂਲ ਕੀਤਾ , ਮਾਛੀਵਾੜੇ ਦੇ ਜੰਗਲ ਵਿੱਚ ਪੱਥਰ ਤੇ ਇਕੱਲੇ ਰਾਤਾਂ ਗੁਜਾਰੀਆਂ ਪਰ ਪੰਥਕ ਮਿਸ਼ਨ ਨੂੰ ਰੁਕਣ ਨਹੀਂ ਦਿੱਤਾ I ਸੰਸਾਰ ਨੂੰ ਗੁਰੂ ਸਾਹਿਬ ਦੀ ਸਭ ਤੋਂ ਵੱਡੀ ਬਖਸ਼ਿਸ਼ ਆਪਣਾ ਰੂਪ , ਆਪਣਾ ਬਲ ਖੰਡੇ ਬਾਟੇ ਤੇ ਅੰਮ੍ਰਿਤ ਰਾਹੀਂ ਲੱਖਾਂ ਲੋਕਾਂ ਵਿੱਚ ਸਮੋ ਦੇਣਾ ਸੀ I
ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜ ਕੇ ਸਵੈਮਾਨ ਨਾਲ ਭਰੇ ਹੋਏ ਅਜਿਹੇ ਭਗਤ ਸਿਰਜੇ ਜੋ ਰਹਿਤ ਤੇ ਸਿਦਕ ਦੇ ਪੂਰੇ ਹੋਣ ਕਿਉਂਕਿ ਪਰਮਾਤਮਾ ਦੀ ਕਿਰਪਾ ਸੱਚਾ ਆਚਰਣ ਕਰਨ ਵਾਲੀਆਂ ਤੇ ਹੀ ਹੁੰਦੀ ਹੈ I ਵਿਕਾਰਾਂ ਤੇ ਮਾਇਆ ਦੇ ਮੋਹ ਨੂੰ ਤਿਆਗ ਕੇ ਹੀ ਪਰਮਾਤਮਾ ਦੀ ਸ਼ਰਣ ਮਿਲਦੀ ਹੈ “ ਕਾਮ ਕ੍ਰੋਧ ਹੰਕਾਰ ਲੋਭ ਹਠ ਮੋਹ ਨ ਮਨ ਸਿਉ ਲ੍ਯਾਵੈ , ਤਬ ਹੀ ਆਤਮ ਤਤ ਕੋ ਦਰਸੇ ਪਰਮ ਪੁਰਖ ਕਹ ਪਾਵੈ “ I ਆਚਾਰਵੰਤ ਖਾਲਸਾ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਤਮਕ ਸ਼ਕਤੀ ਦੀ ਅਦੁੱਤੀ ਕਲਪਨਾ ਸੀ ਜਿਸ ਨੇ ਸਾਕਾਰ ਰੂਪ ਲਿਆ I ਖਾਲਸਾ ਦਾ ਸਵਾ ਲੱਖ ਨਾਲ ਇਕੱਲਿਆਂ ਮੋਰਚਾ ਲੈਣ ਦਾ ਜਜਬਾ , ਜੰਗ ਦੇ ਮੈਦਾਨ ਅੰਦਰ ਜੀਵਨ ਤਲੀ ਤੇ ਰੱਖ ਕੇ ਨਿਕਲਣ ਦਾ ਹੌਸਲਾ ਤੇ ਸ਼ਹੀਦੀ ਨੂੰ ਸੁਭਾਗ ਮੰਨਨ ਦੀ ਭਾਵਨਾ ਪਰਮਾਤਮਾ ਤੇ ਵਿਸ਼ਵਾਸ ਤੇ ਦਸਮ ਪਿਤਾ ਦੀ ਮਿਹਰ ਸਦਕਾ ਪ੍ਰਾਪਤ ਹੋਏ ਸਨ I ਗੁਰੂ ਸਾਹਿਬ ਨੇ ਆਪਣਾ ਬਲ ਖਾਲਸਾ ਸਮੋ ਦਿੱਤਾ “ ਖਾਲਸਾ ਮੇਰੋ ਰੂਪ ਹੈ ਖਾਸ , ਖਾਲਸਹ ਮਹਿ ਹਉਂ ਕਰਹੁੰ ਨਿਵਾਸ “ I ਖਾਲਸਾਈ ਸ਼ਹੀਦੀਆਂ ਤੇ ਬਹਾਦਰੀ ਦੇ ਸ਼ਾਨਦਾਰ ਇਤਿਹਾਸ ਪਿੱਛੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਸਾਫ਼ ਨਜਰ ਆਉਂਦੀ ਹੈ I
ਸਿੱਧੀ ਨਹੀਂ ਰਹਿਤ ਦਾ ਮੋਲ ਹੈ I ਸ਼ਹੀਦੀ ਨਹੀਂ ਸਿਦਕ ਦਾ ਮੋਲ ਹੈ I ਵਿਰਲੇ ਹੀ ਰਹਿਤ ਤੇ ਸਿਦਕ ਤੇ ਅਡੋਲ ਰਹਿਣ ਨਾਲ ਵਿਸਮਾਦੀ ਇਤਿਹਾਸ ਰਚੇ ਜਾਂਦੇ ਹਨ I ਗੁਰੂ ਗੋਬਿੰਦ ਸਿੰਘ ਸਾਹਿਬ ਪਰਮ ਪੁਰਖ ਸਨ , ਯੁਗ ਨਾਇਕ ਸਨ . ਗੁਰੂ ਗੋਬਿੰਦ ਸਿੰਘ ਸਾਹਿਬ ਦਾ ਦਰਸ਼ਨ ਪਰਮਾਤਮਾ ਦਾ ਦਰਸ਼ਨ ਹੈ I ਅਸਲ ਵਿਸਮਾਦ ਸੀ ਕਿ ਦਸਮ ਪਿਤਾ ਨੇ ਜਨ – ਜਨ ਨੂੰ ਅਡੋਲਤਾ ਦਾ ਪਾਠ ਪੜ੍ਹਾਇਆ ਤੇ ਆਪਨੇ ਜਿਹਾ ਬਣਾ ਦਿੱਤਾ ‘ ਗੁਰ ਸਿਖਹੁ ਗੁਰ ਸਿਖੁ ਹੋਇ ਹੈਰਾਣਿਆ “ I
Leave a Reply