ਮਾਨਸੂਨ ਦੌਰਾਨ ਬਿਮਾਰੀਆਂ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਅਪੀਲ
- ਸਮਾਜ ਸੇਵਾ
- 03 Aug, 2026 02:45 PM (Asia/Kolkata)
ਪਾਣੀ ਖੜ੍ਹਾ ਨਾ ਹੋਣ ਦਿਓ, ਸਾਫ਼ ਪਾਣੀ ਪੀਓ ਤੇ ਮੱਛਰਾਂ ਦੀ ਪੈਦਾਵਾਰ ਰੋਕੋ : ਡਾਕਟਰ ਪਰਾਸ਼ਰ
ਗੌਰਵ ਮੜੀਆ,ਕਪੂਰਥਲਾ, 3 ਅਗਸਤ: ਮਾਨਸੂਨ ਦੇ ਮੌਸਮ ਦੌਰਾਨ ਭਾਰੀ ਬਾਰਿਸ਼, ਪਾਣੀ ਖੜ੍ਹਾ ਹੋਣ ਅਤੇ ਹੜ੍ਹ ਵਰਗੀਆਂ ਸਥਿਤੀਆਂ ਦੇ ਮੱਦੇਨਜ਼ਰ ਪਾਣੀ, ਭੋਜਨ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਗਈ ਹੈ। ਸਿਵਲ ਸਰਜਨ ਕਪੂਰਥਲਾ ਡਾ. ਰਾਜੀਵ ਪਰਾਸ਼ਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਿਹਤ ਸੁਰੱਖਿਆ ਲਈ ਸਫ਼ਾਈ ਅਤੇ ਸਾਵਧਾਨੀ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਇਆ ਜਾਵੇ।
ਡਾ. ਪਰਾਸ਼ਰ ਨੇ ਕਿਹਾ ਕਿ ਘਰਾਂ ਅਤੇ ਆਲੇ-ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ। ਕੂਲਰਾਂ, ਗਮਲਿਆਂ, ਟਾਇਰਾਂ, ਡਰੰਮਾਂ, ਛੱਤਾਂ ਅਤੇ ਹੋਰ ਪਾਣੀ ਇਕੱਠਾ ਕਰਨ ਵਾਲੀਆਂ ਥਾਵਾਂ ਦੀ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਸਫ਼ਾਈ ਕਰਕੇ ਪਾਣੀ ਖਾਲੀ ਕੀਤਾ ਜਾਵੇ, ਕਿਉਂਕਿ ਖੜ੍ਹਾ ਪਾਣੀ ਡੇਂਗੂ ਅਤੇ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦੀ ਪੈਦਾਵਾਰ ਦਾ ਮੁੱਖ ਸਰੋਤ ਬਣ ਸਕਦਾ ਹੈ।
ਉਨ੍ਹਾਂ ਕਿਹਾ ਕਿ ਮਾਨਸੂਨ ਦੌਰਾਨ ਕੇਵਲ ਸਾਫ਼, ਉਬਲਿਆ ਜਾਂ ਕਲੋਰੀਨ ਕੀਤਾ ਪਾਣੀ ਹੀ ਪੀਤਾ ਜਾਵੇ ਅਤੇ ਪੀਣ ਵਾਲੇ ਪਾਣੀ ਨੂੰ ਢੱਕ ਕੇ ਰੱਖਿਆ ਜਾਵੇ। ਫਲਾਂ ਅਤੇ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਧੋ ਕੇ ਵਰਤਿਆ ਜਾਵੇ ਅਤੇ ਹੜ੍ਹ ਜਾਂ ਦੂਸ਼ਿਤ ਪਾਣੀ ਦੇ ਸੰਪਰਕ ਵਿੱਚ ਆਏ ਭੋਜਨ ਦੀ ਵਰਤੋਂ ਨਾ ਕੀਤੀ ਜਾਵੇ। ਮੱਛਰਾਂ ਤੋਂ ਬਚਾਅ ਲਈ ਮੱਛਰਦਾਨੀ, ਪੂਰੀ ਬਾਂਹਾਂ ਵਾਲੇ ਕੱਪੜਿਆਂ ਅਤੇ ਮੱਛਰ ਭਜਾਉਣ ਵਾਲੀ ਕਰੀਮ ਦੀ ਵਰਤੋਂ ਕਰਨ ਦੀ ਵੀ ਸਲਾਹ ਦਿੱਤੀ।
ਸਿਵਲ ਸਰਜਨ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਮੱਛਰਾਂ ਦੀ ਪੈਦਾਵਾਰ ਰੋਕਣ ਲਈ ਲਾਰਵੀਸਾਈਡ, ਫੌਗਿੰਗ ਅਤੇ ਹੋਰ ਵੈਕਟਰ ਕੰਟਰੋਲ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸਹਿਯੋਗ ਦੇਣ ਅਤੇ ਆਪਣੇ ਘਰਾਂ ਵਿੱਚ ਮੱਛਰਾਂ ਦੇ ਲਾਰਵੇ ਦੀ ਜਾਂਚ ਅਤੇ ਪਾਣੀ ਦੇ ਸਰੋਤਾਂ ਦੀ ਸਫ਼ਾਈ ਨੂੰ ਯਕੀਨੀ ਬਣਾਉਣ।
ਬਰਸਾਤ ਦੇ ਮੌਸਮ ਵਿੱਚ ਸੱਪ ਦੇ ਡੰਗ ਤੋਂ ਬਚਾਅ ਲਈ ਗਿੱਲੇ ਖੇਤਾਂ, ਝਾੜੀਆਂ ਅਤੇ ਪਾਣੀ ਭਰੇ ਇਲਾਕਿਆਂ ਵਿੱਚ ਨੰਗੇ ਪੈਰ ਨਾ ਜਾਣ ਅਤੇ ਰਾਤ ਸਮੇਂ ਟਾਰਚ ਤੇ ਸੋਟੀ ਦੀ ਵਰਤੋਂ ਕਰਨ ਦੀ ਸਲਾਹ ਦਿੰਦਿਆਂ ਡਾ. ਪਰਾਸ਼ਰ ਨੇ ਕਿਹਾ ਕਿ ਸੱਪ ਦੇ ਡੰਗ ਦੀ ਸੂਰਤ ਵਿੱਚ ਪੀੜਤ ਨੂੰ ਬਿਨਾਂ ਦੇਰੀ ਨੇੜਲੇ ਸਰਕਾਰੀ ਸਿਹਤ ਕੇਂਦਰ ਵਿਖੇ ਲਿਜਾਇਆ ਜਾਵੇ। ਜ਼ਖ਼ਮ ਨੂੰ ਕੱਟਣ, ਜ਼ਹਿਰ ਚੂਸਣ ਜਾਂ ਕੱਸ ਕੇ ਪੱਟੀ ਬੰਨ੍ਹਣ ਤੋਂ ਬਚਣਾ ਚਾਹੀਦਾ ਹੈ।
ਡਾ. ਪਰਾਸ਼ਰ ਨੇ ਕਿਹਾ ਕਿ ਮਾਨਸੂਨ ਦੌਰਾਨ ਬੁਖਾਰ, ਉਲਟੀਆਂ, ਦਸਤ ਜਾਂ ਹੋਰ ਸਿਹਤ ਸਮੱਸਿਆਵਾਂ ਦੇ ਲੱਛਣ ਸਾਹਮਣੇ ਆਉਣ ’ਤੇ ਖੁਦ ਦਵਾਈ ਲੈਣ ਦੀ ਬਜਾਏ ਤੁਰੰਤ ਨੇੜਲੇ ਸਿਹਤ ਕੇਂਦਰ ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਜਾਗਰੂਕਤਾ, ਸਫ਼ਾਈ ਅਤੇ ਸਿਹਤ ਵਿਭਾਗ ਨਾਲ ਸਹਿਯੋਗ ਹੀ ਮਾਨਸੂਨ ਦੌਰਾਨ ਬਿਮਾਰੀਆਂ ਦੀ ਰੋਕਥਾਮ ਲਈ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਹੈ।
Leave a Reply