ਦੁਸ਼ਮਣਾਂ ਤੋਂ ਵੀ ਵੱਧ ਗੱਦਾਰ ਖ਼ਤਰਨਾਕ ਨੇ...
- ਅੰਤਰਰਾਸ਼ਟਰੀ
- 24 Mar, 2026 07:36 PM (Asia/Kolkata)
ਸਿੱਖ ਕੌਮ ਦਾ ਏਨਾ ਨੁਕਸਾਨ ਤਾਂ ਦੁਸ਼ਮਣ ਵੀ ਨਹੀਂ ਕਰ ਪਾਏ ਜਿੰਨਾ ਗੱਦਾਰਾਂ ਨੇ ਕੀਤਾ ਹੈ। ਦੁਸ਼ਮਣ ਦਾ ਤਾਂ ਪਤਾ ਹੁੰਦਾ ਹੈ ਕਿ ਇਹ ਦੁਸ਼ਮਣ ਹੈ ਪਰ ਗੱਦਾਰ ਦਾ ਤਾਂ ਪਤਾ ਵੀ ਨਹੀਂ ਲੱਗਦਾ ਤੇ ਜਦੋਂ ਗੱਦਾਰ, ਵੱਡੀ ਗੱਦਾਰੀ ਕਰਦਾ ਹੈ ਓਦੋਂ ਤਕ ਤਾਂ ਬਹੁਤ ਕੁਝ ਤਬਾਹ ਹੋ ਚੁੱਕਾ ਹੁੰਦਾ ਹੈ। ਮੌਜੂਦਾ ਹਲਾਤਾਂ ਨੂੰ ਵੇਖਦਿਆਂ ਇਹ ਕਹਿਣਾ ਪਏਗਾ ਕਿ ਜੇ ਸਿੱਖ ਕੌਮ ਵਿੱਚ ਅਣਖੀਲੇ ਸਰਦਾਰ ਹਨ ਤਾਂ ਗੱਦਾਰ ਵੀ ਘੱਟ ਨਹੀਂ ਹਨ। ਹੁਣ ਤਾਂ ਗੱਦਾਰੀ ਦਿਨੋਂ-ਦਿਨ ਹੋਰ ਵੀ ਵੱਧਦੀ ਜਾਂਦੀ ਹੈ ਕਿਉਂਕਿ ਇੱਕ ਗੱਦਾਰ ਜੋ ਦੁਸ਼ਮਣ ਨਾਲ ਮਿਲ ਕੇ ਹੋਰ ਗਦਾਰ ਪੈਦਾ ਕਰਦਾ ਹੈ ਜਿਸ ਬਾਰੇ ਇੱਕ ਕਹਾਣੀ ਯਾਦ ਆ ਗਈ।
ਇੱਕ ਬਜ਼ਾਰ ਵਿੱਚ ਇੱਕ ਸ਼ਿਕਾਰੀ ਤਿੱਤਰ ਵੇਚ ਰਿਹਾ ਸੀ। ਓਹਦੇ ਕੋਲ਼ ਛੋਟੇ ਬਕਸੇ 'ਚ ਇੱਕ ਤਿੱਤਰ, ਤੇ ਵੱਡੇ ਬਕਸੇ 'ਚ ਬਹੁਤ ਸਾਰੇ ਤਿੱਤਰ ਸਨ। ਗਾਹਕ ਨੇ ਪੁੱਛਿਆ ਕਿ "ਇੱਕ ਤਿੱਤਰ ਕਿੰਨੇ ਦਾ ਹੈ ?" ਤਾਂ ਸ਼ਿਕਾਰੀ ਨੇ ਕਿਹਾ "40 ਰੁਪਏ ਦਾ।" ਗਾਹਕ ਨੇ ਛੋਟੇ ਬਕਸੇ ਵਾਲ਼ੇ ਤਿੱਤਰ ਵੱਲ ਇਸ਼ਾਰਾ ਕਰ ਕੇ ਪੁੱਛਿਆ "ਆਹ ਕਿੰਨੇ ਦਾ ?" ਤਾਂ ਸ਼ਿਕਾਰੀ ਨੇ ਕਿਹਾ, “ਅੱਬਲ ਤਾਂ ਮੈਂ ਏਹਨੂੰ ਵੇਚਣਾ ਨਹੀਂ ਚਾਹੁੰਦਾ, ਲੇਕਿਨ ਜੇ ਤੁਸੀਂ ਜ਼ਿੱਦ ਕਰਦੇ ਹੋ ਤਾਂ ਇਸ ਦੀ ਕੀਮਤ 500 ਰੁਪਏ ਹੋਵੇਗੀ।” ਗਾਹਕ ਨੇ ਬੜੀ ਹੈਰਾਨੀ ਨਾਲ਼ ਪੁੱਛਿਆ, “ਬਾਕੀਆਂ ਨਾਲ਼ੋਂ ਇਸ ਦੀ ਕੀਮਤ ਵੱਧ ਕਿਉਂ ?” ਸ਼ਿਕਾਰੀ ਨੇ ਕਿਹਾ “ਏਹ ਮੇਰਾ ਪਾਲਤੂ ਵਫ਼ਾਦਾਰ ਜਾਨਵਰ ਹੈ, ਇਸ ਦੀ ਖ਼ਾਸੀਅਤ ਇਹ ਹੈ ਕਿ ਏਹ ਆਵਦੇ ਸਾਥੀਆਂ ਨੂੰ ਜਾਲ਼ ਵਿੱਚ ਫਸਾਉਣ ਦੀ ਕਲਾ ਜਾਣਦਾ ਏ, ਬਾਕੀ ਦੇ ਤਿੱਤਰ ਸਭ ਇਹਦੇ ਫਸਾਏ ਹੋਏ ਨੇ, ਏਹ ਚੀਖ-ਪੁਕਾਰ ਕਰ ਕੇ ਆਪਣੇ ਸਾਥੀਆਂ ਨੂੰ ਕੋਲ਼ ਬੁਲਾ ਕੇ ਮੇਰੇ ਜਾਲ਼ ਵਿੱਚ ਫਸਾਉਂਦਾ ਏ, ਬਾਕੀ ਦੇ ਘੱਟ ਸਮਝ ਵਾਲ਼ੇ ਤਿੱਤਰ ਬਿਨਾਂ ਸੋਚੇ ਸਮਝੇ ਇਕੱਠੇ ਹੁੰਦੇ ਨੇ ਤੇ ਮੈਂ ਉਹਨਾਂ ਨੂੰ ਜਾਲ਼ ਵਿੱਚ ਫਸਾ ਲੈਦਾ ਹਾਂ। ਇਸ ਤੋਂ ਬਾਅਦ ਫਸਾਉਣ ਵਾਲ਼ੇ ਤਿੱਤਰ ਨੂੰ ਮੈਂ ਮਨਪਸੰਦ ਖੁਰਾਕ ਵੀ ਦੇਂਦਾ ਹਾਂ, ਜੀਹਦੇ ਕਰਕੇ ਇਹ ਹਮੇਸ਼ਾਂ ਖੁਸ਼ ਰਹਿੰਦਾ ਏ, ਇਸ ਲਈ ਇਸ ਦੀ ਕੀਮਤ ਜ਼ਿਆਦਾ ਏ।”
ਬਜ਼ਾਰ ਵਿੱਚ ਇੱਕ ਸਮਝਦਾਰ ਆਦਮੀ ਨੇ ਸ਼ਿਕਾਰੀ ਨੂੰ 500 ਰੁਪਏ ਦੇ ਕੇ ਸ਼ਰੇਆਮ ਬਜ਼ਾਰ 'ਚ ਤਿੱਤਰ ਦੀ ਗਰਦਨ ਮਰੋੜ ਦਿੱਤੀ। ਜਦੋਂ ਕਿਸੇ ਨੇ ਪੁੱਛਿਆ ਕਿ "ਤੁਸੀਂ ਏਦਾਂ ਕਿਉਂ ਕੀਤਾ ?" ਤਾਂ ਓਹਦਾ ਜਵਾਬ ਸੀ, "ਦਗ਼ੇਬਾਜ਼ ਨੂੰ ਜਿਊਣ ਦਾ ਕੋਈ ਹੱਕ ਨਹੀਂ। ਜੋ ਆਵਦੇ ਲੋਭ ਲਈ ਆਪਣੇ ਭਾਈਚਾਰੇ ਨੂੰ ਫਸਾਉਣ ਦਾ ਕੰਮ ਕਰੇ ਤੇ ਆਪਣੇ ਹੀ ਲੋਕਾਂ ਨੂੰ ਧੋਖਾ ਦੇਵੇ, ਏਦਾਂ ਦੇ ਬੇਈਮਾਨਾਂ ਦਾ ਮਰ ਜਾਣਾ ਜ਼ਿਆਦਾ ਬਿਹਤਰ ਏ।"
ਸਿੱਖ ਕੌਮ ਵਿੱਚ ਇਹੋ ਜਿਹੇ ਹਜ਼ਾਰਾਂ ਲੋਕ ਨੇ ਜਿਹੜੇ ਸ਼ਰੇਆਮ ਸਿੱਖਾਂ ਨੂੰ ਦੁਸ਼ਮਣ ਦੇ ਜਾਲ਼ ਵਿੱਚ ਫਸਾਉਂਦੇ ਨੇ। ਭਾਰਤੀ ਹਕੂਮਤੀ ਨਿਜ਼ਾਮ ਉਹਨਾਂ ਨੂੰ ਵਧੀਆ ਸਰਕਾਰੀ ਅਹੁਦੇ, ਕਰੋੜਾਂ ਪੈਸੇ, ਕਾਰਾਂ-ਕੋਠੀਆਂ ਤੇ ਹੋਰ ਬਥੇਰੀਆਂ ਚੀਜ਼ਾਂ ਦਿੰਦਾ ਹੈ ਤੇ ਉਹ ਵੱਧ ਤੋਂ ਵੱਧ ਸਿੱਖਾਂ ਨੂੰ ਫਸਾ ਰਹੇ ਹਨ। ਸਭ ਤੋਂ ਖਤਰਨਾਕ ਉਹ ਨੇ ਜਿਨ੍ਹਾਂ ਨੂੰ ਹਾਕਮ ਖੁੱਲ੍ਹ ਦਿੰਦਾ ਹੈ ਕਿ ਸਿੱਖਾਂ ਨੂੰ ਫਸਾਉਣ ਲਈ ਤੁਸੀਂ ਭਰਮ-ਭੇਖ ਵੀ ਬਣਾਈ ਰੱਖੋ, ਸਿੱਖਾਂ ਦੀਆਂ ਸੰਸਥਾਵਾਂ ਅਤੇ ਸੰਪਰਦਾਵਾਂ ਉੱਤੇ ਵੀ ਕਾਬਜ ਰਹੋ, ਅਕਾਲੀ ਤੇ ਪੰਥਕ ਬਣਨ ਦੇ ਡਰਾਮੇ ਵੀ ਕਰੀ ਚੱਲੋ, ਧਾਰਮਿਕ ਬਾਣਾ ਪਾ ਕੇ ਰੱਖੋ ਤੇ ਸਾਡੇ ਨਾਲ ਖੜ੍ਹ ਕੇ ਸਾਡੀ ਸਿਆਸਤ ਚਮਕਾਓ, ਲੋੜ ਪਵੇ ਤਾਂ ਸਿੱਖ ਇੱਕ ਵੱਖਰੀ ਕੌਮ ਅਤੇ ਸਿੱਖੀ ਮਰਯਾਦਾ ਦੀ ਗੱਲ ਵੀ ਕਰ ਲਵੋ ਪਰ ਕੰਮ ਸਾਰੇ ਹਿੰਦੂਆਂ ਵਾਲੇ ਅਤੇ ਗੁਰਮਤਿ ਵਿਰੁੱਧ ਕਰੋ-ਕਰਾਓ, ਬਾਕੀ ਸਿਆਸੀ ਪਾਰਟੀਆਂ ਦੀ ਧੱਕੇਸ਼ਾਹੀ ਅਤੇ ਜ਼ੁਲਮਾਂ ਦੀ ਗੱਲ ਕਰੋ ਪਰ ਸਾਡੇ ਸਿਰਫ ਸੋਹਿਲੇ ਗਾਓ ਤੇ ਵੱਧ ਤੋਂ ਵੱਧ ਸਿੱਖਾਂ ਤੇ ਪੰਜਾਬੀਆਂ ਨੂੰ ਮੂਰਖ ਬਣਾਓ, ਸਾਡੇ ਵੱਲੋਂ ਕੀਤੇ ਨੁਕਸਾਨਾਂ ਦੀ ਜਗ੍ਹਾ ਲਾਭ ਗਿਣਾਓ ਤੇ ਆਪਣੇ ਹੀ ਜਰਨੈਲਾਂ ਤੇ ਆਗੂਆਂ ਨੂੰ ਭੰਡ ਕੇ ਲੋਕਾਂ ਦੀਆਂ ਨਜ਼ਰਾਂ 'ਚ ਦੋਸ਼ੀ ਬਣਾਓ, ਵੱਖਰੇ ਸਿੱਖ ਰਾਜ ਦੀ ਗੱਲ ਕਰਨ ਵਾਲੇ ਪੰਥ-ਪ੍ਰਸਤ ਸਿੱਖਾਂ ਨੂੰ ਨਕਾਰ ਕੇ ਤੇ ਬਦਨਾਮ ਕਰਕੇ ਸਿੱਖ ਕੌਮ ਨੂੰ ਭਾਰਤੀ ਰੱਥ 'ਤੇ ਚੜ੍ਹਾਓ ਤੇ ਸਿੱਖਾਂ ਦੀ ਗ਼ੁਲਾਮੀ ਹੋਰ ਪੱਕੀ ਕਰਕੇ ਵੱਡੇ ਇਨਾਮ ਪਾਓ।
ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਦੁਸ਼ਮਣਾਂ ਤੋਂ ਵੀ ਵੱਧ ਗੱਦਾਰ ਖ਼ਤਰਨਾਕ ਨੇ ਤੇ ਇਹੀ ਕੁਝ ਸਿੱਖ ਕੌਮ ਅਤੇ ਪੰਜਾਬ ਨਾਲ ਹੋ ਰਿਹਾ ਹੈ। ਇਸ ਲਈ ਸਾਨੂੰ ਗੱਦਾਰਾਂ ਦੀ ਪਛਾਣ ਕਰਕੇ ਸਭ ਤੋਂ ਪਹਿਲਾਂ ਇਹਨਾਂ ਦੀ ਹੀ ਧੌਣ ਮਰੋੜਨੀ ਚਾਹੀਦੀ ਹੈ, ਨਹੀਂ ਤਾਂ ਇਹ ਗੱਦਾਰ ਹੋਰ ਗਦਾਰ ਪੈਦਾ ਕਰ-ਕਰ ਕੇ ਸਿੱਖ ਕੌਮ ਅਤੇ ਪੰਜਾਬ ਦੀ ਪਿੱਠ 'ਚ ਛੁਰੇ ਖੋਭਦੇ ਰਹਿਣਗੇ। "ਬਰਬਾਦ ਗੁਲਿਸਤਾਂ ਕਰਨੇ ਕੋ, ਏਕ ਹੀ ਉਲੂ ਕਾਫੀ ਥਾ, ਹਰ ਸ਼ਾਖ ਪੇ ਉੱਲੂ ਬੈਠਾ ਹੈ, ਅੰਜ਼ਾਮ ਏ ਗੁਲਿਸਤਾਂ ਕਿਆ ਹੋਗਾ।"
ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ: 8872293883.
Leave a Reply