ਪੰਥਕ ਏਕਤਾ ਸਮੇਂ ਦੀ ਲੋੜ ਪਰ...
- ਰਾਜਨੀਤੀ
- 09 Aug, 2026 01:53 PM (Asia/Kolkata)
ਅੱਜ ਹਰ ਪੰਥਕ ਜਥੇਬੰਦੀ ਵੱਲੋਂ ਅਤੇ ਕੌਮ ਦਾ ਦਰਦ ਰੱਖਣ ਵਾਲੇ ਹਰ ਪੰਥ ਦਰਦੀ ਵੱਲੋਂ ਨਾ ਕੇਵਲ ਸੋਸ਼ਲ ਮੀਡੀਆ 'ਤੇ ਹੀ ਸਗੋਂ ਹਰ ਪੰਥਕ ਇਕੱਤਰਤਾ ਵਿੱਚ ਪੰਥਕ ਏਕਤਾ ਕਰਨ ਦਾ ਹੀ ਹੋਕਾ ਦਿੱਤਾ ਜਾ ਰਿਹਾ ਹੈ ਜੋ ਕਿ ਸਮੇਂ ਦੀ ਮੰਗ ਅਨੁਸਾਰ ਬਹੁਤ ਜਰੂਰੀ ਵੀ ਹੈ। ਕਿਉਂਕਿ ਜਦੋਂ ਤੱਕ ਅਸੀਂ ਪੰਥਕ ਸੋਚ ਰੱਖਣ ਵਾਲੀਆਂ ਧਿਰਾਂ ਇੱਕ ਪਲੇਟਫਾਰਮ ਤੇ ਇਕੱਠੇ ਨਹੀਂ ਹੋਵਾਂਗੇ, ਸਾਡੀ ਬੇੜੀ ਇਸੇ ਤਰ੍ਹਾਂ ਹੀ ਮੰਝਧਾਰ ਵਿੱਚ ਡੱਕੇ ਡੋਲੇ ਖਾਂਦੀ ਰਹੇਗੀ। ਅੱਜ ਹਰ ਪੰਥ ਦਰਦੀ ਦੇ ਮਨ ਵਿੱਚ ਕੇਵਲ ਇਹੀ ਸੋਚ ਹੈ ਕਿ ਆਖਿਰ ਕਾਰਨ ਕੀ ਹੈ ਜੋ ਸਾਡੇ ਪੰਥਕ ਏਕਤਾ ਵੱਲ ਵੱਧਦੇ ਕਦਮ ਅੱਧਵਾਟੇ ਹੀ ਰਹਿ ਜਾਂਦੇ ਹਨ।
ਬੇਸ਼ੱਕ ਸਾਨੂੰ 70 ਸਾਲਾਂ ਤੋਂ ਵੀ ਵਧੇਰੇ ਸਮਾਂ ਹੋ ਗਿਆ ਹੈ, ਆਪਣੇ ਹੱਕਾਂ ਲਈ ਜੂਝਦਿਆਂ, ਪਰ ਕੋਈ ਪ੍ਰਾਪਤੀ ਤਾਂ ਕੀ ਸਗੋਂ ਸਾਡੇ ਪੱਲੇ ਨਿਰਾਸ਼ਾ ਹੀ ਪਈ ਹੈ। ਕਾਰਨ... ਕਿ ਅਸੀਂ ਸਾਰੇ ਇੱਕਜੁੱਟ ਨਾ ਹੋ ਕੇ ਆਪਣੀ ਵੱਖਰੀ ਵੱਖਰੀ ਡਫਲੀ ਵਜਾ ਰਹੇ ਹਾਂ ਜਿਸ ਕਰਕੇ ਸਰਕਾਰਾਂ ਸਾਡੇ ਧਰਮ ਵਿੱਚ ਦਖਲ ਅੰਦਾਜੀ ਕਰਕੇ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰ ਰਹੀਆਂ ਹਨ।
ਕੌਮੀ ਸ਼ਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ, ਗੁਰੂ ਪੰਥ ਦੀ ਚੜ੍ਹਦੀ ਕਲਾ ਅਤੇ ਕੌਮੀ ਘਰ ਖਾਲਿਸਤਾਨ ਦੀ ਮੰਜ਼ਿਲ ਤੱਕ ਪਹੁੰਚਣ ਲਈ "ਪੰਥ ਵਸੇ ਮੈ ਉਜੜਾਂ " ਦੇ ਸਿਧਾਂਤ 'ਤੇ ਪਹਿਰਾ ਦਿੰਦਿਆਂ ਸਾਨੂੰ ਉਜੜਨਾ ਤਾਂ ਮਨਜ਼ੂਰ ਹੈ ਪਰ ਅਸੀਂ ਆਪਣੇ ਗੁਰੂ ਦੇ ਸਿਧਾਂਤਾਂ ਅਤੇ ਸ਼ਹੀਦਾਂ ਦੇ ਨਿਸ਼ਾਨੇ ਤੋਂ ਇੱਕ ਇੰਚ ਵੀ ਇਧਰ ਉਧਰ ਨਹੀਂ ਹੋ ਸਕਦੇ। ਨਿਸ਼ਾਨੇ, ਸਿਧਾਂਤ ਅਤੇ ਆਪਣੀ ਜੁਬਾਨ ਤੋਂ ਥਿੜਕਣ ਭਾਵ ਮੁਕਰਨ ਵਾਲਿਆਂ 'ਤੇ ਸਿੱਖ ਕੌਮ ਨਾ ਕਦੇ ਵਿਸ਼ਵਾਸ ਕਰੇਗੀ ਅਤੇ ਨਾ ਹੀ ਉਹਨਾਂ ਨੂੰ ਮੁਆਫ ਕਰੇਗੀ।
ਬੇਸ਼ੱਕ ਏਕਤਾ ਦਾ ਹੋਕਾ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਦੇ ਰਹੀਆਂ ਹਨ ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਬਿਨਾਂ ਮੈਨੂੰ ਅਜਿਹੀ ਕੋਈ ਵੀ ਰਾਜਨੀਤਿਕ ਪਾਰਟੀ ਨਜ਼ਰ ਨਹੀਂ ਆ ਰਹੀ ਜੋ ਆਪਣੀ ਕਹਿਣੀ ਅਤੇ ਕਰਨੀ ਪਹਿਰਾ ਦਿੰਦਿਆਂ ਸਮੂਹ ਬੰਦੀ ਸਿੰਘਾਂ ਦੀ ਰਿਹਾਈ, ਜੇਲਾਂ ਵਿੱਚ ਬੰਦ ਨੌਜਵਾਨਾਂ ਦੀ ਜਮਾਨਤ, ਕਰਤਾਰਪੁਰ ਸਾਹਿਬ ਲਾਂਘੇ ਅਤੇ ਅੰਤਰਰਾਸ਼ਟਰੀ ਸਰਹੱਦੀ ਵਪਾਰ ਵਰਗੇ ਮੁੱਦਿਆਂ ਤੋਂ ਇਲਾਵਾ ਆਪਣੇ ਕੌਮੀ ਘਰ ਖਾਲਿਸਤਾਨ ਲਈ ਜਦੋਂ ਜਹਿਦ ਕਰ ਰਹੀ ਹੋਵੇ, ਹਿੱਕ ਠੋਕ ਕੇ ਆਪਣੀ ਆਜ਼ਾਦੀ ਦੀ ਲੜਾਈ ਲੜ ਰਹੀ ਹੋਵੇ।
" ਹੱਕ ਲੈਣ ਲਈ ਹਿੱਕ ਡਾਹਣੀ ਪੈਂਦੀ ਹੈ " ਸੋ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਬ੍ਹ ਹਿੱਕ ਠੋਕ ਕੇ ਮਨੁੱਖੀ ਅਧਿਕਾਰਾਂ 'ਤੇ ਪਹਿਰਾ ਦੇਣ ਦੀ ਗੱਲ ਕਰਦੇ ਆ ਰਹੇ ਹਨ।
ਅਸੀਂ ਚਾਹੁੰਦੇ ਹਾਂ ਕਿ ਪੰਥਕ ਸੋਚ ਰੱਖਣ ਵਾਲੇ ਸਾਰੇ ਪੰਥਕ ਧੜੇ ਜਿਵੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਕਾਲੀ ਦਲ ਵਾਰਸ ਪੰਜਾਬ ਦੇ, ਅਕਾਲੀ ਦਲ ਪੁਨਰ ਸੁਰਜੀਤ, ਮਿਸਲ ਸਤਲੁਜ, ਇੰਟਰਨੈਸ਼ਨਲ ਪੰਥਕ ਦਲ, ਯੂਨਾਈਟਿਡ ਅਕਾਲੀ ਦਲ ਇਹ ਸਾਰੀਆਂ ਜਥੇਬੰਦੀਆਂ ਆਪਣੇ ਪਿਛਲੇ ਸਾਰੇ ਮੱਤਭੇਦ ਅਤੇ ਵਖਰੇਵੇਂ ਭੁਲਾ ਕੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਆਸਰਾ ਲੈਂਦਿਆਂ ਇੱਕ ਪਲੇਟਫਾਰਮ 'ਤੇ ਇਕੱਠਿਆਂ ਹੋ ਕੇ ਇੱਕ ਸਾਂਝੇ ਏਜੰਡੇ ਤੇ ਕੰਮ ਕਰਨ। ਕਿਉਂਕਿ ਏਕਤਾ ਉਹੀ ਸਾਰਥਕ ਹੈ ਜੋ ਪੰਥ ਦੇ ਭਵਿੱਖ ਨੂੰ ਮਜਬੂਤ ਕਰੇ। ਅਤੇ ਇਹ ਏਕਤਾ ਬਿਨਾਂ ਕਿਸੇ ਸਵਾਰਥ ਅਤੇ ਲਾਲਚ ਤੋਂ ਸਿੱਖੀ ਦੇ ਸਿਧਾਂਤਾਂ, ਪੰਥਕ ਮਰਿਆਦਾ ਅਤੇ ਕੌਮੀ ਹਿਤਾਂ ਨੂੰ ਮੁੱਖ ਰੱਖ ਕੇ ਕੀਤੀ ਜਾਵੇ। ਕਿਉਂਕਿ ਇਹ ਸਿਧਾਂਤਕ ਏਕਾ ਹੀ ਭਵਿੱਖ ਵਿੱਚ ਕੌਮ ਦੀ ਸੱਚੀ ਸੁੱਚੀ ਅਤੇ ਸਹੀ ਨੁਮਾਇੰਦਗੀ ਕਰ ਸਕਦਾ ਹੈ। ਇਸ ਲਈ ਏਕਤਾ ਦਾ ਮੁੱਖ ਆਧਾਰ ਨਿੱਜੀ ਹਿੱਤ ਜਾਂ ਕੇਵਲ ਸਿਆਸੀ ਲਾਭ ਨਾ ਹੋ ਕੇ ਸੱਚ, ਹੱਕ ਇਨਸਾਫ ਅਤੇ ਅਜ਼ਾਦੀ ਲਈ ਹੋਣਾ ਚਾਹੀਦਾ ਹੈ ਜੋ ਕਿ ਆਪਣੇ ਕੌਮੀ ਘਰ ਖਾਲਿਸਤਾਨ ਤੋਂ ਬਿਨਾਂ ਸੰਭਵ ਨਹੀਂ ਹੈ।
ਸਮਝ ਨਹੀਂ ਆਉਂਦੀ ਕਿ ਆਖਰ ਕਾਰਨ ਕੀ ਹੈ ਕਿ ਸਾਰੀਆਂ ਜਥੇਬੰਦੀਆਂ ਜਾਂ ਪਾਰਟੀਆਂ ਦੇ ਆਗੂਆਂ ਵੱਲੋਂ ਏਕਤਾ - ਏਕਤਾ ਦਾ ਹੋਕਾ ਦੇਣ ਦੇ ਬਾਵਜੂਦ ਵੀ ਗੱਲ ਸਿਰੇ ਨਹੀਂ ਚੜ ਰਹੀ। ਸਾਨੂੰ ਇਨਾ ਕਾਰਨਾਂ ਤੇ ਘੋਖ ਕਰਨੀ ਹੋਵੇਗੀ।
ਮੰਨਦੇ ਹਾਂ ਕਿ ਦਿੱਲੀ ਨਾਲ ਸਾਡਾ ਪੰਜ ਸਦੀਆਂ ਦਾ ਵੈਰ ਹੈ, ਅਤੇ ਆਪਣਾ ਇਹ ਪੰਜ ਸਦੀਆਂ ਦਾ ਵੈਰ ਕੱਢਣ ਦੇ ਲਈ ਦਿੱਲੀ ਦੀ ਸੈਂਟਰ ਸਰਕਾਰ ਹਰ ਹੀਲਾ ਵਰਤ ਰਹੀ ਹੈ ਸਿੱਖੀ ਦਾ ਨਾਮੋ ਨਿਸ਼ਾਨ ਮਿਟਾਉਣ ਦੇ ਲਈ। ਜੋ ਸੰਭਵ ਤਾਂ ਨਹੀਂ ਹੈ ਪਰ ਫਿਰ ਵੀ ਸਾਨੂੰ ਇਸ ਬਾਰੇ ਸੋਚਣਾ ਪੈਣਾ ਹੈ ਕਿ ਅਸੀਂ ਦਿੱਲੀ ਦੀ ਇਸ ਮਨੂੰ ਸਿਮਰਤਵਾਦੀ ਹਿੰਦੂਤਵੀ ਸਰਕਾਰ ਤੋਂ ਆਪਣੀ ਹੋਂਦ ਅਤੇ ਸਿੱਖੀ ਸੰਸਕਾਰਾਂ ਨੂੰ ਕਿਵੇਂ ਬਚਾਉਣਾ ਹੈ, ਅਤੇ ਬਰਕਰਾਰ ਰੱਖਣਾ ਹੈ। ਇੱਕ ਗੱਲ ਤਾਂ ਤੈਅ ਹੈ ਕਿ ਜਦੋਂ ਤੱਕ ਕੇਂਦਰੀ ਏਜੰਡੇ ਵਾਲੇ ਸਾਡੇ ਅੱਗੇ ਲੱਗੇ ਰਹਿਣਗੇ, ਭਾਵ ਬਾਦਲਕਿਆਂ ਦਾ ਬੋਲ ਬਾਲਾ ਹਾਵੀ ਰਹੇਗਾ, ਉਦੋਂ ਤੱਕ ਏਕਤਾ ਹੋਣੀ ਤਾਂ ਕੀ ਏਕਤਾ ਬਾਰੇ ਸੋਚਣਾ ਵੀ ਨਾ ਮੁਮਕਿਨ ਹੈ।
ਏਕਤਾ ਕਿਵੇਂ ਹੋ ਸਕਦੀ ਹੈ :-
1. ਕੁਝ ਇੱਕ ਨੂੰ ਛੱਡ ਕੇ ਅੱਜ ਸਾਡੇ ਜਿਆਦਾਤਰ ਆਗੂਆਂ ਵਿੱਚ ਤਿਆਗ ਦੀ ਭਾਵਨਾ ਘੱਟ ਅਤੇ ਚੌਧਰ ਦੀ ਭੁੱਖ ਜਿਆਦਾ ਹੈ। ਆਪਣੇ ਆਪ ਨੂੰ ਪੰਥਕ ਕਹਾਉਣ ਵਾਲੇ ਬਹੁਤੇ ਆਗੂ ਤਾਂ ਆਪਣੇ ਨਿਜੀ ਮੁਫਾਦ ਦੇ ਲਈ ਤੇ ਚੌਧਰ ਦੇ ਲਈ ਆਪਣੇ ਹੀ ਹਿਸਾਬ ਨਾਲ ਜਥੇਬੰਦੀ ਨੂੰ ਚਲਾਉਣਾ ਚਾਹੁੰਦੇ ਹਨ। ਅਜਿਹੇ ਆਗੂ " ਪੰਥ ਵਸੇ ਮੈਂ ਉਜੜਾ " ਵਾਲੀ ਭਾਵਨਾ ਤਾਂ ਉਲਟ ਕਈ ਤਾਂ ਇਹੀ ਸੋਚ ਲੈ ਕੇ ਚਲਦੇ ਹਨ ਕਿ ਪੰਥ ਪਵੇ ਢੱਠੇ ਖੂਹ ਚ, ਮੇਰਾ ਨਿਜੀ ਸਵਾਰਥ ਪੂਰਾ ਹੋਣਾ ਚਾਹੀਦਾ ਹੈ। ਇਹ ਨਿਜ ਦੀ ਭਾਵਨਾ ਅਸਲ ਵਿੱਚ ਪੰਥਕ ਏਕਤਾ ਦੇ ਰਸਤੇ ਵਿੱਚ ਬਹੁਤ ਵੱਡੀ ਰੁਕਾਵਟ ਹੈ। ਕਿਉਂਕਿ ' ਨਿਜ 'ਜਦੋਂ ਕਿਸੇ ਤੇ ਹਾਵੀ ਹੋ ਜਾਵੇ ਤਾਂ ਫੇਰ ਧੜੇਬਾਜ ਬਿਰਤੀ ਵੀ ਹਾਵੀ ਹੋ ਜਾਂਦੀ ਹੈ। ਅਜਿਹੀ ਹਾਲਤ ਵਿੱਚ ਵੱਡੇ ਵੱਡੇ ਪੰਥਕਾਂ ਵਿਚ ਵੀ ਇਹ ਪੰਥਕ ਬਿਰਤੀ ਵਾਲੀ ਸੋਚ ਬਹੁਤ ਪਿੱਛੇ ਰਹਿ ਜਾਂਦੀ ਹੈ। ਇਸ ਲਈ ਜੇਕਰ ਅਸੀਂ ਪੰਥਕ ਏਕਤਾ ਵੱਲ ਆਪਣੇ ਕਦਮ ਵਧਾਉਣੇ ਹਨ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣਾ ' ਨਿਜ' ਤਿਆਗ ਕੇ, ਪੰਥ ਨੂੰ ਸਰਵੋਤਮ ਮੰਨ ਕੇ ਚਲਣਾ ਚਾਹੀਦਾ ਹੈ ਤਾਂ ਹੀ ਅਸੀਂ ਆਤਮਿਕ ਤੌਰ 'ਤੇ ਮਜਬੂਤ ਹੋ ਕੇ ਆਮ ਲੋਕਾਂ ਵਿੱਚ ਵਿਚਰ ਸਕਦੇ ਹਾਂ।
2. ਆਪਣੇ ਆਪ ਨੂੰ ਵੱਡਾ ਪੰਥਕ ਅਤੇ ਦੂਜਿਆਂ ਨੂੰ ਇਹ ਏਜੰਸੀਆਂ ਦਾ ਬੰਦਾ ਕਹਿਣਾ, ਏਕਤਾ ਦੇ ਨਾਂ 'ਤੇ ਪੰਥਕ ਅਤੇ ਕੌਮ ਦੇ ਸਿਧਾਂਤਾਂ ਨੂੰ ਛਿੱਕੇ ਟੰਗ ਕੇ ਕੇਵਲ ਇੱਕ ਧਿਰ ਦੀ ਅਧੀਨਗੀ ਕਬੂਲ ਕਰਨ ਦੀਆਂ ਸ਼ਰਤਾਂ, ਸਿਸਟਮ ਦੀ ਇੰਟੈਲੀਜੈਂਸੀਆਂ ਅਤੇ ਭਗਵੰਤ ਮਾਨ ਸਰਕਾਰ ਦੀ ਸਾਡੇ ਧਾਰਮਿਕ ਤੇ ਕੌਮੀ ਮਸਲਿਆਂ ਵਿੱਚ ਸਿੱਧੀ ਦਖਲ ਅੰਦਾਜੀ ਵੀ ਸਾਡੀ ਏਕਤਾ ਦੇ ਰਾਹ ਵਿੱਚ ਰੋੜਾ ਬਣਦੀਆਂ ਹਨ
ਇਸ ਵਕਤ ਸਾਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਤੋਂ 12 ਮਿਸਲਾਂ ਤੋਂ ਪ੍ਰੇਰਨਾ ਲੈਂਦਿਆਂ ਚਲਣਾ ਚਾਹੀਦਾ ਹੈ। ਉਸ ਸਮੇਂ ਵੀ ਆਪਸ ਵਿੱਚ ਮਤਭੇਦ ਸਨ, ਪਰ ਫਿਰ ਵੀ ਜਦੋਂ ਕਦੇ ਕੌਮ ਤੇ ਭੀੜ ਪੈਂਦੀ ਸੀ ਤਾਂ ਸਾਰੀਆਂ ਮਿਸਲਾਂ ਆਪਣੇ ਸਾਰੇ ਮਤਭੇਦ ਤੇ ਵਖਰੇਵੇਂ ਛਿੱਕੇ ਟੰਗ ਕੇ, ਇੱਕ ਮੁੱਠ ਹੋ ਕੇ ਆਪਣੇ ਵੈਰੀ ਦਾ ਮੁਕਾਬਲਾ ਕਰਦੀਆਂ ਸਨ ਅਤੇ ਜਿੱਤ ਵੀ ਪ੍ਰਾਪਤ ਕਰਦੀਆਂ ਸਨ। ਉਸੇ ਤਰ੍ਹਾਂ ਅੱਜ ਵੀ ਲੋੜ ਹੈ ਕਿ ਪੰਥਕ ਕਹਾਉਣ ਵਾਲੀਆਂ ਵੱਖ ਵੱਖ ਸੋਚ ਰੱਖਣ ਵਾਲੀਆਂ ਸਮੂਹ ਜਥੇਬੰਦੀਆਂ ਆਪਸੀ ਮਤਭੇਦ ਤੇ ਵਖਰੇਵੇਂ ਭੁਲਾ ਕੇ ਸੰਕਟ ਦੀ ਇਸ ਘੜੀ ਚ ਏਕੇ ਦਾ ਸਬੂਤ ਦੇਣ ਅਤੇ ਇੱਕ ਦੂਜੇ ਤੇ ਭਰੋਸਾ ਕਰਕੇ ਸ਼ੱਕੀ ਨਜ਼ਰੀਏ ਨਾਲ ਦੇਖਣਾ ਬੰਦ ਕਰਨ।
3. ਇਸ ਸਮੇਂ ਪੰਥਕ ਪਾਰਟੀਆਂ ਦਾ ਇੱਕ ਪਾਰਟੀ ਵਿੱਚ ਰਲੇਵਾਂ, ਮਸਲੇ ਦਾ ਹੱਲ ਨਹੀਂ ਹੈ। ਅੱਜ ਆਮ ਹੀ ਦੇਖਿਆ ਜਾਂਦਾ ਹੈ, ਖਾਸ ਕਰਕੇ ਚੋਣਾਂ ਦੇ ਨੇੜੇ ਆਉਣ 'ਤੇ ਤਾਂ ਆਪਣੇ ਆਪ ਨੂੰ ਸੁਰਖੀਆਂ ਵਿੱਚ ਰੱਖਣ ਦੀ ਚਾਹਤ ਕਰਕੇ ਇੱਕ ਰਿਵਾਜ ਜਿਹਾ ਹੀ ਪੈ ਗਿਆ ਹੈ , ਇੱਕ ਪਾਰਟੀ ਨੂੰ ਛੱਡ ਕੇ ਦੂਸਰੀ ਵਿੱਚ ਸ਼ਾਮਿਲ ਹੋਣਾ। ਪਾਰਟੀ ਵਿੱਚ ਸ਼ਾਮਿਲ ਕਰਾਉਣ ਵਾਲੀ ਧਿਰ ਵੀ ਬਿਨਾਂ ਉਸਦੇ ਪਿਛਲੇ ਕਿਰਦਾਰ ਨੂੰ ਭਾਂਪਦਿਆਂ ਝੱਟ ਹੀ ਉਸ ਨੂੰ ਪਾਰਟੀ ਚ ਸ਼ਾਮਿਲ ਕਰਕੇ ਇਹ ਕੁਝ ਮੁਕਾਮ ਤੇ ਪਹੁੰਚਾ ਦਿੰਦੀ ਹੈ।
ਕਈ ਵਾਰ ਤਾਂ ਅਜਿਹਾ ਵੀ ਹੁੰਦਾ ਦੇਖਿਆ ਹੈ ਕਿ ਏਕਤਾ - ਏਕਤਾ ਦਾ ਰਾਗ ਅਲਾਪਣ ਵਾਲੇ ਆਗੂ, ਏਕਤਾ ਕਰਨੀ ਜਾਂ ਕਰਵਾਉਣੀ ਤਾਂ ਦੂਰ ਦੀ ਗੱਲ ਸਗੋਂ ਏਕਤਾ ਦੇ ਨਾਂ 'ਤੇ ਇੱਕ ਨਵੀਂ ਪੰਥਕ ਪਾਰਟੀ ਨਾ ਚਾਹੁੰਦਿਆਂ ਹੋਇਆਂ ਵੀ ਸਿੱਖ ਪੰਥ ਦੀ ਝੋਲੀ ਪਾ ਦਿੰਦੇ ਹਨ। ਅਕਾਲੀ ਦਲ ਪੁਨਰ ਸੁਰਜੀਤ ਅਤੇ ਆਜ਼ਾਦ ਪੰਜਾਬ ਪਾਰਟੀ ਇਸ ਦੀਆਂ ਹੀ ਤਾਜ਼ਾ ਉਦਾਹਰਨਾਂ ਹਨ
ਸੋ ਅੱਜ ਪੰਥਕ ਏਕਤਾ ਦੀ ਲੋੜ ਤਾਂ ਹੈ, ਪਰ ਇਹ ਪੰਥਕ ਏਕਤਾ ਹੋਣੀ ਸਿੱਖੀ ਸਿਧਾਂਤਾਂ, ਕੌਮੀ ਹੱਕਾਂ ਅਤੇ ਆਪਣੀ ਆਜ਼ਾਦ ਹਸਤੀ ਕਾਇਮ ਰੱਖਣ ਲਈ ਖਾਲਿਸਤਾਨ ਦੇ ਮੁੱਦੇ ਤੇ ਹੋਣੀ ਚਾਹੀਦੀ ਹੈ। ਤਦ ਹੀ ਪੰਥਕ ਰਾਜਨੀਤੀ ਸੱਤਾ 'ਤੇ ਹਾਵੀ ਹੋ ਸਕਦੀ ਹੈ ਭਾਵ ਕਾਬਜ ਹੋ ਸਕਦੀ ਹੈ।
ਇਸ ਵੇਲੇ ਲੋੜ ਹੈ ਬਾਦਲਕਿਆਂ ਡੀ ਪੰਥ ਵਿਰੋਧੀ ਨੀਤੀਆਂ ਨਾਲੋਂ ਇੱਕ ਲਕੀਰ ਖਿੱਚ ਕੇ ਵੱਖ ਹੋ ਕੇ ਚੱਲਣ ਦੀ। ਕਿਉਂਕਿ ਅੰਧਾ ਧੁੰਦ ਪੰਥ ਏਕਤਾ ਵੀ ਕੌਮ ਨੂੰ ਮੁੜ ਖੂਹ ਵਿੱਚ ਧਕੇਰ ਸਕਦੀ ਹੈ।
ਪੰਥਕ ਆਗੂਆਂ ਦੇ ਕਿਰਦਾਰ ਭਾਵੇਂ ਜਿਵੇਂ ਦੇ ਵੀ ਮਰਜ਼ੀ ਹੋਣ, ਪਰ ਮੇਰੇ ਵਰਗੇ ਆਮ ਪੰਥ ਦਰਦੀਆਂ ਦੇ ਮਨਾਂ ਵਿੱਚ ਪੰਥ ਲਈ, ਕੌਮ ਲਈ ਬਹੁਤ ਦਰਦ ਹੈ। ਆਮ ਲੋਕ ਤਾਂ ਹਰ ਸਮੇਂ ਉਸ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਹਨ ਕਿ " ਵਾਹਿਗੁਰੂ ਜੀ, ਮਿਹਰ ਕਰੋ, ਪੰਥ ਨੂੰ ਇਸ ਤਰ੍ਹਾਂ ਦੇ ਬੁਲੰਦ ਹਿਰਦੇ ਅਤੇ ਇਖਲਾਕ ਵਾਲੇ ਆਗੂ ਬਖਸ਼ਿਸ਼ ਕਰੋ ਜੋ ਉੱਚੇ ਸੁੱਚੇ ਕਿਰਦਾਰ ਦੇ ਮਾਲਕ ਹੋਣ, ਪੰਥ ਅਤੇ ਕੌਮ ਵਿੱਚ ਉਹਨਾਂ ਦਾ ਸਤਿਕਾਰ ਹੋਵੇ । "ਇਸ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ। ਵਾਹਿਗੁਰੂ ਜੀ ਮਿਹਰ ਕਰਨ, ਸਿੱਖ ਕੌਮ ਦਾ ਇਹ ਸੁਪਨਾ ਛੇਤੀ ਹੀ ਸਾਕਾਰ ਹੋਵੇ। ਹੁਣ ਤੱਕ ਤਾਂ ਕੌਮ ਆਪਣੇ ਆਪ ਨੂੰ ਵੰਝਧਾਰ ਵਿੱਚ ਫਸਿਆ ਅਤੇ ਠੱਗਿਆ ਜਿਹਾ ਹੀ ਮਹਿਸੂਸ ਕਰਦੀ ਆ ਰਹੀ ਹੈ। ਕੌਮ ਉਸੇ ਨੂੰ ਆਪਣਾ ਪੰਥਕ ਹਿਤੈਸ਼ੀ ਸਮਝੇਗੀ, ਜੋ ਤਨੋ ਮਨੋ ਹੋ ਕੇ ਏਕਤਾ ਲਈ ਸੰਘਰਸ਼ ਲੜੇਗਾ। ਜੋ ਸ਼ਖਸ ਏਕਤਾ ਦੀ ਕੋਸ਼ਿਸ਼ ਨਾ ਕਰਕੇ, ਕਿਸੇ ਘਮੰਡ ਵਿੱਚ ਆ ਕੇ ਕਿ ਉਹ ਬਹੁਤ ਸ਼ਕਤੀਸ਼ਾਲੀ ਹੈ, ਉਹਦੇ ਮਗਰ ਬਹੁਤ ਦੁਨੀਆ ਹੈ, ਇਸੇ ਹੀ ਗਲਤ ਫਹਿਮੀ ਵਿੱਚ ਆ ਕੇ ਆਪਣੇ ਵੱਖਰੀ ਡਫਲੀ ਵਜਾਏਗਾ , ਤੇ ਆਸ ਰੱਖੇਗਾ ਕਿ ਏਕੇ ਦੇ ਨਾਂ ਤੇ ਸਾਰੀਆਂ ਜਥੇਬੰਦੀਆਂ ਉਸ ਦੇ ਅਧੀਨਗੀ ਪ੍ਰਵਾਨ ਕਰਨ, ਅਜਿਹੀ ਮੂਰਖਤਾ ਭਰੀ ਸੋਚ ਦੇ ਮਾਲਕ ਨੂੰ ਕੌਮ ਪੰਥਕ ਨਹੀਂ ਮੰਨੇਗੀ।
ਸੋ ਆਓ, ਸਾਰੇ ਇਕੱਠੇ ਹੋ ਕੇ ਸਮੂਹ ਬੰਦੀ ਸਿੰਘਾਂ ਦੀ ਰਿਹਾਈ, ਭਾਈ ਅੰਮ੍ਰਿਤਪਾਲ ਸਿੰਘ ਸਮੇਤ ਜੇਲ੍ਹ ਵਿੱਚ ਬੰਦ ਸਮੂਹ ਨੌਜਵਾਨਾਂ ਦੀ ਜਮਾਨਤ, ਕਰਤਾਰਪੁਰ ਸਾਹਿਬ ਲਾਂਘੇ ਅਤੇ ਅੰਤਰਰਾਸ਼ਟਰੀ ਸਰਹੱਦੀ ਵਪਾਰ ਵਰਗੇ ਮੁੱਦਿਆਂ 'ਤੇ ਵਿਚਾਰ ਕਰੀਏ। ਅਤੇ ਇਹ ਉਦੋਂ ਤੱਕ ਸੰਭਵ ਨਹੀਂ ਜਦੋਂ ਤੱਕ ਅਸੀਂ ਇੱਕ ਮੰਚ ਤੇ ਇਕੱਠੇ ਹੋ ਨਹੀਂ ਹੁੰਦੇ। ਵਾਹਿਗੁਰੂ ਜੀ ਕਿਰਪਾ ਕਰਨ, ਸਿੱਖ ਕੌਮ ਇੱਕ ਮੰਚ ਤੇ ਇਕੱਠੀ ਹੋਵੇ ਅਤੇ ਸੰਘਰਸ਼ ਕਰੇ, ਤਾਂ ਦੁਨੀਆਂ ਦੀ ਕੋਈ ਤਾਕਤ ਨਹੀਂ ਕਿ ਸਾਡੇ ਸ਼ਾਨਾਮੱਤੇ ਇਤਿਹਾਸ ਵੱਲ ਕੋਈ ਬੁਰੀ ਨਜ਼ਰ ਨਾਲ ਵੇਖ ਵੀ ਲਵੇ।
ਕੁਲਵਿੰਦਰ ਕੌਰ ਖ਼ਾਲਸਾ
(ਸੁਪਤਨੀ ਸ਼ਹੀਦ ਪਰਮਜੀਤ ਸਿੰਘ ਤੁਗਲਵਾਲਾ)
ਮੋ: 9876685882.
Leave a Reply