ਫਿਲਮਾਂ ਪ੍ਰਤੀ ਘਿਰਣਾ ਦਾ ਦੌਰ !

ਫਿਲਮਾਂ ਪ੍ਰਤੀ ਘਿਰਣਾ ਦਾ ਦੌਰ !

ਪ੍ਰਸਿੱਧ ਗਜ਼ਲ ਗਾਇਕ ਜਗਜੀਤ ਸਿੰਘ ਦੀ ਜ਼ਿੰਦਗੀ ਬਾਰੇ ਇੱਕ ਵੀਡ੍ਹੀਉ ਸੁਣ ਰਿਹਾ ਸਾਂ।ਉਸ ਵਿੱਚ ਜਗਜੀਤ ਸਿੰਘ ਹੁਣਾ ਆਪਣੇ ਉਸਤਾਦ ਪਾਸੋਂ ਸੰਗੀਤ ਸਿੱਖਣ ਵੇਲੇ ਦੀ ਇੱਕ ਹੱਡ-ਬੀਤੀ ਸੁਣਾਈ।

ਕਹਿੰਦੇ ਉਸਤਾਦ ਛਗਨ ਲਾਲ ਜੀ ਪਾਸੋਂ ਮੈਂ ਤੇ ਮੇਰਾ ਇੱਕ ਹੋਰ ਸਾਥੀ ਸੁਰ-ਸੰਗੀਤ ਦੀ ਤਾਲੀਮ ਲੈ ਰਹੇ ਸਾਂ।ਇਕ ਦਿਨ ਸਾਨੂੰ ਹਾਰਮੋਨੀਅਮ ਵਜਾ ਰਿਹਾਂ ਨੂੰ ਛੱਡ ਕੇ ਉਸਤਾਦ ਜੀ ਜਰਾ ਜਲ ਵਗੈਰਾ ਛਕਣ ਲਈ ਉੱਠ ਕੇ ਪਾਸੇ ਨੂੰ ਗਏ।ਮੇਰਾ ਸਾਥੀ ਹੌਲ਼ੀ ਦੇਣੀ ਕਹਿੰਦਾ ਯਾਰ ਉਹ ਗਾਣਾ ਗਾ ਕੇ ਸੁਣਾ ਜਿਹੜਾ ਤੂੰ ਅੱਜ ਰਾਹ ਵਿੱਚ ਆਉਂਦਾ ਹੋਇਆ ਗੁਣ-ਗੁਣਾ ਰਿਹਾ ਸੀ-

‘ਤੂ ਪਿਆਰ ਕਾ ਸਾਗਰ ਹੈ ਤੇਰੀ ਇਕ ਦੀਦ ਕੇ ਪਿਆਸੇ ਹਮ….!’

ਜਗਜੀਤ ਸਿੰਘ ਕਹਿੰਦੇ ਹਾਲੇ ਮੈਂ ਇਸ ਗੀਤ ਦੀ ਅੱਧੀ ਤੁਕ ਹੀ ਗਾਈ ਸੀ ਕਿ ਦੂਰ ਖੜੇ ਉਸਤਾਦ ਛਗਨ ਲਾਲ ਜੀ ਗੁੱਸੇ ‘ਚ ਆ ਗਏ!ਉਨ੍ਹਾਂ ਆਪਣੇ ਇੱਕ ਪੈਰ ‘ਚੋਂ ਖੜਾਂਵ ਖੋਲ੍ਹ ਕੇ ਮੇਰੇ ਛੱਡਵੀਂ ਮਾਰੀ!

ਉਨ੍ਹਾਂ ਦਾ ਮਤਲਬ ਸੀ ਕਿ ਸ਼ਾਸਤਰੀ ਸੰਗੀਤ ਸਿੱਖੋ ਫਿਲਮੀਂ ਫੁਲਮੀਂ ਗੀਤਾਂ ਤੋਂ ਦੂਰ ਰਹੋ!

ਇਹ ਗੱਲ ਪੜ੍ਹ ਕੇ ਮੈਨੂੰ ਅਨੰਦ ਕਾਰਜ ਕਰਾਉਣ ਵੇਲੇ ਦੀ ਇੱਕ ਅੱਖੀਂ ਦੇਖੀ ਘਟਨਾਂ ਯਾਦ ਆ ਗਈ।ਇਹ ਉਸ ਦੌਰ ਦੀ ਹੈ ਵਾਰਤਾ ਹੈ ਜਦ ਅੱਜ ਵਾਂਗ ਵੀਡੀਉਗ੍ਰਾਫੀ ਆਮ ਨਹੀਂ ਸੀ ਹੋਈ ਸਗੋਂ ਹਾਲੇ ਸਟਿੱਲ ਫੋਟੋਗ੍ਰਾਫੀ ਦਾ ਹੀ ਚੱਲਦੀ ਸੀ ਉਹ ਵੀ ਬਹੁਤੀ ਆਮ ਨਹੀਂ।ਇਕ ਕੀਰਤਨੀ ਜਥਾ ਓਸ ਪਿੰਡ ਅਨੰਦ ਕਾਰਜ ਕਰਵਾਉਣ ਗਿਆ ਜਿੱਥੇ ਉਸ ਜਥੇ ਦੇ ਮੁਖੀਏ ਦੀ ਭਾਣਜੀ ਵਿਆਹੀ ਹੋਈ ਸੀ।

ਅਸਲ ਵਿੱਚ ਉਸੇ ਭਾਣਜੀ ਦੇ ਸ਼ਰੀਕੇ ਭਾਈਚਾਰੇ ਵਿੱਚ ਕੁੜੀ ਦਾ ਵਿਆਹ ਸੀ ਤੇ ਉਸੇ ਬੀਬੀ ਨੇ ਹੀ ਆਪਣੇ ਰਾਗੀ ਮਾਮੇ ਨੂੰ ਅਨੰਦ ਕਾਰਜ ਮੌਕੇ ਕੀਰਤਨ ਵਾਸਤੇ ਬੁਲਾਇਆ ਹੋਇਆ ਸੀ।

ਅਨੰਦ ਕਾਰਜ ਦੇ ਅਰੰਭ ਹੁੰਦਿਆਂ ਵੀਡ੍ਹੀਉ ਬਣਾਉਣ ਵਾਲਿਆਂ ਨੇ ਫਲੱਡ-ਲਾਈਟ ਜਿਹੀ ਜਗਾਈ ਤੇ ਰਾਗੀ ਜਥੇ ਵੱਲ੍ਹ ਕੈਮਰਾ ਘੁਮਾਇਆ।ਇੱਕ-ਦੂਸਰੇ ਦੇ ਚਮਕ ਪਏ ਚਿਹਰੇ-ਮੁਹਰੇ ਦੇਖ ਕੇ ਸ਼ੁਗਲੀ ਜਿਹੇ ਸੁਭਾਅ ਵਾਲ਼ਾ ਰਾਗੀ ਸਿੰਘ ਕਹਿੰਦਾ-

“ਓ ਅੱਛਾ ਜੀ! ਤਦੇ ਮੇਰੀ ਭਾਣਜੀ ਨੇ ਕੱਲ੍ਹ ਸ਼ਾਮੀਂ ਸਾਨੂੰ ਉਚੇਚਾ ਦੁਬਾਰਾ ਟੈਲੀਫੋਨ ਕਰਕੇ ਕਿਹਾ ਸੀ ਅਖੇ ਮਾਮਾ ਜੀ ਕੁੜਤੇ ਪਜਾਮੇ ਪਰੈੱਸ ਕਰਕੇ ਅਤੇ ਜੈਕਟਾਂ ਨਵੀਆਂ ਪਾ ਕੇ ਆਇਉ… ਇੱਥੇ ਤੁਹਾਡੀ ਫਿਲਮ ਬਣਨੀ ਐਂ ! ਮੈਖਿਆ ਕੁੜੇ,ਫਿਲਮਾਂ ਤਾਂ ਕੰਜਰਾਂ ਦੀਆਂ ਬਣਦੀਆਂ ਸੁਣੀਆਂ ਸਿਗੀਆਂ, ਆਹ ਹੁਣ ਸਾਡੀਆਂ ਰਾਗੀਆਂ ਦੀਆਂ ਵੀ ਫਿਲਮਾਂ ਬਣਨ ਲੱਗ ਪਈਆਂ ਭਾਈ !!” 🤣

ਤਰਲੋਚਨ ਸਿੰਘ ਦੁਪਾਲ ਪੁਰ
001-408-905-5517

Tarlochan Singh Dupalpur
Tarlochan Singh Dupalpur
0014089055517
News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.