ਗੁਰਾਂ ਦੇ ਨਾਮ ‘ਤੇ ਵੱਸਦੇ ਪੰਜਾਬ ਵਾਸੀਆਂ ਤੇ ਖਾਸ ਕਰਕੇ ਤਰਨ ਤਾਰਨ ਦੇ ਵਾਸੀਆਂ ਨੂੰ ਅਪੀਲ – ਮੰਨੂਵਾਦੀਆਂ, 84 ਵਾਲਿਆਂ, ਬੇਅਦਬੀਆਂ ਵਾਲਿਆਂ, ਲੈਂਡਲੂਟਿੰਗ ਵਾਲਿਆਂ ਨੂੰ ਹਰਾਓ- ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਨੂੰ ਜਤਾਓ – ਖਾਲੜਾ ਮਿਸ਼ਨ
- ਰਾਜਨੀਤੀ
- 26 Oct,2025
ਤਰਨ ਤਾਰਨ ਸੁਰਜੀਤ ਸਿੰਘ ਖਾਲਸਾ
ਅੱਜ ਬੀਬੀ ਪਰਮਜੀਤ ਕੌਰ ਖਾਲੜਾ ਤੇ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਵੱਲੋਂ ਪੰਥ ਤੇ ਪੰਜਾਬ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਸਿੱਖੀ ਦੇ ਜਨਮ ਤੋਂ ਹੀ ਸਮੇਂ-ਸਮੇਂ ਦੇ ਹਾਕਮ ਸਿੱਖੀ ਨਾਲ ਵੈਰ ਕਮਾਉਂਦੇ ਆਏ ਹਨ। ਕਾਰਨ ਹੈ ਸਿੱਖੀ ਦਾ ਸਰਬੱਤ ਦੇ ਭਲੇ ਦਾ ਸੰਦੇਸ਼, ਜ਼ੁਲਮ ਦੀ ਵਿਰੋਧਤਾ, ਜਾਤ-ਪਾਤ ਦਾ ਖਾਤਮਾ, ਮਨੁੱਖੀ ਬਰਾਬਰਤਾ, ਮੂਰਤੀ ਪੂਜਾ ਦੀ ਵਿਰੋਧਤਾ, ਨਿਮਾਣਿਆਂ-ਨਿਤਾਣਿਆਂ ਦਾ ਸਾਥ ਦੇਣਾ, ਗਰੀਬ ਦੀ ਬਾਂਹ ਫੜਨਾ, ਹਲੇਮੀ ਰਾਜ ਤੇ ਬੇਗਮਪੁਰੇ ਦਾ ਸੰਦੇਸ਼। ਸਿੱਖੀ ਦਾ ਇਹ ਸੰਦੇਸ਼ ਸਮੇਂ-ਸਮੇਂ ਦੇ ਹਾਕਮਾਂ ਦੇ ਢਿੱਡੀ ਪੀੜ ਪਾਉਂਦਾ ਆਇਆ ਹੈ। ਬਾਬਰ, ਜਹਾਂਗਰੀਰ, ਔਰੰਗਜ਼ੇਬ ਵਰਗਿਆਂ ਨੇ ਗੁਰੂ ਨਾਨਕ ਸਾਹਿਬ ਨੂੰ ਜ਼ੇਲ੍ਹ ਵਿੱਚ ਪਾਇਆ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ। ਬਾਈਧਾਰ ਦੇ ਪਹਾੜੀ ਰਾਜਿਆਂ ਤੇ ਦਿੱਲੀ ਦੀ ਮੁਗਲਸ਼ਾਹੀ ਨੇ ਰਲਕੇ ਦਸਵੇਂ ਪਾਤਸ਼ਾਹ ਗੁਰੁੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਉੱਪਰ ਜ਼ੁਲਮ ਢਾਹ ਕੇ ਜੋ ਤਬਾਹੀ ਕੀਤੀ ਅਤੇ ਸਿੱਖੀ ਤੇ ਸਿੱਖਾਂ ਨੂੰ ਖਤਮ ਕਰਨ ਦਾ ਯਤਨ ਕੀਤਾ, ਉਹ ਵੀ ਇਤਿਹਾਸ ਦਾ ਹਿੱਸਾ ਹੈ। 15 ਅਗਸਤ 1947 ਤੋਂ ਬਾਅਦ ਧਰਮ ਨਿਰਪੱਖ ਅਖਵਾਉਣ ਵਾਲੀ ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ, ਆਰ.ਐਸ.ਐਸ. ਕਮਿਊਨਿਸਟਾਂ ਤੇ ਮੰਨੂਵਾਦੀਆਂ ਦੇ ਟੁਕੜਬੋਚ ਬਾਦਲਕਿਆਂ ਨੇ ਰਲ ਕੇ ਸਿੱਖੀ ਨਾਲ ਦੁਸ਼ਮਣੀ ਦਾ ਰਾਹ ਫੜਿਆ। 5 ਸਦੀਆਂ ਪੁਰਾਣਾ ਵੈਰ ਕੱਢਣ ਲਈ ਮੰਨੂਵਾਦੀ ਧਿਰਾਂ ਕਾਂਗਰਸ, ਭਾਜਪਾ, ਆਰ.ਐਸ.ਐਸ. ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਕਾਰਵਾਈ ਦਾ ਵਿਰੋਧ ਕੀਤਾ। ਭਾਜਪਾ ਤੇ ਕਾਂਗਰਸੀਆਂ ਨੇ ਡਾਂਗਾ ਤੇ ਸਿਗਰਟਾਂ ਬੰਨ੍ਹ ਕੇ ਬੀਬੀ ਲਕਸ਼ਮੀ ਕਾਂਤਾ ਦੀ ਅਗਵਾਈ ਵਿੱਚ ਅੰਮ੍ਰਿਤਸਰ ਦੀਆਂ ਸੜਕਾਂ ਤੇ ਜਲੂਸ ਕੱਢੇ। ਗੁਰੂ ਰਾਮਦਾਸ ਜੀ ਦੀ ਤਸਵੀਰ ਦੀ ਬੇਅਦਬੀ ਕੀਤੀ ਗਈ, ਸ਼੍ਰੀ ਹਰਿਮੰਦਰ ਸਾਹਿਬ ਦੇ ਮਾਡਲ ਤੋੜੇ ਗਏ। ਈਰਖਾ ਦੀ ਅੱਗ ਵਿੱਚ ਸੜਦਿਆਂ ਜੂਨ-84 ਵਿੱਚ ਸ਼੍ਰੀ ਦਰਬਾਰ ਸਾਹਿਬ ਉੱਪਰ ਤੋਪਾਂ-ਟੈਂਕਾਂ ਨਾਲ ਹਮਲਾ ਬੋਲਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਕਤਲੇਆਮ ਕੀਤਾ। ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਸਾਥੀਆਂ ਨੇ ਇਸ ਹਮਲੇ ਦੀ ਵਿਰੋਧਤਾ ਕਰਦਿਆਂ ਸ਼ਹੀਦੀਆਂ ਪਾਈਆਂ। ਇੰਦਰਾਂ ਗਾਂਧੀ ਤੇ ਨਾਗਪੁਰੀ ਧਿਰਾਂ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਵਿਰੋਧਤਾ ਕਰਕੇ ਸਿੱਖਾਂ ਦੀ ਕੁਲਨਾਸ਼ ਕੀਤੀ ਅਤੇ ਅੱਤਵਾਦੀ ਵੀ ਸਿੱਖਾਂ ਨੂੰ ਠਹਿਰਾਇਆ। ਸ਼੍ਰੀ ਦਰਬਾਰ ਸਾਹਿਬ ‘ਤੇ ਫੌਜੀ ਹਮਲਾ ਕਰਕੇ ਸੰਵਿਧਾਨ ਕਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਅੰਗਰੇਜ਼ਾਂ ਸਮੇਂ ਹੋਏ ਜ਼ਲਿ੍ਹਆਂ ਵਾਲਾ ਬਾਗ ਗੋਲੀ ਕਾਂਡ ਨੂੰ ਮਾਤ ਪਾ ਦਿੱਤੀ। ਅਧਰਮੀਆਂ ਤੇ ਝੂਠੇ ਸੈਕੂਲਰਾਂ ਨੇ ਅੱਤਵਾਦੀ ਸਿਖਰ ਕਰ ਦਿੱਤੀ। ਸੰਤ ਭਿੰਡਰਾਂਵਾਲਿਆਂ ਤੇ ਹਜ਼ਾਰਾਂ ਸਿੱਖਾਂ ਦੀਆਂ ਮਿਰਤਕ ਦੇਹਾਂ ਵਾਰਸਾਂ ਨੂੰ ਨਾ ਦਿੱਤੀਆਂ। ਮਿਰਤਕ ਦੇਹਾਂ ਬੇ-ਪੱਤ ਕਰਕੇ ਚੋਰੀ ਛਿਪੇ ਉਨ੍ਹਾਂ ਨੂੰ ਬਿਲੇ ਲਾਇਆ। ਅੰਗਰੇਜ਼ਾਂ ਨੇ ਜ਼ਲਿ੍ਹਆਂਵਾਲਾ ਬਾਗ ਗੋਲੀ ਕਾਂਡ ਦੀ ਪੜ੍ਹਤਾਲ ਲਈ ਹੰਟਰ ਕਮਿਸ਼ਨ ਬਣਾਇਆ ਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ। ਕਾਂਗਰਸ ਪਾਰਟੀ ਨੇ ਉਸ ਸਮੇਂ ਵੱਖਰੇ ਪੜ੍ਹਤਾਲੀਆ ਕਮਿਸ਼ਨ ਬਣਾਏ। ਪਰ ਜੂਨ-84 ਵਿੱਚ ਹੋਏ ਫੌਜੀ ਹਮਲੇ ਦੀ ਪੜ੍ਹਤਾਲ ਲਈ ਅੱਜ ਤੱਕ ਕਮਿਸ਼ਨ ਨਹੀਂ ਬਣਨ ਦਿੱਤਾ। ਇੱਥੋਂ ਤੱਕ ਕਿ ਪੰਥਕ ਅਖਵਾਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਬਾਦਲਕਿਆਂ ਨੇ ਵੀ ਲੰਬਾ ਸਮਾਂ ਰਾਜ ਭਾਗ ਦਾ ਅਨੰਦ ਮਾਣਿਆ, ਪਰ ਕੋਈ ਪੜ੍ਹਤਾਲੀਆ ਕਮਿਸ਼ਨ ਬਣਾਕੇ ਫੌਜੀ ਹਮਲੇ ਦਾ ਸੱਚ ਸਾਹਮਣੇ ਨਹੀਂ ਆਉਣ ਦਿੱਤਾ। ਉਲਟਾ ਉਹ ਦਿੱਲੀ ਨਾਗਪੁਰ ਵਾਲਿਆਂ ਨਾਲ ਰਲ ਕੇ ਸਿੱਖਾਂ ਨੂੰ ਦੋਸ਼ੀ ਠਹਿਰਾਉਂਦੇ ਰਹੇ ਤੇ ਅੱਤਵਾਦੀ ਸਿੱਖ ਹਨ ਰਟ ਲਾਉਂਦੇ ਰਹੇ।
ਹੋਰ ਅੱਗੇ ਚੱਲਦਿਆਂ ਸਿੱਖੀ ਨਾਲ ਵੈਰ ਕਮਾਉਂਦਿਆਂ ਇੰਨ੍ਹਾਂ ਧਿਰਾਂ ਨੇ ਝੂਠੇ ਮੁਕਾਬਲਿਆਂ ਰਾਹੀਂ ਸਿੱਖਾਂ ਦੀ ਕੁਲਨਾਸ਼ ਦੀ ਯੋਜਨਾਬੰਦੀ ਕੀਤੀ। 25 ਹਜ਼ਾਰ ਸਿੱਖਾਂ ਨੌਜਵਾਨਾਂ, ਬੀਬੀਆਂ, ਬੱਚਿਆਂ, ਬਜੁਰਗਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਲਾਵਾਰਸ ਕਰਾਰ ਦੇ ਕੇ ਸ਼ਮਸ਼ਾਨਘਾਟਾਂ ਵਿੱਚ ਸਾੜ ਦਿੱਤੀਆਂ ਗਈਆਂ। ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਕੇ ਉਨ੍ਹਾਂ ਦੀਆਂ ਮਿਰਤਕ ਦੇਹਾਂ ਦਰਿਆਵਾਂ-ਨਹਿਰਾਂ ਵਿੱਚ ਰੋੜ੍ਹ ਦਿੱਤੀਆਂ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ
ਸਾਬਕਾ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਹੁਰਾਂ ਦੀ ਮਿਰਤਕ ਦੇਹ ਵੀ ਦਰਿਆ ਬੁਰਦ ਕਰ ਦਿੱਤੀ। ਬਾਦਲਕਿਆਂ ਨੇ ਫਿਰ ਕਾਂਗਰਸ, ਭਾਜਪਾ, ਆਰ.ਐਸ.ਐਸ. ਨਾਲ ਰਲ ਕੇ ਝੂਠੇ ਮੁਕਾਬਲਿਆਂ ਦੀ ਪੜ੍ਹਤਾਲ ਕਰਾਉਣ ਦੀ ਬਜਾਏ ਸੈਣੀ ਵਰਗੇ ਪਾਪੀ ਡੀ.ਜੀ.ਪੀ. ਲਾਏ, ਕੇ.ਪੀ.ਐਸ. ਵਰਗੇ ਦੁਸ਼ਟ ਬਚਾਏ। ਆਲਮ ਵਰਗਿਆਂ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ। ਸਿੱਖਾਂ ਦੀ ਕੁਲਨਾਸ਼ ਉੱਪਰ ਪਰਦਾ ਪਾਉਣ ਦਾ ਮਹਾਂਪਾਪ ਕੀਤਾ। ਸੁਪਰੀਮ ਕੋਰਟ ਦੇ ਨੱਕ ਹੇਠ ਨਵੰਬਰ-84 ਵਿੱਚ ਸਿੱਖਾਂ ਦੀ ਕੁਲਨਾਸ਼ ਹੋਈ ਪਰ ਕੋਈ ਨਿਆਂ ਨਾ ਮਿਲਿਆ। ਸਿੱਖਾਂ ਦੀ ਕੁਲਨਾਸ਼ ਦੇ ਦੋਸ਼ੀਆਂ ਇੰਦਰਾਂ, ਰਾਜੀਵ ਵਰਗਿਆਂ ਨੂੰ ਭਾਰਤ ਰਤਨ ਮਿਲ ਗਏ, ਉੱਥੇ ਭਾਰਤੀ ਜਨਤਾ ਪਾਰਟੀ ਨੇ ਕੁਲਨਾਸ਼ ਦੇ ਮੁੱਖ ਪਾਪੀ ਨਰਸਿਮਹਾ ਰਾਓ ਨੂੰਭਾਰਤ ਰਤਨ ਦੇ ਕੇ ਸਾਬਤ ਕੀਤਾ ਕਿ ਉਹ ਵੀ ਮਹਾਂਪਾਪ ਵਿੱਚ ਇੰਦਰਾਂ ਨਾਲੋਂ ਘੱਟ ਨਹੀਂ। ਸਿੱਖਾਂ ਨੂੰ ਵਿਸ਼ੇਸ਼ ਸਲੂਕ ਕਰਨ ਦਾ, ਵਿਸ਼ੇਸ਼ ਖਿੱਤਾ ਦੇਣ ਦਾ 1947 ਵੇਲੇ ਯਕੀਨ ਦਿਵਾਇਆ ਗਿਆ। ਵਿਸ਼ੇਸ਼ ਸਲੂਕ ਇਹ ਹੋਇਆ ਕਿ ਸ਼੍ਰੀ ਦਰਬਾਰ ਸਾਹਿਬ ਸੱਚ ਦੇ ਕੇਂਦਰ ਉੱਪਰ ਤੋਪਾਂ ਟੈਂਕਾਂ ਨਾਲ ਹਮਲਾ ਬੋਲਿਆ। ਹਜ਼ਾਰਾਂ ਸਿੱਖਾਂ ਦੇ ਝੂਠੇ ਮੁਕਾਬਲੇ ਬਣਾਏ, ਨਸ਼ਿਆਂ ਰਾਹੀਂ ਪੰਜਾਬ ਦੀ ਜਵਾਨੀ ਰੋਲ ਦਿੱਤੀ। ਪੰਜਾਬ ਦੇ ਇਲਾਕੇ ਖੋਹੇ, ਪਾਣੀ ਖੋਹਿਆ, ਬਿਜਲੀ ਖੋਹੀ, ਰਾਜਧਾਨੀ ਖੋਹੀ, ਡੈਮਾਂ ਦਾ ਕੰਟਰੋਲ ਖੋਹ ਲਿਆ, ਪੰਜਾਬ ਦੇ ਬੇਸ਼ਰਮ ਕਾਂਗਰਸੀਆਂ, ਭਾਜਪਾਈਆਂ, ਆਰ.ਐਸ.ਐਸ., ਕਾਮਰੇਡਾਂ ਨੇ ਪੰਜਾਬ ਦੇ ਪਾਣੀਆਂ ਦੀ ਲੁੱਟ ਵਿੱਚ ਦਿੱਲੀ ਦਾ ਸਾਥ ਦਿੱਤਾ। 70% ਪਾਣੀ ਖੋਹ ਲਿਆ ਗਿਆ ਪਰ ਪੰਜਾਬ ਦੇ ਗਦਾਰ ਸਮੇਤ ਬਾਦਲਕੇ ਅੱਜ ਵੀ ਕਹਿ ਰਹੇ ਹਨ ਕਿ ਅਸੀਂ ਪਾਣੀ ਦੀ ਇੱਕ ਬੂੰਦ ਵੀ ਬਾਹਰ ਨਹੀਂ ਜਾਣ ਦੇਣੀ। ਸਿੱਖਾਂ ਦੀ ਕੁਲਨਾਸ਼ ਨੂੰ ਅੱਜ ਵੀ 84 ਵਾਲੇ, ਮੰਨੂਵਾਦੀਏ, ਟੁਕੜਬੋਚ ਬਾਦਲਕੇ ਅੱਤਵਾਦ ਦਾ ਸਫਾਇਆ ਦੱਸ ਰਹੇ ਹਨ। ਝੂਠੇ ਮੁਕਾਬਲੇ ਬਣਾਉਣ ਵਾਲੇ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਨਰਕਾਂ ਨੂੰ ਤੋਰਨ ਵਾਲੇ ਸਿੱਖ ਲੰਬੇ ਸਮੇਂ ਤੋਂ ਬੰਦੀ ਬਣਾਏ ਗਏ ਹਨ। ਸੰਵਿਧਾਨ ਕਨੂੰਨ ਦੀਆਂ ਧੱਜੀਆਂ ਉੱਡ ਰਹੀਆਂ ਹਨ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਅੱਜ ਤੱਕ ਰੱਦ ਨਹੀਂ ਹੋਈ। ਖਡੂਰ ਸਾਹਿਬ ਹਲਕੇ ਤੋਂ ਚੁਣਿਆ ਹੋਇਆ ਐਮ.ਪੀ. ਭਾਈ ਅੰਮ੍ਰਿਤਪਾਲ ਸਿੰਘ ‘ਤੇ ਐਨ.ਐਸ.ਏ. ਲਾ ਕੇ ਡਿਬਰੂਗੜ੍ਹ ਜ਼ੇਲ੍ਹ ਵਿੱਚ ਬੰਦ ਕਰ ਦਿੱਤਾ ਹੈ। ਲਗਾਤਾਰ ਨੌਜਵਾਨਾਂ ‘ਤੇ ਯੂ.ਏ.ਪੀ.ਏ., ਐਨ.ਐਸ.ਏ. ਲਾ ਕੇ ਮਨੁੱਖੀ ਅਧਿਕਾਰਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਨਾਗਪੁਰੀ ਕ੍ਰਾਂਤੀਵੀਰਾਂ ਕੇਜਰੀਵਾਲਕਿਆਂ ਨੇ ਰਾਜ-ਭਾਗ ‘ਤੇ ਕਾਬਜ਼ ਹੋਣ ਤੋਂ ਬਾਦ ਰਹਿੰਦੀ ਕਸਰ ਵੀ ਕੱਢ ਦਿੱਤੀ। ਠੱਗੀ-ਠੋਰੀ, ਲੁੱਟ-ਘਸੁੱਟ, ਮਨੁੱਖੀ ਅਧਿਕਾਰਾਂ ਦੇ ਘਾਣ ਦੀ ਹੱਦ ਹੋ ਗਈ। ਲੈਂਡਲੂਟਿੰਗ ਲਈ ਇੱਕ ਹੱਥਕੰਡਾ ਲੋਕਾਂ ਦੇ ਦਬਾਅ ਕਾਰਨ ਰੱਦ ਹੁੰਦਾ ਹੈ ਦੂਜਾ ਸ਼ੁਰੂ ਕਰ ਲਿਆ ਜਾਂਦਾ ਹੈ। ਨਸ਼ਿਆਂ ਵਿਰੁੱਧ ਯੁੱਧ, ਰੰਗਲਾ ਪੰਜਾਬ ਵਰਗੇ ਨਾਅਰੇ ਰਾਜ ਨਹੀਂ ਸੇਵਾ, ਸਭਕਾ ਸਾਥ ਸਭਕਾ ਵਿਕਾਸ, ਗਰੀਬੀ ਹਟਾਓ ਵਾਂਗ ਫਰਾਡ ਸਿੱਧ ਹੋਏ ਹਨ। ਮੁੱਕਦੀ ਗੱਲ ਕਿ ਪੰਜਾਬ ਦੀਆਂ ਇੰਨ੍ਹਾਂ ਸਾਰੀਆਂ ਧਿਰਾਂ ਦਾ ਏਜੰਡਾ ਇੱਕੋ ਹੈ। ਇਹ ਸਾਰੇ ਫੋਜੀ ਹਮਲੇ, ਝੂਠੇ ਮੁਕਾਬਲਿਆਂ,
ਨਵੰਬਰ-84 ਕਤਲੇਆਮ, ਨਸ਼ਿਆਂ, ਬੇਅਦਬੀਆਂ, ਜਾਇਦਾਦਾਂ ਦੇ ਅੰਬਾਰ ਲਾਉਣ ਬਾਰੇ, ਮੰਨੂਵਾਦ ਤੇ ਕਾਰਪੋਰੇਟ ਘਰਾਣਿਆਂ ਦੇ ਬੋਲ-ਬਾਲੇ, ਕਿਸਾਨ ਗਰੀਬ ਨੂੰ ਖੁਦਕੁਸ਼ੀਆਂ ਵਿੱਚ ਧੱਕਣ ਬਾਰੇ ਇੱਕ ਮੁੱਠ ਹਨ। ਇਹ ਪੰਜਾਬ ਦੇ ਪਾਣੀ, ਬਿਜਲੀ ਇਲਾਕੇ, ਰਾਜਧਾਨੀ ਖੋਹਣ ਤੇ ਸਿੱਖੀ ਨਾਲ ਦੁਸ਼ਮਣੀ ਕਮਾਉਣ ਲਈ ਇੱਕ ਮਤ ਹਨ। ਇੰਨ੍ਹਾਂ ਦੇ ਫੱਟੇ ਵੱਖੋ-ਵੱਖ ਹਨ ਪਰ ਏਜੰਡਾ ਇੱਕੋ ਹੈ। ਨੇਕੀ-ਬਦੀ, ਸੱਚ-ਝੂਠ ਵਿਚਕਾਰ ਯੁੱਧ ਆਦਿ ਕਾਲ ਤੋਂ ਚਲਦਾ ਆਇਆ ਤੇ ਰਹਿੰਦੀ ਦੁਨੀਆਂ ਤੱਕ ਚੱਲਦਾ ਰਹਿਣਾ ਹੈ। ਖਾਲੜਾ ਮਿਸ਼ਨ ਨੇ ਭਾਈ ਜਸਵੰਤ ਸਿੰਘ ਖਾਲੜਾ ਦੀ ਸ਼ਹਾਦਤ ਤੋਂ ਬਾਅਦ 6 ਸਤੰਬਰ 1995 ਤੋਂ ਲੈ ਕੇ ਅੱਜ ਤੱਕ ਬਦੀ ਖਿਲਾਫ ਲਗਾਤਾਰ ਸ਼ੰਘਰਸ਼ ਵਿੱਚ ਨਿਮਾਣਾ ਜਿਹਾ ਯੋਗਦਾਨ ਪਾਇਆ ਹੈ। ਦੁਸ਼ਟਾਂ ਪਾਪੀਆਂ ਨੂੰ ਪੰਜਾਬ ਦੀਆਂ ਸੜਕਾਂ ਤੇ ਹੀ ਨਹੀਂ ਪਾਰਲੀਮੈਂਟ ਤੱਕ ਜਾ ਕੇ ਵਿਖਾਵੇ ਕਰਕੇ ਵੰਗਾਰਿਆ ਹੈ। ਕੂੜ ਵੱਧ ਫੁੱਲ ਰਿਹਾ ਹੈ, ਅਧਰਮੀਆਂ ਦਾ ਬੋਲਬਾਲਾ ਹੈ। ਗੁਰਬਾਣੀ ਦਾ ਫੁਰਮਾਣ ਹੈ-
ਸਰਮ ਧਰਮ ਕਾ ਡੇਰਾ ਦੂਰਿ॥ ਨਾਨਕ ਕੂੜੁ ਰਹਿਆ ਭਰਪੂਰਿ॥
ਤਰਨ ਤਾਰਨ ਹਲਕੇ ਦੇ ਵੋਟਰ ਭੈਣੋ ਤੇ ਭਰਾਓ 11 ਨਵੰਬਰ ਨੂੰ ਇਸ ਹਲਕੇ ਤੋਂ ਹੋਣ ਜਾ ਰਹੀ ਜ਼ਿਮਨੀ ਚੋਣ ਨੇ ਪੰਥ ਨੂੰ ਇਮਤਿਹਾਨ ਵਿੱਚ ਪਾ ਦਿੱਤਾ ਹੈ। ਇੱਕ ਬੰਨ੍ਹੇ ਕਾਂਗਰਸੀ, ਭਾਜਪਾਈ, ਕੇਜਰੀਵਾਲਕੇ ਤੇ ਬਾਦਲਕੇ ਹਨ ਜਿੰਨ੍ਹਾਂ ਦਾ ਏਜੰਡਾ ਹੈ
ਪੰਜਾਬ ਦੀ ਹੋਂਦ ਮਿਟਾਉਣਾ। ਸਿੱਖਾਂ ਦੀ ਕੁਲਨਾਸ਼ ਕਰਾਕੇ ਦੋਸ਼ੀ ਬਚਾਉਣ ਦਾ ਤੇ ਪਰਦਾ ਪਾਉਣ ਦਾ। ਇੰਨ੍ਹਾਂ ਦਾ ਏਜੰਡਾ ਹੈ ਜਾਇਦਾਦਾਂ ਦੇ ਅੰਬਾਰ ਲਾਉਣ ਦਾ ਸਿੱਖਾਂ ਨੂੰ ਅੱਤਵਾਦੀ ਠਹਿਰਾਉਣ ਦਾ। ਇੰਨ੍ਹਾਂ ਦਾ ਏਜੰਡਾ ਹੈ ਨਸ਼ੇ ਫੈਲਾਉਣ ਦਾ, ਬੇਅਦਬੀਆਂ ਕਰਾਉਣ ਦਾ। ਇੰਨ੍ਹਾਂ ਦਾ ਏਜੰਡਾ ਹੈ ਮੰਨੂਵਾਦ ਤੇ ਕਾਰਪੋਰੇਟ ਘਰਾਣਿਆਂ ਦਾ ਬੋਲ-ਬਾਲਾ ਕਰਾਕੇ ਕਿਸਾਨਾਂ, ਗਰੀਬਾਂ ਦੀਆਂ ਖੁਦਕੁਸ਼ੀਆਂ ਕਰਾਉਣ ਦਾ, ਇੰਨਾਂ ਦਾ ਏਜੰਡਾ ਹੈ ਪਾਪ ਕਮਾਉਣਾ ਤੇ ਰਲ-ਮਿਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ‘ਤੇ ਗੁਰਧਾਮਾਂ ਵਿੱਚ ਸਨਮਾਨ ਪਾਉਣਾ। ਦੂਜੇ ਬੰਨੇ੍ਹ ਤਰਨ ਤਾਰਨ ਤੋਂ ਚੋਣ ਲੜ ਰਿਹਾ ਹੈ ਭਾਈ ਮਨਦੀਪ ਸਿੰਘ ਜੋ ਕਿ ਸਮੁੱਚੇ ਪੰਥ ਦਾ ਉਮੀਦਵਾਰ ਹੈ। ਅਕਾਲੀ ਦਲ ਵਾਰਸ ਪੰਜਾਬ ਵਲੋਂ ਉਸ ਨੂੰ ਮੈਦਾਨ ਵਿੱਚ ਲਿਆਂਦਾ ਹੈ। ਭਾਈ ਮਨਦੀਪ ਸਿੰਘ ਉਸ ਭਾਈ ਸੰਦੀਪ ਸਿੰਘ ਦਾ ਭਾਈ ਹੈ ਜੋ ਦੁਸ਼ਟਾਂ ਖਿਲਾਫ ਜੰਗ ਲੜਦਿਆਂ ਜ਼ੇਲ੍ਹ ਵਿੱਚ ਹੈ। ਭਾਈ ਮਨਦੀਪ ਸਿੰਘ ਦੀ ਜਿੱਤ ਸਿੱਖੀ ਦੇ ਬੋਲ- ਬਾਲੇ ਲਈ ਜਰੂਰੀ ਹੈ ਅਤੇ ਦੁਸ਼ਟਪੁਣੇ ਦੀ ਹਾਰ ਲਈ ਕਾਂਗਰਸ, ਕੇਜਰੀਵਾਲਕਿਆਂ, ਭਾਜਪਾ, ਬਾਦਲਕਿਆਂ ਦੀ ਹਾਰ ਜਰੂਰੀ ਹੈ। ਪੰਜਾਬ ਨੂੰ ਝੂਠੇ ਵਿਕਾਸ ਤੇ ਝੂਠੇ ਇੰਨਸਾਫ ਤੋਂ ਮੁਕਤ ਕਰਾਉਣ ਲਈ ਭਾਈ ਮਨਦੀਪ ਸਿੰਘ ਦੀ ਜਿੱਤ ਜਰੂਰੀ ਹੈ। ਦਿੱਲੀ ਨਾਗਪੁਰ ਮਾਡਲ ਦੀ ਥਾਂ ਤੇ ਕਰਤਾਰਪੁਰ ਸਾਹਿਬ ਮਾਡਲ ਲਿਆਉਣ ਲਈ ਭਾਈ ਮਨਦੀਪ ਸਿੰਘ ਦਾ ਜਿੱਤਣਾ ਪੰਥ ਤੇ ਪੰਜਾਬ ਦੇ ਭਲੇ ਵਿੱਚ ਹੈ, ਮਾਨਵਤਾ ਦੇ ਭਲੇ ਵਿੱਚ ਹੈ। ਵਕਤੀ ਤੌਰ ਤੇ ਭਾਵੇਂ ਆਪਾਂ ਨੂੰ ਲੱਗਦਾ ਹੈ ਝੂਠ ਜਿੱਤ ਗਿਆ ਹੈ ਪਰ ਅਖੀਰ ਜਿੱਤ ਸੱਚ ਦੀ ਹੋਣੀ ਹੈ।
ਕੂੜ ਨਿਖੁਟੇ ਨਾਨਕਾ ਓੜਕ ਸਚ ਰਹੀ॥
ਸੋ ਆਖਰ ਵਿੱਚ ਖਾਲੜਾ ਮਿਸ਼ਨ ਵੱਲੋਂ ਬੇਨਤੀ ਹੈ ਕਿ ਤਰਨ ਤਾਰਨ ਦੀਆਂ ਸਮੂਹ ਸੰਗਤਾਂ ਨੂੰ ਕਿ ਇਸ ਚੋਣ ਵਿੱਚ ਭਾਈ ਮਨਦੀਪ ਸਿਮਘ ਨੂੰ ਜਿਤਾਈਏ। ਪਾਪੀਆਂ ਦਾ ਗਠਜੋੜ ਭਜਾਈਏ।
ਜਾਰੀ ਕਰਤਾ :-ਬੀਬੀ ਪਰਮਜੀਤ ਕੌਰ ਖਾਲੜਾ ਐਡਵੋਕੇਟ ਜਗਦੀਪ ਸਿੰਘ ਰੰਧਾਵਾ
Posted By:
GURBHEJ SINGH ANANDPURI
Leave a Reply