ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ ਓਵਰਸਟੇਅਰਾਂ ਦੀ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਕੀਤੀ ਨਵੀਂ ਰਿਪੋਰਟ ਜਾਰੀ...
- ਅੰਤਰਰਾਸ਼ਟਰੀ
- (Asia/Kolkata)
1 ਜੁਲਾਈ 2026 ਤੱਕ ਨਿਊਜ਼ੀਲੈਂਡ 'ਚ ਲੱਗਭਗ 19,153 ਓਵਰਸਟੇਅਰ ਕਰੀਬ 1,522 ਭਾਰਤੀ ਮੂਲ ਦੇ ਲੋਕ ਸ਼ਾਮਿਲ : ਨਿਊਜ਼ੀਲੈਂਡ ਇਮੀਗ੍ਰੇਸ਼ਨ ਵਿਭਾਗ
ਚੰਡੀਗੜ੍ਹ/ਔਕਲੈਂਡ, 15 ਸਤੰਬਰ (ਤਰਨਜੋਤ ਸਿੰਘ/ ਮੰਗਤ ਸਿੰਘ ਸੈਦਪੁਰ) : ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਸਾਲ 2025 ਓਵਰਸਟੇਅਰਾਂ ਦਾ ਵਧੇਰੇ ਸਹੀ ਅਨੁਮਾਨ ਲਗਾਉਣ ਲਈ ਗਣਨਾ ਦੇ ਤਰੀਕੇ ਵਿੱਚ ਸੁਧਾਰ ਕੀਤਾ ਸੀ। ਇਸ ਪ੍ਰਕਿਰਿਆ ਨੂੰ ਹੋਰ ਸਹੀ, ਨਿਰੰਤਰ ਅਤੇ ਮੁਕੰਮਲ ਬਣਾਉਣ ਲਈ ਇਸ ਸਾਲ ਇਸ ਵਿੱਚ ਕੁਝ ਹੋਰ ਸੋਧਾਂ ਕੀਤੀਆਂ ਗਈਆਂ ਹਨ। ਇਸ ਵਿੱਚ Exemption NZeTA ਅਤੇ Air Crew NZeTA ਧਾਰਕਾਂ ਨੂੰ ਬਾਹਰ ਰੱਖਿਆ ਗਿਆ ਹੈ, ਕਿਉਂਕਿ ਇਹ ਪਹਿਲਾਂ ਤੋਂ ਹੀ ਬਾਹਰ ਰੱਖੀਆਂ ਗਈਆਂ ਸ਼੍ਰੇਣੀਆਂ ਨਾਲ ਮੇਲ ਖਾਂਦੇ ਹਨ। ਇਹਨਾਂ ਤਕਨੀਕੀ ਸੋਧਾਂ ਕਰਕੇ ਸਾਲ 2026 ਦਾ ਅਨੁਮਾਨ ਪਿਛਲੇ ਸਾਲ ਦੇ 20,979 ਦੇ ਅੰਕੜੇ ਤੋਂ ਲਗਭਗ 8.7 ਪ੍ਰਤੀਸ਼ਤ ਘੱਟ ਦਰਜ ਕੀਤਾ ਗਿਆ ਹੈ। ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਇਹ ਘਾਟ ਅਸਲ ਤਰੀਕੇ ਵਿੱਚ ਬਦਲਾਅ ਕਰਕੇ ਨਹੀਂ, ਬਲਕਿ ਗਲਤ ਤਰੀਕੇ ਨਾਲ ਸ਼ਾਮਲ ਹੁੰਦੇ ਲੋਕਾਂ ਨੂੰ ਰੋਕਣ ਅਤੇ ਸੁਧਾਰੀ ਗਈ ਗਣਨਾ ਪ੍ਰਣਾਲੀ ਕਰਕੇ ਆਈ ਹੈ। ਜੇਕਰ ਪੁਰਾਣੇ ਤਰੀਕੇ ਨਾਲ ਹੀ ਗਣਨਾ ਕੀਤੀ ਜਾਂਦੀ ਤਾਂ ਇਹ ਗਿਣਤੀ 20,994 ਹੁੰਦੀ, ਜੋ ਕਿ ਪਿਛਲੇ ਸਾਲ ਨਾਲੋਂ ਸਿਰਫ਼ 15 ਜ਼ਿਆਦਾ ਹੈ। ਇਮੀਗ੍ਰੇਸ਼ਨ ਨਿਊਜ਼ੀਲੈਂਡ ਨੇ ਦੇਸ਼ ਵਿੱਚ ਆਪਣੇ ਵੀਜ਼ੇ ਦੀ ਮਿਆਦ ਲੰਘਾ ਕੇ ਗੈਰ-ਕਾਨੂੰਨੀ ਤੌਰ ’ਤੇ ਰਹਿ ਰਹੇ (ਓਵਰਸਟੇਅਰ) ਲੋਕਾਂ ਦਾ ਸਾਲ 2026 ਦਾ ਤਾਜ਼ਾ ਅਨੁਮਾਨਿਤ ਅੰਕੜਾ ਜਾਰੀ ਕਰ ਦਿੱਤਾ ਹੈ। ਨਵੇਂ ਜਾਰੀ ਅੰਕੜਿਆਂ ਮੁਤਾਬਕ 1 ਜੁਲਾਈ 2026 ਤੱਕ ਨਿਊਜ਼ੀਲੈਂਡ ਵਿੱਚ ਲਗਭਗ 19,153 ਓਵਰਸਟੇਅਰ ਮੌਜੂਦ ਸਨ। ਇਨ੍ਹਾਂ ਵਿੱਚ 1,522 ਲੋਕ ਭਾਰਤੀ ਮੂਲ ਦੇ ਹੋ ਸਕਦੇ ਹਨ। 01 ਜੁਲਾਈ 2023 ਤੋਂ 30 ਜੂਨ 2026 ਤੱਕ 303,157 ਭਾਰਤੀ ਅਸਥਾਈ ਵੀਜ਼ੇ ਉੱਤੇ ਆਏ, ਜਿਨ੍ਹਾਂ ਵਿੱਚੋਂ 518 ਓਵਰਸਟੇਅਰ ਹੋਏ ਹਨ ਜਾਂ ਕਹਿ ਲਈਏ ਵੀਜ਼ਾ ਮੁੱਕਣ ਤੋਂ ਬਾਅਦ ਵੀ ਇੱਥੇ ਹੀ ਰਹਿ ਰਹੇ ਹਨ।
Leave a Reply