ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂਆਂ 'ਤੇ ਹੋਏ ਪਰਚਿਆਂ ਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਵੱਲੋਂ ਨਿਖੇਧੀ
- ਰਾਜਨੀਤੀ
- 30 Jul, 2026 06:52 PM (Asia/Kolkata)
ਹਿੰਸਾ ਪੁਲਿਸ ਨੇ ਕੀਤੀ, ਨਾ ਕਿ ਸਿੱਖ ਨੌਜਵਾਨਾਂ ਨੇ : ਭਾਈ ਰਣਜੀਤ ਸਿੰਘ
ਚੰਡੀਗੜ੍ਹ, 30 ਜੁਲਾਈ ,ਮੰਗਤ ਸਿੰਘ ਸੈਦਪੁਰ - ਬੀਤੇ ਕੱਲ੍ਹ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਚੰਡੀਗੜ੍ਹ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੋਠੀ ਵੱਲ ਮਾਰਚ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁਲਿਸ ਨੇ ਅੱਜ ਅਕਾਲੀ ਦਲ ਵਾਰਸ ਪੰਜਾਬ ਦੇ ਕਈ ਆਗੂਆਂ ਉੱਤੇ ਪਰਚੇ ਦਰਜ ਕਰ ਦਿੱਤੇ ਹਨ ਜਿਸ ਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਫੈਡਰੇਸ਼ਨ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰ ਸਿੱਖ ਕੌਮ ਨਾਲ ਗੁਲਾਮਾਂ ਵਾਲਾ ਵਿਵਹਾਰ ਕਰ ਰਹੀ ਹੈ ਜਿਸ ਦੀ ਪ੍ਰਤੱਖ ਮਿਸਾਲ ਹੈ ਕਿ ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਤੇ ਉਹਨਾਂ ਦੀ ਰਿਹਾਈ ਲਈ ਸ਼ਾਂਤਮਈ ਢੰਗ ਨਾਲ ਆਵਾਜ਼ ਬੁਲੰਦ ਕਰਨ ਵਾਲੇ ਸਿੱਖਾਂ ਉੱਤੇ ਪਰਚੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਕੀ ਹੁਣ ਮਾਰਚ-ਪ੍ਰਦਰਸ਼ਨ ਕਰਨਾ ਵੀ ਸਰਕਾਰ ਦੀਆਂ ਨਜ਼ਰਾਂ ਵਿੱਚ ਗੁਨਾਹ ਬਣ ਗਿਆ ? ਉਹਨਾਂ ਕਿਹਾ ਕਿ ਸਰਕਾਰ ਬੰਦੀ ਸਿੰਘਾਂ ਦੇ ਮਨੁੱਖੀ ਹੱਕਾਂ ਦਾ ਘਾਣ ਕਰ ਰਹੀ ਹੈ ਅਤੇ ਲੋਕਤੰਤਰ-ਜਮਹੂਰੀਅਤ ਦਾ ਗਲਾ ਘੁੱਟਿਆ ਜਾ ਰਿਹਾ ਹੈ। ਫੈਡਰੇਸ਼ਨ ਆਗੂ ਨੇ ਕਿਹਾ ਕਿ ਪੁਲਿਸ ਨੇ ਸਿੱਖਾਂ ਉੱਤੇ ਲਾਠੀਚਾਰਜ ਕਰਕੇ ਅਤੇ ਪਾਣੀ ਦੀਆਂ ਬੁਛਾੜਾਂ ਮਾਰ ਕੇ ਨੌਜਵਾਨਾਂ, ਬਜ਼ੁਰਗਾਂ ਅਤੇ ਬੀਬੀਆਂ ਨੂੰ ਜ਼ਖ਼ਮੀ ਕੀਤਾ ਹੈ ਤੇ ਕੇਸਾਂ-ਕਕਾਰਾਂ ਅਤੇ ਦਸਤਾਰਾਂ ਦੀ ਵੀ ਬੇਅਦਬੀ ਕੀਤੀ ਹੈ ਜੋ ਬਰਦਾਸ਼ਤ ਯੋਗ ਨਹੀਂ ਹੈ। ਉਹਨਾਂ ਕਿਹਾ ਕਿ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਨਜ਼ਰਬੰਦ ਅਤੇ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ ਅਤੇ ਹੋਰ ਆਗੂਆਂ ਦੀ ਅਗਵਾਈ ਵਿੱਚ ਇਹ ਮਾਰਚ ਬਿਲਕੁਲ ਸ਼ਾਂਤਮਈ ਸੀ ਜਿਸ ਨੂੰ ਸਰਕਾਰ ਨੇ ਜੁਲਮੀ ਵਤੀਰਾ ਕਰਕੇ ਖ਼ਰਾਬ ਕਰਨ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਪੁਲਿਸ ਨੇ ਜਾਣਬੁੱਝ ਕੇ ਸਿੱਖ ਨੌਜਵਾਨਾਂ ਦੇ ਜਜ਼ਬਾਤਾਂ ਨੂੰ ਭੜਕਾਇਆ ਹੈ। ਸਰਕਾਰ ਅਤੇ ਪੁਲਿਸ ਵਿਰੁੱਧ ਸਿੱਖ ਨੌਜਵਾਨਾਂ ਦਾ ਜੋਸ਼ ਅਤੇ ਰੋਹ ਬਿਲਕੁਲ ਜਾਇਜ਼ ਸੀ। ਉਹਨਾਂ ਕਿਹਾ ਕਿ ਸਿੱਖ ਨੌਜਵਾਨਾਂ ਦੇ ਹੱਥਾਂ ਵਿੱਚ ਰਵਾਇਤੀ ਸ਼ਸਤਰ ਕੋਈ ਗੈਰ-ਕਾਨੂੰਨੀ ਨਹੀਂ ਸਨ, ਪੁਲਿਸ ਬੇਵਜ੍ਹਾ ਹਊਆ ਖੜ੍ਹਾ ਕਰ ਰਹੀ ਹੈ ਤਾਂ ਜੋ ਸਿੱਖ ਜਵਾਨੀ ਨੂੰ ਜੇਲ੍ਹਾਂ ਵਿੱਚ ਤਾੜਿਆ ਜਾ ਸਕੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਰਕਾਰ ਨੇ ਪੁਰਾਣੇ ਬੰਦੀ ਸਿੰਘ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ ਆਦਿ ਨੂੰ ਤਾਂ ਰਿਹਾਅ ਨਹੀਂ ਕੀਤਾ ਤੇ ਉਲਟਾ ਸੰਨ 2023 ਤੋਂ ਭਾਈ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੂੰ ਬੰਦੀ ਬਣਾਇਆ ਹੋਇਆ ਹੈ। ਉਹਨਾਂ ਕਿਹਾ ਕਿ ਭਾਜਪਾ ਸਰਕਾਰ ਅਤੇ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਸਿੱਖਾਂ ਨੂੰ ਕੈਦ ਵਿੱਚ ਰੱਖ ਕੇ ਪੰਥ ਅਤੇ ਪੰਜਾਬ ਵਿਰੋਧੀ ਹੋਣ ਦਾ ਸਬੂਤ ਦੇ ਰਹੀ ਹੈ। ਉਹਨਾਂ ਕਿਹਾ ਕਿ ਅਮਿਤ ਸ਼ਾਹ ਅਤੇ ਭਗਵੰਤ ਮਾਨ ਨੂੰ ਸਨਮਾਨਿਤ ਕਰਨ ਵਾਲੇ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਪੰਥ ਦੇ ਗੱਦਾਰਾਂ ਵਿੱਚ ਆਪਣਾ ਨਾਂ ਲਿਖਵਾ ਲਿਆ ਹੈ ਤੇ ਭਾਜਪਾ ਲਈ ਵੋਟਾਂ ਮੰਗ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਅਤੇ ਪੰਥ ਦੇ ਮਸਲੇ ਹੱਲ ਕਰਵਾਉਣ ਦਾ ਢਕਵੰਜ ਰਚਿਆ ਸੀ। ਉਹਨਾਂ ਕਿਹਾ ਕਿ ਮਨਪ੍ਰੀਤ ਸਿੰਘ ਇਆਲੀ, ਲੱਖਾ ਸਿਧਾਣਾ, ਇਮਾਨ ਸਿੰਘ ਖਾਰਾ, ਭਾਨਾ ਸਿੱਧੂ ਅਤੇ ਹੋਰ ਨੌਜਵਾਨਾਂ ਉੱਤੇ ਕੀਤੇ ਪਰਚੇ ਤੁਰੰਤ ਰੱਦ ਕੀਤੇ ਜਾਣ, ਨਹੀਂ ਤਾਂ ਖਾਲਸਾ ਪੰਥ ਮਜਬੂਰਨ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰੇਗਾ।
Leave a Reply