ਪੰਜਾਬ ਬੰਦ ਦੇ ਸਫ਼ਲ ਪ੍ਰੋਗਰਾਮ ਵਾਂਗ ਸਿੱਖਾਂ ਤੇ ਪੰਜਾਬੀਆਂ ਨੂੰ ਹਰੇਕ ਸੰਘਰਸ਼ ਅਤੇ ਮੋਰਚਾ ਇਕੱਠੇ ਹੋ ਕੇ ਲੜਨਾ ਚਾਹੀਦਾ ਹੈ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
- ਰਾਜਨੀਤੀ
- 23 Aug, 2026 05:23 PM (Asia/Kolkata)
ਅੰਮ੍ਰਿਤਸਰ, 23 ਅਗਸਤ (ਚਰਨਜੀਤ ਸਿੰਘ): ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਿੱਖ ਪੰਥ ਅਤੇ ਦੇਸ ਪੰਜਾਬ ਦੇ ਨਾਲ ਭਾਰਤੀ ਹਾਕਮਾਂ ਵੱਲੋਂ 1947 ਤੋਂ ਲਗਾਤਾਰ ਜ਼ੁਲਮ, ਧੱਕੇਸ਼ਾਹੀਆਂ ਅਤੇ ਵਿਤਕਰੇ ਕੀਤੇ ਜਾ ਰਹੇ ਨੇ। ਸਿੱਖਾਂ ਨੇ ਕਦੇ ਪੰਜਾਬੀ ਸੂਬਾ ਮੋਰਚਾ, ਕਦੇ ਐਮਰਜੰਸੀ ਖਿਲਾਫ ਮੋਰਚਾ, ਕਦੇ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਧਰਮ ਯੁੱਧ ਮੋਰਚਾ ਅਤੇ ਫਿਰ ਖਾਲਿਸਤਾਨ ਦੀ ਆਜ਼ਾਦੀ ਲਈ ਹਥਿਆਰਬੰਦ ਸੰਘਰਸ਼, 29 ਅਪ੍ਰੈਲ 1986 ਦਾ ਖਾਲਿਸਤਾਨ ਐਲਾਨਨਾਮਾ ਅਤੇ 1994 ਵਿੱਚ ਅੰਮ੍ਰਿਤਸਰ ਐਲਾਨਨਾਮਾ ਰਾਹੀਂ ਲਗਾਤਾਰ ਠੋਸ ਸੰਘਰਸ਼ ਕੀਤਾ ਹੈ। ਪੰਥ ਅਤੇ ਪੰਜਾਬ ਦੇ ਹੱਕਾਂ ਹਕੂਕਾਂ ਅਤੇ ਆਜ਼ਾਦੀ ਲਈ ਸਿੱਖ ਹਮੇਸ਼ਾਂ ਹੀ ਸੰਘਰਸ਼ਸ਼ੀਲ ਰਹੇ ਹਨ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸਿੱਖਾਂ ਤੋਂ ਇਲਾਵਾ ਪੰਜਾਬ ਦੇ ਹਿੰਦੂਆਂ, ਮੁਸਲਮਾਨਾਂ, ਇਸਾਈਆਂ ਅਤੇ ਹੋਰ ਧਰਮਾਂ, ਫਿਰਕਿਆਂ ਤੇ ਕਾਮਰੇਡਾਂ ਨੂੰ ਵੀ ਸਿੱਖ ਪੰਥ ਅਤੇ ਪੰਜਾਬ ਵਾਸਤੇ ਸੰਘਰਸ਼ ਵਿੱਚ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਭਾਰਤੀ ਫਿਰਕੂ ਹਿੰਦੂਤਵੀ ਹਾਕਮਾਂ ਵਿਰੁੱਧ ਇਕੱਠੇ ਹੋ ਕੇ ਹੋਰ ਵੀ ਠੋਸ ਸੰਘਰਸ਼ ਲੜਿਆ ਜਾ ਸਕੇ। ਉਹਨਾਂ ਕਿਹਾ ਕਿ ਜਿਵੇਂ ਦਿੱਲੀ ਕਿਸਾਨ ਮੋਰਚੇ ਵਿੱਚ ਪੰਜਾਬ ਦੇ ਸਿੱਖ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਸੰਘਰਸ਼ ਨੂੰ ਹਰ ਧਰਮ ਅਤੇ ਹਰ ਵਰਗ ਦੇ ਲੋਕਾਂ ਨੇ ਸਾਥ ਸਹਿਯੋਗ ਦਿੱਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਝੁਕਣਾ ਪਿਆ ਸੀ। ਇਸੇ ਤਰ੍ਹਾਂ ਕੌਮੀ ਇਨਸਾਫ ਮੋਰਚੇ ਵੱਲੋਂ 21 ਅਗਸਤ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਨੂੰ ਸਮੁੱਚੇ ਪੰਜਾਬੀਆਂ ਨੇ ਆਪ ਮੁਹਾਰੇ ਆਪਣੀਆਂ ਦੁਕਾਨਾਂ, ਦਫਤਰ, ਕਾਰਖਾਨੇ, ਮੌਲ, ਏਜੰਸੀਆਂ, ਪੈਟਰੋਲ ਪੰਪ ਤੇ ਹੋਰ ਅਦਾਰੇ ਬੰਦ ਰੱਖ ਕੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਪੰਜਾਬ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰੇਗਾ ਤੇ ਬੰਦੀ ਸਿੰਘਾਂ ਦੀ ਰਿਹਾਈ ਇਕੱਲੇ ਸਿੱਖ ਹੀ ਨਹੀਂ ਬਲਕਿ ਹਰੇਕ ਪੰਜਾਬੀ ਅਤੇ ਮਨੁੱਖੀ ਅਧਿਕਾਰਾਂ ਨੂੰ ਪਿਆਰ ਕਰਨ ਵਾਲਾ ਹਰ ਸ਼ਖਸ ਚਾਹੁੰਦਾ ਹੈ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਦਿੱਲੀ ਦੀ ਮੰਡੋਲੀ ਜੇਲ੍ਹ ਵਿੱਚ ਨਜ਼ਰਬੰਦ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਿੱਖਾਂ ਅਤੇ ਪੰਜਾਬੀਆਂ ਦੇ ਰੋਲ ਮਾਡਲ ਹਨ ਤੇ ਸਿੱਖਾਂ ਅਤੇ ਪੰਜਾਬੀਆਂ ਨੇ ਸਫਲਤਾ ਪੂਰਵਕ ਪੰਜਾਬ ਬੰਦ ਰੱਖ ਕੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਕੈਦ ਬੰਦੀ ਸਿੰਘਾਂ ਦੇ ਨਾਲ ਇੱਕਜੁੱਟਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਪੰਜਾਬ ਇਕੱਠਾ ਹੋ ਕੇ ਸੰਘਰਸ਼ ਲੜੇਗਾ ਤਾਂ ਹਰ ਇਕ ਮੋਰਚਾ ਫਤਿਹ ਹੋਵੇਗਾ। ਭਾਈ ਰਣਜੀਤ ਸਿੰਘ ਨੇ ਕੌਮੀ ਇਨਸਾਫ ਮੋਰਚੇ ਦੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਅੱਗੇ ਹੋਰ ਭਖਾਇਆ ਜਾਵੇ ਅਤੇ ਉਨ੍ਹਾਂ ਨੇ ਪੰਜਾਬ ਬੰਦ ਤੇ ਸੱਦੇ ਨੂੰ ਸਫਲ ਬਣਾਉਣ ਵਾਲੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ, ਕਿਸਾਨ ਮਜ਼ਦੂਰ ਜਥੇਬੰਦੀਆਂ, ਮੁਲਾਜ਼ਮ ਜਥੇਬੰਦੀਆਂ, ਮਨੁੱਖੀ ਅਧਿਕਾਰ ਸੰਸਥਾਵਾਂ, ਵਪਾਰ ਮੰਡਲ ਤੇ ਸਮੁੱਚੀਆਂ ਧਿਰਾਂ ਅਤੇ ਪੰਜਾਬੀਆਂ ਦਾ ਧੰਨਵਾਦ ਕੀਤਾ ਹੈ। ਜ਼ਿਕਰਯੋਗ ਹੈ ਕਿ 21 ਅਗਸਤ ਨੂੰ ਪੰਜਾਬ ਬੰਦ ਦੌਰਾਨ ਅੰਮ੍ਰਿਤਸਰ ਵਿੱਚ ਗੋਲਡਨ ਗੇਟ ਵਿਖੇ ਜਲੰਧਰ-ਦਿੱਲੀ ਹਾਈਵੇਅ ਦੀ ਆਵਾਜਾਈ ਜਾਮ ਕਰਨ ਵਾਲੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ, ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਜਥੇਬੰਦਕ ਸਕੱਤਰ ਭਾਈ ਮਨਪ੍ਰੀਤ ਸਿੰਘ ਮੰਨਾ, ਦਿਹਾਤੀ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਨਿਜ਼ਾਮਪੁਰ, ਖਜਾਨਚੀ ਭਾਈ ਹਰਪ੍ਰੀਤ ਸਿੰਘ ਬੰਟੀ, ਬੀਬੀ ਅਵਨੀਤ ਕੌਰ, ਬੀਬੀ ਗੁਰਜੀਤ ਕੌਰ ਅਤੇ ਮਨਪ੍ਰੀਤ ਸਿੰਘ ਜੋੜਾ ਨੂੰ ਅੰਮ੍ਰਿਤਸਰ ਦੇ ਪੁਲਿਸ ਪ੍ਰਸ਼ਾਸਨ ਨੇ ਜ਼ਬਰਦਸਤੀ ਹਿਰਾਸਤ ਵਿੱਚ ਲੈ ਲਿਆ ਸੀ।
Leave a Reply