ਸਿੱਖਾਂ ਉੱਤੇ ਹਮਲੇ ਬੰਦ ਕਰੇ ਭਾਰਤ ਸਰਕਾਰ ਅਤੇ ਭਾਜਪਾ : ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ
- ਰਾਜਨੀਤੀ
- 27 Jun, 2026 07:36 PM (Asia/Kolkata)
ਅੰਮ੍ਰਿਤਸਰ, 27 ਜੂਨ (ਚਰਨਜੀਤ ਸਿੰਘ): ਪੰਥਕ ਆਗੂ ਭਾਈ ਗੁਰਪ੍ਰੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਹਿੰਦੂ ਹਾਕਮਾਂ ਨੇ 1947 'ਚ ਸਿੱਖਾਂ ਨੂੰ ਸਹਿਜੇ ਹੀ ਗ਼ੁਲਾਮ ਬਣਾ ਲਿਆ ਸੀ। ਅਖੇ "ਤੁਸੀਂ ਵੱਖਰੀ ਸਿੱਖ ਸਟੇਟ ਕੀ ਕਰਨੀ ਹੈ, ਪੂਰਾ ਹਿੰਦੁਸਤਾਨ ਹੀ ਤੁਹਾਡਾ ਹੈ, ਤੁਹਾਡੀ ਮਨਜ਼ੂਰੀ ਤੇ ਰਾਏ ਤੋਂ ਬਿਨਾਂ ਕੋਈ ਵੀ ਕਨੂੰਨ ਪਾਸ ਨਹੀਂ ਹੋਏਗਾ, ਉੱਤਰੀ ਭਾਰਤ 'ਚ ਤੁਸੀਂ ਵੀ ਅਜ਼ਾਦੀ ਦਾ ਨਿੱਘ ਮਾਣੋਗੇ, ਤੁਹਾਨੂੰ ਕੌਣ ਦਬਾ ਸਕਦਾ ਹੈ ਕਿਉਂਕਿ ਤੁਸੀਂ ਤਾਂ ਕਿਰਪਾਨ ਨਾਲ਼ ਆਪਣੇ ਹੱਕ ਲੈਣਾ ਜਾਣਦੇ ਹੋ, ਆਪਾਂ ਇਕੱਠੇ ਰਲ-ਮਿਲ ਕੇ ਰਹਾਂਗੇ।" ਪਰ ਸਿੱਖ ਠੱਗੇ ਗਏ, ਧੋਖਾ ਖਾ ਗਏ, ਮੱਕਾਰੀ 'ਚ ਫਸ ਗਏ, ਇਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਦੇ ਸ਼ਿਕਾਰ ਹੋ ਗਏ। ਜ਼ਰਾਇਮ ਪੇਸ਼ਾ ਕੌਮ ਅਖਵਾਉਣਾ ਪਿਆ ਅਤੇ ਘੱਲੂਘਾਰੇ ਤੇ ਨਸਲਕੁਸ਼ੀ ਹੰਢਾਉਣੀ ਪਈ ਤੇ ਸਿੱਖ ਅੱਜ ਵੀ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਚਲਾਕ ਬ੍ਰਾਹਮਣ ਦੀ ਚਾਣਕੀਆ ਨੀਤੀ ਨੂੰ ਸਿੱਖ ਸਮਝ ਹੀ ਨਹੀਂ ਸਕੇ। ਜਦੋਂ 1978 'ਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਸਿੱਖ ਕੌਮ ਨੂੰ ਜਗਾਇਆ, ਸਮਝਾਇਆ, ਹਲੂਣਿਆ ਤੇ ਅਜ਼ਾਦੀ ਦੇ ਸੰਘਰਸ਼ ਦਾ ਬਿਗਲ ਵਜਾਇਆ ਤਾਂ ਕੌਮ ਸਹੀ ਨਿਸ਼ਾਨੇ ਵੱਲ ਸੇਧਿਤ ਹੋ ਕੇ ਤੁਰੀ। ਭਾਰਤੀ ਹਕੂਮਤ ਵੱਲੋਂ ਸਕੂਲਾਂ ਅਤੇ ਸੰਵਿਧਾਨਿਕ ਢੰਗਾਂ ਰਾਹੀਂ ਸਿੱਖਾਂ ਦੀ ਘਾੜਤ ਹੀ ਇਹੋ ਜਿਹੀ ਘੜੀ ਜਾ ਰਹੀ ਹੈ ਕਿ ਸਿੱਖ ਭਾਰਤ ਦੇ ਵਫ਼ਾਦਾਰ ਬਣ ਰਹੇ ਨੇ, ਹਿੰਦੂਤਵ ਦੇ ਸੋਹਿਲੇ ਗਾਉਂਦੇ ਨੇ, ਭਾਜਪਾ ਦੇ ਪੈਰਾਂ ਵਿੱਚ ਬਹਿੰਦੇ ਨੇ ਤੇ ਪੰਥਕ ਦਰਦ ਰੱਖਣ ਵਾਲੇ ਸਿੱਖਾਂ ਨੂੰ ਹਾਸ਼ੀਏ ਉਤੇ ਧੱਕਣ ਲਈ ਸਰਗਰਮ ਰਹਿੰਦੇ ਨੇ। ਕਿਸੇ ਸਮੇਂ ਅੰਗਰੇਜ਼ ਭਾਰਤ ਵਿੱਚ ਵਪਾਰ ਕਰਨ ਆਏ ਸੀ ਪਰ ਭਾਰਤ ਦੇ ਸ਼ਾਸਕ ਬਣ ਗਏ ਤੇ ਅੱਜ ਪੰਜਾਬ ਵਿੱਚ ਭਾਜਪਾ ਆਪਣੀ ਸਰਕਾਰ ਬਣਾਉਣ ਲਈ ਕਈ ਤਰ੍ਹਾਂ ਦੇ ਢਕਵੰਜ ਰਚ ਰਹੀ ਹੈ ਜਿਸ ਦਾ ਅਸਲ ਨਿਸ਼ਾਨਾ ਸਿੱਖ ਹੋਮਲੈਂਡ ਪੰਜਾਬ ਨੂੰ ਹਿੰਦੂ ਰਾਸ਼ਟਰ ਵਿੱਚ ਮਿਲਾਉਣਾ ਤੇ ਸਿੱਖੀ ਨੂੰ ਹਿੰਦੂਤਵ ਵਿੱਚ ਜਜ਼ਬ ਕਰਨਾ ਹੈ। ਸਿੱਖਾਂ ਤੇ ਪੰਜਾਬੀਆਂ ਨੂੰ ਸਮਾਂ ਰਹਿੰਦਿਆਂ ਹੀ ਜਾਗਣਾ ਪਵੇਗਾ।
Leave a Reply