ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਾਲੇ ਸਿੱਖ ਜਥੇ ਨੂੰ ਜ਼ੀਰੋ ਲਾਈਨ ਤੋਂ ਪਹਿਲਾਂ ਰੋਕਿਆ; ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਕੀਤੀ ਅਰਦਾਸ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਅਗਵਾਈ ਵਾਲੇ ਸਿੱਖ ਜਥੇ ਨੂੰ ਜ਼ੀਰੋ ਲਾਈਨ ਤੋਂ ਪਹਿਲਾਂ ਰੋਕਿਆ; ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਛੇਤੀ ਖੋਲ੍ਹਣ ਲਈ ਕੀਤੀ ਅਰਦਾਸ

ਡੇਰਾ ਬਾਬਾ ਨਾਨਕ, 21 ਸਤੰਬਰ- ਕੰਵਰ ਪ੍ਰਤਾਪ ਸਿੰਘ / ਤਾਜੀਮਨੂਰ ਕੌਰ 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਵਿਖੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਉੱਤੇ ਡੇਰਾ ਬਾਬਾ ਨਾਨਕ ਭਾਰਤ ਵਾਲੇ ਪਾਸੇ ਜ਼ੀਰੋ ਲਾਈਨ ਉੱਤੇ ਲਾਂਘੇ ਛੇਤੀ ਖੁੱਲ੍ਹਣ ਲਈ ਭਾਰਤ ਤੇ ਪਾਕਿਸਤਾਨ ਦੇ ਸਿੱਖਾਂ ਵੱਲੋਂ ਉਲੀਕੇ ਗਏ ਸਾਂਝੇ ਸਮਾਗਮ ਲਈ ਪੁੱਜੇ, ਲੇਕਿਨ ਸੀਮਾ ਸੁਰੱਖਿਆ ਬਲ ਦੇ ਬਾਰਡਰ ਉੱਤੇ ਤਾਇਨਾਤ ਅਧਿਕਾਰੀਆਂ ਨੇ ਉਨ੍ਹਾਂ ਨੂੰ ਜ਼ੀਰੋ ਲਾਈਨ ਤੋਂ ਕੁਝ ਦੂਰੀ ਉੱਤੇ ਪਿੱਛੇ ਹੀ ਰੋਕ ਦਿੱਤਾ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਸ੍ਰੀ ਕਰਤਾਰਪੁਰ ਸਾਹਿਬ ਤੋਂ ਜ਼ੀਰੋ ਲਾਈਨ ਤੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਲੈ ਕੇ ਆਇਆ ਗਿਆ ਜਿਸ ਵਿੱਚ ਗੁਆਂਢੀ ਦੇਸ਼ ਦੇ ਕਈ ਹਿੱਸਿਆਂ ਤੋਂ ਸਿੱਖ ਸੰਗਤ ਨੇ ਸ਼ਮੂਲੀਅਤ ਕੀਤੀ। ਭਾਰਤ ਵਾਲੇ ਪਾਸਿਓਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਸੱਦੇ ਉੱਤੇ ਸਿੱਖ ਸੰਗਤ ਡੇਰਾ ਬਾਬਾ ਨਾਨਕ ਵਾਲੇ ਪਾਸੇ ਇਕੱਤਰ ਹੋਈ ਅਤੇ ਜਥੇ ਦੇ ਰੂਪ ਵਿੱਚ ਉਨ੍ਹਾਂ ਦੀ ਅਗਵਾਈ ਵਿੱਚ ਅੱਗੇ ਵਧੀ।

ਜਥੇਦਾਰ ਗੜਗੱਜ ਵੱਲੋਂ ਦਿੱਤੇ ਸੱਦੇ ਅਤੇ ਉਨ੍ਹਾਂ ਦੀ ਬਾਰਡਰ ਜ਼ੀਰੋ ਲਾਈਨ ਉੱਤੇ ਅਰਦਾਸ ਸਮਾਗਮ ਲਈ ਆਮਦ ਬਾਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਸ. ਰਜਿੰਦਰ ਸਿੰਘ ਰੂਬੀ ਅਤੇ ਗੁਰਦੁਆਰਾ ਡੇਰਾ ਬਾਬਾ ਨਾਨਕ ਦੇ ਮੈਨੇਜਰ ਸ. ਰਣਜੀਤ ਸਿੰਘ ਰਾਹੀਂ ਸਵੇਰ ਤੋਂ ਹੀ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਸੀ। ਅਧਿਕਾਰੀਆਂ ਨੂੰ ਦੱਸਿਆ ਗਿਆ ਸੀ ਕਿ ਜਥੇਦਾਰ ਗੜਗੱਜ ਕੁਝ ਸਿੱਖ ਸੰਗਤ ਨਾਲ ਜ਼ੀਰੋ ਲਾਈਨ ਉੱਤੇ ਆ ਕੇ ਭਾਰਤ ਵਾਲੇ ਪਾਸੇ ਤੋਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ, ਭਾਰਤ-ਪਾਕਿਸਤਾਨ ਵਿਚਕਾਰ ਅਮਨ ਸ਼ਾਂਤੀ ਬਣੀ ਰਹਿਣ ਅਤੇ ਵਪਾਰ ਲਈ ਬਾਰਡਰ ਖੁੱਲ੍ਹਣ ਲਈ ਅਰਦਾਸ ਬੇਨਤੀ ਕਰਨ ਲਈ ਆਉਣਗੇ।

ਜਦੋਂ ਜਥੇਦਾਰ ਗੜਗੱਜ ਦੀ ਅਗਵਾਈ ਵਿੱਚ ਸਿੱਖ ਸੰਗਤ ਦਾ ਜਥਾ ਜ਼ੀਰੋ ਲਾਈਨ ਵੱਲ ਵਧਿਆ ਤਾਂ ਨੇੜੇ ਪੁੱਜਣ ਉੱਤੇ ਕੁਝ ਦੂਰੀ ਉੱਤੇ ਹੀ ਸੀਮਾ ਸੁਰੱਖਿਆ ਬਲ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਜੇਕਰ ਅਰਦਾਸ ਬੇਨਤੀ ਕਰਨੀ ਹੈ ਤਾਂ ਜ਼ੀਰੋ ਲਾਈਨ ਨੇੜੇ ਸਥਿਤ ਗੁਰਦੁਆਰਾ ਸਾਹਿਬ ਵਿਖੇ ਹੀ ਕੀਤੀ ਜਾਵੇ। ਇਸ ਉੱਤੇ ਜਥੇਦਾਰ ਗੜਗੱਜ ਨੇ ਬੀਐੱਸਐੱਫ ਜਵਾਨਾਂ ਨੂੰ ਉੱਚ ਅਧਿਕਾਰੀਆਂ ਨਾਲ ਗੱਲ ਕਰਕੇ ਪੰਜ ਸਿੰਘਾਂ ਦਾ ਜਥਾ ਜ਼ੀਰੋ ਲਾਈਨ ਉੱਤੇ ਜਾਣ ਦੇਣ ਨੂੰ ਕਿਹਾ ਤਾਂ ਜੋ ਪਾਕਿਸਤਾਨ ਸਿੱਖ ਸੰਗਤ ਵੱਲੋਂ ਲਿਆਂਦੇ ਗਏ ਨਗਰ ਕੀਰਤਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਰੁਮਾਲਾ ਸਾਹਿਬ ਅਤੇ ਪੰਜ ਪਿਆਰਿਆਂ ਲਈ ਸਿਰੋਪਾਓ ਦੂਜੇ ਪਾਸੇ ਸੌਂਪੇ ਜਾ ਸਕਣ, ਪਰੰਤੂ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। 

ਇਸ ਉਪਰੰਤ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜਿੱਥੇ ਬੀਐੱਸਐੱਫ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕਣ ਲਈ ਲਗਾਏ ਨਾਕੇ ਦੇ ਸਾਹਮਣੇ ਹੀ ਜ਼ਮੀਨ ਉੱਤੇ ਸੰਗਤ ਸਮੇਤ ਬੈਠ ਗਏ ਅਤੇ ਉਪਰੰਤ ਰਹਿਰਾਸ ਸਾਹਿਬ ਤੇ ਸ਼ਬਤ ਕੀਰਤਨ ਕਰਕੇ ਲਾਂਘਾ ਖੁੱਲ੍ਹਣ ਤੇ ਦੋਵਾਂ ਦੇਸ਼ਾਂ ਵਿਚਕਾਰ ਅਮਨ ਸ਼ਾਂਤੀ ਦੀ ਅਰਦਾਸ ਕੀਤੀ ਗਈ। ਰਹਿਰਾਸ ਸਾਹਿਬ ਦਾ ਪਾਠ ਜਥੇਦਾਰ ਗੜਗੱਜ ਦੇ ਨਿੱਜੀ ਸਹਾਇਕ ਗਿਆਨੀ ਬਲਦੇਵ ਸਿੰਘ ਭੋਲੇਕੇ ਨੇ ਕੀਤਾ ਜਦਕਿ ਅਰਦਾਸ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਕੀਤੀ ਗਈ, ਜਿਸ ਉਪਰੰਤ ਸੰਗਤ ਨੇ ਉੱਚੇ ਅਵਾਜ਼ ਵਿੱਚ ਪੰਜ ਜੈਕਾਰੇ ਲਗਾ ਕੇ ਆਪਣੀ ਹਾਜ਼ਰੀ ਦਰਜ ਕਰਵਾਈ। ਇਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ ਅਤੇ ਭਾਰਤ ਵਾਲੇ ਪਾਸਿਓਂ ਸਿੱਖ ਜਥੇ ਨੇ ਵਾਪਸ ਚਾਲੇ ਪਾਏ।

ਪਾਕਿਸਤਾਨ ਲਹਿੰਦੇ ਪੰਜਾਬ ਵਾਲੇ ਪਾਸੇ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਨਗਰ ਕੀਰਤਨ ਸਜਾ ਕੇ ਜ਼ੀਰੋ ਲਾਈਨ ਉੱਤੇ ਪੁੱਜੀਆਂ ਅਤੇ ਉਨ੍ਹਾਂ ਨੇ ਵੀ ਰਹਿਰਾਸ ਸਾਹਿਬ ਦੇ ਪਾਠ, ਗੁਰਬਾਣੀ ਕੀਰਤਨ ਤੇ ਆਰਤੀ ਉਪਰੰਤ ਗੁਰੂ ਸਾਹਿਬ ਦੇ ਸਨਮੁਖ ਅਰਦਾਸ ਲਾਂਘਾ ਖੁੱਲ੍ਹਣ ਲਈ ਅਰਦਾਸ ਬੇਨਤੀ ਕੀਤੀ। ਭਾਰਤ ਵਾਲੇ ਪਾਸੇ ਸਿੱਖ ਜਥੇ ਵੱਲੋਂ ਪਾਕਿਸਤਾਨ ਸਿੱਖ ਸੰਗਤ ਵੱਲੋਂ ਕੀਤੇ ਜਾ ਰਹੇ ਗੁਰਬਾਣੀ ਕੀਰਤਨ ਅਤੇ ਜੈਕਾਰਿਆਂ ਦੀ ਗੂੰਜ ਦੀ ਅਵਾਜ਼ ਸੁਣੀ ਗਈ।

ਮੀਡੀਆ ਨਾਲ ਗੱਲ ਕਰਦਿਆਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਇਹ ਠੀਕ ਗੱਲ ਨਹੀਂ ਕਿ ਸਿੱਖਾਂ ਨੂੰ ਜ਼ੀਰੋ ਲਾਈਨ ਉੱਤੇ ਅਰਦਾਸ ਕਰਨ ਤੋਂ ਵੀ ਰੋਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਸਿੱਖ ਭਾਵਨਾਵਾਂ ਨੂੰ ਗੰਭੀਰਤਾ ਨਾਲ ਸਮਝਣਾ ਚਾਹੀਦਾ ਹੈ ਅਤੇ ਭਾਵਨਾਵਾਂ ਦੀ ਕਦਰ ਕਰਦਿਆਂ ਤੁਰੰਤ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਹਰ ਰੋਜ਼ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਨ ਅਤੇ ਸਾਡੇ ਵੱਲੋਂ ਅੱਜ ਵੀ ਇਹੀ ਅਰਦਾਸ ਕੀਤੀ ਗਈ ਹੈ ਕਿ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਤੁਰੰਤ ਖੁੱਲ੍ਹੇ, ਦੋਵੇਂ ਦੇਸ਼ਾਂ ਵਿਚਕਾਰ ਅਮਨ ਸ਼ਾਂਤੀ ਕਾਇਮ ਰਹੇ ਅਤੇ ਪੰਜਾਬ ਵਾਲੇ ਪਾਸਿਓਂ ਬਾਰਡਰ ਰਾਹੀਂ ਵਪਾਰ ਖੁੱਲ੍ਹੇ ਤਾਂ ਜੋ ਇਸ ਖਿੱਤੇ (ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਤੇ ਨੇੜਲੇ ਖਿੱਤੇ) ਦੇ ਕਿਸਾਨਾਂ, ਵਪਾਰੀਆਂ ਤੇ ਲੋਕਾਂ ਨੂੰ ਫਾਇਦਾ ਹੋਵੇ। ਉਨ੍ਹਾਂ ਕਿਹਾ ਕਿ ਸਥਾਨਕ ਸਿੱਖ ਸੰਗਤ ਦੇ ਦੱਸੇ ਮੁਤਾਬਕ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਦੋਂ ਕੋਈ ਸਿਆਸੀ ਆਗੂ ਇੱਥੇ ਦਰਸ਼ਨਾਂ ਲਈ ਆਉਂਦੇ ਹਨ ਤਾਂ ਉਨ੍ਹਾਂ ਨੂੰ ਵੀਆਈਪੀ ਸਹੂਲਤਾਂ ਦੇ ਕੇ ਜ਼ੀਰੋ ਲਾਈਨ ਤੱਕ ਲਿਜਾ ਕੇ ਦਿਖਾਇਆ ਜਾਂਦਾ ਹੈ ਜਦਕਿ ਸਿੱਖ ਸੰਗਤ ਨੂੰ ਕਈ ਤਰ੍ਹਾਂ ਨਾਲ ਤੰਗ ਪਰੇਸ਼ਾਨ ਕੀਤਾ ਜਾਂਦਾ ਹੈ ਜੋ ਕਿ ਮੰਦਭਾਗਾ ਵਰਤਾਰਾ ਹੈ, ਜਿਸ ਪ੍ਰਤੀ ਕੇਂਦਰ ਅਤੇ ਸੂਬਾ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ ਕਿ ਸਿੱਖ ਭਾਵਨਾਵਾਂ ਨੂੰ ਐਵੇਂ ਸੱਟ ਨਾ ਮਾਰੀ ਜਾਵੇ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਲਾਨ ਕੀਤਾ ਕਿ ਉਹ ਹਰ ਮਹੀਨੇ ਡੇਰਾ ਬਾਬਾ ਨਾਨਕ ਵਿਖੇ ਸਿੱਖ ਸੰਗਤ ਨੂੰ ਨਾਲ ਲੈ ਕੇ ਇਹ ਅਰਦਾਸ ਕਰਨ ਲਈ ਆਉਣਗੇ ਕਿ ਲਾਂਘਾ ਛੇਤੀ ਖੁੱਲ੍ਹੇ। ਉਨ੍ਹਾਂ ਕਿਹਾ ਕਿ ਲਾਂਘਾ ਖੁੱਲ੍ਹਣ ਉੱਤੇ ਉਹ ਪਹਿਲੇ ਜਥੇ ਵਿੱਚ ਸ਼ਮੂਲੀਅਤ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੋਤੀ ਜੋਤ ਸਮਾਉਣ ਵਾਲੇ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਜਾਣਗੇ।

News Disclaimer:The news, articles and other materials published by Nazarana Times are based on the opinions of our reporters and writers. The institution is not responsible for the facts and names given in them and the institution does not necessarily agree with them.